Tuesday, 1 August 2017

ਇਕ ਪੂਜਾਰੀ ਵਿਵਸਥਾ ਦਾ "ਦੇਵਦੂਤੀ" ਫ਼ੈਸਲਾ

ਹਰਦੇਵ ਸਿੰਘ, ਜੰਮੂ

ਯੁਰੋਪ ਦੀ ਪੁਨਰਜਾਗਰਣ ਦੀ ਲਹਿਰ ਨੇ, ਸੰਸਾਰ ਦੇ ਇਤਹਾਸ ਵਿਚ, ਨਾ ਕੇਵਲ ਇਕ ਮੱਹਤਵਪੁਰਣ ਸਥਾਨ ਪ੍ਰਾਪਤ ਕੀਤਾ ਬਲਕਿ ਗ਼ੈਰਈਸਾਈ ਸਮਾਜ ਦਾ ਚਿੰਤਨ ਵੀ ਇਸਦੇ ਅਸਰ ਤੋਂ ਪ੍ਰਭਾਵਤ ਹੋਇਆ। ਇਹ ਸਮਕਾਲੀ ਧਾਰਮਕ ਵਿਵਸਥਾ ਵਿਚ ਆਈ ਗਿਰਾਵਟ ਦੇ ਵਿਰੋਧ ਵਿਚ ਖੜਾ ਹੋਈਆ ਇਕ ਸੰਘਰਸ਼ ਸੀ। ਜੇ ਕਰ ਅੱਜ ਦੇ ਸਿੱਖ ਸਮਾਜ ਦੇ ਕੁੱਝ ਕੁ ਸੱਜਣਾਂ ਦੀ ਗਲ ਕਰੀਏ, ਤਾਂ ਉਹ ਸ਼੍ਰੀ ਅਕਾਲ ਤਖ਼ਤ ਦੀ ਪੰਚ ਪ੍ਰਧਾਨੀ ਵਿਵਸਥਾ ਨੂੰ ਪੂਜਾਰੀ ਵਿਵਸਥਾ ਦਾ ਨਾਮ ਦਿੰਦੇ ਹੋਏ, ਅਕਸਰ ਪੁਨਰਜਾਗਰਣ ਦੇ ਨਾਯਕ ਮਾਰਟਿਨ ਲੂਥਰ ਅਤੇ ਗੇਲਿਲਿਉ ਪ੍ਰਕਰਣ ਦੇ ਹਵਾਲੇ ਵਰਤਦੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੋਹਾਂ ਇਤਹਾਸਕ ਪਾਤਰਾਂ ਨਾਲ ਧੱਕਾ ਹੋਇਆ ਸੀ।ਆਉ ਹੁਣ ਕਹੀ ਜਾਂਦੀ ਯੂਰੋਪੀ ਪੂਜਾਰੀ ਵਿਵਸਥਾ ਦੇ ਇਕ ਹੋਰ ਪੱਖ ਨੂੰ ਵਿਚਾਰੀਏ।  

