ਗੁਰੂ ਅਤੇ ਵਿਚਾਰਕ ਪ੍ਰਗਤੀਸ਼ੀਲਤਾ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਪ੍ਰਗਤੀ ਤੋਂ ਭਾਵ ਸਮੇਂ ਅੰਦਰ ਅੱਗੇ ਨੂੰ ਵੱਧਣਾ ਵੀ ਹੁੰਦਾ ਹੈ। ਅੱਗੇ ਵੱਧਣ ਤੋਂ ਭਾਵ ਮਨੁੱਖ ਦਾ ਆਪਣੇ ਜੀਵਨ ਦੀ ਰਾਹ ਤੇ ਤੁਰਨਾ। ਪ੍ਰਗਤੀ ਦੇ ਐਸੇ ਭਾਵ ਅੰਦਰ ਮਨੁੱਖੀ ਵਿਚਾਰਾਂ ਦੀ ਉੱਚਾਈ ਵੀ ਹੈ ਅਤੇ ਗਿਰਾਵਟ ਵੀ। ਮਸਲਨ ਸੱਚ ਵੀ ਪ੍ਰਗਤੀ ਕਰਦਾ ਹੈ ਅਤੇ ਝੂਠ ਵੀ ! ਮੌਤ ਦੇ ਕੰਡੇ ਖੜੇ ਕਿਸੇ ਬਿਮਾਰ ਬਾਰੇ ਡਾ. ਕਹਿੰਦੇ ਹਨ ਕਿ ਉਸਦੀ ਬਿਮਾਰੀ ਵਿਚ ਵਾਧਾ (ਪ੍ਰਗਤੀ) ਹੋ ਗਿਆ ਹੈ। ਇਸ ਕਿਸਮ ਦੇ ਵਾਧੇ ਵਿਚ ਬਿਮਾਰ ਦਾ ਅੰਤ ਦਿਖਾਈ ਦਿੰਦਾ ਹੈ।
ਜਿਸ ਵੇਲੇ ਅਧਿਆਤਮ ਸਬੰਧਤ ਫ਼ਲਸਫ਼ੇ ਨੂੰ ਪੜਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਸ ਨੇ ਭਾਂਤ-ਭਾਤ ਦੇ ਪ੍ਰਗਤੀਸ਼ੀਲ ਰੂਪ ਲਏ ਹਨ। ਇਸ ਦੇ ਅਤਿ ਸੁਖਾਵੇਂ ਰੂਪ ਦੀ ਮਿਸਾਲ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤਾਂ ਦੀ ਬਾਣੀ ਹੈ। ਉਨ੍ਹਾਂ ਭਗਤਾਂ ਦੀ ਜੋ ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਹੋਏ ਸਨ। ਤੱਥ ਅਤੇ ਤਰਕ ਦੇ ਹਿਸਾਬ ਨਾਲ ਤਾਂ ਇਹ ਗਲ ਸਹੀ ਹੈ, ਪਰੰਤੂ ਇਸ ਵਿਚ ਵੀ ਰੱਤਾ ਸ਼ਕ ਨਹੀਂ ਕਿ ਅਸੀਂ ਉਨ੍ਹਾਂ ਭਗਤਾਂ ਨੂੰ ਤਾਂ ਹੀ ਸਵੀਕਾਰ ਕੀਤਾ, ਜਿਸ ਵੇਲੇ ਸਾਡੇ ਗੁਰੂ ਸਾਹਿਬਾਨ ਨੇ, ਸਾਨੂੰ ਐਸਾ ਕਰਨ ਬਾਰੇ ਆਪਣੀ ਪਰਵਾਨਗੀ ਅਤੇ ਹੁਕਮ ਦਿੱਤਾ।
ਖ਼ੈਰ ਇਸ ਤੋਂ ਸਿੱਧ ਹੁੰਦਾ ਹੈ ਕਿ ਵਿਚਾਰਕ ਪ੍ਰਗਤੀਸ਼ੀਲਤਾ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਸੀ। ਹੁਣ ਸਵਾਲ ਇਹ ਹੈ ਕਿ:-
ਕੀ ਗੁਰੂ ਨਾਨਕ ਜੀ ਦੀ ਗੁਰਤਾ ਵੀ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਅੰਦਰ ਹੈ?
