'ਸਿੱਖ ਰਹਿਤ ਮਰਿਯਾਦਾ ਅਤੇ ਸ਼੍ਰੀ ਅਕਾਲ ਤਖ਼ਤ'
ਹਰਦੇਵ ਸਿੰਘ ,ਜੰਮੂ
ਇਸ ਲੇਖ ਰਾਹੀਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਪਸ਼ਟ ਕਰ ਦੇਵਾਂ ਇਕ ਇਸ ਲੇਖ ਨੂੰ ਪ੍ਰੋ. ਧੁੰਦਾ ਜੀ ਦੇ ਪ੍ਰਕਰਣ ਨਾਲ ਜੋੜ ਕੇ ਨਾ ਸਮਝਿਆ ਜਾਏ।ਇਹ ਲੇਖ ਬੁਲਾਉਂਣ-ਜਾਣ ਦੇ ਵਿਸ਼ੇ ਬਾਰੇ ਨਹੀਂ! ਇਸ ਲੇਖ ਵਿਚ ਉਨਾਂ੍ਹ ਗਲਾਂ ਬਾਰੇ ਵਿਚਾਰ ਕਰਨਾ ਹੈ ਜਿਨਾਂ੍ਹ ਦਾ ਮਕਸਦ, ਗੁਰਮਤਿ ਦੇ ਸਿਧਾਂਤ ਮੁਤਾਬਕ ਪੰਥਕ ਅਤੇ ਮਨੁੱਖੀ ਸਮੱਸਿਆਵਾਂ ਬਾਰੇ ਗੁਰਮਤਿ ਦ੍ਰਿਸ਼ਟੀਕੋਣ ਦੇ ਸੰਕੇਤਕ ਰੂਪ 'ਸ਼੍ਰੀ ਅਕਾਲ ਤਖ਼ਤ' ਦੀ ਹੋਂਦ/ਵਿਵਸਥਾ ਪ੍ਰਤੀ ਪੰਥਕ ਮਾਨਤਾ ਨੂੰ ਹੀ ਖ਼ਤਮ ਕਰਨ ਦਾ ਸੂਜਾਅ ਦੇਂਣਾ ਪ੍ਰਤੀਤ ਹੁੰਦਾ ਹੈ।
ਅਸੀਂ ਸਾਰੇ ਜਾਣੂ ਹਾਂ ਕਿ ਗੁਰੂ ਨਾਨਕ ਤੋਂ ਬਾਦ ਨੌਂ ਗੁਰੂ ਸਾਹਿਬਾਨ ਗੁਰਤਾ ਦੇ ਤਖ਼ਤ ਤੇ ਨਸ਼ੀਨ ਹੋਏ ਸਨ।ਦਸਵੇਂ ਪਾਤਿਸ਼ਾਹ ਨੇ ਅਪਣੇ ਬਾਦ ਇਸ ਪਰੰਪਰਾ ਨੂੰ ਵਿਰਾਮ ਦਿੰਦੇ ਹੋਏ ਗੁਰੂਆਂ ਦੀ ਵਿਚਾਰਧਾਰਾ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਉਸ ਤਖ਼ਤ ਤੇ ਨਸ਼ੀਨ ਕਰ ਦਿੱਤਾ ਅਤੇ ਇਸ ਤਖ਼ਤ ਦੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿਚ ਅੱਗੇ ਤੋਰਨ ਦਾ ਜਿੰਮਾਂ ਸਿੱਖਾਂ ਨੂੰ ਸੋਂਪ ਦਿੱਤਾ।ਕੋਈ ਵਿਚਾਰਹੀਣ ਹੀ ਇਸ ਗਲ ਤੋਂ ਇਨਕਾਰੀ ਹੋ ਸਕਦਾ ਹੈ ਕਿ ਵਿਚਾਰਧਾਰਾ ਬਿਨਾਂ੍ਹ ਬੰਦਿਆਂ ਦੇ ਚਲ ਸਕਦੀ ਹੈ।ਇਹ ਕੁਦਰਤੀ ਨਿਯਮ ਹੈ ਕਿ ਜੇਕਰ ਬੰਦੇ ਕਿਸੇ ਵਿਚਾਰਧਾਰਾ ਨੂੰ ਭੰਗ ਕਰ ਸਕਦੇ ਹਨ ਤਾਂ ਬੰਦੇ ਹੀ ਉਸ ਵਿਚਾਰਧਾਰਾ ਨੂੰ ਸਥਾਪਤ ਕਰ ਸਕਦੇ ਹਨ।ਗੁਰੂ ਦੀ ਅਗੁਆਈ ਦੀ ਪਛਾਂਣ ਅਤੇ ਉਸ ਮੁਤਾਬਕ ਨਿਰਨੇ ਕਿਸੇ ਪੰਥਕ ਪ੍ਰਬੰਧ ਨੇ ਹੀ ਕਰਨੇ ਹਨ।ਜਿਹੜੇ ਸੱਜਣ ਬੰਦਿਆਂ/ਪ੍ਰਬੰਧ ਨੂੰ ਨਫ਼ੀ ਕਰਕੇ ਕੇਵਲ ਗੁਰੂ ਦੀ ਅਗੁਆਈ ਦਾ ਤਰਕ ਦਿੰਦੇ ਰਹੇ ਹਨ ਉਹ ਵਿਵਹਾਰਕ ਵਾਸਤਵਿਕਤਾਵਾਂ ਤੋਂ ਪਰੇ ਹਨ।
ਵਿਚਾਰ ਦਿੱਤਾ ਜਾਂਦਾ ਹੈ ਕਿ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿਚ ਅਕਾਲ ਤਖ਼ਤ ਦੀ ਕੋਈ ਵੀ ਵਿਵਸਥਾ ਨਹੀਂ ਹੈ।ਅਤੇ ਨਾ ਹੀ ਗੁਰਦੁਆਰਾ ਐਕਟ ਵਿਚ।ਇਹ ਇਕ ਵਚਿੱਤਰ ਪ੍ਰਚਾਰ/ਵਿਚਾਰ ਹੈ!
