‘ਪਵਣ ਗੁਰੂ’
ਸਲੋਕੁ ॥ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਜਪੁ ਜੀ ਦੀ ਬਾਣੀ ਦਾ ਇਹ ਸਲੋਕ ਕਿਸੇ ਵੀ ਗੁਰਮਤਿ ਵਿਚਾਰਕ ਲਈ ਇਕ ਵੱਡੀ ਜਿਗਿਆਸਾ ਦਾ ਵਿਸ਼ਾ ਹੋ ਸਕਦਾ ਹੈ। ਇਹ ਸਪਸ਼ਟ ਹੈ ਕਿ ਗੁਰਬਾਣੀ ਕਾਵਿ ਰੁਪ ਵਿਚ ਸਿੱਖ ਫ਼ਲਸਫ਼ੇ ਦੀਆਂ ਵਿਸ਼ਾਲ ਪੱਧਰਾ ਨੂੰ ਸਮੇਟੇ ਹੋਈ ਹੈ। ਯਾਨੀ ਗਾਗਰ ਵਿਚ ਸਾਗਰ। ਗੁਰੂ ਨਾਨਕ ਜੀ ਦੀ ਲਿੱਖੀ ਜਪੁ ਦੀ ਬਾਣੀ ਦੇ ਅਰਥਾਂ ਨੂੰ ਵਧੇਰੇ ਸਮਝਣ ਦਾ ਜਤਨ ਕਰਦੇ ਰਹਿਣਾ, ਆਉਂਣ ਵਾਲੇ ਸਮਿਆਂ ਤੱਕ ਵਿਚਾਰਕਾਂ ਦੇ ਚਿੰਤਨ ਦਾ ਵਿਸ਼ਾ ਰਹੇਗਾ।
ਇਸ ਸਲੋਕ ਦੇ ਪਦ-ਅਰਥ ਇੰਝ ਕੀਤੇ ਗਏ ਹਨ:
ਪਦ-ਅਰਥ:- ਪਵਣੁ-ਹਵਾ, ਸੁਆਸ, ਪ੍ਰਾਣ। ਮਹਤੁ-ਵੱਡੀ । ਦਿਵਸੁ-ਦਿਨ। ਦੁਇ-ਦੋਵੇਂ। ਦਿਵਸੁ ਦਾਇਆ-ਦਿਨ ਖਿਡਾਵਾ ਹੈ। ਰਾਤਿ ਦਾਈ-ਰਾਤ ਖਿਡਾਵੀ ਹੈ। ਸਗਲ-ਸਾਰਾ।
ਅਤੇ ਭਾਵ ਅਰਥ ਇੰਝ ਹੋਏ ਹਨ:
ਅਰਥ:- ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
ਸਲੋਕ ਦੇ ਆਰੰਭ ਦੇ ਦੋ ਪਦ ‘ਪਵਨ ਗੁਰੂ’ ਇਸ ਛੋਟੀ ਜਿਹੀ ਵਿਚਾਰ ਚਰਚਾ ਦਾ ਵਿਸ਼ਾ ਹੈ।
ਜਾਹਿਰ ਜਿਹੀ ਗੱਲ ਹੈ ਕਿ ਇਨ੍ਹਾਂ ਦੋ ਪਦਾਂ ਦੇ ਅਰਥ ਸਮਝਣੇ ਪੈਣਗੇ। ਅਸੀਂ ਦੇਖਦੇ ਹਾਂ ਕਿ ਇਕ ਪਦ ਦੇ ਕਈ ਅਰਥ ਹੁੰਦੇ ਹਨ ਅਤੇ ਭਾਵ-ਅਰਥ ਸਮਝਣ ਲਈ ਸਲੋਕ ਜਾਂ ਸ਼ਬਦ ਦੇ ਮੁੱਖ ਭਾਵ ਅਨੁਸਾਰ ਢੁੱਕਵੇਂ ਅਰਥ ਦੀ ਚੋਣ ਕਰਨੀ ਬਣਦੀ ਹੈ। ਇਸਦੇ ਨਾਲ ਹੀ ਗੁਰਮਤਿ ਦਾ ਭਾਵ ਸਹਾਈ ਹੁੰਦਾ ਹੀ ਹੈ। ਆਉ ਸਭ ਤੋਂ ਪਹਿਲਾਂ ਇਸ ਪੂਰੀ ਪੰਗਤੀ ਦੇ ਇਕ ਮੁੱਖ ਪੱਖ ਦੀ ਵਿਚਾਰ ਕਰੀਏ।
