Saturday, 29 October 2011


ਹਰਦੇਵ ਸਿੰਘ, ਜੰਮੂ

ਰਾਗਮਾਲਾ ਗੁਰਬਾਣੀ ਨਹੀਂ ਹੈ! ਇਸ ਗਲ ਦੇ ਪੁਖ਼ਤਾ ਸਬੂਤ ਗੁਰਬਾਣੀ ਲੇਖਨ ਸ਼ੈਲੀ ਵਿੱਚ ਹੀ ਮੌਜੂਦ ਹਨ। ਗੁਰੁਬਾਣੀ ਆਪ ਇਸਦਾ ਨਿਰਨਾ ਕਰਦੀ ਹੈ। ਪਰ ਨਾਲ ਹੀ ਇਹ ਤੱਥ ਵੀ ਸ੍ਹਾਮਣੇ ਹੈ ਕਿ ਰਾਗਮਾਲਾ ਪੁਰਾਤਨ ਪ੍ਰਮਾਣਿਕ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਦ ਦਰਜ ਹੈ ਅਤੇ ਕਈ ਹੋਰ ਬੀੜਾਂ ਵਿੱਚ ਨਹੀਂ ਵੀ। ਇਸ ਤੋਂ ਪਹਿਲਾਂ ਕਿ ਅਸੀਂ ਰਾਗਮਾਲਾ ਸਬੰਧੀ ਵਿਚਾਰ ਚਰਚਾ ਕਰੀਏ ਆਉ ਜ਼ਰਾ ਇਸ ਸੰਧਰਭ ਵਿੱਚ ਮੂਲ ਮੰਤਰ ਤੋਂ ਲੇ ਕੇ ਮੁੰਦਾਵਣੀ ਤਕ ਦੇ ਬਾਣੀ ਲੇਖਨ ਦੇ ਕੁੱਝ ਐਸੇ ਨੁਕਤਿਆਂ ਵੱਲ ਗ਼ੌਰ ਕਰੀਏ ਜਿਨਾਂ ਦੀ ਵਿਚਾਰ ਸ਼ਾਇਦ ਪਹਿਲੇ ਕੀਤੀ ਗਈ ਨਾ ਮਿਲਦੀ ਹੋਵੇ।
ਗੁਰਬਾਣੀ ਲੇਖਣ ਵਿੱਚ ਕਾਗਜ਼ ਅਤੇ ਸਿਆਹੀ ਦੀ ਵਰਤੋਂ ਕੀਤੀ ਗਈ ਸੀ। ਬਾਣੀ ਦੇ ਲੇਖਨ ਵਿੱਚ ਪਤਰਿਆਂ ਉਤੇ ਅੰਕ ਲਗਾਏ ਗਏ ਸੀ ਜਿਵੇਂ ਕਿ ੩, ੪, ੫ …ਆਦਿ। ਇਸੇ ਤਰ੍ਹਾਂ ਹੋਰ ਜਗ੍ਹਾਂ ਸ਼ਬਦਾ ਜਾਂ ਸਲੋਕਾਂ ਆਦਿ ਦੀ ਗਿਣਤੀ ਲਈ ਗਣਿਤ ਦੀ ਸੰਖਿਆਵਾਂ ਦਾ ਇਸਤੇਮਾਲ ਕੀਤਾ ਗਿਆ ਸੀ। ਗਿਣਤੀ ਦੇ ਇਹ ਸੰਕੇਤ ਆਦਿ ਬੀੜ ਦੇ ਸੰਕਲਨ ਅਤੇ ਸੰਪਾਦਨ ਦੀ ਲੋੜ ਸਨ ਅਤੇ ਸ਼ਬਦਾਂ ਆਦਿ ਵਿੱਚ ਇਨ੍ਹਾਂ ਗਿਣਤੀ ਸੰਕੇਤਾਂ ਦਾ ਇਸਤੇਮਾਲ ਕਿਸੇ ਵੀ ਸੰਭਾਵਿਤ ਮਿਲਗੋਭੇ ਨੂੰ ਠੱਲ ਪਾੳਂਣ ਲਈ ਵੀ ਸੀ।
ਜ਼ਰਾ ਗ਼ੋਰ ਕਰਣ ਤੇ ਪਤਾ ਚਲਦਾ ਹੈ ਕਿ ਗੁਰਬਾਣੀ ਲੇਖਨ ਦੀ ਬਣਤਰ ਵਿੱਚ ਵਰਤੀਆਂ ਇਹ ਗਣਿਤ ਸੰਖਿਆਵਾਂ ਗੁਰਬਾਣੀ ਨਹੀਂ ਬਲਕਿ ਇਹ ਲੇਖਣ ਸ਼ੈਲੀ ਦੀਆਂ ਉਹ ਜ਼ਰੂਰਤਾਂ ਹਨ ਜਿਨਾਂ ਰਾਹੀਂ ਗੁਰਬਾਣੀ ਲੇਖਨ ਨੂੰ ਪ੍ਰਮਾਣਿਕਤਾ ਅਤੇ ਸਪਸ਼ਟਤਾ ਪਰਧਾਨ ਕੀਤੀ ਗਈ ਸੀ। ਇਸੇ ਤਰ੍ਹਾਂ ਸ਼ਬਦਾਂ ਆਦਿ ਦੇ ਲੇਖਨ ਨਾਲ ਜੁੜੀ ਜਾਨਕਾਰੀ ਦਿੰਦੇ ਰਾਗਾਂ ਦੇ ਨਾਮ ਅਤੇ ਗੁਰੂਆਂ ਪ੍ਰਤੀ ਵਰਤੇ ਸ਼ਬਦ ‘ਮਹਲਾ ੧`, ‘ਮਹਲਾ ਪ` ਆਦਿ ਸੰਕੇਤ ਉਪਦੇਸ਼ਾਤਮਕ ਨਾ ਹੁੰਦੇ ਹੋਏ ਸੁਚਨਾਤਮਕ ਹਨ ਜਿਨ੍ਹਾਂ ਉਪਰੰਤ ਵਾਸਤਵਕ ਬਾਣੀ ਉਪਦੇਸ਼ ਆਰੰਭ ਹੁੰਦਾ ਹੈ।
ਬੇਸ਼ਕ ਗੁਰੂ ਅਰਜਨ ਪਾਤਿਸ਼ਾਹ ਇਸ ਤੋਂ ਜਾਂਣੁ ਹੀ ਸਨ ਕਿ ਬਾਣੀ ਲੇਖਨ ਵਿੱਚ ਗਣਿਤ ਦੀ ਉਹ ਸੰਖਿਆ ਇਸਤੇਮਾਲ ਕੀਤੀ ਜਾ ਰਹੀ ਹੈ ਜੋ ਗੁਰਬਾਣੀ ਤਾਂ ਨਹੀਂ ਪਰ ਬਾਣੀ ਲੇਖਨ ਦੀ ਨਿਹਾਇਤ ਜ਼ਰੂਰੀ ਸ਼ਰਤ ਹੈ। ਸਾਨੂੰ ਇਸ ਦੀ ਸਮਝ ਹੈ ਅਤੇ ਇਸੇ ਲਈ ਗੁਰਬਾਣੀ ਅੰਦਰ ਇਸ ਗਣਿਤ ਦੀ ਵਰਤੋਂ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ। ਬਾਣੀ ਪਾਠ ਕਰਦੇ ਅਨੇਕਾਂ ਸ਼ਬਦਾਂ ਦੀ ਅਤੇ ਪਤਰਿਆਂ ਦੀ ਗਿਣਤੀ ਨੂੰ ਉਚਾਰਿਆ ਨਹੀਂ ਜਾਂਦਾ ਕਿਉਂਕਿ ਉਹ ਬਾਣੀ ਨਹੀ ਬਲਕਿ ਬਾਣੀ ਲੇਖਨ ਸ਼ੈਲੀ ਦਾ ਜਰੂਰੀ ਅੰਗ ਹਨ ਅਤੇ ੳਨ੍ਹਾਂ ਦੀ ਵਰਤੋਂ ਦਾ ਪ੍ਰਸੰਗ ਕੁੱਝ ਹੋਰ ਹੈ।
ਇਸੇ ਤਰ੍ਹਾਂ ਆਦਿ ਬੀੜ ਵਿੱਚ ਲਿਖਿਆ ਗਿਆ ਤਤਕਰਾ ਗੁਰਬਾਣੀ ਪਾਠ ਨਹੀਂ ਬਲਕਿ ਉਹ ਆਦਿ ਬੀੜ ਵਿੱਚ ਦਰਜ ਬਾਣੀ ਦਾ ਸੂਚੀ ਪੱਤਰ ਹੈ ਅਤੇ ਇਸ ਨਿਗਾਹ ਨਾਲ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਜ਼ਾਹਿਰ ਹੈ ਕਿ ਇਹ ਲੇਖਨ ਦੀ ਇੱਕ ਵੱਡੀ ਅਹਿਮ ਸ਼ਰਤ ਹੁੰਦੀ ਹੈ ਕਿ ਲਿਖਤ ਰਚਨਾ ਦੀ ਸੰਖੇਪ ਜਾਣਕਾਰੀ ਤਤਕਰੇ ਰਾਹੀਂ ਆਰੰਭ ਵਿੱਚ ਲਿਖੀ ਜਾਂਦੀ ਹੈ। ਪਰ ਆਦਿ ਬੀੜ ਦੇ ਲੇਖਨ ਵਿੱਚ ਤਤਕਰੇ ਦੀ ਅਹਿਮੀਅਤ ਵਧੇਰੇ ਸੀ ਜਿਸ ਬਾਰੇ ਅਸੀਂ ਚਰਚਾ ਇਸ ਲੇਖ ਵਿੱਚ ਅਗੇ ਚਲ ਕੇ ਕਰਾਂ ਗੇ। ਖ਼ੈਰ ਸਾਡੇ ਵਿਚੋਂ ਕਿਸੇ ਸਜੱਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਤਤਕਰੇ ਦੀ ਮੋਜੂਦਗੀ ਤੋ ਵੀ ਕੋਈ ਇਤਰਾਜ਼ ਨਹੀਂ ਅਤੇ ਨਾ ਹੀ ਹੋਣਾ ਚਾਹੀਦਾ ਹੈ।
ਅਸੀਂ ਅਕਸਰ ਇਹ ਪੜ੍ਹਦੇ-ਸੁਣਦੇ ਹਾਂ: ਗੁਰਬਾਣੀ ਮੂਲ ਮੰਤਰ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ” ਪਰ ਅਸੀਂ ਇਹ ਨਹੀਂ ਕਹਿੰਦੇ, ਪੜ੍ਹਦੇ ਅਤੇ ਸੁਣਦੇ ਕਿ ਗੁਰਬਾਣੀ ਤਤਕਰੇ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ”ਇਸ ਦੇ ਦੋ ਮੁਖ ਕਾਰਣ ਹਨ: ਪਹਿਲਾ: ਤਤਕਰਾ ਗੁਰਬਾਣੀ ਪਾਠ ਦਾ ਹਿੱਸਾ ਨਹੀਂ। ਦੂਜਾ: ਤਤਕਰਾ ਰਾਗਮਾਲਾ ਵਾਂਗ ਪੜ੍ਹਿਆ ਨਹੀਂ ਜਾਂਦਾ। ਇਸ ਲਈ ਤਤਕਰੇ ਦੀ ਲੋੜ ਅਤੇ ਉਸਦਾ ਪਾਠ ਨਾ ਹੋਣ ਕਰਕੇ ਤਤਕਰਾ ਵਿਵਾਦ ਦਾ ਹਿੱਸਾ ਨਹੀਂ ਬਣਦਾ। ਇਹ ਅਕਲਮੰਦੀ ਦੀ ਗੱਲ ਹੈ। ਪਰ ਦੂਜੇ ਪਾਸੇ ਰਾਗਮਾਲਾ ਵਿਵਾਦ ਦੇ ਘੇਰੇ ਵਿੱਚ ਰਹਿੰਦੀ ਰਹੀ ਹੈ ਕਿਉਂਕਿ ਇਸ ਨੂੰ ਗੁਰਬਾਣੀ ਪਾਠ ਦਾ ਹਿੱਸਾ ਮੰਨਦੇ ਪੜ੍ਹਿਆ ਜਾਂਦਾ ਹੈ ਜੋ ਕਿ ਦਰਅਸਲ ਇਹ ਹੈ ਨਹੀਂ।
ਜੇਕਰ ਅਸੀਂ ਰਾਗਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦੀ ਗਲ ਕਰੀਏ ਤਾਂ ਇਸ ਬਣਤਰ ਦੇ ਦੋ ਮੁਖ ਪਹਿਲੂ ਸ੍ਹਾਮਣੇ ਆਉਂਦੇ ਹਨ।
1) ਉਪਦੇਸ਼ਾਤਮਕ ਪਹਿਲੂ (੨) ਸੰਕੇਤਾਤਮਕ/ਸੂਚਨਾਤਮਕ ਪਹਿਲੂ
ਉਪਦੇਸ਼ਾਤਮਕ ਪਹਿਲੂ ਗੁਰੂਬਾਣੀ ਦਾ ਮੁੱਡਲਾ ਪੱਖ ਹੈ ਜਿਸ ਰਾਹੀ ਗੁਰੂ ਦੀ ਸਿੱਖਿਆ ਪ੍ਰਗਟਾਈ ਗਈ ਹੈ।
ਸੰਕੇਤਾਤਮਕ/ਸੁਚਨਾਤਮਕ ਪਹਿਲੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦਾ ਉਹ ਪੱਖ ਹੈ ਜੋ ਗੁਰੂ ਦੀ ਸਿੱਖਿਆ ਲੇਖਣ ਦੀਆਂ ਜਰੂਰਤਾਂ ਨਾਲ ਜੁੜਿਆ ਹੈ ਜਿਵੇਂ ਕਿ ਤਤਕਰਾ ਅਤੇ ਗੁਰੁਬਾਣੀ ਵਿੱਚ ਵਰਤੇ ਗਣਿਤ ਦੇ ਅੰਕ। ਇਹ ਸੰਕੇਤਾਤਮਕ ਪਹਿਲੂ ਬੇਹਦ ਅਹਿਮ ਹਨ ਪਰ ਇਹ ਉਪਦੇਸ਼ਾਤਮਕ ਨਹੀਂ ਹਨ। ਹਾਂ ਬੇਸ਼ਕ ਇਨਾਂ ਰਾਹੀਂ ਪਾਠਕ ਨੂੰ ਉਪਦੇਸ਼ਾਤਮਕ ਪੱਖ ਦੀ ਜਾਣਕਾਰੀ ਅਤੇ ਨਿਰੋਲਤਾ ਬਾਰੇ ਸਪਸ਼ਟਤਾ ਰਹਿੰਦੀ ਹੈ। ਨਾਲ ਹੀ ਇਹ ਸੰਕੇਤਾਤਮਕ ਪੱਖ ਕਿਸੇ ਬਾਹਰੀ ਮਿਲਗੋਭੇ ਦੀਆਂ ਕੋਸ਼ਿਸ਼ਾਂ ਦੀ ਪਛਾਣ ਵਿੱਚ ਸਹਾਈ ਸਾਬਤ ਹੁੰਦੇ ਰਹੇ ਹਨ।
ਜਿਥੋਂ ਤਕ ਰਾਗਮਾਲਾ ਦਾ ਸਬੰਧ ਹੈ ਤਾਂ ਇਹ ਗਲ ਬਿਲਕੁਲ ਸਪਸ਼ਟ ਹੈ ਕਿ ਇਹ ਗੁਰਬਾਣੀ ਨਾ ਹੋਣ ਕਰਕੇ ਉਪਦੇਸ਼ਤਮਕ ਪੱਖ ਨਹੀਂ ਹੈ। ਪਰ ਇਸ ਤੋਂ ਅਲਗ ਇਹ ਵਿਚਾਰਣ ਵਾਲੀ ਗਲ ਹੈ ਕਿ ਕਿਧਰੇ ਰਾਗਮਾਲਾ ਦੀ ਮੋਜੂਦਗੀ ਕਿਸੇ ਸੰਕੇਤਾਤਮਕ ਪੱਖ ਦਾ ਹਿੱਸਾ ਤਾਂ ਨਹੀਂ ਜਿਸ ਨੂੰ ਕਾਲਾਂਤਰ (After passage of time) ਅਗਿਆਨਤਾ ਵਸ਼ ਜਾਂ ਅਨਜਾਣੇਂ ਗੁਰਬਾਣੀ ਪਾਠ ਵਜੋਂ ਪੜ੍ਹਨ ਦੀ ਰੀਤ ਪੈ ਗਈ?
