ਕਿਸ ਦੇ ਬੰਦੇ, ਕਿਸ ਦੀ ਬੰਦਗੀ?
ਹਰਦੇਵ ਸਿੰਘ, ਜੰਮੂ
ਮੈਂ ਇਕ ਸੱਜਣ ਜੀ ਨੂੰ ਜਾਣਦਾ ਹਾਂ ਜੋ ਕਿ ਜਜ਼ਬਾਤੀ ਕਿਸਮ ਦੇ ਪ੍ਰਤੀਤ ਹੁੰਦੇ ਹਨ।ਇਸ 'ਕਿਸਮ' ਦੇ ਜਜ਼ਬਾਤੀ, ਕਿ ਉਹ ਗੁਰੂ ਪ੍ਰੇਮ ਦੇ ਨਾਲ ਨਾਲ ਜਜ਼ਬਾਤੀ ਹੋ ਕੇ ਬਦਤਮੀਜ਼ੀ, ਭੱਦੀ ਭਾਸ਼ਾ ਅਤੇ ਝੂਠ ਤੇ ਵੀ ਉਤਰ ਆਉਂਦੇ ਹਨ।ਉਨਾਂ ਦੀ ਇਸ ਵ੍ਰਿਤੀ ਨੂੰ ਮੈਂ ਹਮੇਸ਼ਾ ਜਜ਼ਬਾਤ ਵਜੋਂ ਸਮਝਿਆ ਹੈ ਅਤੇ ਕਦੇ ਵੀ ਉਨਾਂ ਬਾਰੇ 'ਕਿਸੇ ਦਾ ਬੰਦਾ' ਹੋਂਣ ਦੀ ਗਲ ਨਹੀਂ ਲਿਖੀ, ਕਿਉਂਕਿ ਇਹ ਕੰਮ ਕਮਜੋਰ ਅਤੇ ਕਮਜ਼ਰਫ ਬੰਦਿਆਂ ਦਾ ਹੁੰਦਾ ਹੈ ਕਿ ਉਹ ਕਿਸੇ ਬਾਰੇ ਅਫਵਾਹ ਫੈਲਾਉਂਣ ਲਈ ਝੂਠੀ ਗਲ ਲਿੱਖਣ।
ਖ਼ੈਰ ! ਜਿਵੇਂ ਕਿ ਵਿਚਾਰ ਆਏ ਹਾਂ, ਉਹ ਜਜ਼ਬਾਤੀ ਹਨ ਅਤੇ ਕਈਂ ਵਾਰ ਖ਼ੁਦ ਨੂੰ, ਉਨਾਂ ਸਾਰਿਆਂ ਸਿੱਖਾਂ ਨਾਲੋਂ ਵੱਡਾ ਸਿੱਖ ਸਮਝ ਲੇਂਦੇ ਹਨ, ਜੋ ਉਨਾਂ ਦੀਆਂ ਯੱਬਲਿਆਂ ਨਾਲੋਂ ਸਹਿਮਤ ਨਾ ਹੋਂਣ। ਇਹ ਸੱਜਣ ਜੀ ਜਿਸ ਵੇਲੇ ਤੱਥ ਪੁਰਨ ਦਲੀਲ ਤੋਂ ਹੀਨ ਹੁਂਦੇ ਹਨ, ਤਾਂ ਮੇਰੇ ਤੇ ਕਿਸੇ ਦਾ ਬੰਦਾ ਹੋਂਣ ਦਾ 'ਬ੍ਰਹਮਅਸਤ੍ਰ' ਛੱਡਦੇ ਹਨ।ਉਹ ਇਤਨਾ ਵੀ ਨਹੀਂ ਸੋਚਦੇ ਕਿ ਜਿਸ ਵੇਲੇ ਉਹ ਇਹ ਝੂਠ ਬੋਲਦੇ ਹਨ ਤਾਂ ਮੇਰੇ ਲਈ ਉਨਾਂ ਦੀ ਕੀ ਛਵੀ ਬਣਦੀ ਹੋਵੇਗੀ ? ਬਸ ਉਹ ਸੱਚ ਤੋਂ ਬਚਣ ਲਈ ਝੂਠ ਬੋਲ ਜਾਂਦੇ ਹਨ।
ਉਹ ਸਭ ਤੋਂ ਵੱਧ ਆਪਣੇ ਆਗੂ ਨੂੰ ਸਮਰਪਤ ਹਨ।ਕੋਈ ਜੇਕਰ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹੇ (ਜੋ ਮੇਰੇ ਅਨੁਸਾਰ ਵੀ ਗਲਤ ਹੈ) ਤਾਂ ਉਹ ਸੱਜਣ ਜੀ ਇਸ ਤੇ ਭੜਕਦੇ ਹਨ।