ਪਾਣੀ ਦੀ ਹਕੀਕਤ
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
ਪਾਣੀ ਦੀ ਹਕੀਕਤ ਬਾਣੀ ਵਿਚ ਇਸ ਪ੍ਰਕਾਰ ਦਰਸਾਈ ਗਈ ਹੈ:-
1.
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
2.
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
3.
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
4.
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
5.
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
6. ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥
ਗੁਰੂ ਸਾਹਿਬ ਜੀ ਦੀ ਬਾਣੀ ਵਿਚ ਪਾਣੀ ਬਾਰੇ ਉਪਰੋਕਤ ਬਚਨ ਪਾਣੀ ਦੀ ਸਥਿਤੀ, ਉਸਦੀ ਨਿਯਮਬੱਧਤਾ ਅਤੇ ਹਕੀਕਤ ਨੂੰ ਦਰਸਾਉਂਦੇ ਹਨ।ਬਾਣੀ ਵਿਚ ਪਾਣੀ ਬਾਰੇ ਉਪਰੋਕਤ ਬਚਨ ਪੜ੍ਹਨ ਉਪਰੰਤ, ਇਕ ਗਲ ਸਮਝ ਆਉਂਦੀ ਪ੍ਰਤੀਤ ਹੁੰਦੀ ਹੈ ਕਿ, ਕਿਸੇ ਨੂੰ ਬਾਣੀ ਵਿਚ ਦਰਸਾਏ ਪਾਣੀ ਦੀ ਸਮਝ ਨਹੀਂ ਅਤੇ ਕਿਸੇ ਨੂੰ ਪਾਣੀ ਵਿਚਲੇ ਬਾਣੀ ਸੰਦੇਸ਼ ਦਾ ਅਹਿਸਾਸ ਨਹੀਂ! ਦੋਵੇਂ ਪਾਣੀ ਨੂੰ ਲੈ ਕੇ ਬਾਣੀ ਤੋਂ ਪਰੇ ਹੋਣ ਕਾਰਣ ਇਕ ਦੂਜੇ ਤੋਂ ਪਰੇ ਹਨ।ਦੋਵੇਂ ਪੱਖ, ਇਸ ਪੱਖੋਂ, ਭਾਵੇਂ ਬਾਣੀ ਦੀ ਸਿੱਖਿਆ ਬਿਨ੍ਹਾਂ ਜੀ ਲੇਂਣ, ਪਰ ਉਹ ਪਾਣੀ ਬਿਨ੍ਹਾਂ ਨਹੀਂ ਜੀ ਸਕਦੇ। ਸੱਜਣ ਪੁਰਸ਼ੋ! ਬਾਣੀ ਪੜ੍ਹਦੇ ਹੋ ਤਾਂ ਆਪਣੇ ਵਿਚਕਾਰ 'ਇਸ ਪਾਣੀ' ਦੀ ਸਾਂਝ ਨੂੰ ਸਮਝੋ।
ਗੁਰੂ ਸਾਹਿਬਾਨ ਵਲੋਂ ਉਚਰੇ ਬ੍ਰਹਮ ਗੀਤਾਂ ਵਿਚ ਤਾਂ ਪਾਣੀ ਦੀ ਉਸਤਤ ਹੈ ਪਰ ਅੰਮਿਤਸਰ ਬਾਰੇ ਗਲ ਕਰਨ ਵੇਲੇ ਸਾਡੇ ਸ਼ਬਦਾਂ ਵਿਚ ਉਹ ਕੇਵਲ ਵਹਿਮ, ਮਜ਼ਾਕ, ਗੰਦਲਾ, ਜਾਂ ਵਿਵਾਦ ਦਾ ਵਿਸ਼ਾ ਹੀ ਕਿਉਂ ਬਣ ਜਾਂਦਾ ਹੈ ?
