‘ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਢਣ ਦੇ ਜਤਨ’
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਨਿਜੀ ਅਰਦਾਸ ਕਿਸੇ ਦਾ ਨਿਜੀ ਸਾਰੋਕਾਰ ਹੋ ਸਕਦਾ ਹੈ। ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ਮੁਨਕਰ ਹੋਂਣਾ ਕਿਸੇ ਦਾ ਨਿਜੀ ਮਾਮਲਾ ਹੋ ਸਕਦਾ ਹੈ। ਠੀਕ ਉਂਝ ਹੀ ਜਿਵੇਂ ਕਿ ਕਿਸੇ ਨੂੰ ਧਰਮ ਬਦਲਣ ਦਾ ਅਧਿਕਾਰ ਹੋ ਸਕਦਾ ਹੈ। ਕੋਈ ਚਾਹੇ ਤਾਂ ਹਿੰਦੂ ਤੋਂ ਸਿੱਖ ਜਾਂ ਇਸਾਈ ਤੋਂ ਹਿੰਦੂ ਆਦਿ ਹੋ ਜਾਏ। ਮੱਤ ਬਦਲ ਲੇਂਣਾ ਨਿਜੀ ਪਸੰਦ ਹੋ ਸਕਦੀ ਹੈ ਪਰ ਨਿਜੀ ਮੱਤ ਥੋਪਣ ਦਾ ਜਤਨ ਕਰਨਾ ਠੀਕ ਗੱਲ ਨਹੀਂ ਹੁੰਦੀ! ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੀਆਂ ਤਜਵੀਜ਼ਾਂ/ਜਤਨ ਵਾਜਬ ਨਹੀਂ ਪ੍ਰਤੀਤ ਹੁੰਦੇ।
ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੇ ਨਾਲ, ਗੁਰੂ ਨਾਨਕ ਨੂੰ ਗੁਰੂ ਨਾ ਕਹਿਣ ਦੇ ਨਿਜੀ ਵਿਚਾਰ ਨੂੰ ਜੇਕਰ ਇੱਕ ਮੰਗ ਰੂਪ ਵਿੱਚ ਪੰਥਕ ਮਾਮਲਾ ਬਨਾਉਂਣ ਦਾ ਜਤਨ ਕੀਤਾ ਜਾ ਰਿਹਾ ਹੋਵੇ ਤਾਂ ਇਸ ਤੇ ਵਿਚਾਰ ਦੀ ਲੋੜ ਹੈ। ਤਰਕ ਇਹ ਵੀ ਹੈ ਕਿ ਗੁਰੂਆਂ ਨੂੰ ਗੁਰੂ ਕਹਿਣ ਨਾਲ ਸਿੱਖ ‘ਸ਼ਬਦ` ਦੇ ਬਜਾਏ ‘ਗੁਰੂ ਨਾਨਕ` (ਦਸ਼ਮੇਸ਼ ਜੀ ਤਕ) ਨਾਲ ਜੁੜ ਜਾਣਗੇ!