ਸ਼ਪਸ਼ਟ ਰੂਪ ਵਿਚ ਇਸ ਪੰਗਤੀ ਵਿਚ ਗੁਰੂ ਨਾਨਕ ਨੇ ਜੀਵਾਂ ਦੇ ਸੰਧਰਭ ਵਿਚ ਇਸ ਸੰਸਾਰ ਦੀ ਗੱਲ ਕੀਤੀ ਹੈ ਨਾ ਕਿ ਸਮੁੱਚੇ ਬ੍ਰਹਮਾਂਡ ਦੀ। ਇਸ ਸਲੋਕ ਵਿਚ ‘ਜਗਤ’ ਦਾ ਅਰਥ ਅਤੇ ਇਸ ਦਾ ਭਾਵ ਕੇਵਲ ਇਸ ਸੰਸਾਰ ਨਾਲ ਜੁੜਿਆ ਹੋਈਆ ਹੈ। ਇਹ ਹੈ ਇਸ ਪੰਗਤੀ ਦਾ ਮੁੱਖ ਪੱਖ, ਜਿਸ ਨੂੰ ਧਿਆਨ ਵਿਚ ਰੱਖਦੇ ਅਸੀਂ ‘ਪਵਣ ਗੁਰੂ’ ਪਦਾਂ ਦੇ ਅਸਲ ਭਾਵ ਅਰਥ ਨੂੰ ਸਮਝ ਸਕਦੇ ਹਾਂ।
ਪਵਣ ਦਾ ਅਰਥ ਹੈ ਹਵਾ ਜਾਂ ਵਾਯੂਮੰਡਲ। ਉੱਪਰਲੇ ਪੱਖ ਨੂੰ ਵਿਚਾਰਦੇ ਹੋਏ ਇਸ ਦਾ ਇਹੀ ਅਰਥ ਬਣਦਾ ਹੈ। ਪਵਣ ਦੀ ਬਿਰਤੀਆਂ ਨੂੰ ਗੁਰਬਾਣੀ ਵਿਚ ਇੰਝ ਬਿਆਨ ਕੀਤਾ ਗਿਆ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥(ਮ. ੧, ਆਦਿ ਗੁਰੂ ਗ੍ਰੰਥ ਪੰਨਾ ੧੯)
ਅਰਥ :- ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ।
ਇਥੇ ਸਪਸ਼ਟ ਰੂਪ ਵਿਚ ਗੁਰੂ ਨਾਨਕ ਜੀ ਨੇ ਵਿਚਾਰ ਦਿੱਤਾ ਹੈ ਕਿ ਹਵਾ ਜਗਤ ਦੀ ਰਚਨਾ ਦਾ ਇਕ ਮੁੱਢਲਾ ਨਿਯਮ ਹੈ। ਇਹ ਜਗਤ ਦੇ Evolution ਵੱਲ ਕੀਤਾ ਗਿਆ ਇਸ਼ਾਰਾ ਵੀ ਹੈ। ਇਹ ਇਸ਼ਾਰਾ ਧਰਤੀ ਅਤੇ ਜੀਵਾਂ ਨੂੰ ਕੁੱਝ ਦਿਨਾਂ ਵਿਚ ਹੀ ਬਨਾਉਣ ਦੀ ਮਾਨਤਾ ਨਾਲ ਗੁਰੂ ਨਾਨਕ ਦੀ ਅਸਹਮਤਿ ਦਾ ਸੂਚਕ ਹੈ। ਗੁਰੂ ਨਾਨਕ ਨੇ ਜਗਤ ਅਤੇ ਜੀਵਾਂ ਦੇ ਕ੍ਰਮਵਾਰ ਵਿਕਾਸ ਦੀ ਗੱਲ ਕਹੀ ਹੈ।
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥(ਮ. ੧, ਆਦਿ ਗੁਰੂ ਗ੍ਰੰਥ ਪੰਨਾ ੩੫੦)
ਅਰਥ:- ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ
ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਣ ਨੂੰ ਜਗਤ ਦੀ ਰਚਨਾ ਦਾ ਆਰੰਭ ਦੱਸਿਆ ਹੈ। ਇਹ ਹੈ ਪਹਿਲੀ ਗੱਲ।
ਹੁਣ ਪਦ ‘ਗੁਰੂ’ ਦੇ ਅਰਥ ਦੀ ਵਿਚਾਰ ਕਰੀਏ। ਸਲੋਕ ਦੀ ਪੂਰੀ ਪੰਗਤੀ ਦੇ ਮੱਖ ਪੱਖ ਨੂੰ ਧਿਆਨ ਵਿਚ ਰਖੀਏ ਤਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਇਸ ਸਲੋਕ ਵਿਚ ‘ਗੁਰੂ’ ਦਾ ਅਰਥ ਉਹ ਗੁਰੂ ਨਹੀਂ ਨਿਕਲਦਾ, ਜਿਸਦਾ ਅਰਥ ਅਸੀਂ ਸਿੱਖੀਆ ਦੇਣ ਵਾਲਾ ਕਰਕੇ ਕਰਦੇ ਹਾਂ। ਇਹ ਪੰਗਤੀ ਜਗਤ ਦੀ ਚਲੀ ਖੇਡ ਨਾਲ ਸਬੰਧਿਤ ਹੈ। ਇੱਥੇ ਗੁਰੂ ਨਾਨਕ ਸਿਖਿਆ ਦੇਣ ਵਾਲੇ ਗੁਰੂ ਦੀ ਗੱਲ ਨਹੀਂ ਕਰ ਰਹੇ। ਨਿਰਸੰਦੇਹ ਗੁਰੂ ਬਾਣੀ ਦਾ ਇਸ ਸਲੋਕ ਵਿਚ ਗੁਰੂ ਦਾ ਅਰਥ ਉਸਤਾਦ ਨਹੀਂ ਕੁੱਝ ਹੋਰ ਹੈ। ਪਵਣ ਦਾ ਅਰਥ ਇਸ ਜਗ੍ਹਾ ਉਸਤਾਦ ਵਜੋਂ ਕਰਨਾ ਗੁੰਝਲਦਾਰ ਗੱਲ ਹੋ ਜਾਂਦੀ ਹੈ। ਵਿਆਖਿਆਕਾਰਾਂ ਨੇ ਇੱਥੇ ਅਨਜਾਣੇ ਕੁੱਝ ਭੂਲੇਖਾ ਖਾਦਾ ਹੈ।
ਭਾਈ ਕ੍ਹਾਨ ਸਿੰਘ ਨਾਭਾ ਜੀ ਦਾ ਲਿਖੀਆ ਮਹਾਨ ਕੋਸ਼ ਇਕ ਵਿਲਖਣ ਲਿਖਤ ਹੈ, ਜਿਸ ਵਿਚ ਉਨ੍ਹਾਂ ਨੇ ਗੁਰਬਾਣੀ ਵਿਚ ਆਏ ਸ਼ਬਦਾਂ ਦੇ ਵਿਸਤਾਰ ਵਿਚ ਅਰਥ ਕੀਤੇ ਹਨ। ਉਨ੍ਹਾਂ ਗੁਰੂ ਸ਼ਬਦ ਦੇ ਬਾਕਿ ਹੋਰ ਅਰਥਾਂ ਨੂੰ ਦਰਸਾਉਂਦੇ ਇਸਦਾ ਅਰਥ ਇੰਝ ਵੀ ਲਿਖੀਆ ਹੈ:
ਗੁਰੁ: (੧) ਉਸਤਾਦ, ਵਿਦਯਾ ਦੱਸਣ ਵਾਲਾ (੨) ਕਿਸੇ ਸਿਧਾਂਤ ਦੀ ਤਾਲਿਕਾ (ਕੁੰਜੀ), ਪੰਨਾ ੪੧੯, ਮਹਾਨ ਕੋਸ਼ ਭਾਈ ਕ੍ਹਾਨ ਸਿੰਘ ਨਾਭਾ