ਅਜਿਹਾ ਸਵਾਲ ਖੜਾ ਕਰਨ ਤੋਂ ਭਾਵ ਇਹ ਨਹੀਂ ਕਿ ਪਾਣੀ ਨੂੰ ਲੈ ਕੇ ਭਰਮ ਪਾਲੇ ਜਾਣ, ਬਲਕਿ ਇਸ ਤੋਂ ਭਾਵ ਇਹ ਹੈ ਕਿ ਭਰਮ ਨਾਲ ਅਸਹਿਮਤੀ ਜਤਾਉਣ ਵੇਲੇ, ਬਾਣੀ ਨੂੰ ਸਮਝਦੇ ਹੋਏ, ਪਾਣੀ ਦਾ ਵਿਰੋਧੀ ਨਾ ਬਣਿਆ ਜਾਏ! ਪਾਣੀ ਤਾਂ ਜੀਵਨ ਲਈ ਅੰਮ੍ਰਿਤ ਸਮਾਨ ਹੈ।ਅੰਮ੍ਰਿਤਸਰ ਗੁਰੂ ਸਾਹਿਬਾਨ ਦਾ ਵਿਚਾਰ ਹੈ ਤਾਂ ਉਹ ਵਿਚਾਰ ਸਾਡੇ ਲਈ ਸਤਿਕਾਰ ਯੇਗ ਹੈ।ਉਹ ਬਾਣੀ ਦਾ ਸੰਦੇਸ਼ ਵਾਹਕ ਹੈ! ਸ਼ੰਦੇਸ਼ ਪਸੰਦ ਹੋਵੇ ਜਾਂ ਨਾ ਹੋਵੇ, ਉਹ ਸਮਝ ਆਏ ਨਾ ਆਏ ਪਰ 'ਸੰਦੇਸ਼ ਵਾਹਕ' ਨੂੰ ਨਿਸ਼ਾਨਾ ਬਨਾਉਣਾ ਤਾਂ ਜੰਗੀ ਨਿਯਮਾਂ ਦੀ ਵੀ ਉਲੰਗਣਾ ਮੰਨਿਆ ਜਾਂਦਾ ਹੈ।ਇਹ ਸੰਦੇਸ਼ (ਅੰਮ੍ਰਿਤਸਰ) ਕੇਵਲ ਜਾਤ ਪਾਤ ਦੀ ਉਂਚ-ਨੀਚ ਬਾਰੇ ਹੀ ਨਹੀਂ ਬਲਕਿ 'ਮੈਂ ਵਿਦਵਾਨ ਉਹ ਮੁਰਖ' ਵਰਗੇ ਉਂਚ-ਨੀਚ ਦੇ ਭਾਵ ਨੂੰ ਮਿਟਾਉਣ ਲਈ ਵੀ ਹੈ।ਅੱਜ ਇਸੇ ਭਾਵਨਾ ਕਾਰਣ ਪੰਥਕ ਏਕੇ ਨੂੰ ਘਾਤਕ ਸੱਟ ਵੱਜ ਰਹੀ ਹੈ।ਕਦੇ ਉਸ ਥਾਂ ਇੱਕਠੇ ਹੋ ਕੇ ਇਸ਼ਨਾਨ ਤਾਂ ਕਰੋ! ਸ਼ਾਯਦ ਸਮਝ ਸਕੋ ਕਿ ਏਕਾ ਕੀ ਹੁੰਦਾ ਹੈ!
ਪਾਣੀ ਨਾਲ ਕਿਸੇ ਨੂੰ ਭਰਮ ਹੈ ਤਾਂ ਭਰਮ ਬਾਰੇ ਵਿਚਾਰ ਕਰੋ ਪਰ ਇਸ ਵਿਚ ਪਾਣੀ ਦਾ ਕੀ ਕਸੂਰ? ਪਾਣੀ ਤਾਂ ਮਹਾਨ ਹੈ ਜੀਵਨ ਦਾ ਸਾਧਨ ਹੈ! ਉਸਨੇ ਪਰਮਾਤਮਾ ਦੇ ਹੁਕਮ ਅੰਦਰ ਜੀਵਨ ਨੂੰ ਅਮ੍ਰਿਤ (ਜੀਵਤ) ਰੱਖਿਆ ਹੋਇਆ ਹੈ। ਕਿ ਨਹੀਂ ?
ਹਰਦੇਵ ਸਿੰਘ ਜੰਮੂ-੧੯.੧੦.੨੦੧੬