ਪਰ ਉਨਾਂ ਦਾ ਆਪਣਾ ਆਗੂ, ਗੁਰੂ ਗ੍ਰੰਥ ਨੂੰ ਨਕਲੀ ਕਹਿਣ ਵਾਲੀ ਸੋਚ ਨੂੰ ਸਹੀ ਸੋਚ ਐਲਾਨਦਾ ਹੈ, ਤਾਂ ਇਸ ਵਿਚ ਵੀ ਸੱਜਣ ਜੀ ਨੂੰ ਪੰਥ ਦੀ ਮਹਾਨ ਸੇਵਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਜ਼ਰ ਆਉਂਦਾ ਹੈ।
ਆਗੂ ਜੀ ਕਹਿੰਦੇ ਹਨ ਛੋਟੇ ਮੋਟੇ ਮਤਭੇਦ ਭੁਲਾ ਕੇ ਸਹੀ ਸੋਚ ਵਾਲਿਆਂ ਵਿਚ ਏਕਤਾ ਹੋਣੀ ਚਾਹੀਦੀ ਹੈ !!! ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਅਤੇ ਇਕ ਸ਼ਖਸ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਤੀਗਤ ਨਕਲੀ ਪ੍ਰਚਾਰਨਾ, ਕੀ ਛੋਟਾ-ਮੋਟਾ ਮਤਭੇਦ ਹੈ ??? ਧ੍ਰਿਕਾਰ ਨਹੀਂ ਐਸੇ ਵਿਚਾਰ ਤੇ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲੀ ਧਿਰ/ਸੋਚ ਨੂੰ ਸਹੀ ਕਰਾਰ ਕੇ, ਆਪਣੀ ਹਉਮੈ/ਹਿਤ ਦੀ ਤੁਸ਼ਟੀ ਲਈ, ਉਸ ਨਾਲ ਏਕਤਾ ਕਰਨ ਦਾ ਹਲੂਣਾ ਪੇਸ਼ ਕਰੇ ?
ਮੈਂ ਕਿਸੇ ਦੀ ਨਿਜੀ ਲੜਾਈ ਨੂੰ ਗੁਰਮਤਿ ਦੀ ਲੜਾਈ ਨਹੀਂ ਮੰਨਦਾ, ਕਿਉਂਕਿ ਜੋ ਗੁਰਮਤਿ ਦੀ ਲੜਾਈ ਲੜ ਰਿਹਾ ਹੋਵੇ, ਉਹ ਸਿੱਖ ਪਾਸਾ ਵੱਟਦੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਕਹਿਣ ਵਾਲੀ ਸੋਚ ਨੂੰ, 'ਸਹੀ ਸੋਚ' ਨਹੀਂ ਕਹਿ ਸਕਦਾ।ਇਹ ਸੱਜਣ ਮੇਰਾ ਸਮਰਥਨ ਭਾਲਦੇ ਹਨ ? ਮੇਰਾ ਸਮਰਥਨ ਇਤਨਾ ਸਸਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਤੀਗਤ ਖ਼ਤਮ ਕਰਨ ਦੀ ਸੋਚ ਨਾਲ ਗਲਵੱਕੜੀ ਪਾ ਲਵੇ।