ਇਸ ਲਈ ਉਨ੍ਹਾਂ ਸੱਜਣਾ ਦਾ ਇਹ ਜਤਨ ਰਹਿੰਦਾ ਹੈ ਕਿ ਸਿੱਖ ਅਪਣੀ ਪਰਿਭਾਸ਼ਾ, ਅਪਣੇ ਸਾਹਿਤ ਅਤੇ ਇੱਥੋਂ ਤਕ ਕਿ ਅਪਣੀ ‘ਮਰਿਆਦਤ ਅਰਦਾਸ` ਵਿੱਚ ਵੀ ਗੁਰੂ ਵਿਸ਼ੇਸ਼ਣ ਅਤੇ ਗੁਰੂਆਂ ਦੇ ਨਾਮਾਂ ਤਕ ਨੂੰ ਬਾਹਰ ਕੱਡ ਦੇਂਣ। ਫ਼ਿਰ ਵੀ ਨਾਲ ਦੇ ਨਾਲ ਇਸ ਜਤਨ ਨੂੰ ਨਿਜੀ ਵਰਤੋਂ ਲਈ ਕਿਹਾ ਜਾਂਦਾ ਹੈ। ਇਹ ਇੱਕ ਗਲਤਬਿਆਨੀ ਹੈ। ਸਹੂਲਿਅਤ ਅਨੁਸਾਰ ਦੋ ਕਸ਼ਤਿਆਂ ਦੀ ਸਵਾਰੀ ਵਰਗਾ ਜਿਸ ਵਿੱਚ ਸੰਤੁਲਨ ਵਿਗੜ ਸਕਦਾ ਹੈ। ਦਰਅਸਲ ਇਹ ਨਾ ਤਾਂ ਸਿਆਣਪ ਹੈ ਅਤੇ ਨਾ ਹੀ ਪਾਰਦਰਸ਼ਤਾ।
ਚਲੋ ਪਹਿਲਾਂ ਇਸ ਤਰਕ ਦੀ ਪੜਚੋਲ ਕਰੀਏ ਕਿ ਗੁਰੂ ਨਾਨਕ ਨੂੰ ਗੁਰੂ ਕਹਿਣ ਨਾਲ ਸਿੱਖ ਗੁਰੂ ਨਾਨਕ ਨਾਲ ਜਾ ਜੁੜਦੇ ਹਨ ਸ਼ਬਦ ਗੁਰੂ ਨਾਲ ਨਹੀਂ!
ਬੜਾ ਵੱਚਿਤਰ ਅਤੇ ਹਾਸੋ ਹੀਣਾ ਤਰਕ ਹੈ! ਸਿੱਖ ਗੁਰੂ ਨਾਨਕ ਨਾਲ ਨਾ ਜੁੜ ਕੇ ਕਿਸੇ ਧਿਰ ਦੀ ਵਿਚਾਰਧਾਰਾ ਨਾਲ ਜੁੜ ਜਾਣ? ਸ਼ਬਦ ਗੁਰੂ, ਗੁਰੂ ਨਾਨਕ ਦੀ ਵਿਚਾਰਧਾਰਾ ਹੈ ਅਤੇ ਜੇਕਰ ਸਿੱਖ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜਨੇ ਚਾਹੀਦੇ ਹਨ ਤਾਂ ਭਲਾ ਉਹ ਕਿਵੇਂ ਗੁਰੂ ਨਾਨਕ ਨਾਲ ਨਹੀਂ ਜੁੜਨ ਗੇ? ਇਸ ਵੱਚਿਤਰ ਤਰਕ ਨੂੰ ਬਾਣੀ ਦੇ ਅਧਾਰ ਤੇ ਹੀ ਪਰਖ ਲਈਏ।
ਬਾਣੀ ਵਿੱਚ ਥਾਂ ਪਰ ਥਾਂ ਗੁਰੂ ਨਾਨਕ ਨੇ ਆਪ ਆਪਣੇ ਨਾਮ ਦੀ ਵਰਤੋਂ ਕੀਤੀ ਹੈ ਅਤੇ ਬਾਕੀ ਗੁਰੂਆਂ ਨੇ ਵੀ ਉਨ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਹੈ। ਕੀ ਗੁਰੂ ਨਾਨਕ ਜਾਂ ਹੋਰ ਗੁਰੂਆਂ ਨੂੰ ਇਹ ਖਤਰਾ ਮਹਸੂਸ ਨਹੀਂ ਹੋਇਆ ਕਿ ਬਾਣੀ ਵਿੱਚ ਨਾਨਕ ਨਾਮ ਵਰਤੋਂ ਨਾਲ ਸੁਭਾਵਕ ਤੋਰ ਤੇ ਸਿੱਖ ਗੁਰੂ ਨਾਨਕ ਨਾਲ ਜੁੜੇਗਾ? ਬਾਣੀ ਵਿੱਚ ਤਾਂ ਹੋਰ ਗੁਰੂਆਂ ਦੇ ਨਾਮ ਵੀ ਵਰਤੇ ਗਏ ਹਨ। ਰਹਿੰਦੀ ਦੁਨਿਆ ਤਕ ਜਿਸ ਵੇਲੇ ਕੋਈ ਵੀ ਜਿਗਿਆਸੂ ਬਾਣੀ ਪੜੇਗਾ/ਸੁਣੇਗਾ ਤਾਂ ਉਹ ਜ਼ਰੂਰ ਪੁੱਛੇਗਾ ਕਿ ਇਹ ‘ਨਾਨਕ` ਕੋਂਣ ਸੀ? ਕੀ ਜਵਾਬ ਦੇਵਾਂਗੇ? ਇਹ ਕਿ ਉਹ ਸਿਰਫ ਇੱਕ ਬਾਬਾ ਜਾਂ ਕਵੀ ਸੀ ਜਿਹੜਾ ਸਿਖਾਉਂਦਾ ਕੁੱਝ ਵੀ ਨਹੀਂ ਸੀ ਬੱਸ ਕਵੀ ਛਾਪ ਵਰਤਦਾ ਸੀ???ਜਿਸ ਕੋਲ ਸਿੱਖਾਂ ਨੂੰ ਸਿਖਾਉਂਣ ਲਈ ਕੁੱਝ ਵੀ ਨਹੀਂ ਸੀ?ਇਸ ਕਰਕੇ ਅਸੀਂ ਉਸ ਦੇ ਸਿੱਖ ਨਹੀਂ ਅਤੇ ਉਹ ਸਾਡਾ ਗੁਰੂ ਨਹੀਂ? ? ?
ਜਿਹੜਾ ਸਿੱਖ ਗੁਰੂ ਨਾਨਕ ਨਾਲ ਨਹੀਂ ਜੁੜਦਾ ਉਹ ਕਦੇ ਵੀ ਗੁਰਮਤਿ ਸਮਝ ਹੀ ਨਹੀਂ ਸਕਦਾ!ਗੁਰਮਤਿ ਹੈ ਹੀ ਨਾਨਕ ਦੀ ਦਿੱਤੀ ਮੱਤ! ਗੁਰੂ ਨਾਨਕ ਨੇ ਸਿੱਖਾਂ ਨੂੰ ਤਾਕੀਦ ਕੀਤੀ ਕਿ ਉਹ ਕੇਵਲ ਉਸ ਵਿਚਾਰਧਾਰਾ ਨਾਲ ਜੁੜਨ ਜੋ ਕਿ ਉਨ੍ਹਾਂ ਸ਼ਬਦ ਰੂਪ ਵਿੱਚ ਕਲਮਬੱਧ ਕੀਤੀ। ਉਹ ਵਿਚਾਰਧਾਰਾ ਗੁਰੂ ਨਾਨਕ ਦੀ ਹੀ ਸੀ। ਇਸੇ ਲਈ ਹੋਰ ਗੁਰੂਆਂ ਨੇ ਵੀ ਗੁਰੂ ਨਾਨਕ ਦੇ ਨਾਮ ਦਾ ਇਸਤੇਮਾਲ ਬਾਣੀ ਵਿੱਚ ਖੁੱਲ ਕੇ ਕੀਤਾ। ਉਹ ਨਹੀਂ ਡਰੇ ਨਾਨਕ ਦੇ ਨਾਮ ਨੂੰ ਵਰਤਣ ਤੋਂ ਅਤੇ ਉਸ ਨੂੰ ਗੁਰੁ ਕਹਿਣ ਤੋਂ!ਇਸ ਡਰ ਤੋਂ ਭਾਈ ਗੁਰਦਾਸ ਨੂੰ ਨਹੀਂ ਰੋਕਿਆ ਗਿਆ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ!ਚਾਰੇ ਪਾਸੇ ਫ਼ੈਲੇ ਜਹਾਂਗੀਰ ਦੇ ਜਾਸੂਸਾਂ ਅਤੇ ਖ਼ੁਦ ਜਹਾਂਗੀਰ ਨੂੰ ਵੀ ਪਤਾ ਸੀ ਕਿ ਸਿੱਖ ਗੁਰੂ ਅਰਜਨ ਜੀ ਨੂੰ ਗੁਰੂ ਕਹਿੰਦੇ ਹਨ। ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਮੋਹਸਨ ਫ਼ਾਨੀ ਨੇ ਵੀ ਸਿੱਖਾਂ ਵਲੋਂ ਅਤੇ ਖ਼ੁਦ ਛੇਵੇਂ ਪਾਤਿਸ਼ਾਹ ਵਲੋਂ ਜੰਗ ਦੇ ਇੱਕ ਮੈਦਾਨ ਵਿੱਚ ਆਪਣੇ ਲਈ ਗੁਰੂ ਵਿਸ਼ੇਸ਼ਣ ਵਰਤੋਂ ਨੂੰ ਦਰਜ ਕੀਤਾ ਸੀ। ਜੇ ਕਰ ਸਿੱਖ ਉਦੋਂ ਵੀ ਗੁਰਮਤਿ ਸਿਧਾਤਾਂ ਨਾਲੋਂ ਇਨੀਂ ਵੱਡੀ ਪੱਧਰ ਤੇ ਟੁੱਟੇ ਹੋਏ ਸਨ ਤਾਂ 1708 ਤੋਂ ਪਹਿਲਾਂ ਕਹਿੜੀ ‘ਮਜ਼ਬੂਤ ਸਿੱਖੀ` ਦੇ ਹੋਂਣ ਦੀ ਗੱਲ ਬਾਰ-ਬਾਰ ਲੇਖਾਂ ਵਿੱਚ ਦੁਹਰਾਈ ਜਾਂਦੀ ਹੈ? ਦਸ਼ਮੇਸ਼ ਤੋਂ ਸਿੱਖਿਆ ਲੇ ਬੰਦਾ ਸਿੰਘ ਬਹਾਦਰ ਸੰਘਰਸ਼ ਕਰਦਾ ਕਿਵੇਂ ਗੁਰੂ ਲਿਖ ਕੇ ਗੁਰੂਆਂ ਦੇ ਨਾਮ ਦਾ ਸਿੱਕਾ ਚਲਾ ਗਿਆ? ਕੀ ਉਸ ਨੂੰ ਨਹੀਂ ਸੀ ਪਤਾ ਕਿ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ? ਪਰ ਅੱਜ ਗੁਰਬਾਣੀ ਹਵਾਲਿਆਂ ਦੇ ਅਰਥ ਬਦਲ ਕੇ, ਗੁਰਘਰ ਨਾਲ ਜੁੜੇ/ਪ੍ਰਵਾਣਤ ਲਿਖਾਰੀਆਂ ਅਤੇ ਇਤਹਾਸਕ ਗਵਾਹੀਆਂ ਨੂੰ ਰੱਧ ਕਰਕੇ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ‘ਕਥਿਤ ਖਤਰਾ` ਪੇਸ਼ ਕੀਤਾ ਜਾ ਰਿਹਾ ਹੈ ਕਿ ਕਿੱਧਰੇ ਸਿੱਖ ਗੁਰੂ ਨਾਨਕ ਨਾਲ ਹੀ ਨਾ ਜੁੜੇ ਰਹਿਣ। ਗੁਰੂਆਂ ਨੂੰ ਗੁਰੂ ਕਹਿਣ ਤੋਂ ਰੋਕਣ ਦੀ ਮੰਗ ਵਾਜਬ ਨਹੀਂ!
ਜਿਹੜਾ ਸਿੱਖ ਗੁਰੂ ਨਾਨਕ ਤੋਂ ਦਸ਼ਮੇਸ਼ ਗੁਰੂ ਨਾਲ ਨਾ ਜੁੜੇਗਾ ਉਹ ਤਾਂ ਕ੍ਰਿਤਘਣ ਹੀ ਕਹਿਆ ਜਾਏਗਾ! ਗੁਰੂ ਨਾਨਕ ਅਤੇ ਹੋਰ ਗੁਰੂ, ਅਤੇ ਉਨ੍ਹਾਂ ਦੇ ਨਾਮ ਸਿੱਖ ਦੇ ਜੀਵਨ ਦੀ ਦਿਨਚਰਿਆ ਵਿਚੋਂ ਕਦੇ ਵੀ ਕੱਡੇ ਨਹੀਂ ਜਾ ਸਕਦੇ। ਭਲਾ ਗੁਰੂ ਨਾਨਕ ਤੋਂ ਇਲਾਵਾ ਵੀ ਸਿੱਖ ਦਾ ਕੋਈ ਟਿਕਾਣਾ ਹੋ ਸਕਦਾ ਹੈ? ਗੁਰੂ ਨਾਨਕ ਤਾਂ ਸਿੱਖਾਂ ਦੀਆਂ ਰੱਗਾਂ ਵਿੱਚ ਦੋੜਦਾ ਹੈ! ਗੁਰੂ ਨਾਨਕ ਅਤੇ ਉਸ ਦੇ ਵਿਚਾਰਾਂ ਨੂੰ ਚਿੰਤਨ ਦੀ ਛੁਰੀ ਨਾਲ ਵੱਖਰਾ ਕਰਨਾ ਸੰਭਵ ਨਹੀਂ। ਇਹ ਗੱਲ ਵੱਖਰੀ ਹੈ ਕਿ ਕੋਈ ਉਸ ਦੇ ਵਿਚਾਰਾਂ ਤੋਂ ਕਿਨ੍ਹਾਂ ਕੁ ਸਿੱਖ ਪਾਉਂਦਾ ਹੈ ਕਿਨਾਂ ਕੁ ਨਹੀਂ।
ਗੁਰੂਆਂ ਦੇ ਨਾਮਾਂ ਨਾਲੋਂ ਸਿੱਖਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪੰਥ ਇਤਨਾ ਅਹਿਸਾਨ ਫ਼ਰਾਮੋਸ਼ ਹੋ ਸਕਦਾ ਹੈ ਕਿ ਉਹ ਅਪਣੀ ਮਰਿਆਦਤ ਅਰਦਾਸ ਵਿੱਚ ਉਨ੍ਹਾਂ ਦੇ ਨਾਮ ਤਕ ਲੇਣਾਂ ਵੀ ਬੰਦ ਕਰ ਦੇਵੇ।
ਮਸਲਾ ਇਹ ਵੀ ਜਾਪਦਾ ਹੈ ਕਿ ਜਿਹੜੇ ਸੱਜਣ ਅਪਣੀ ਅਣਜਾਣ ਸੁਹਿਰਦਤਾ ਕਾਰਨ ਗੁਰੂਆਂ ਨੂੰ ਗੁਰੂ ਨਹੀਂ ਕਹਿੰਦੇ ਉਹ ਬੜੀ ਦੁਬਿਦਾ ਵਿੱਚ ਹਨ ਕਿ ਅਗਰ ਅਰਦਾਸ ਵਿੱਚ ਗੁਰੂਆਂ ਦੇ ਨਾਮ ਲਏ ਜਾਣ ਤਾਂ ਕਿਵੇਂ ਲਏ ਜਾਣ? ਬਾਬਾ ਕਰਕੇ ਜਾਂ ਪਾਤਿਸ਼ਾਹ ਕਰਕੇ? ਜੇ ਬਾਬਾ ਹੋਵੇ ਤਾਂ ਦੱਸ ਬਾਬੇ ਜੇ ਪਾਤਿਸ਼ਾਹ ਕਹੀਏ ਤਾਂ ਵੀ ਦੱਸ! ! ਗਿਣਤੀ ਤੋਂ ਜਾਨ ਤਾਂ ਛੁੱਟਣੀ ਨਹੀਂ ਭਾਵੇਂ ਨਾਨਕ ਅਤੇ ਉਸਦੇ ਨੋਂ ਸਰੂਪ ਵੀ ਕਹਿ ਲਈਏ। ਸੱਚ ਤੋਂ ਕੋਈ ਕਿਨਾਂ ਕੁ ਭੱਜ ਸਕਦਾ ਹੈ? ਗੁਰੂਘਰ ਦੇ ਪ੍ਰਬੰਧ/ਪਰੰਪਰਾ ਵਿੱਚ ਬਦਲਾਵ ਕਈ ਥਾਂ ਨਾਮੁਮਕਿਨ ਹੈ।
ਇਸ ਲਈ ਇਸ ਦੁਬਿਦਾ ਤੋਂ ਬਚਣ ਲਈ ਉਹ ਚਾਹੁੰਦੇ ਹਨ ਕਿ ਅਰਦਾਸ ਵਿਚੋਂ ‘ਨਾਨਕ` ਦੇ ਨਾਮ ਦੀ ਰਸਮ ਪੁਰੀ ਕਰਕੇ ਬਾਕੀ ਗੁਰੂਆਂ ਦੇ ਨਾਮ ਬਾਹਰ ਹੀ ਕੱਡ ਦਿੱਤੇ ਜਾਣ ਤਾਂ ਕਿ ਦੁਬਿਦਾ ਤੋਂ ਵੀ ਨਿਜਾਤ ਮਿਲੇ ਅਤੇ ਪਿੱਛਲੇ ਕੁੱਝ ਸਮੇਂ ਤੋਂ ਪ੍ਰਚਾਰੇ ਜਾ ਰਹੇ ਨਿਜੀ ਚਿੰਤਨ ਦੀ ਲੱਜ ਵੀ ਬੱਚੀ ਰਹੇ। ਵਿਯਕਤੀਗਤ ਸੋਚ ਵਿੱਚ ਦਖ਼ਲ ਵਾਜਬ ਨਹੀਂ ਹੁੰਦਾ ਪਰ ਨਿਜੀ ਗਲਾਂ ਨੂੰ ਜੇਕਰ ਪਿਛਲੇ ਦਰਵਾਜ਼ਿਉਂ ਪੰਥਕ ਜਾਮਾ ਪਹਿਨਾਉਂਣ ਦਾ ਜਤਨ ਕੀਤਾ ਜਾਏ ਤਾਂ ਨਿਜੀ ਗੱਲਾਂ ਦੀ ਪੜਚੋਲ ਵੀ ਲਾਜ਼ਮੀ ਬੜ ਜਾਂਦੀ ਹੈ। ਪੰਥਕ ਚਿੰਤਨ ਦਾ ਬੇੜਾ ਵਕਤ ਦੇ ਥਪੇੜਿਆਂ ਵਿੱਚ ਹਿੱਚਕੋਲੇ ਭਾਵੇਂ ਖਾ ਰਿਹਾ ਹੈ ਪਰ ਉਸ ਨੂੰ ਗਰਕ ਹੋਇਆ ਨਹੀਂ ਸਮਝਿਆ ਜਾਣਾਂ ਚਾਹੀਦਾ! ! ਇਹ ਨਹੀਂ ਹੋ ਸਕਦਾ ਕਿ ਉਹ ਕਿੱਧਰੇ ਅੰਧਵਿਸ਼ਵਾਸ ਨੂੰ ਛੱਡ ਕੇ ਅੰਧਵਿਰੌਧ ਤੇ ਚਲ ਪਵੇ। ਗੁਰੂਆਂ ਦੇ ਹੱਕ ਵਿੱਚ ਪੰਥਕ ਆਵਾਜ਼ਾਂ ਜ਼ਰੂਰ ਉੱਠਦੀਆਂ ਰਹਿਣਗੀਆਂ!
ਹਰਦੇਵ ਸਿੰਘ, ਜੰਮੂ
੧੧. ੧੨. ੨੦੧੧