'ਤੱਤ ਪੰਡਿਤ ਪਰਿਵਾਰ' ਜਾਂ 'ਪੰਡਿਤ ਫੈਮਲੀ ਕਲਬ ' ?
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
ਨੀਂਦ ਵਿਚ ਤੁਰਨ ਵਾਲੇ ਜਾਗਰੂਕ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਜੇ ਕਰ ਸਿੱਖਾਂ ਨੂੰ ਕੁੱਝ ਉਪਦੇਸ਼ ਦੇਣਾਂ ਹੁੰਦਾ, ਤਾਂ 'ਮਹਲਾ ੧੦' ਵਰਤ ਕੇ ਦਿੰਦੇ
! ਫਿਰ ਪਤਾ ਨਹੀਂ ਕਿ ਇਨਾਂ ਜਾਗਰੂਕਾਂ ਨੇ ਇਹ ਕਿਵੇਂ ਸਵੀਕਾਰ ਕਰ ਲਿਆ ਕਿ ਦਸ਼ਮੇਸ਼ ਜੀ ਨੇ, ਖੰਡੇ ਦੇ ਅੰਮ੍ਰਿਤ ਦੀ ਦਾਤ ਦੇਂਣ ਉਪਰੰਤ, ਸਾਨੂੰ ਆਪਣੇ ਨਾਮ ਨਾਲ ‘ਸਿੰਘ’ ਲਗਾਉਂਣ ਲਈ ਕਹਿਆ, ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ! ਕੀ ਦਸ਼ਮੇਸ਼ ਜੀ ਨੇ ਕਿੱਧਰੇ ਇਹ ਸਭ 'ਮਹਲਾ ੧੦' ਵਰਤ ਕੇ ਲਿਖਿਆ ਹੈ ਕਿ ਅਸੀਂ ਇਸ ਨੂੰ ਸਵੀਕਾਰ ਕਰ ਲਈਏ ?
ਬੱਸ ਅਸੀਂ ਤਾਂ ਗੁਰਬਾਣੀ ਨੂੰ ਸਮਰਪਤ ਹਾਂ, ਅਤੇ ਉਸੇ ਦੀ ਕਸਵਟੀ ਵਰਤਦੇ ਹਾਂ, ਤਾਂ ਕਿ ਤੱਤ ਨੂੰ ਪ੍ਰਾਪਤ ਕਰ ਲਈਏ ? ਬਾਣੀ ਦੀ ਕਸਵਟੀ ਵਿਚ ਤਾਂ ਕਿੱਧਰੇ ਵੀ ਆਪਣੇ ਨਾਮ ਨਾਲ 'ਕੋਰ' ਜਾਂ 'ਸਿੰਘ' ਲਗਾਉਂਣ ਦੀ ਹਿਦਾਅਤ ਨਹੀਂ।ਹਾਂ ਨਿਸ਼ਚਤ ਤੌਰ ਤੇ ਇਤਨਾ ਜਰੂਰ ਹੈ, ਕਿ ਤੱਤ ਨੂੰ ਵਿਚਾਰਨ ਵਾਲਾ,ਗੁਰੂ ਦੇ ਸ਼ਬਦ ਨੂੰ ਕਮਾਉਂਣ ਵਾਲਾ ਅਤੇ ਮਨ ਨੂੰ ਪਰਬੋਧਣ ਵਾਲਾ 'ਪੰਡਿਤ' ਹੁੰਦਾ ਹੈ। ਮਸਲਨ:-
ਤੱਤ ਪਛਾਣੈ ਸੋ ਪੰਡਿਤ ਹੋਇ (੧੨੮) ਸੋ ਪੰਡਿਤ ਗੁਰ ਸਬਦੁ ਕਮਾਇ (੮੮੮) ਸੋ ਪੰਡਿਤ ਜੋ ਮਨ ਪਰਬੋਧੈ (੨੭੪) ਚਹੁ ਵਰਨਾ ਕਉ ਦੇ ਉਪਦੇਸੁ॥ਨਾਨਕ ਉਸ ਪੰਡਿਤ ਕਉ ਸਦਾ ਅਦੇਸੁ (੨੭੪) ਇਹ ਸ਼ਬਦ ਤਾਂ ਮਹਲਾ ਵਰਤ ਕੇ ਉਚਾਰੇ ਗਏ ਹਨ। ਨਹੀਂ ?