ਇਹ ਸਵਾਲ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਵਿਸ਼ੇਸ਼ ਕਰ ਕੇ ਉਸ ਸੂਰਤ ਵਿੱਚ ਕਿ ਜਿਸ ਵੇਲੇ ਸਭ ਤੋਂ ਪੁਰਾਤਨ ਮੰਨੀ ਜਾਂਦੀ ਮੂਲ ਆਦਿ ਬੀੜ ਵਿੱਚ ਇਹ ਦਰਜ ਹੈ ਅਤੇ ਜਿਸਦਾ ਜ਼ਿਕਰ ਉਸ ਬੀੜ ਦੇ ਤਤਕਰੇ ਵਿੱਚ ਵੀ ਹੈ ਫਿਰ ਨਾਲ ਹੀ ਇਹ ਰਾਗਮਾਲਾ ਆਦਿ ਬੀੜ ਦੇ ਬਾਦ ਕੀਤੇ ਕਈ ਉਤਾਰਿਆਂ ਵਿੱਚ ਮੋਜੂਦ ਹੈ। ਨਿਰ-ਸੰਦੇਹ ਇਹੀ ਨੁਕਤਾ ਹੈ ਜਿਸ ਕਾਰਣ ਰਾਗਮਾਲਾ ਸਪਸ਼ਟ ਰੂਪ ਵਿੱਚ ਗੁਰਬਾਣੀ ਪਾਠ ਨਾ ਹੁੰਦੇ ਹੋਏ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਸਤਕ ਸਵਰੂਪ ਵਿਚੋਂ ਬਾਹਰ ਨਹੀਂ ਕੱਡੀ ਜਾ ਸਕੀ। ਹਾਂ ਸਿੱਖ ਰਹਿਤ ਮਰਿਆਦਾ ਇੱਨਾਂ ਜ਼ਰੂਰ ਸਪਸ਼ਟ ਕੀਤਾ ਗਿਆ ਕਿ ਇਸ ਰਾਗਮਾਲਾ ਦੇ ਪਾਠ ਬਿਨਾਂ ਵੀ ਗੁਰਬਾਣੀ ਪਾਠ ਸੰਪੂਰਣ ਹੈ। ਇਹ ਇੱਕ ਚੰਗੀ ਗਲ ਹੈ। ਇਥੇ ਇਹ ਗਲ ਵੀ ਕਾਬਲੇ ਜ਼ਿਕਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਵੀ ਪਾਠ ਦੀ ਸਮਾਪਤੀ ਬਿਨਾ ਰਾਗਮਾਲਾ ਪੜੇ ਕੀਤੀ ਜਾਂਦੀ ਹੈ। ਜੇਕਰ ਤਤਕਰੇ ਵਰਗੇ ਸੁਚਨਾਤਮਕ ਪੱਖ ਵਰਗਾ ਹੀ, ਰਾਗਮਾਲਾ ਨੂੰ ਲਿਖੇ ਹੋਣ ਦੇ ਬਾ-ਵਜੂਦ ਗੁਰਬਾਣੀ ਪਾਠ ਵਾਂਗ ਪੜਿਆ ਨਾ ਜਾਂਦਾ ਤਾਂ ਸ਼ਾਇਦ ਇਸ ਸਬੰਧੀ ਵਿਵਾਦ ਉੱਠਦਾ ਹੀ ਨਾ।
ਇਸ ਵਿਸ਼ਲੇਸ਼ਣ ਵਿੱਚ ਸਭ ਤੋਂ ਪਹਿਲੇ ਕੁੱਝ ਚਿਰ ਵਾਸਤੇ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਰਾਗਮਾਲਾ ਆਦਿ ਬੀੜ ਵਿੱਚ ਬਾਦ ਦੀ ਘੁੱਸਪੈਠ ਹੈ। ਬੜੀ ਸੁਭਾਵਿਕ ਜਿਹੀ ਗਲ ਹੈ ਕਿ ਐਸੀ ਘੁੱਸਪੈਠ ਇੱਕ ਵਿਸ਼ੇਸ਼ ਮਕਸਦ ਨੂੰ ਪੂਰਾ ਕਰਣ ਵਾਸਤੇ ਹੀ ਕੀਤੀ ਗਈ ਹੋ ਸਕਦੀ ਹੈ। ਨਿਰ-ਸੰਦੇਹ ਇਹ ਬਿਨਾ ਮਕਸਦ ਦੇ ਹੋ ਹੀ ਨਹੀਂ ਸਕਦੀ। ਜੇ ਕਰ ਵਿਚਾਰ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਮਕਸਦ ਗੁਰਬਾਣੀ ਵਿੱਚ ਮਿਲਗੋਭਾ ਕਰਣਾ ਹੀ ਹੋ ਸਕਦਾ ਸੀ। ਯਾਨੀ ਕੇ ਬਾਣੀ ਦੇ ਉਪਦੇਸ਼ਾਤਮਕ ਪੱਖ ਵਿੱਚ ਰਲਾਅ ਪਾਉਂਣ ਦਾ ਮਕਸਦ ਨਾ ਕਿ ਸੂਚਨਾਤਮਕ ਪੱਖ ਵਿੱਚ ਰਲਾਅ ਪਾਉਣ ਦਾ ਮਕਸਦ। ਇਹ ਹੈ ਪਹਿਲੀ ਗਲ!
ਦੂਜੀ ਗਲ! ਜਿਸ ਕਿਸੇ ਨੇ ਵੀ ਇਹ ਘੁੱਸਪੈਠ ਕੀਤੀ ਉਹ ਆਮ ਵਿਅਕਤੀ ਨਹੀਂ ਬਲਕਿ ਕੋਈ ਵਿਚਾਰਕ ਸਾਜਸ਼ ਕਰਤਾ ਹੀ ਹੋ ਸਕਦਾ ਸੀ ਅਤੇ ਉਸ ਕੋਲ ਇਹ ਰਲਾਅ ਪਾਉਣ ਦਾ ਸੋਚਿਆ-ਸਮਝਿਆ ਵਿਸ਼ੇਸ਼ ਮਕਸਦ ਵੀ ਸੀ ਅਤੇ ਖੁੱਲਾ ਮੋਕਾ ਵੀ, ਜਿਸ ਦਾ ਭਰਪੂਰ ਲਾਭ ਉਠਾਉਂਦੇ ਉਸ ਨੇ ਬਾਣੀ ਦੇ ਅਖੀਰ ਵਿੱਚ ਰਾਗਮਾਲਾ ਦਾ ਰਲਾਅ ਪਾਇਆ ਅਤੇ ਉਸ ਨੂੰ ਪ੍ਰਮਾਣਿਕਤਾ ਦੇਣ ਲਈ ਬੀੜ ਦੇ ਸੰਕੇਤਾਤਮਕ/ਸੁਚਨਾਤਮਕ ਪੱਖ ਯਾਨੀ ਕੇ ਆਰੰਭ ਵਿੱਚ ਲਿਖੇ ਤਤਕਰੇ ਵਿੱਚ ਉਚੇਚੇ ਤੋਰ ਤੇ ਰਾਗਮਾਲਾ ਸਬੰਧੀ ਇੰਦਰਾਜ ਵੀ ਕੀਤਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਬਾਣੀ ਲੇਖਨ ਢੰਗ ਨਾਲ ਵਾਕਿਫ ਸੀ ਅਤੇ ਉਸ ਨੇ ਇਹ ਕੰਮ ਕਰ ਲਿਆ। ਆਉ ਹੁਣ ਜ਼ਰਾ ਉਸ ਸਾਜਸ਼ ਕਰਤਾ ਦੇ ਇਸ ਕੰਮ ਦਾ ਜਾਇਜ਼ਾ ਲਈਏ:
ਮਕਸਦ ਸੀ ਬਾਣੀ ਦੇ ਉਪਦੇਸ਼ ਵਿੱਚ ਗ਼ੈਰ ਸਿਧਾਂਤਕ ਰਲਾਅ ਪਾਉਣਾ। ਪਰ ਖੁੱਲਾ ਸਮਾਂ ਅਤੇ ਸਪਸ਼ਟ ਮਕਸਦ ਹੁੰਦੇ ਹੋਏ ਵੀ ਉਸ ਨੇ ਰਾਗਮਾਲਾ ਦੇ ਆਰੰਭ ਵਿੱਚ ‘ਮਹਲਾ ੧` ਜਾਂ ‘ਮਹਲਾ ੨` ਆਦਿ ਕਿਉਂ ਨਾ ਲਿਖਿਆ? ਜਦ ਕਿ ਉਸਨੇ ਐਸਾ ਕਰਨਾ ਹੀ ਸੀ। ਉਦਾਹਰਣ ਲਈ ਬਾਣੀ ਵਿੱਚ ਜੋ ਰਲਾਅ ਪਾਉਣ ਦੇ ਜਤਨ ਹੋਏ ਉਨ੍ਹਾਂ ਨੂੰ ਸਪਸ਼ਟ ਤੋਰ ਤੇ ਗੁਰੂ ਲਿਖਤ ਦਾ ਰੂਪ ਦੇਣ ਲਈ ‘ਮਹਲਾ` ਸ਼ਬਦ ਵਰਤਿਆ ਗਿਆ ਸੀ। ਜਿਵੇਂ ਕਿ:
ਸਲੋਕ ਮ: ੧ ਜਿਤ ਦਰ ਲਖ ਮੁਹੰਮਦਾ।
ਰਤਨਮਾਲਾ ਮ: ੧
ਹਕੀਕਤ ਰਾਹ ਮੁਕਾਮ ਮ: ੫
ਇਹ ਮਿਲਗੋਬੇ ਗੰਭੀਰ ਸਨ ਅਤੇ ਪਹਿਲੀ ਨਜ਼ਰੇ ਹੀ ਉਪਦੇਸ਼ਾਤਮਕ ਨਜ਼ਰ ਆਉਦੇ ਸਨ ਇਸ ਲਈ ਬਾਣੀ ਦੀ ਬਣਤਰ ਅਤੇ ਹੋਰ ਵਿਸ਼ਲੇਸ਼ਣਾਂ ਰਾਹੀਂ ਪਛਾਂਣ ਲਏ ਗਏ।
ਪਰ ਰਾਗਮਾਲਾ ਦੇ ਮਸਲੇ ਵਿੱਚ ਤਤਕਰੇ ਤਕ ਅਪਣੀ ਛੇੜ-ਛਾੜ ਨੂੰ ਪ੍ਰਮਾਣਿਕਤਾ ਦੇਣ ਵਾਲਾ ਉਹ ਵਿਦਵਾਨ ਸਾਜਸ਼ ਕਰਤਾ ਇਨਾਂ ਮੁਰਖ ਕਿਵੇਂ ਹੋ ਸਕਦਾ ਸੀ? ਬੀੜ ਉਸਦੇ ਹੱਥ ਵਿੱਚ ਸੀ, ਸਮਾਂ ਉਸ ਕੋਲ ਸੀ ਅਤੇ ਮਕਸਦ ਉਸਦਾ ਸਪਸ਼ਟ ਸੀ ਫਿਰ ਉਸਦਾ ਹੱਥ ਕੋਣ ਰੋਕ ਸਕਦਾ ਸੀ ‘ਮਹਲਾ` ਲਿਖਣ ਤੋਂ? ਉਸਨੇ ਐਸਾ ਨਹੀਂ ਕੀਤਾ। ਅਤੇ ਫਿਰ ਨਾ ਹੀ ਰਾਗਮਾਲਾ ਵਿੱਚ ਪਾਈਆਂ ਤੁੱਕਾਂ ਲਈ ੧, ੨ ੩, ੪ ਆਦਿ ਦੀ ਗਿਣਤੀ ਦਾ ਇਸਤੇਮਾਲ ਕੀਤਾ ਤੇ ਨਾ ਹੀ ਕਿਧਰੇ ‘ਨਾਨਕ` ਸ਼ਬਦ ਵਰਤਿਆ। ਕਿਉਂ? ਇਹ ਇੱਕ ਪੇਚੀਦਾ ਸਵਾਲ ਹੈ।
ਜੇਕਰ ਸਾਜਸ਼ ਕਰਤਾ ਦਾ ਮਕਸਦ ਰਲਾਅ ਪਾਉਣਾਂ ਹੀ ਸੀ ਤਾਂ ਨਿਰਸੰਦੇਹ ਉਸ ਨੂੰ ਬਾਣੀ ਫ਼ਲਸਫ਼ੇ ਦਾ ਗਿਆਨ ਸੀ ਜਿਸ ਵਿੱਚ ਉਹ ਭੰਨ-ਤੋੜ ਕਰਨਾ ਚਾਹੰਦਾ ਸੀ। ਨਿਸਚਤ ਹੀ ਇਸ ਲਈ ਉਸ ਨੇ ਪਹਿਲਾਂ ਲਿਖਤ ਸਮਗਰੀ ਇਕੱਠੀ ਕੀਤੀ ਹੋਵੇਗੀ। ਪਰ ਉਸਨੇ ਐਸਾ ਰਲਾਅ ਕਿਉਂ ਪਾਇਆ ਜਿਸ ਵਿੱਚ ਗੁਰਬਾਣੀ ਦੇ ਉਲਟ ਕੋਈ ਉਪਦੇਸ਼ਾਤਮਕ ਗਲ ਹੀ ਨਹੀ ਸੀ? ਕੀ ਉਹ ਕੋਈ ਐਸਾ ਪਾਗਲ ਸੀ ਜੋ ਇਨਾਂ ਸ਼ਾਤਰ ਤਾਂ ਸੀ ਕਿ ਉਹ ਰਲਾਅ ਪਾਉਣ ਦਾ ਢੰਗ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਹ ਨਹੀ ਸੀ ਜਾਣਦਾ ਕਿ ਪਾਉਂਣਾ ਕੀ ਹੈ? ਉਸ ਨੇ ਸਿਧਾਂਤਕ ਰਲਾਅ ਪਾਉਂਣ ਦੀ ਇੱਕ ਵੱਡੀ ਤੇ ਅਤਿ ਗੰਭੀਰ ਚਾਲ ਚਲੀ ਪਰ ਸਿਧਾਂਤਕ ਖਰਾਬੀ ਕਰਨ ਦੇ ਬਜਾਏ ਚੰਦ ਰਾਗਾਂ ਦੇ ਨਾਮ ਪਾਕੇ ਅਪਣਾ ਦਾ ਕੰਮ ਮੁਕਮੱਲ ਕਰ ਲਿਆ। ਇਹ ਕਿਹੜੇ ਮਕਸਦ ਦੀ ਪ੍ਰਾਪਤੀ ਸੀ?