ਇਹ ਇਕ ਅਤਿ ਮਹੱਤਵ ਪੁਰਨ ਸਵਾਲ ਹੈ। ਇਸ ਸਵਾਲ ਨੂੰ ਵਿਚਾਰਨ ਤੋਂ ਪਹਿਲਾਂ ਮੈਂ ਸਪਸ਼ਟ ਕਰ ਦੇਵਾਂ ਕਿ ਇਸ ਸਾਰੇ ਲੇਖ ਵਿਚ 'ਗੁਰੂ ਨਾਨਕ' ਤੋਂ ਮੇਰਾ ਭਾਵ 'ਦੱਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ' ਹਨ! ਹੁਣ ਉਪਰੋਕਤ ਸਵਾਲ ਬਾਰੇ ਵਿਚਾਰ ਵੱਲ ਮੁੜਦੇ ਹਾਂ।
ਜਿਵੇਂ ਕਿ ਆਰੰਭ ਵਿਚ ਵਿਚਾਰ ਆਏ ਹਾਂ, ਵਿਚਾਰਕ ਪ੍ਰਗਤੀਸ਼ੀਲਤਾ ਗੁਰੂ ਨਾਨਕ ਤੋਂ ਪਹਿਲਾਂ ਵੀ ਸੀ ਅਤੇ ਇਸ ਨੇ ਹੁਣ ਵੀ ਕਈਂ ਰੂਪਾਂ ਵਿਚ ਰਹਿਣਾ ਹੈ। ਜਿੱਥੋਂ ਤਕ ਗੁਰੂ ਨਾਨਕ ਜੀ ਦਾ ਸਬੰਧ ਹੈ, ਤਾਂ ਉਹ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਤੋਂ ਬਾਹਰ ਹਨ, ਕਿਉਂਕਿ ਉਹ ਸਾਡੇ ਲਈ, ਸਾਡੀ ਵਿਚਾਰਕ ਪ੍ਰਗਤੀਸ਼ੀਲਤਾ ਦਾ, ਇਕੋ ਇੱਕ ਅਧਾਰ ਹਨ। ਐਸਾ 'ਅਧਾਰ' ਕਿ ਜਿਸ ਦੀ ਸਤਹ ਤੇ ਖੜੇ ਹੋ ਕੇ ਸਿੱਖ ਸੋਚ ਨੇ, ਬਾਕੀ ਵਿਚਾਰਾਂ ਨੂੰ ਪਰਖਦੇ-ਵਿਚਾਰਦੇ, ਪ੍ਰਗਤੀਸ਼ੀਲ ਹੋਣਾ ਹੈ।
ਇਸ ਸਥਿਰ ਅਧਾਰ ਨੂੰ ਜੇ ਕਰ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਵਿਚ ਰੱਖਿਆ ਜਾਏ, ਤਾਂ ਨਤੀਜਤਨ ਕੁੱਝ ਸੱਜਣ, ਵਿਚਾਰਕ ਪ੍ਰਗਤੀਸ਼ੀਲਤਾ ਦੇ ਨਾਲ-ਨਾਲ, ਅਧਾਰ ਦੇ ਵੀ ਪ੍ਰਗਤੀਸ਼ੀਲ ਹੋਣ ਦਾ ਤਰਕ ਪੇਸ਼ ਕਰਦੇ, ਗੁਰੂ ਨਾਨਕ ਜੀ ਵਰਗੇ ਹੋਰ ਅਧਾਰਾਂ ਦੇ ਪ੍ਰਗਟ ਹੋਣ ਦੇ ਭੰਬਲਬੁਸੇ ਵਿਚ ਪੈ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਵੇਲੇ ਐਸੇ ਜਤਨ ਹੋਏ ਸਨ।
ਗੁਰਮਤਿ ਸਾਨੂੰ ਵਿਚਾਰਕ ਤੌਰ ਤੇ, ਸੁਖਾਵੇਂ ਰੂਪ ਵਿਚ, ਪ੍ਰਗਤੀਸ਼ੀਲ ਹੋਣਾ ਤਾਂ ਸਿਖਾਉਂਦੀ ਹੈ ਪਰ ਇਹ ਨਹੀਂ ਸਿਖਾਉਂਦੀ ਕਿ ਅਸੀਂ ਅਧਾਰ (ਗੁਰੂ ਨਾਨਕ ਜੀ) ਦੀ ਸਥਿਤੀ ਨੂੰ ਵੀ ਪ੍ਰਗਤੀਸ਼ੀਲ ਮੰਨ ਕੇ ਇਹ ਮੰਨ ਲਈਏ ਕਿ ਸਿੱਖਾਂ ਲਈ, ਗੁਰੂ ਨਾਨਕ ਜੀ ਤੋਂ ਬਾਦ, ਹੋਰ ਵੀ ਅਧਾਰ ਪ੍ਰਗਟ ਹੋ ਸਕਦਾ ਹੈ।