ਹੁਣ ਗੁਰਬਾਣੀ ਦੇ ਉਪਦੇਸ ਅਨੁਸਾਰ ਤਾਂ ਤੱਤ ਦੀ ਪਛਾਣ ਕਰਨ ਵਾਲੇ, ਗੁਰੂ ਦੇ ਸ਼ਬਦ ਨੂੰ ਕਮਾਉਂਣ ਵਾਲੇ, ਆਪਣੇ ਮਨ ਨੂੰ ਪਰਬੌਧਣ ਵਾਲੇ, ਸਾਰੀ ਮਨੁੱਖੀ ਏਕੇ ਦੀ ਗਲ ਕਰਨ ਵਾਲੇ ਸੱਜਣ ਪੰਡਿਤ ਨਾ ਹੋਏ ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਤਾਂ ਭੇਖੀ ਪੰਡਿਤਾਂ ਦਾ ਵੀ ਜ਼ਿਕਰ ਹੈ ਅਤੇ ਅਸਲ ਪੰਡਿਤਾਂ ਦਾ ਵੀ। ਪਰ 'ਸਿੰਘ' ਲਕਬ ਵਰਤਣ ਦੀ ਤਾਕੀਦ ਕਿੱਧਰੇ ਵੀ ਨਹੀਂ। ਇਸ ਲਈ ਕੀ ਹਰਜ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਵਰਤਣ ਦਾ ਦਾਵਾ ਕਰਦੇ, ਤੱਤ ਦੀ ਪਛਾਣ ਕਰਨ ਵਾਲੇ, ਗੁਰੂ ਦੇ ਸ਼ਬਦੁ ਨੂੰ ਕਮਾਉਂਣ ਵਾਲੇ ਮਨੁੱਖੀ ਏਕੇ ਦੀ ਗਲ ਕਰਨ ਵਾਲੇ ਸੱਜਣਾਂ ਨੂੰ ਗੁਰਬਖਸ਼ ਪੰਡਿਤ, ਜੋਗਿੰਦਰ ਪੰਡਿਤ, ਇੰਦਰ ਪੰਡਿਤ, ਉਪਕਾਰ ਪੰਡਿਤ, ਰਾਜਿੰਦਰ ਪੰਡਿਤ, ਨਰਿੰਦਰ ਪੰਡਿਤ, ਜਸਵਿੰਦਰ ਪੰਡਿਤ, ਅਵਤਾਰ ਪੰਡਿਤ, ਰਵਿੰਦਰ ਪੰਡਿਤ, ਗੁਰਮੀਤ ਪੰਡਿਤ, ਹਰਮੀਤ ਪੰਡਿਤ, ਜਗਦੇਵ ਪੰਡਿਤ ਨਾ ਕਹਿਆ ਜਾਏ ? ਬੇਨਤੀ ਹੈ ਕਿ ਇਸ ਸਵਾਲ ਵਿਚਲੇ ਨੁਕਤੇ ਨੂੰ ਨਿਜਤਾ ਨਾਲ ਜੋੜ ਕੇ ਨਾ ਵਿਚਾਰਿਆ ਜਾਏ !
ਭਾਈ ਜੇ ਕਰ ਖੰਡੇ ਦਾ ਅੰਮ੍ਰਿਤ, ਅੰਮ੍ਰਿਤ ਹੁੰਦਾ ਹੀ ਨਹੀਂ, ਤਾਂ ਬਾਣੀ ਦੇ ਅੰਮ੍ਰਿਤ ਨੂੰ ਪੀਣ ਵਾਲੇ 'ਸਿੰਘ' ਦੇ ਬਜਾਏ ‘ਪੰਡਿਤ’ ਕਿਉਂ ਨਾ ਕਹੇ ਜਾਣ ? ਕੀ ਮਾੜ ਹੈ ਕਿ ਐਸੇ ਗਿਆਨੀ ਸੱਜਣ ਮਿਲ ਕੇ ‘ਤੱਤ ਪੰਡਿਤ ਪਰਿਵਾਰ’ ਜਾਂ ‘ਪੰਡਿਤ ਫੈਮਲੀ ਕਲਬ’ ਬਨਾ ਲੇਂਣ ?
ਹਰਦੇਵ ਸਿੰਘ,ਜੰਮੂ-੨੬.੧.੨੦੧੪