ਫਿਰ ਉਹ ਸਾਜਸ਼ ਕਰਤਾ ਤਤਕਰੇ ਵਿੱਚ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਰਗਾ ਨਵਾਂ ਇੰਦਰਾਜ ਕਰਦੇ ਤਤਕਰੇ ਦੇ ਪਹਿਲੇ ਲਿਖਾਰੀ (ਭਾਈ ਗੁਰਦਾਸ) ਦੀ ਹੀ ਕਲਮ, ਸਿਆਹੀ ਅਤੇ ਦਸਤਖ਼ਤ (Hand Writing) ਦੀ ਹੂ-ਬ-ਹੂ ਨਕਲ ਕਿਵੇਂ ਕਰ ਗਿਆ? ਕੋਈ ਇਹ ਵੀ ਕਹਿ ਸਕਦਾ ਹੈ ਕਿ ਉਸਨੇ ਪੁਰਾ ਤਤਕਰਾ ਹੀ ਨਕਲ ਕਰ ਲਿਆ ਸੀ ਜਿਸ ਕਾਰਣ ਕਲਮ ਅਤੇ ਲਿਖਾਈ ਨਹੀਂ ਬਦਲੀ। ਪਰ ਜੇ ਕਰ ਇਹ ਤਰਕ ਮੰਨਿਆਂ ਜਾਵੇ ਤਾਂ ਅਪਣਾ ਇਹ ਮਕਸਦ ਪੂਰਾ ਕਰਨ ਲਈ ਉਸ ਲਿਖਾਰੀ ਨੇ ਜਰੂਰ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਾਲੇ ਇੰਦਰਾਜ ਲਈ ਢੁੱਕਵੀਂ ਜਗ੍ਹ ਰੱਖ ਕੇ ਹੀ ਤਤਕਰਾ ਲਿਖਣਾ ਸੀ ਜਿਸ ਲਈ ਉਸ ਨੂੰ ਰਾਗਮਾਲਾ ਇੰਦਰਾਜ ਸਬੰਧੀ ਬਾਕੀ ਪੰਜ ਅੱਖਰ ਕੀ ਸਿਵਨਾਭ ਰਾਜੇ ਕੀ ਬਿਧੀ” ਹੇਠਾਂ ਤੋਂ ਉਪਰ ਵੱਲ (Vertically) 90 ਡਿਗਰੀ ਦੇ ਕੋਂਣ ਵਰਗਾ ਲਿਖਣ ਦੀ ਲੋੜ ਹੀ ਨਾ ਪੈਂਦੀ ਜਿਵੇਂ ਕਿ ਭਾਈ ਜੋਧ ਸਿੰਘ ਜੀ ਨੇ ਅਪਣੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ` ਦੇ ਪੰਨਾਂ ਨੰ: ੪ ਉਤੇ ਮੌਜੂਦਾ ਕਰਤਾਰਪੁਰੀ ਬੀੜ ਦੇ ਤਤਕਰੇ ਦੀ ਬਣਤਰ ਬਾਰੇ ਜਾਣਕਾਰੀ ਦੇਂਦੇ ਦੱਸਿਆ ਹੈ। ਜਾਂ ਫਿਰ ਉਹ ਕੇਵਲ ‘ਰਾਗਮਾਲਾ` ਅੱਖਰ ਲਿਖ ਕੇ ਹੀ ਬਾਕੀ ਅੱਖਰ ਲਿਖਦਾ ਹੀ ਨਾ।
ਇਹ ਨੁਕਤੇ ਗੰਭੀਰ ਹਨ ਅਤੇ ਧਿਆਨ ਮੰਗਦੇ ਹਨ। ਵਿਸ਼ੇਸ ਰੂਪ ਵਿੱਚ ਉਸ ਵੇਲੇ ਕਿ ਜਿਸ ਵੇਲੇ ਅਸੀਂ ਜਾਣਦੇ ਹਾਂ ਕਿ ਇੰਨੀ ਵੱਡੀ ਸਾਜਸ਼ ਕਰਨ ਵਾਲਾ ਕਿਸੇ ‘ਮਹਲੇ` ਦਾ ਨਾਮ ਵਰਤੇ ਬਿਨਾ ਖੁੱਲੇ ਤੋਰ ਤੇ ਸਿਧਾਂਤਕ ਪੱਖੋਂ ਇੱਕ ਬੇਹਦ ਕੱਚਾ ਅਤੇ ਬੇ-ਮਕਸਦ ਇੰਦਰਾਜ ਕਰਦਾ ਹੈ ਜਿਸ ਵਿੱਚ ਨਾ ਤਾਂ ਉਸਦੇ ਮਕਸਦ ਦੀ ਪ੍ਰਾਪਤੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਕੋਈ ਸਿਧਾਂਤਕ ਮਿਲਗੋਭਾ। ਕਿੱਧਰੇ ਰਾਗਾਮਾਲਾ ਤਥਾ ਸਿੰਗਲਦੀਪ” ਤਿੰਨ ਅਖਰਾਂ ਨੂੰ ਖੱਬੇ ਪਾਸਿਉਂ ਸੱਜੇ ਸਿੱਦਾ (Horizontal) ਲਿਖ ਕੇ ਫਿਰ ਬਾਕੀ ਪੰਜ ਅੱਖਰਾਂ ਕੀ ਸਿਵਨਾਭ ਰਾਜੇ ਕੀ ਬਿਧੀ” ਨੂੰ ਹੇਠੋਂ ਉੱਪਰ (Vertical) ਦੀ ਲਿਖਣਾ ਤਤਕਰੇ ਨੂੰ ‘ਲਾਕ` ਕਰਣ ਦੀ ਗਲ ਤਾਂ ਨਹੀਂ ਸੀ? ਅਗਰ ਐਸਾ ਹੋਈਆ ਵੀ ਹੋਵੇ ਤਾਂ ਵੀ ਰਾਗਮਾਲਾ ਕਿਸੇ ਰੂਪ ਵਿੱਚ ਵੀ ਬਾਣੀ ਦਾ ਅੰਗ ਸਾਬਤ ਨਹੀਂ ਹੁੰਦੀ ਕਿਉਂਕਿ ਇਹ ਗੁਰੂ ਦੀ ਅਪਣੀ ਉਪਦੇਸ਼ ਯੁਕਤ ਕ੍ਰਿਤ ਨਹੀਂ ਸੀ।
ਅੱਗੇ ਤੁਰਨ ਤੋਂ ਪਹਿਲਾਂ ਇੱਕ ਹੋਰ ਗਲ ਵਿਚਾਰਣ ਯੋਗ ਹੈ।
੫ੰਜਵੇਂ ਪਾਤਿਸ਼ਾਹ ਨੇ ਭਾਈ ਗੁਰਦਾਸ ਤੋਂ ਆਦਿ ਗ੍ਰੰਥ ਲਿਖਵਾਇਆ ਸੀ। ਇਸ ਨਾਲ ਕਿਸੇ ਦੀ ਕੋਈ ਅਸਹਿਮਤੀ ਨਜ਼ਰ ਨਹੀਂ ਆਉਂਦੀ। ਉਸ ਪਹਿਲੀ ਰਚਨਾ ਦੀ ਤਿਆਰੀ ਵੇਲੇ ਸਤਿਗੁਰ ਜੀ ਦਾ ਮਕਸਦ ਰਹਿੰਦੀ ਦੁਨੀਆ ਲਈ ਬਾਣੀ ਦਾ ਇੱਕ ਪ੍ਰਮਾਣਿਕ ਸਾਂਚਾ ਤਿਆਰ ਕਰਨਾ ਸੀ ਜਿਸ ਤੋਂ ਫਿਰ ਹੋਰ ਉਤਾਰੇ ਕਰਦੇ ਹੋਏ ਲੋਕਾਈ ਲਈ ਬਾਣੀ ਉਪਲਬਧ ਕਰਵਾਉਣ ਦਾ ਕੰਮ ਅਗੇ ਤੁਰਨਾ ਸੀ। ਇਸ ਵਿੱਚ ਸ਼ਕ ਨਹੀਂ ਕਿ ਉਸ ਪਹਿਲੀ ਰਚਨਾ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਸਤਿਗੁਰ ਨੇ ਆਪ ਕਰਵਾਇਆ ਪਰ ਇਹ ਗਲ ਵੀ ਅਪਣੀ ਜਗ੍ਹਾ ਅਕਟ ਹੈ ਕਿ ਉਹ ਪਹਿਲੀ ਰਚਨਾ ਸਤਿਗੁਰ ਜੀ ਨੇ ਗੁਰੂਘਰ ਪਾਸ ਹੀ ਰਖਣ ਲਈ ਤਿਆਰ ਕਰਵਾਈ ਸੀ। ਗੁਰੂ ਹਰਗੋਬਿਂਦ ਸਾਹਿਬ ਜੀ ਦਾ ਇਸੇ ਆਦਿ ਗ੍ਰੰਥ ਨੂੰ ਅਪਣੇ ਨਾਲ ਹੀ ਲੈ ਅਮ੍ਰਿਤਸਰ ਤੋਂ ਬਾਹਰ ਜਾਣਾ ਇਸ ਗਲ ਦੀ ਮਜ਼ਬੂਤ ਗਵਾਹੀ ਭਰਦਾ ਹੈ ਕਿ ਮੂੱਢਲੀ ਲਿਖਤ ਮੂਲ ਰੂਪ ਵਿੱਚ ਗੁਰੂਘਰ ਪਾਸ ਹੀ ਰਹਿਣੀ ਸੀ ਕਿਉਂਕਿ ਇਸ ਵਿੱਚ ਮੌਲਿਕ ਰੂਪ ਵਿੱਚ ਸੁਭਾਵਕ ਤੋਰ ਤੇ ਕੁੱਝ ਐਸੀਆਂ ਅਲਾਮਤਾਂ, ਸੁਧਾਈਆਂ ਅਤੇ ਇੰਦਰਾਜ ਸਨ ਜੋ ਕਿ ਅਗਲੇ ਉਤਾਰਿਆਂ ਵਿੱਚ ਨਹੀਂ ਸੀ ਆਉਣੇ ਬਣਦੇ। ਪਹਿਲੀ ਵਾਰ ਦੇ ਲੇਖਨ ਪ੍ਰਬੰਧ ਵਿੱਚ ਆਏ ਸੂਭਾਵਕ ਫ਼ਰਕ ਨਾਲ ਦੇ ਨਾਲ ਠੀਕ ਕੀਤੇ ਗਏ ਸੀ। ਜੋ ਕਿ ਉਤਰਿਆਂ ਵਿੱਚ ਨਹੀਂ ਸੀ ਆਉਂਣੇ ਬਣਦੇ।
ਫਿਰ ਇਹ ਵੀ ਬਿਲਕੁਲ ਨਹੀਂ ਮੰਨਿਆਂ ਜਾ ਸਕਦਾ ਕਿ ਗੁਰੂ ਹਰਗੋਬਿੰਦ ਜੀ ਦੇ ਅਮ੍ਰਿਤਸਰ ਤੋਂ ਬਾਹਰ ਮੁਕਾਮ ਕਰਣ ਸਮੇਂ ਦਰਬਾਰ ਸਾਹਿਬ ਉਤੇ ਮੀਣਿਆਂ ਦਾ ਕਬਜ਼ਾ ਹੋਣ ਤਕ ਬਾਣੀ ਦਾ ਪ੍ਰਕਾਸ਼ ਨਹੀਂ ਸੀ ਹੁੰਦਾ ਰਿਹਾ।
ਇਥੇ ਇਹ ਇਤਹਾਸਕ ਤੱਥ ਵਿਚਾਰਣ ਯੋਗ ਹੈ ਕਿ ਸਨ 1628 ਨੂੰ ਮੁਗ਼ਲ ਫੋਜਾਂ ਨਾਲ ਹੋਈ ਝੜਪ ਦੇ ਫੋਰਨ ਬਾਦ ਗੁਰੂ ਹਰਗੋਬਿੰਦ ਜੀ ਅਮ੍ਰਿਤਸਰ ਤੋਂ ਬਾਹਰ ਕੂਚ ਕਰ ਕਰਤਾਪੁਰ ਤੋਂ ਫਿਰ 1634 ਵਿੱਚ ਕੀਰਤਪੁਰ ਚਲੇ ਗਏ ਸੀ ਅਤੇ ਇਹ ਅਰਸਾ ਉਹ ਵਾਪਸ ਅਮ੍ਰਿਤਸਰ ਨਹੀਂ ਸੀ ਪਰਤੇ। ਉਹ ਆਦਿ ਗ੍ਰੰਥ ਦੀ ਮੁੱਢਲੀ ਬੀੜ ਨਾਲ ਹੀ ਲੇ ਗਏ ਸੀ ਜਿਸ ਨੂੰ ਬਾਦ ਵਿੱਚ ਧੀਰਮਲ ਨੇ ਅਪਣੇ ਪਾਸ ਰੱਖ ਲਿਆ ਸੀ। ਪਰ ਇਤਹਾਸ ਦੱਸਦਾ ਹੈ ਕਿ ਦਰਬਾਰ ਸਾਹਿਬ ਤੇ ਮੀਣਿਆਂ ਦਾ ਕਬਜ਼ਾ ਸਨ 1628 ਦੇ ਲਗਭਗ 6 ਸਾਲ ਬਾਦ ਸਨ 1634 ਵਿੱਚ ਹੋਇਆ ਸੀ ਜਿਨ੍ਹਾਂ ਨੇ ਬਾਦ ਵਿਚ, ਕੁੱਝ ਇਤਹਾਸਕਾਰਾਂ ਅਨੁਸਾਰ, ਪ੍ਰਕਾਸ਼ ਹੋਏ ਸਵਰੂਪ ਦੀ ਥਾਂ ਹੋਰ ਮਿਲਗੋਭਾ ਪੁਰਨ ਕੱਚੀ ਰਚਨਾ ਦਾ ਇਸਤੇਮਾਲ ਕਰਨਾ ਆਰੰਭ ਕੀਤਾ ਸੀ। ਪਰ ਇਹ ਸਪਸ਼ਟ ਹੈ ਕਿ ਮੀਣਿਆਂ ਨੇ ਕਬਜ਼ੇ ਬਾਦ ਦਰਬਾਰ ਸਾਹਿਬ ਵਿਚੋਂ ਭਾਈ ਗੁਰਦਾਸ ਦੀ ਹੱਥ ਲਿਖਤ ਬੀੜ ਕਦਾਚਿਤ ਨਹੀਂ ਸੀ ਚੁੱਕੀ ਬਲਕਿ ਉਸਦਾ ਕੋਈ ਉਤਾਰਾ ਚੁੱਕਿਆ ਸੀ। ਅਸਲ ਲਿਖਤ ਤਾਂ ਸੰਨ 1634 ਵਿੱਚ ਗੁਰੂ ਹਰਗੋਬਿਂਦ ਸਾਹਿਬ ਨਾਲ ਕਰਤਾਰਪੁਰ ਵਿੱਚ ਪਹੁੰਚ ਚੁਕੀ ਸੀ। ਮੀਣੇਂ ਦਰਬਾਰ ਸਾਹਿਬ 1696 ਤਕ ਕਾਬਜ਼ ਰਹੇ ਸੀ। ਉਨ੍ਹਾਂ ਭੇਖੀ ਕੱਚੀਆਂ ਰਚਨਾਵਾਂ ਵਰਤੀਆਂ ਅਤੇ ਦਰਬਾਰ ਸਾਹਿਬ ਪ੍ਰਤੀ ਭੋਲੀਆਂ ਸੰਗਤਾਂ ਦੇ ਪਿਆਰ-ਸਤਿਕਾਰ ਦਾ ਚੋਖਾ ਲਾਭ ਵੀ ਉਠਾਇਆ। ਪਰ ਕਮਾਲ ਹੈ ਸਿੱਖੀ ਦਰਸ਼ਨ ਦੇ ‘ਅਚਾਰ` ਦੇ ਪ੍ਰਤੀਕ ਦਰਬਾਰ ਸਾਹਿਬ ਦਾ ਕਿ 60 ਸਾਲਾ ਕਬਜ਼ੇ ਦੇ ਬਾ-ਵਜੂਦ ਇਹ ਪ੍ਰਤੀਕ ਵਿਰੋਧੀ ਚਾਲਾਂ ਉਪਰ ਜੋਤੂ ਹੋ ਨਿਬੜਿਆ।
ਇਸ ਲਈ ਇਹ ਗਲ ਸਵੀਕਾਰ ਕਰਨੀ ਮੁਸ਼ਕਲ ਲਗਦੀ ਹੈ ਕਿ ਅਮ੍ਰਿਤਸਰ ਛੱਡਦੇ ਹੀ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਵਿੱਚ ਬਾਣੀ ਦਾ ਪ੍ਰਕਾਸ਼ ਸੰਗਤਾਂ ਲਈ ਹਟਾ ਲਿਆ ਸੀ ਅਤੇ ਉੱਥੇ ਸੰਗਤੀ ਰੂਪ ਵਿੱਚ ਹੁੰਦੀ ਦਿਨਚਰਿਆ ਇਕਦਮ ਰੋਕ ਦਿੱਤੀ ਗਈ ਸੀ। ਨਿਰ-ਸੰਦੇਹ ਉਸ ਸਮੇਂ (1628 ਤੋਂ 1634 ਤਕ 6 ਸਾਲਾ ਅਰਸੇ ਦੋਰਾਨ) ਦਰਬਾਰ ਸਾਹਿਬ ਵਿੱਚ ਭਾਈ ਗੁਰਦਾਸ ਲਿਖਤ ਬੀੜ ਦੀ ਥਾਂ ਉਸਦਾ ਕੋਈ ਉਤਾਰਾ ਪ੍ਰਕਾਸ਼ ਲਈ ਉਪਲਭਧ ਸੀ ਅਤੇ ਭਾਈ ਗੁਰਦਾਸ ਲਿਖਤ ਬੀੜ ਗੁਰੂ ਸਾਹਿਬ ਨਾਲ ਹੀ ਲੈ ਗਏ ਸੀ।