ਹਾਂ ਜੇ ਕਰ ਕਿਸੇ ਨੂੰ ਲਗੱਦਾ ਹੈ ਕਿ ਅਧਾਰ ਵੀ ਪ੍ਰਗਤੀਸ਼ੀਲ ਹੋ ਸਕਦਾ ਹੈ ਤਾਂ ਉਸ ਲਈ ਗੁਰੂ ਨਾਨਕ ਜੀ ਇੱਕੋ-ਇੱਕ ਮਾਰਗ ਦਰਸ਼ਕ ਨਹੀਂ ਹੋ ਸਕਦੇ। ਫਲਸਵਰੂਪ ਉਸ ਦੇ ਜੀਵਨ ਦਰਸ਼ਨ ਵਿਚ ਗੁਰੂ ਨਾਨਕ ਜੀ ਦੇ ਸਥਾਈ ਅਧਾਰ ਦੀ ਸਵਕ੍ਰਿਤੀ ਨਹੀਂ ਪਨਪ ਸਕਦੀ। ਉਹ ਆਪਣੇ ਤਰਕ ਕਾਰਣ, ਗੁਰੂ ਨਾਨਕ ਜੀ ਦੀ ਸਥਾਈ ਸਥਿਤੀ ਬਾਰੇ ਅਸਥਿਰ ਜਿਹਾ ਰਹਿੰਦੇ ਹੋਏ, ਗੁਰੂ ਨਾਨਕ ਜੀ ਨੂੰ ਆਪਣਾ ਪਹਿਲਾ ਅਤੇ ਅੰਤਿਮ ਆਗੂ ਨਹੀਂ ਸਵੀਕਾਰ ਕਰੇਗਾ।
ਹੋ ਸਕਦਾ ਹੈ ਕਿ ਐਸੀ ਸੋਚ ਵਿਚ, ਕੋਈ ਐਸਾ ਵੀ ਸੋਚ ਲਵੇ, ਕਿ ਜੇ ਕਰ ਭਗਤ ਰਵਿਦਾਸ ਗੁਰੂ ਨਾਨਕ ਜੀ ਤੋਂ ਪਹਿਲਾਂ ਅਧਾਰ ਪੇਸ਼ ਕਰ ਸਕਦਾ ਹੈ ਤਾਂ ਗੁਰੂ ਨਾਨਕ ਜੀ ਤੋਂ ਬਾਦ ਮੈਂ ਕਿਉਂ ਨਹੀਂ ?
ਜਿਨ੍ਹਾਂ ਨੇ ਐਸਾ ਸੋਚਿਆ ਹੈ ਉਨ੍ਹਾਂ, ਆਪਣੇ ਐਸੇ ਤਰਕ ਨਾਲ, ਗੁਰੂ ਨਾਨਕ ਜੀ ਦੇ ਨਾਮ ਤੇ ਹੀ ਆਪਣੇ ਵਪਾਰ ਤਾਂ ਖੋਲੇ ਹੀ ਹਨ। ਕਿ ਨਹੀਂ?
ਖ਼ੈਰ ਸਿੱਖ ਲਈ ਵਿਚਾਰਕ ਪ੍ਰਗਤੀਸ਼ੀਲਤਾ ਮਾੜੀ ਨਹੀਂ ਬਾ-ਸ਼ਰਤੇ ਉਹ ਗੁਰੂ ਨਾਨਕ ਜੀ ਦੀ ਸਥਿਤੀ ਨੂੰ ਪ੍ਰਗਤੀਸ਼ੀਲਤਾ ਤੋਂ ਉੱਪਰ, ਸਥਿਰ, ਪਹਿਲਾ ਅਤੇ ਅੰਤਿਮ ਅਧਾਰ ਮੰਨ ਕੇ ਤੁਰੇ। ਨਹੀਂ ਤਾਂ ਉਸਦੀ ਵਿਚਾਰਕ ਪ੍ਰਗਤੀਸ਼ੀਲਤਾ ਦਾ ਰੂਪ ਕਿਸੇ ਬਿਮਾਰੀ ਦੇ ਵਾਧੇ ਵਾਂਗ ਸਾਬਤ ਹੋ ਸਕਦਾ ਹੈ। ਕਿਸੇ ਸਿੱਖ ਦੇ ਆਪਣੇ ਵਿਚਾਰ ਬਦਲ ਸਕਦੇ ਹਨ ਪਰ ਸਿੱਖਾਂ ਦੇ ਗੁਰੂ ਨਾਨਕ ਜੀ ਨਹੀਂ ਬਦਲ ਸਕਦੇ! ਉਹ ਅਤੇ ਉਨ੍ਹਾਂ ਦਾ 'ਦਰ' ਪਹਿਲਾਂ ਹੀ ਉੱਚਾ, ਸੰਪੁਰਣ ਸਥਿਰ, ਵਿਕਸਤ, ਪ੍ਰਿਥਮ ਅਤੇ ਅੰਤਿਮ ਹੈ!
ਹਰਦੇਵ ਸਿੰਘ,ਜੰਮੂ-੧੮.੦੭.੨੦੧੫