ਸੰਨ 1545-1582 ਦੇ ਸਮੇਂ ਦਰਮਿਆਨ ਯੁਰੋਪੀ ਪੂਜਾਰੀ ਵਿਵਸਥਾ, ਇਕ ਅਜਿਹੇ ਉਪਰਾਲੇ ਵਿਚ ਵਿਅਸਤ ਸੀ, ਜਿਸ ਨੇ ਆਪਣੇ ਅਨੁਯਾਯੀ ਸਮਾਜ ਅਤੇ ਇਕ ਦਿਨ, ਆਪਣੇ ਕੱਟੜ ਵਿਰੋਧੀ ਧਿਰ (Protestants) ਨੂੰ ਵੀ ਆਪਣੇ ਉਸ ਉਪਰਾਲੇ ਅੱਗੇ ਨਤਮਸਤਕ ਹੋਣ ਲਈ ਮਜਬੂਰ ਕਰ ਦੇਣਾ ਸੀ। ਦਿਲਚਸਪ ਗਲ ਇਹ ਹੈ ਕਿ ਇਹ ਮਜਬੂਰੀ, ਮਹਾਨ ਗੇਲਿਲਿਉ ਦੀ ਬੇਬਸ ਪੇਸ਼ੀ ਵਰਗੀ ਨਾ ਹੋ ਕੇ, ਪੁਜਾਰੀ ਵਿਵਸਥਾ ਦੀ ਬੁੱਧੀਮਤਾ ਨੂੰ ਸਵੈ-ਇੱਛਾ ਨਾਲ ਸਵੀਕਾਰ ਕਰਨ ਦੇ ਰੂਪ ਵਿਚ ਪ੍ਰਗਟ ਹੋਣ ਜਾ ਰਹੀ ਸੀ।ਇੱਥੇਂ ਤਕ ਕਿ ਕਾਲਾਂਤਰ ਯੁਰੋਪ ਦੀ ਪੁਨਰਜਾਗਰਣ ਲਹਿਰ ਤੋਂ ਪ੍ਰਭਾਵਤ ਅਤੇ ਸ਼੍ਰੀ ਅਕਾਲ ਤਖ਼ਤ ਵਿਵਸਥਾ ਦੇ ਹਰ ਰੂਪ ਨੂੰ ਨਿੰਦਣ ਵਾਲੇ  ਕੁੱਝ ਜਾਗਰੂਕ ਅਖਵਾਉਦੇ ਸੱਜਣਾਂ ਨੇ ਵੀ ਯੁਰੋਪ ਦੀ ਪੂਜਾਰੀ ਵਿਵਸਥਾ ਦੇ ਉਸ ਉਪਰਾਲੇ ਅੱਗੇ ਨਤਮਸਤਕ ਹੋਣਾ ਸੀ।

ਸੰਨ 1582 ਵਿਚ ਲੱਗਭਗ 80 ਸਾਲ ਦੀ ਉਮਰ ਦੇ ਪੂਜਾਰੀ ਨੇ, ਆਪਣੇ ਧਾਰਮਕ ਅਧਿਕਾਰ (Religious Authority) ਵਰਤਦੇ ਹੋਏ, ਆਪਣੇ ਵਲੋਂ ਇਕ ਅਜਿਹਾ ਪੱਤਰ ਜਾਰੀ ਕੀਤਾ ਜੋ ਕਿ, ਉਸ ਵਿਵਸਥਾ ਅਨੁਸਾਰ, 'ਦੇਵਦੂਤੀ ਪੱਤਰ' ਸੀ। ਇਹ ਮਾਨਤਾ ਸੀ ਕਿ ਪੋਪ ਈਸ਼ਵਰ ਦਾ ਦੂਤ ਹੈ। ਇਸ ਦੇਵਦੂਤੀ ਪੱਤਰ ਦੀ ਆਰੰਭਕ ਪ੍ਰਸਤਾਵਨਾ ਅਨੁਸਾਰ, ਪੱਤਰ ਦੇ ਮਾਧਿਅਮ ਰਾਹੀਂ, ਪੁਜਾਰੀ ਵਲੋਂ ਤੈਅ ਕਰਵਾਏ ਇਕ ਨਿਰਣੈ ਨੂੰ ਈਸ਼ਵਰ ਦੀ ਮਦਦ ਨਾਲ ਪੁਰਾ ਅਥਵਾ ਲਾਗੂ ਕਰਨ ਦਾ ਹਲੂਣਾ ਸੀ।

ਕੁੱਝ ਚਿਰ ਇਸ ਪੱਤਰ ਦੀ ਛਪਾਈ ਦਾ ਅਧਿਕਾਰ ਵੀ ਪੂਜਾਰੀ ਨੇ, ਉਪਰਾਲੇ ਨਾਲ ਜੁੜੇ ਉਨ੍ਹਾਂ ਸੱਜਣਾ ਪਾਸ ਸੁਰਖਿਅਤ ਰੱਖਿਆ, ਜੋ ਕਿ ਉੱਚੀ ਪੱਧਰ ਦੇ ਵਿਦਵਾਨ ਸਨ ਅਤੇ ਉਸ ਪੂਜਾਰੀ ਵਿਵਸਥਾ ਨੂੰ ਮੰਨਣ ਵਾਲੇ ਵੀ।ਪੱਤਰ ਦੀਆਂ ਕਾਪੀਆਂ ਹੋਰ ਪੂਜਾਰੀਆ ਅਤੇ ਰਾਜਸੀ ਲੋਕਾਂ ਨੂੰ ਭੇਜਿਆਂ ਗਈਆਂ ਤਾਂਕਿ ਤੈਅ ਕੀਤੇ ਉਪਰਾਲੇ ਨੂੰ, ਪੋਪ ਦੇ ਅਧਿਕਾਰ (Authority) ਰਾਹੀਂ ਲਾਗੂ ਕੀਤਾ ਜਾ ਸਕੇ।