ਇਹ ਗਲ ਵੱਖਰੀ ਹੈ ਕਿ ਇਤਿਹਾਸਕ ਘਟਨਾਵਾਂ ਨੇ ਕਈ ਰੁੱਖ ਬਦਲੇ ਜਿਸ ਕਰਕੇ ਮੁੱਢਲੀ ਹੱਥ ਲਿਖਤ ਗੁਰੂਘਰ ਵਿੱਚ ਨਾ ਰਹੀ। ਪਰ ਬੇਸ਼ਕ ਗੁਰੂਘਰ ਲਈ ਇਹ ਕੋਈ ਵੱਡੀ ਗਲ ਨਹੀਂ ਸੀ ਜਿਵੇਂ ਕਿ ਅਸੀਂ ਸਮਝਦੇ ਹਾਂ। ਕਿਉਂਕਿ ਇਸ ਦੇ ਕਈ ਉਤਾਰੇ ਗੁਰੂਆਂ ਦੇ ਸਮੇਂ ਹੀ ਹੋ ਚੁਕੇ ਸੀ। ਬਾਣੀ ਤਾਂ ਬਾਣੀ ਹੀ ਸੀ ਇੱਕ ਜਗ੍ਹ ਦਰਜ ਰਹੀ ਜਾਂ ਕਈ ਜਗ੍ਹ। ਹਾਂ ਇਹ ਗਲ ਉਦੋਂ ਹੀ ਅੱਤ ਮੱਹਤਵ ਪੁਰਣ ਅਤੇ ਚਿੰਤਾ ਜਨਕ ਹੋ ਸਕਦੀ ਸੀ ਜੇ ਕਰ ਗੁਰੂਆਂ ਦੇ ਬਾਦ ਗੁਰੂਬਾਣੀ ਪਹਿਲੀ ਵਾਰ ਲਿਖੀ ਜਾਣੀ ਹੁੰਦੀ ਜਿਵੇਂ ਕਿ ਬਾਕੀ ਧਰਮ ਗ੍ਰੰਥਾਂ ਦੇ ਮਾਮਲੇ ਵਿੱਚ ਅਸੀਂ ਦੇਖਦੇ ਹਾਂ। ਇਹ ਕਾਜ ਤਾਂ ਗੁਰੂ ਆਪ ਅਪਣੀ ਹੱਥੀ ਹੀ ਸੰਵਾਰ ਗਏ ਸੀ।
ਹੁਣ ਚਰਚਾ ਵੱਲ ਪਰਤਦੇ ਹੋਏ ਇੱਕ ਗਲ ਵਿਚਾਰਣ ਵਾਲੀ ਹੈ। ਉਹ ਇਹ ਕਿ ਮੂਲ ਬੀੜ ਵਿੱਚ ਰਾਗਮਾਲਾ ਦਾ ਦਰਜ ਹੋਣਾਂ ਕਿਧਰੇ ਇੱਕ ਸੁਚਾਤਮਕ ਉਪਰਾਲਾ ਤਾਂ ਨਹੀਂ ਸੀ? ਕਿਧਰੇ ਐਸਾ ਗ਼ੈਰ ਉਪਦੇਸ਼ਾਤਮਕ ਇੰਦਰਾਜ ਇਸ ਲਈ ਤਾਂ ਨਹੀਂ ਸੀ ਕੀਤਾ ਗਿਆ ਕਿ ਮੁੰਦਾਵਣੀ ਉਪਰੰਤ ਕੋਈ ਹੋਰ ਫਾਲਤੂ ਰਚਨਾ ਗੁਰੁਬਾਣੀ ਦੇ ਨਾਮ ਤੇ ਇਸ ਮੁੱਢਲੀ ਬੀੜ ਵਿੱਚ ਦਰਜ ਨਾ ਹੋ ਸਕੇ? ਨਾਲ ਹੀ ਕਿਧਰੇ ਇਹੀ ਕਾਰਣ ਤਾਂ ਨਹੀਂ ਸੀ ਕਿ ਕਈ ਹੋਰ ਹੱਥ ਲਿਖਤ ਬੀੜਾਂ ਵਿੱਚ ਰਾਗਮਾਲਾ ਦਰਜ ਨਹੀ ਕੀਤੀ ਗਈ ਕਿਉਂਕਿ ਇਹ ਕੇਵਲ ਮੌਲਿਕ ਬੀੜ ਵਿੱਚ ਰਖੀ ਗਈ ਇੱਕ ਸੰਕੇਤਾਤਮਕ/ਸੁਚਨਾਤਮਕ ਅਲਾਮਤ ਸੀ ਜਿਸਨੂੰ ਬਾਦ ਵਿੱਚ ਹੋਰ ਉਤਾਰਿਆਂ ਵਿੱਚ ਵੀ ਉਤਾਰ ਲਿਆ ਗਿਆ? ਅਸੀਂ ਦੇਖ ਸਕਦੇ ਹਾਂ ਕਿ ਕਈ ਪੁਰਾਤਨ ਹੱਥੀਂ ਉਤਾਰਿਆਂ ਵਿੱਚ ਬਾਣੀ ਦੇ ਨਾਲ ਨਾਲ ਗੁਰੂ ਜੀ ਦੀਆਂ ਸੁਧਾਈ ਕਰਦੀਆਂ ਟਿੱਪਣੀਆਂ ਵੀ ਕਾਤਬਾਂ ਵੱਲੋਂ ਉਤਾਰ ਲਈਆਂ ਜਾਂਦੀਆਂ ਰਹੀਆਂ ਸਨ ਜੋ ਕਿ ਵਾਸਤਵ ਵਿੱਚ ਉਤਾਰਣ ਲਈ ਨਹੀਂ ਸਨ।
ਇਥੇ ਸੁਭਾਵਿਕ ਹੀ ਇੱਕ ਸਵਾਲ ਉੱਠਦਾ ਹੈ ਗੁਰਬਾਣੀ ਜੇਕਰ ਮੁੰਦਾਵਣੀ ਤਕ ਸਮਾਪਤ ਅਤੇ ਇਹ ਹੀ ਸਮਾਪਤੀ ਦੀ ਮੁਹਰ ਸੀ ਤਾਂ ਇਸ ਤੋਂ ਅਗੇ ਇੱਕ ਹੋਰ ਲਿਖਤ ਲਿਖਣ ਦੀ ਕੀ ਲੋੜ ਸੀ? ਸਵਾਲ ਬਹੁਤ ਵਾਜਿਬ ਅਤੇ ਵਿਚਾਰਣ ਯੋਗ ਹੈ। ਮੰਨ ਲਿਆ ਜਾਵੇ ਕਿ ਮੌਲਿਕ ਬੀੜ ਵਿੱਚ ਗੁਰਬਾਣੀ ਦੀ ਸਮਾਪਤੀ ਮੁੰਦਾਵਣੀ ਲਿਖ ਕੇ ਹੀ ਕਰ ਦਿੱਤੀ ਜਾਣੀ ਚਾਹੀਦੀ ਸੀ ਤਾਂ ਸਵਾਲ ਵੀ ਉੱਠਦਾ ਹੈ ਕਿ ਮੁੰਦਾਵਣੀ ਦੇ ਆਖਰੀ ਸਲੋਕਾਂ ਦੇ ਅਗੇ ਹੀ ਗੁਰੂ ਦੇ ਨਾਮ ਹੇਠ ਕਿਸੇ ਕੱਚੀ ਬਾਣੀ ਪਾਉਣ ਦੇ ਸੰਭਾਵਿਤ ਉਪਰਾਲੇ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਸੀ ਵਿਸ਼ੇਸ਼ਕਰ ਉਸ ਸੂਰਤ ਵਿੱਚ ਜਿਸ ਵੇਲੇ ਮੌਲਿਕ ਬੀੜ ਹੋਰ ਹਥਾਂ ਵਿੱਚ ਪੈ ਜਾਂਦੀ? ਇਸ ਸਮੱਸਿਆ ਦਾ ਹਲ ਤਤਕਰੇ ਨਾਲ ਹੀ ਨਿਬੇੜਿਆ ਜਾ ਸਕਦਾ ਸੀ।
ਇਹ ਗਲ ਧਿਆਨ ਮੰਗਦੀ ਹੈ ਕਿ ਧੀਰਮਲ ਪਾਸ ਆਉਣ ਤੋਂ ਬਾਦ ਮੋਜੂਦਾ ਕਰਤਾਰਪੁਰੀ ਬੀੜ ਵਿੱਚ ਬਾ-ਵਜੂਦ ਕਈ ਥਾਈਂ ਖਾਲੀ ਪੱਤਰਿਆਂ ਦੇ ਕੋਈ ਕੱਚੀ ਬਾਣੀ ਨਹੀਂ ਸੀ ਪਾਈ ਗਈ ਅਤੇ ਤਤਕਰੇ ਵਿੱਚ ਰਾਗਮਾਲਾ ਦੇ ਇੰਦਰਾਜ ਦੀ ਮੋਜੂਦਗੀ ਨੇ ਰਾਗਮਾਲਾ ਦੇ ਉਪਰੰਤ ਕਿਸੇ ਵੀ ਹੇਰ ਬਾਣੀ ਦੇ ਹੋਂਣ ਦੀ ਸੰਭਾਵਨਾ ਨੂੰ ਤਾਂ ਰੋਕ ਹੀ ਦਿੱਤਾ ਸੀ। ਕਰਤਾਰ ਪੁਰੀ ਬੀੜ ਪੰਥਕ ਹੱਥਾਂ ਵਿਚੋਂ ਨਿਕਲ ਤਾਂ ਗਈ ਪਰ ਉਸ ਦੇ ਖਾਲੀ ਪਏ ਅਨੇਕਾਂ ਪਤਰਿਆਂ ਵਿੱਚ ਮਿਲਗੋਬੇ ਦੀ ਕੋਈ ਵੱਡੀ ਕੋਸ਼ਿਸ਼ ਨਹੀ ਕੀਤੀ ਗਈ ਮਿਲਦੀ ਕਿਉਂਕਿ ਉਸ ਵੇਲੇ ਕਈ ਦਹਾਕਿਆਂ ਤਕ ਗੁਰੂ ਆਪ ਮੋਜੂਦ ਰਹੇ ਸੀ ਅਤੇ ਉਸ ਬੀੜ ਦੇ ਕਈ ਹੋਰ ਉਤਾਰੇ ਵੀ ਮੋਜੂਦ ਸੀ। ਇਸਦੇ ਨਾਲ ਹੀ ਅਗਰ ਉਸ ਬੀੜ ਬਾਬਤ ਤਬਦੀਲੀਆਂ ਗੁਰੂਆਂ ਦੇ ਹੁੰਦੇ ਕੀਤੀਆਂ ਗਈਆਂ ਹੁੰਦੀਆਂ ਤਾਂ ਇਸ ਬਾਰੇ ਗੁਰੂਆਂ ਪਾਸੋਂ ਕੋਈ ਨਾ ਕੋਈ ਹਿਦਾਇਤ ਕਰਤਾਰਪੁਰੀ ਬੀੜ ਬਾਰੇ ਜਰੂਰ ਕੀਤੀ ਜਾਣੀ ਸੀ ਜੋ ਕਿ ਕੀਤੀ ਗਈ ਨਹੀਂ ਮਿਲਦੀ।
ਕਰਤਾਰਪੁਰੀ ਬੀੜ ਦੇ ਬਾਰੇ ਸ਼ੰਕੇ ਪ੍ਰਗਟ ਕਰਦੇ ਇੱਕ ਵਿਦਵਾਨ ਇਸ ਨੂੰ (ਉਨ੍ਹਾਂ ਮੁਤਾਬਿਕ) ਆਦਿ ਬੀੜ ਦੀ ਨਕਲ ਮੰਨਦੇ ਹੋਏ ਇਹ ਨਹੀਂ ਦੱਸ ਪਾਏ ਕਿ ਅਦਿ ਬੀੜ ਦੀ ਹਰ ਸੰਭਵ ਹਦ ਤਕ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਬੰਦੇ ਨੇ ਤਤਕਰੇ ਵਿੱਚ ਅਤੇ ਬੀੜ ਵਿੱਚ ਰਾਗਮਾਲਾ ਵਰਗੀ ਗਲ ਕਿਉਂ ਪਾਈ ਜੋ ਕਿ ਅਸਲ ਆਦਿ ਗ੍ਰੰਥ ਵਿੱਚ ਤਾਂ ਹੈ ਹੀ ਨਹੀਂ ਸੀ? ਰਾਗਮਾਲਾ ਦੀ ਮੌਜੂਦਗੀ ਨੇ ਬੜੇ ਵਿਚਾਰਕ ਪੁਆੜੇ ਤਾਂ ਪਾਏ ਪਰ ਨਾਲ ਹੀ ਇੱਕ ਗਲ ਤਾਂ ਪੱਕੇ ਤੋਰ ਤੇ ਸੁਨਿਸ਼ਚਤ ਕਰ ਦਿੱਤੀ ਕਿ ਇਸ ਤੋਂ ਬਾਦ ਦਰਜ ਸਾਰੇ ਇੰਦਰਾਜ ਬਾਣੀ ਤੋਂ ਬਾਹਰ ਮੰਨੇ ਗਏ ਅਤੇ ਇਸੇ ਕਾਰਣ ਬਾਹਰ ਵੀ ਕੱਢ ਲਏ ਗਏ। ਹਾਲਾਂਕਿ ਰਾਗਮਾਲਾ ਨੂੰ ਬਾਣੀ ਪਾਠ ਮੰਨ ਲੈਣਾ ਵੀ ਇੱਕ ਵੱਡਾ ਸਿਧਾਂਤਕ ਟਪਲਾ ਸਾਬਤ ਹੋਇਆ।
ਇਕ ਗਲ ਨਿਸ਼ਚਤ ਹੈ ਕਿ ਮੁੰਦਾਵਣੀ ਦੇ ਸਲੋਕਾਂ ਉਪਰੰਤ ਅਪਣੇ ਨਾਮ ਤੋਂ ਕੋਈ ਵੀ ਸ਼ਬਦ ਲਿਖਣਾ ਮੁੰਦਾਵਣੀ ਦੇ ਮਕਸਦ ਨੂੰ ਤੋੜਨ ਵਾਲੀ ਗਲ ਸਾਬਤ ਹੁੰਦੀ। ਇਸ ਲਈ ਬਾਣੀ ਲੇਖਨ ਸਮਾਪਤੀ ਬਾਦ ਰਾਗਮਾਲਾ ਵਰਗਾ ਇੰਦਰਾਜ ਕਿਧਰੇ ਇੱਕ ‘ਤਰਕੀਬ` (Technique) ਤਾਂ ਨਹੀਂ ਸੀ ਜੋ ਕਿ ਕਾਲਾਂਤਰ ਕਿਸੇ ਲਈ ਵੀ ਮੁੰਦਾਵਣੀ ਦੇ ਸਲੋਕਾਂ ਦੇ ਨਾਲ ਜਾਂ ਬਾਦ ਹੋਰ ਕੱਚੀ ਬਾਣੀ ਸ਼ਾਮਲ ਕਰਣ ਵਿੱਚ ਇੱਕ ਰੁਕਾਵਟ ਸਾਬਤ ਹੁੰਦੀ ਰਹੀ? ਉਸ ਨਿਗਾਹ ਨਾਲ ਵੀ ਰਾਗਮਾਲਾ ਬਾਣੀ ਤਾਂ ਬਿਲਕੁਲ ਨਹੀਂ ਸੀ। ਇਹ ਕੇਵਲ ਇੱਕ ਸੁਚਨਾਤਮਕ ਚਿੰਨ੍ਹ ਹੀ ਹੋ ਸਕਦਾ ਸੀ ਜੋ ਗੁਰੂ ਦੀ ਅਪਣੀ ਲਿਖਤ ਨਹੀਂ ਸੀ। ਕਿਉਂਕਿ ਮੁੰਦਾਵਣੀ ਦੇ ਸਲੋਕਾਂ ਵਰਗੀ ਮੁਹਰ ਦੇ ਬਾਦ ਅਪਣੇ ਵੱਲੋਂ ਹੋਰ ਇੱਕ ਸ਼ਬਦ ਵੀ ਉਪਦੇਸ਼ਾਤਮਕ ਰੂਪ ਵਿੱਚ ਲਿਖਣਾ ਗੁਰੂ ਲਈ ਆਪਣੇ ਹੱਥੀਂ ਉਸ ਪਵਿੱਤਰ ਮੁਹਰ ਨੂੰ ਭੰਗ ਕਰਣ ਵਰਗੀ ਗਲ ਹੋ ਜਾਂਦੀ। ਇਸੇ ਲਈ ਹੋ ਸਕਦਾ ਸੀ ਕਿ ਗੁਰੂ ਜੀ ਨੇ ਮੁੰਦਾਵਣੀ ਬਾਦ ਅਪਣੇ ਪਾਸਿਯੋਂ ਐਸਾ ਹੋਰ ਕੁੱਝ ਵੀ ਲਿੱਖਣਾ ਠੀਕ ਨਹੀ ਸਮਝਿਆ ਜੋ ਕਿ ਉਦੇਸ਼ਾਤਮਕ ਭਾਵ ਰੱਖਦਾ ਹੋਵੇ ਅਤੇ ਇਸ ਲਈ ਇੱਕ ‘ਬਾਹਰੀ ਚਿੰਨ` ਨੂੰ ਇੱਕ ਰੋਕੇ ਦੇ ਤੋਰ ਤੇ ਅੰਕਤ ਕਰ ਦਿਤਾ ਤਾਕਿ ਬਾਣੀ ਪਾਠ ਦੀ ਸਮਾਪਤੀ ਅਗੇ ਹੋਰ ਕੁੱਝ ਨਾ ਜੋੜੀਆ ਜਾ ਸਕੇ ਅਤੇ ਇਸੇ ਚਿੰਨ ਨੂੰ ਤਤਕਰੇ ਦੀ ਆਖਰੀ ਸਤਰ ਬਣਾ ਕੇ ਸੰਕੇਤ ਸਪਸ਼ਟ ਕਰ ਦਿੱਤਾ ਹੋਵੇ।