ਮੈਂ ਇਕ ਮਾਮੂਲੀ ਲੇਖਕ ਹਾਂ ਅਤੇ ਸਵਤੰਤਰ ਤੋਰ ਤੇ ਲਿਖਦਾ ਹਾਂ।ਪੰਥਕ ਹਿਤਾਂ ਦੀ ਭਾਵਨਾ ਵਿਚ, ਮੇਰੇ ਵਲੋਂ ਚੁੱਕੇ ਤੱਥ ਅਧਾਰਤ ਨੁਕਤੇ ਹੀ, ਮੇਰੇ ਸੱਜਣ ਜੀ ਦੀ ਵੱਡੀ ਪਰੇਸ਼ਾਨੀ ਹੈ, ਜਿਸ ਦੇ ਹਲ ਲਈ ਉਹ ਇਸ ਝੂਠ ਦਾ ਸਹਾਰਾ ਲੇਂਦੇ ਹਨ ਕਿ ਮੈਂ 'ਕਿਸੇ' ਦਾ ਬੰਦਾ ਹਾਂ।ਆਖ਼ਰ ਉਹ ਐਸੇ ਝੂਠ, ਆਪਣੀ ਸੁਭਾਵਕ ਬਦਤਮੀਜ਼ੀ ਅਤੇ ਭੱਦੀ ਭਾਸ਼ਾ ਨਾਲ ਕਿਸ-ਕਿਸ ਦਾ ਮੂੰਹ ਬੰਦ ਕਰਨ ਗੇ ? ਉਹ ਇਤਨਾ ਸਮਝ ਲੇਂਣ ਕਿ ਪੰਥਕ ਗਲਾਂ ਨੂੰ ਰੱਧ ਕਰਨ ਦੀ ਕੋਸ਼ਿਸ਼ ਬਾਰੇ ਸਵਾਲ ਜ਼ਰੂਰ ਉੱਠਣ ਗੇ।
ਸੱਚ ਜਾਣਨ ਲਈ ਪਾਠਕ ਇਸੇ ਬਲਾਗ ਤੇ ਮੇਰਾ ਲਿਖਿਆ ਲੇਖ "ਹੋਲੀ ਦੇ ਰੰਗ" ਪੜ ਸਕਦੇ ਹਨ।ਇਸ ਲੇਖ ਵਿਚ ਤਿੰਨ ਧਿਰਾਂ ਦੇ ਤਿੰਨ ਵਿਚਾਰਕ ਰੰਗ ਵਰਣਿਤ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲੀ ਸੋਚ ਬਾਰੇ ਕਦੇ ਪ੍ਰਗਟ ਕੀਤੇ ਗਏ ਸੀ।ਪਰ ਨਿਜੀ ਲੜਾਈ ਅਤੇ ਮੌਕਾ ਪਰਸਤੀ ਦੇ ਪ੍ਰਭਾਵ ਹੇਠ ਪਾਸਾ ਵੱਟਦੇ ਹੋਏ , 'ਉਸੇ ਸੋਚ' ਨੂੰ ਸਹੀ ਸੋਚ ਕਿਹਾ ਗਿਆ ਅਤੇ ਸੋਚਾਂ ਦੀ ਇਸ ਮਿਲਣੀ ਤੇ ਸਵਾਗਤੀ ਤਾੜੀਆਂ ਵੀ ਵਜਾਈਆਂ ਗਈਆਂ।ਗੁਰੂ ਗ੍ਰੰਥ ਅਤੇ ਦਸ਼ਮ ਗ੍ਰੰਥ ਦੇ ਵਿਸ਼ੇ ਨੂੰ ਇਕ ਕਹਿਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਕਹਿਣ ਦੀ ਸੋਚ ਨੂੰ ਸਹੀ ਸੋਚ ਕਹਿਣ ਵਿਚੋਂ ਜ਼ਿਆਦਾ ਘਿਨੋਨਾ ਕੰਮ ਕਿਹੜਾ ਹੈ ? ਮੇਰੇ ਬਾਰੇ ਝੂਠ ਬੋਲਣ ਵਾਲੇ ਸਵੈਪੜਚੋਲ ਕਰਨ ਕਿ ਇਹ ' ਕਿਸ ' ਦੇ ਬੰਦਿਆਂ ਦੀ 'ਕਹਿੜੀ ਬੰਦਗੀ' ਹੈ ?
ਹਰਦੇਵ ਸਿੰਘ,ਜੰਮੂ-੩.੧੦.੧੩