ਪੁਨਰਜਾਗਰਣ  ਦੀ ਰਾਹ ਤੂਰ ਆਏ ਜਾਗਰੂਕਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ, ਕਿਉਂਕਿ ਉਨ੍ਹਾਂ ਲਈ ਚਰਚ ਦਾ ਪੂਜਾਰੀ ਪੋਪ, ਨਾਂ ਤਾਂ ਦੇਵਦੂਤ ਸੀ ਅਤੇ ਨਾ ਹੀ ਇਸਾਈਅਤ ਦੀ ਮੂਲ ਸਿਧਾਂਤਵਾਦੀ ਸੋਚ ਦਾ ਪ੍ਰਤੀਨਿਧੀ! ਉਨ੍ਹਾਂ ਲਈ ਉਹ ਵਿਵਸਥਾ ਸੱਚ, ਨਿਆਂ ਅਤੇ ਸਿਧਾਂਤ ਨਾਲੋਂ ਟੁੱਟੀ ਵਿਵਸਥਾ ਸੀ ਅਤੇ ਇਸ ਲਈ, ਉਨ੍ਹਾਂ ਮੁਤਾਬਕ, ਅਜਿਹੀ ਵਿਵਸਥਾ ਵਲੋਂ ਤੈਅ ਕੀਤੇ ਅਤੇ ਲਾਗੂ ਕਰਵਾਏ ਜਾ ਰਹੇ ਉਪਰਾਲੇ ਅੰਦਰ ਸੱਚ ਦੇ ਵਿਰੁੱਧ ਸਾਜਿਸ਼, ਅਗਿਆਨਤਾ ਅਤੇ ਝੂਠ ਤੋਂ ਸਿਵਾ ਕੁੱਝ ਵੀ ਨਹੀਂ ਸੀ ਹੋ ਸਕਦਾ। ਇਨ੍ਹਾਂ ਜਾਗਰੂਕਾਂ ਨੇ ਸੱਚ ਅਤੇ ਬੁੱਧੀਮਤਾ ਨੂੰ ਕੇਵਲ ਆਪਣੇ ਨਾਲ ਖੜਾ ਸਮਝ ਕੇ, ਪੂਜਾਰੀ ਵਲੋਂ ਲਾਗੂ ਉਸ ਫੈਸਲੇ ਵਿਰੁੱਧ, ਆਪਣੇ ਵਿਰੋਧ ਦੇ ਮੁਹਾਜ਼ ਖੋਲ ਦਿੱਤੇ।

ਇਹ ਉਹੀ ਜਾਗਰੂਕ ਮਾਨਸਿਕਤਾ ਸੀ ਜੋ ਮਾਰਟਿਨ ਲੂਥਰ ਜਾਂ ਗੈਲਿਲਿਉ ਦਾ ਨਾਮ ਤਾਂ ਵਰਤਦੀ ਸੀ, ਪਰ ਅਸਲ ਵਿਚ ਉਨ੍ਹਾਂ ਦੇ ਹਾਣ ਦੀ ਨਹੀਂ ਸੀ।ਇਸ ਮਾਨਸਿਕਤਾ ਨੇ ਸੰਨ 1666 ਵਿਚ ਇੰਗਲੈਡ ਦੇ ਭਿਆਨਕ ਅਗਨੀਕਾਂਡ ਦਾ ਦੋਸ਼, ਪੂਜਾਰੀ ਵਿਵਸਥਾ ਸਿਰ ਮੜੀਆ ਅਤੇ ਫ਼੍ਰਾਂਸ ਦੇ ਇਕ ਘੜੀਸਾਜ਼ ਨੂੰ, ਪੂਜਾਰੀ ਦਾ ਅੇਜੰਟ ਕਰਾਰ ਦਿੰਦੇ ਹੋਏ,ਅੱਗ ਲਗਾਉਣ ਦੇ ਦੋਸ਼ ਵਿਚ ਫ਼ਾਂਸੀ ਤੇ ਲਟਕਾ ਦਿੱਤਾ। ਅਸਲ ਵਿਚ ਉਹ ਜਾਣਦੇ ਸੀ ਕਿ ਫ਼੍ਰਾਂਸੀਸੀ ਘੜੀਸਾਜ਼ ਅੱਗ ਲਗਾਉਣ ਦਾ ਦੋਸ਼ੀ ਨਹੀਂ ਸੀ, ਕਿਉਂਕਿ ਉਹ ਅੱਗ ਸ਼ੁਰੂ ਹੋਣ ਦੇ ਬਾਦ ਇੰਗਲੈਂਡ ਆਇਆ ਸੀ।ਪਰ ਸੱਚ ਅਤੇ ਸਿਧਾਂਤ ਦੇ ਦਾਵੇਦਾਰ ਜਾਗਰੂਕਾਂ ਨੇ, ਪੂਜਾਰੀ ਦੇ ਵਿਰੋਧ ਵਿਚ ਲੋਕਾਂ ਨੂੰ ਵਰਗਲਾਉਣ ਲਈ, ਝੂਠ ਅਤੇ ਇਕ ਨਿਰਦੋਸ਼ ਦੇ ਕਤਲ  ਦਾ ਸਹਾਰਾ ਲਿਆ।

ਖ਼ੈਰ ਇਹ ਜਾਗਰੂਕ ਇਸ ਗਲ ਤੋਂ ਅਣਜਾਣ ਸਨ, ਕਿ 80 ਸਾਲ ਦੀ ਉਮਰ ਦੇ ਪੂਜਾਰੀ ਦੇ ਧਾਰਮਕ ਅਧਿਕਾਰ ਦੀ ਮਾਨਤਾ, ਉਸਦੇ ਪ੍ਰਭਾਵ ਅਤੇ ਉਸਦੇ ਦੇਵਦੂਤੀ ਪੱਤਰ ਨੇ, ਛੇਤੀ ਹੀ ਵੈਸ਼ਵਿਕ ਯੁਗ ਦੇ ਆਰੰਭ ਅਤੇ ਵਿਸ਼ਵ ਸਮਾਜ ਦੇ ਤੰਤ੍ਰ ਨੂੰ ਇੱਕ ਕਰਨ ਵਿਚ, ਮਹੱਤਵਪੁਰਣ ਭੂਮਿਕਾ ਨਿਭਾਉਣੀ ਸੀ। ਪੂਜਾਰੀ ਦੇ ਅਧਿਕਾਰ ਅਤੇ ਉਸ ਦੀ ਸਥਿਤੀ ਨੂੰ ਮੂਲੋਂ ਹੀ ਰੱਧ ਕਰਨ ਵਾਲੇ ਜਾਗਰੂਕਾਂ ਦੀ ਨੀਂਦ, ਲੱਗਭਗ 170 ਸਾਲ ਬਾਦ ਖੁੱਲੀ ਤਾਂ ਉਨ੍ਹਾਂ ਆਪਣੇ ਵਲੋਂ ਸਾਜਿਸ਼ਨੁਮਾਂ ਕਰਾਰ ਦਿੱਤੇ ਦੇਵਦੂਤੀ ਪੱਤਰ ਦੇ ਉਪਰਾਲੇ ਨੂੰ, ਆਪਣੇ ਤੇ ਲਾਗੂ ਕਰਦੇ ਹੋਏ ਸਵੀਕਾਰ ਕੀਤਾ, ਕਿ ਰੋਮ ਦੇ ਪੂਜਾਰੀ ਸਹੀ ਅਤੇ ਲਾਹੇਵੰਧ ਕੰਮ ਵੀ ਕਰਦੇ ਸੀ।