ਰਹੀ ਗਲ ਰਾਗਮਾਲਾ ਦੇ ਕਹੇ ਜਾਂਦੇ ਮੁੱਢਲੇ ਲਿਖਾਰੀ ਕਵੀ ਆਲਮ ਅਤੇ ਉਸਦੀ ਰਚਨਾ ‘ਮਾਧਵਾਨਲ ਕਾਮਕੰਦਲਾ` ਦੇ ਸੰਧਰਭ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਗੁਰੁਬਾਣੀ ਪਾਠ ਦੇ ਅੰਦਰ ਸਿਧਾਂਤਕ ਪੱਖ ਦੇ ਟੀਚੇ ਦੀ ਪ੍ਰਾਪਤੀ ਲਈ ਕਈ ਐਸੇ ਧਾਰਮਕ ਗ੍ਰੰਥਾਂ ਦੇ ਮਿੱਥਕਾਂ ਦਾ ਸੰਕੇਤਕ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਮਿੱਥਕਾਂ ਵਿੱਚ ਕਈ ਹੋਰ ਅਸ਼ਲੀਲ ਕਿਸੇ-ਕਹਾਣੀਆਂ ਵੀ ਸਾਮਲ ਸਨ। ਇਸ ਲਈ ਰਾਗਾਂ ਦੇ ਨਾਮ ਦਾ ਬਾਣੀ ਤੋਂ ਬਾਹਰ ਹੋਰ ਕਿਸੇ ਮਕਸਦ ਲਈ ਇਸਤੇਮਾਲ ਕਰਨਾ ਕੋਈ ਵੱਡੀ ਮਾੜੀ ਗਲ ਨਹੀਂ ਪ੍ਰਤੀਤ ਹੁੰਦੀ। ਇਸ ਸੂਰਤ ਵਿੱਚ ਵੀ ਰਾਗਮਾਲਾ ਬਾਣੀ ਪਾਠ ਦਾ ਹਿੱਸਾ ਨਹੀਂ ਬਣਦੀ। ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ। ਅਗਰ ਇਹ ਗਲ ਸਹੀ ਵੀ ਮੰਨੀ ਜਾਏ ਤਾਂ ਵੀ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਚਿੰਨ੍ਹ ਤੋਂ ਵੱਧ ਹੋ ਬਾਣੀ ਦਾ ਦਰਜਾ ਨਹੀ ਰੱਖਦੀ।
ਸੰਭਾਵਨਾਵਾਂ ਕੁੱਝ ਵੀ ਹੋਂਣ ਪਰ ਰਾਗਮਾਲਾ ਪੱਖੀ ਸੱਜਣਾ ਨੂੰ ਗ਼ੋਰ ਕਰਨਾ ਚਾਹੀਦਾ ਹੈ ਕਿ ਇਹ ਇੰਦਰਾਜ਼ ਕਿਸੇ ਵੀ ਸੂਰਤ ਵਿੱਚ ਬਾਣੀ ਨਹੀਂ ਜਿਸ ਕਰਕੇ ਬਾਣੀ ਪਾਠ ਦੀ ਅਸਲ ਸਮਾਪਤੀ ਮੰਦਾਵਣੀ ਦੇ ਸਲੋਕਾਂ ਦੇ ਨਾਲ ਹੀ ਹੁੰਦੀ ਹੈ। ਉਨ੍ਹਾਂ ਨੂੰ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਅੰਤਿਕਾ ਦੇ ਤੌਰ ਤੇ ਦੇਖਦੇ ਹੋਏ ਮੁੰਦਾਵਣੀ ਤਕ ਹੀ ਬਾਣੀ ਪਾਠ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਸਕਤ ਸਵਰੂਪ ਵਿੱਚ ਰਾਗਮਾਲਾ ਦੀ ਮੋਜੂਦਗੀ ਨੂੰ ਤਤਕਰੇ ਅਤੇ ਵਰਤੀ ਗਈਆਂ ਕੁੱਝ ਗਣਿਤ ਸੰਖਿਆਵਾਂ ਵਾਂਗ ਹੀ ਬਾਣੀ ਪਾਠ ਦਾ ਹਿੱਸਾ ਨਾ ਸਮਝਣ ਤਾਂ ਇਸ ਸਬੰਧੀ ਉਹ ਸੁਚੇਤ ਹੋ ਸਕਦੇ ਹਨ ਅਤੇ ਸਿਧਾਂਤਕ ਸਮਝ ਬਣ ਸਕਦੀ ਹੈ। ਅਕਾਲ ਤਖ਼ਤ ਦੇ ਮਾਰਫਤ ਪੰਥ ਪਰਵਾਣਤ ‘ਰਹਿਤ ਮਰਿਆਦਾ` ਰਾਗਮਾਲਾ ਦੀ ਛਪਾਈ ਬਾਰੇ ਤਾਕੀਦ ਤਾਂ ਕਰਦੀ ਹੈ ਪਰ ਉਸ ਵਿੱਚ ਰਾਗਮਾਲਾ ਨੂੰ ਜਰੂਰ ਪੜਨ ਬਾਰੇ ਕੋਈ ਹਿਦਾਇਤ ਨਹੀਂ। ਇਹ ਗਲ ਰਾਗਮਾਲਾ ਪ੍ਰਤੀ ਨਾਂਹ ਪੱਖੀ ਸੱਜਣਾਂ ਲਈ ਵੀ ਤਸੱਲੀਬਖ਼ਸ਼ ਹੋ ਸਕਦੀ ਹੈ।
ਇਸ ਸਬੰਧ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੀ ਕੋਮ ਦੇ ਦਰਦੀਆਂ ਅਗੇ ਕੀਤੀ ਇਹ ਬੇਨਤੀ ਵਿਚਾਰਣ ਯੇਗ ਹੈ:
ਅੰਤ ਵਿੱਚ ਕੌਮ ਦੇ ਦਰਦੀਆਂ ਅਗੇ ਬੇਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ ਉਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕਾਂ ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿੱਚ ਲਗੇ ਹੋਏ ਹਨ, ਪਰ ਸਾਡੀ ‘ਰਾਗਮਾਲਾ ਦੀ ਆਰੋਹੀ ਤਾਨ ਕੰਨ ਪਈ ਸੁਣਨ ਨਹੀ ਦੇਂਦੀ। ਕਿਰਪਾ ਕਰਕੇ ਵਿਚਾਰ ਕਰੋ, ਤਰਸ ਕਰੋ, ਸ਼ਾਤਿ ਕਰੋ, ਧੀਰਜ ਕਰੋ, ਖੋਜੀ ਬਣ ਕੇ ਵਿਚਾਰੋ ਵਾਦੀ ਦੀ ਪਦਵੀ ਨਾ ਲਉ”। (23 ਜਨਵਰੀ 1918 ‘ਪੰਥ ਸੇਵਕ` ਵਿਚ)
ਉਹ ਵੀ ਪੱਕੇ ਤੋਰ ਤੇ ਰਾਗਮਾਲਾ ਨੂੰ ਬਾਣੀ ਨਹੀਂ ਸੀ ਮੰਨਦੇ ਪਰ ਨਾਲ ਹੀ ਰਾਗਮਾਲਾ ਪ੍ਰਤੀ ਇਤਨੀ ਦੁਖਦਾਈ ਵਸਤੂ ਨਹੀ” (ਚਿੱਠੀ 23 ਜਨਵਰੀ 1918 ‘ਪੰਥ ਸੇਵਕ`) ਦਾ ਭਾਵ ਪਰਗਟ ਕਰਦੇ ਹੋਏ ਉਨ੍ਹਾਂ ਉਪਰੋਕਤ ਬੇਨਤੀ ਕੌਮ ਦੇ ਸਾਰੇ ਦਰਦੀਆਂ ਅਗੇ ਕੀਤੀ ਸੀ। ਇਹ ਮੰਦਭਾਗੀ ਗਲ ਹੈ ਕਿ ਲਗਭਗ 100 ਸਾਲ ਪਹਿਲੇ ਇੱਕ ਵਿਦਵਾਨ ਦੀ ਪੰਥਕ ਦਰਦ ਨਾਲ ਭਰੀ ਹੋਈ ਇਸ ਬੇਨਤੀ ਵੱਲ ਧਿਆਨ ਦੇਣਾ ਅਜੇ ਬਾਕੀ ਹੈ।
ਹਰਦੇਵ ਸਿੰਘ, ਜੰਮੂ
94191-84990


‘ਰਾਗਮਾਲਾ ਦੀ ਆਰੋਹੀ ਤਾਨ`