Sunday, 28 July 2013



'ਪ੍ਰੋ.ਦਰਸ਼ਨ ਸਿੰਘ ਜੀ ਵੱਲ ਇਕ ਸਵਾਲ'
 
ਹਰਦੇਵ ਸਿੰਘ ਜੰਮੂ


ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ,
ਸਤਿ ਸ਼੍ਰੀ ਅਕਾਲ !

ਆਪ ਜੀ ਵੱਲ ਵਿਚਾਰ ਵਟਾਂਦਰੇ ਦਾ ਇਕ ਪ੍ਰਸਤਾਵ ਭੇਜਿਆ ਸੀ ਜਿਸ ਬਾਰੇ ਆਪ ਜੀ ਵਲੋਂ ਅੱਜੇ ਜਵਾਬ ਦੀ ਉਡੀਕ ਹੈ।

ਇਸ ਦੋਰਾਨ ਆਪ ਜੀ ਦੀ ਸਰਪਰਸਤੀ ਵਿਚ ਚਲਦੀ ਵੈਬਸਾਈਟ ਖ਼ਾਲਸਾ ਨਿਯੂਜ਼ ਤੇ ਮਿਤੀ ੨੭..੧੩ ਨੂੰ "ਪ੍ਰੋ. ਹਰਭਜਨ ਸਿੰਘ, ਯੂਨੀਵਰਸਿਟੀ ਪਟਿਆਲਾ ਦੇ ਝੂਠਾਂ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਤੇ ਦਸਮ ਗ੍ਰੰਥ ਦਾ ਆਦਰ" ਨਾਮਕ ਲੇਖ ਛੱਪਿਆ ਹੈ। ਦਾਸ ਵੀ ਪ੍ਰੋ. ਹਰਭਜਨ ਸਿੰਘ ਜੀ ਦੇ ਵਿਚਾਰਾਂ ਨਾਲ ਪੁਰੀ ਤਰਾਂ ਸਹਿਮਤ ਨਹੀਂ ਕਿਉਂਕਿ ਮੈਂ ਵੀ ਸਾਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਸਵੀਕਾਰ ਨਹੀਂ ਕਰਦਾ ਅਤੇ ਇਸ ਵਿਚਾਰ ਦੇ ਵਿਰੋਧ ਵਿਚ ਲਿਖਦਾ ਹਾਂ।

ਖ਼ੈਰ,  ਖ਼ਾਲਸਾ ਨਿਯੂਜ਼ ਤੇ ਛੱਪੇ ਉਪਰੋਕਤ ਲੇਖ ਵਿਚ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਪੜੀਆਂ ਜਾਂਦੀਆਂ ਕੁੱਝ ਬਾਣੀਆਂ ਬਾਰੇ ਲੇਖ ਦੇ ਲੇਖਕਾਂ ਨੇ ਇੰਝ ਲਿਖਿਆ ਹੈ:-
 
"…
ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਬਚਿਤ੍ਰ ਨਾਟਕ ਦਾ ਵਿਰੋਧ ਕੀਤਾ ਹੈ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਕੰਜਰ ਕਵਿਤਾ ਪੜ੍ਹ ਕੇ ਅੰਮ੍ਰਿਤ ਨਹੀਂ ਬਣਾਇਆ ਜਾ ਸਕਦਾ "

ਪ੍ਰੋ. ਦਰਸ਼ਨ ਸਿੰਘ ਜੀ, ਆਪ ਜੀ ਪੰਥਕ ਹੋਂਣ ਦੀ ਗਲ ਕਰਦੇ ਹੋ ਤਾਂ ਜ਼ਰਾ ਇਹ ਦੱਸਣ ਦੀ ਕਿਤਪਾਲਤਾ ਕਰੋ ਕਿ ਇਹ ਕਿਹੜੀ ਪੰਥਕਤਾ ਹੈ ਕਿ ਜਿਸ ਬਾਣੀ ਨੂੰ ਅੰਮ੍ਰਿਤ ਤਿਆਰ ਕਰਨ ਵੇਲੇ, ਸਾਰਾ ਸਿੱਖ ਪੰਥ ਦਸ਼ਮੇਸ਼ ਜੀ ਦਾ ਹੁਕਮ ਕਰਕੇ ਪੜਦਾ ਹੈ, ਉਸ ਨੂੰ ਆਪ ਜੀ ਵਲੋਂ ਸਮਰਥਤ ਵੈਬਸਾਈਟ ਤੇ, ਆਪ ਜੀ ਦੇ ਕੁੱਝ ਸਾਥੀਆਂ ਵਲੋਂ, ਛੱਪੇ ਲੇਖ ਅੰਦਰ "ਕੰਜਰ ਕਵਿਤਾ" ਕਰਕੇ ਲਿਖਿਆ ਜਾ ਰਿਹਾ ਹੈ ?

ਪ੍ਰੋ. ਜੀਉ ਕਵਿਤਾ ਕੰਜਰ ਨਹੀਂ ਹੁੰਦੀ ਬਲਕਿ ਕਿਸੇ ਕਵਿਤਾ ਨੂੰ ਕੰਜਰ ਕਹਿਣ ਦਾ ਅਰਥ ਉਸਦੇ ਲਿਖਾਰੀ ਨੂੰ ਕੰਜਰ ਕਹਿਣਾ ਹੁੰਦਾ ਹੈ।ਕੀ ਆਪ ਜੀ ਦੇ ਅੰਦਰ ਦਾ ਪੰਥਕ ਭਾਵ ਇਹੀ ਕਹਿੰਦਾ ਹੈ ਕਿ 'ਜਾਪੁ' ਦੇ ਰਚਨਾਕਾਰ ਬਾਰੇ ਐਸਾ ਭਾਵ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ ?

ਅਗਰ ਆਪ ਜੀ ਇਸ ਸਵਾਲ ਦਾ ਜਵਾਬ ਨਹੀਂ ਦਿੰਦੇ ਤਾਂ ਇਸਦਾ ਅਰਥ ਇਹ ਨਿਕਲ ਸਕਦਾ ਹੈ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਪੜੀਆਂ ਜਾਂਦੀਆਂ ਰਚਨਾਵਾਂ ਨੂੰ "ਕੰਜਰ ਕਵਿਤਾ" ਕਹਿਣ-ਲਿਖਣ ਵਾਲਿਆਂ ਨੂੰ ਆਪ ਜੀ ਦਾ ਵੀ ਸਮਰਥਨ ਪ੍ਰਾਪਤ ਹੈ।

ਹਰਦੇਵ ਸਿੰਘ, ਜੰਮੂ-੨੮..੨੦੧੩