ਇਸ ਦੇ ਨਾਲ ਗੁਰੂ ਦਾ ਅਰਥ ਅੰਗ੍ਰਜ਼ੀ ਵਿਚ Preceptor ਵੀ ਲਿਖੀਆ ਮਿਲਦਾ ਹੈ (SGGS Gurmukhi English Dictionary) ਜਿਸ ਤੋਂ ਭਾਵ ਹੁੰਦਾ ਹੈ ਨਿਯਮਬੱਧ ਕਰਨ ਵਾਲਾ। Precept ਦਾ ਅਰਥ ਹੈ ਨਿਯਮ।ਹਵਾ ਦਾ ਵਿਵਹਾਰ ਜਗਤ ਦੀ ਰਚਨਾ ਦਾ ਇਕ ਮੁੱਡਲਾ ਨਿਯਮ ਹੈ। ਇਸ ਵਿਚਾਰ ਨੂੰ ਗੁਰੂ ਨਾਨਕ ਜੀ ਨੇ ਹੀ ਉੱਪਰ ਦਿੱਤੇ ਦੋ ਹਵਾਲਿਆਂ ਵਿਚ ਦ੍ਰਿੜ ਕਰਵਾਇਆ ਹੈ।
ਇਸ ਸਲੋਕ ਵਿਚ ਇਸ ਅਰਥ ਨੂੰ ਸਵੀਕਾਰ ਕਰਨ ਨਾਲ ਪੂਰੀ ਪੰਗਤੀ ਦਾ ਭਾਵ ਅਰਥ ਸਪਸ਼ਟ ਹੋ ਜਾਦਾਂ ਹੈ। ਹੁਣ ‘ਪਵਣ ਗੁਰੂ’ ਦਾ ਅਰਥ ਬਣਦਾ ਹੈ: ਹਵਾ ਜੀਵ ਜਗਤ ਰਚਨਾ ਦੇ ਸਿਧਾਂਤ ਦੀ ਕੁੰਜੀ ਹੈ। ਤਾਲਿਕਾ ਹੈ, ਯਾਨੀ ਕਿ ਜਗਤ ਦੇ ਆਰੰਭ ਦਾ ਨਿਯਮ ਹੈ।
ਇਥੇ ਹਵਾ ਨੂੰ ਗੁਰੂ ਕਹਿਣ ਤੋਂ ਭਾਵ ਹਵਾ ਨੂੰ ਉਸਤਾਦ ਕਹਿਣਾ ਨਹੀਂ ਬਣਦਾ, ਵਿਸ਼ੇਸ਼ਕਰ ਉਸ ਸੂਰਤ ਵਿਚ ਜਿਸ ਵੇਲੇ ਗੱਲ ਜੀਵਾਂ ਅਤੇ ਜਗਤ ਦੇ ਸੰਧਰਭ ਦੀ ਹੋ ਰਹੀ ਹੋਵੇ। ‘ਪਵਣ’ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਦਿੱਤੇ ੳਪਰਲੇ ਹਵਾਲੇ ਸਪਸ਼ਟ ਰੂਪ ਵਿਚ ਪਵਣ ਨੂੰ ਆਰੰਭਕ ਨਿਯਮ ਦੇ ਰੂਪ ਵਿਚ ਦਰਸਾਉਦੇ ਹਨ। ਇਸ ਲਈ ਇਸ ਸਲੋਕ ਵਿਚ ‘ਪਵਣ ਗੁਰੂ’ ਦਾ ਠੀਕ ਭਾਵਅਰਥ ਹੈ:
ਹਵਾ ਜੀਵ ਜਗਤ ਰਚਨਾ ਦੇ ਸਿਧਾਂਤ ਦੀ ਕੁੰਜੀ ਹੈ। ਯਾਨੀ ਕਿ ਆਰੰਭ ਦਾ ਸਿਧਾਂਤ ਹੈ, ਨਿਯਮ ਹੈ।
ਹਾਲਾਂਕਿ ਦੱਸ ਗੁਰੂ ਸਾਹਿਬਾਨ ਵੀ ਸਤਿਗੁਰੂ (ਪਰਮਾਤਮਾ) ਅਤੇ ਸ਼ਬਦ ਗੁਰੂ ਦੇ ਫ਼ਲਸਫ਼ੇ ਦੀਆਂ ਪਰਤਾਂ ਨੂੰ ਖੋਲਦੀਆਂ ਕੁੰਜੀਆਂ ਸਨ ਪਰ ਇਸ ਸਲੋਕ ਵਿਚ ਪਵਨ ਨੂੰ ਗੁਰੂ ਕਹਿਣ ਦਾ ਸੰਧਰਭ ਕੇਵਲ ਜਗਤ ਦੀ ਰਚੀ ਹੋਈ ਖੇਡ ਦੇ ਸੰਧਰਭ ਵਿਚ ਹੈ।
ਹਰਦੇਵ ਸਿੰਘ, ਜੰਮੂ
91-9419184990