ਇੱਥੋਂ ਤਕ ਕਿ ਈਸ਼ਵਰ ਦੀ ਹੋਂਦ ਤੋਂ ਮੁਨਕਰ ਰੂਸੀ ਕ੍ਰਾਂਤੀਕਾਰੀਆਂ ਨੇ ਵੀ ਸੰਨ 1918 ਵਿਚ, ਦੇਵਦੂਤੀ ਪੱਤਰ ਦੇ ਉਪਰਾਲੇ ਨੂੰ ਸਵੀਕਾਰ ਕੀਤਾ।ਮੇਰੇ ਐਸਾ ਲਿਖਣ ਤੋਂ ਮੰਤਵ ਇਹ ਨਹੀਂ ਕਿ ਉਨ੍ਹਾਂ ਈਸਵਰ ਨੂੰ ਸਵੀਕਾਰ ਕੀਤਾ, ਬਲਕਿ ਇਸ ਤੋਂ ਭਾਵ ਇਹ ਦਰਸਾਉਣਾ ਹੈ, ਕਿ ਸਾਰੇ ਪੂਜਾਰੀ ਕੇਵਲ ਮੂਰਖ ਅਤੇ ਲੁੱਟਣ ਵਾਲੇ ਹੀ ਨਹੀਂ ਹੁੰਦੇ। ਈਸ਼ਵਰ ਦੇ ਨਾਮ ਤੇ ਕੀਤੇ ਇਕ ਪੂਜਾਰੀ ਦੇ ਉਪਰਾਲੇ ਦੀ ਸਾਰਥਕਤਾ ਦੀ ਗਵਾਹ, ਉਹ ਵਿਵਸਥਾ ਵੀ ਬਣੀ, ਜੋ ਸੰਗਠਤ ਧਰਮ ਅਤੇ ਈਸ਼ਵਰ ਦੀ ਹੋਂਦ ਤੋਂ ਹੀ ਮੁਨਕਰ ਸੀ।



ਹੁਣ ਪਾਠਕ ਸੋਚ ਸਕਦੇ ਹਨ ਕਿ ਇਸ ਚਰਚਾ ਦਾ ਸਬੰਧ, ਸਾਡੇ ਕੁੱਝ ਅਜਿਹੇ ਜਾਗਰੂਕ ਅਖਵਾਉਂਦੇ ਸੱਜਣਾਂ ਨਾਲ ਕਿਵੇਂ ਜੁੜਦਾ ਹੈ, ਜੋ ਕਿ ਅਕਾਲ ਤਖ਼ਤ ਦੀ ਪੰਥਕ ਵਿਵਸਥਾ ਨੂੰ ਕੇਵਲ ਪੁਜਾਰੀ ਵਿਵਸਥਾ ਐਲਾਨਦੇ,  ਸਿਰੇ ਤੋਂ ਹੀ ਉਸਦੀ ਹੋਂਦ ਦੀ ਸਾਰਥਕਤਾ ਤੋਂ ਮੁਨਕਰ ਹੁੰਦੇ ਹਨ ? ਉਹ ਇਹ ਵੀ ਐਲਾਨਦੇ ਹਨ ਕਿ ਉਸ ਸੰਸਾਰ ਦੀ ਕਿਸੇ ਵੀ ਅਜਿਹੀ ਪੂਜਾਰੀ ਵਿਵਸਥਾ ਨੂੰ ਨਹੀਂ ਮੰਨਦੇ।ਪਰ ਅਜਿਹੇ ਜਾਗਰੂਕਾਂ ਨੂੰ ਪਤਾ ਨਹੀਂ ਕਿ ਉਹ ਜਿਸ ਸੋਧ ਅਨੁਸਾਰ ਅੱਜ ਆਪਣਾ ਸਿਵਲ ਜੀਵਨ ਬਤੀਤ ਕਰਦੇ ਹਨ ਅਤੇ ਜਿਸ ਸੋਧ ਨੂੰ ਆਪੋ ਆਪਣੇ ਨਾਨਕਸ਼ਾਹੀ ਕਲੈਂਡਰਾਂ ਵਿਚ ਵਰਤਨਾ ਚਾਹੁੰਦੇ ਹਨ, ਉਹ ਸੋਧ ਸੰਨ 1582 ਵਿਚ, ਇਕ ਪੂਜਾਰੀ ਵਲੋਂ, ਆਪਣੇ ਧਾਰਮਕ ਅਧਿਕਾਰ ਵਰਤ ਕੇ
ਮਾਨਤਾ ਅਨੁਸਾਰ, ਜਾਰੀ ਕੀਤੇ ਗਏ ਦੇਵਦੂਤੀ ਪੱਤਰ ਦਾ ਦੇਵਦੂਤੀ ਫੈਸਲਾ ਸੀ। ਗ੍ਰੇਗੋਰੀਅਨ ਕਲੈਂਡਰ ਨੂੰ ਪੂਜਾਰੀ ਨੇ ਲਾਗੂ ਕੀਤਾ ਸੀ।

ਹਰਦੇਵ ਸਿੰਘ, ਜੰਮੂ-01.08.2017