ਪਹਿਲਾਂ ਐਕਟ ਦੀ ਗਲ ਕਰ ਲਈਏ।ਗੁਰਮਤਿ ਦੀ ਥੋੜੀ ਬਾਰੀਕ ਸਮਝ ਰੱਖਣ ਵਾਲੇ ਸੱਜਣ ਇਸ ਗਲ ਨੂੰ ਸਮਝ ਸਕਦੇ ਹਨ ਕਿ ਗੁਰੂ ਦੇ ਦਿੱਤੇ ਸਿਧਾਂਤ ਕਿਸੇ ਐਕਟ ਦੀ ਉਪਜ ਨਹੀਂ ਹੋ ਸਕਦੇ।ਮਸਲਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਸਿੱਖਾਂ ਦੀ ਸਵਕ੍ਰਿਤੀ (ਅਕਸੇਪਟੇਂਸ) ਹੈ। 'ਗੁਰੂ' ਕਾਨੂਨ ਦੇ ਐਕਟ ਰਾਹੀਂ ਸਥਾਪਤ ਨਹੀਂ ਹੋਇਆ ਨਾ ਹੋ ਸਕਦਾ ਹੈ।ਗੁਰੂ ਵਲੋਂ ਅਕਾਲ ਤਖ਼ਤ ਦੀ ਸਥਾਪਨਾ ਵੀ ਸਿੱਖਾਂ ਦੀ ਸਵਕ੍ਰਿਤੀ (ਅਕਸੇਪਟੇਂਸ) ਹੈ ਨਾ ਕਿ ਸਿੱਖਾਂ ਦੀ ਇਜਾਦ (ਕ੍ਰਿਏਸ਼ਨ)।ਐਕਟ ਦੁਆਰਾ ਪ੍ਰਬੰਧਕ ਕਮੇਟਿਆਂ ਦਾ ਨਿਜ਼ਾਮ ਤਾਂ ਬਣ ਸਕਦਾ ਸੀ ਪਰ ਅਕਾਲ ਤਖ਼ਤ ਵਰਗਾ ਮੁੱਡਲਾ ਸਿਧਾਂਤ ਨਹੀਂ!
ਇਤਹਾਸ ਵਿਚ ਸਪਸ਼ਟ ਹੈ ਕਿ ਸ਼੍ਰੀ ਅਕਾਲ ਤਖ਼ਤ ਦੀ ਉਸਾਰੀ ਹੋਂਣ ਬਾਦ ਸ਼੍ਰੀ ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦੇ ਭੋਗ ਉਂਪਰੰਤ ਸ਼੍ਰੀ ਅਕਾਲ ਤਖ਼ਤ ਦਿਵਾਨ ਸਜਦੇ ਜਿਥੇ ਸਿੱਖਾਂ ਦੇ ਮਸਲੇ ਨਜਿੱਠੇ ਜਾਂਦੇ ਸੀ।ਇੰਝ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਪਸੀ ਝੱਗੜੇ/ਮਸਲੇ ਨਿਪਟਾਉਂਣ ਲਈ ਗੁਰੂ ਜੀ ਦੇ ਪਾਸ ਇਥੇ ਹੀ ਆਉਂਣ ਲਗੇ ਸੀ।
ਗੁਰੂ ਜੀ ਦੇ ਇਸ ਦਰਬਾਰ ਵਿਚ ਦੂਸਰੇ ਰਾਜਿਆਂ ਦੇ ਦੂਤ ਵੀ ਆਉਂਦੇ ਸੀ ਜਿਨਾਂ੍ਹ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਗੁਰੂ ਜੀ ਵੀ ਅਪਣੇ ਪ੍ਰਤੀਨਿਧੀ ਵੀ ਹੋਰ ਰਾਜਿਆਂ ਪਾਸ ਭੇਜਦੇ ਸੀ।ਗੁਰੂ ਜੀ ਇਥੋਂ ਫ਼ੁਰਮਾਨ ਜਾਰੀ ਕਰਦੇ ਸੀ ਜਿਸ ਨੂੰ ਮੰਨਣਾ ਸਿੱਖਾਂ ਦਾ ਫ਼ਰਜ਼ ਸੀ ਅੰਮ੍ਰਿਤਸਰ ਸ਼ਹਿਰ ਲਾਹੋਰ ਜਾਦੇ ਮੁੱਖ ਮਾਰਗ ਤੇ ਵੱਸੇ ਹੋਂਣ ਕਾਰਨ ਚੁੰਕਿ ਜੰਗੀ ਤੋਰ ਤੇ ਸੁਰਖਿਅਤ ਨਹੀਂ ਸੀ ਇਸ ਲਈ ਸਮੇਂ ਅਤੇ ਜੰਗੀਂ ਸਥਿਤਿਆਂ ਕਾਰਣ ਗੁਰੂ ਜੀ ਨੂੰ ਅਕਾਲੀ ਇਨਸਾਫ਼ ਦੇ ਇਸ ਪ੍ਰਤੀਕਾਤਮਕ ਤਖ਼ਤ ਤੋਂ ਦੂਰ ਮੁਕਾਮ ਕਰਨਾ ਪਿਆ ਪਰ ਇਸ ਦਾ ਸਿਧਾਂਤ ਨਹੀਂ ਬਦਲਿਆ ਨਾ ਹੀ ਇਹ ਸਿੱਖਾਂ ਦੇ ਮਾਨਸਕ ਪੱਟਲ ਤੋਂ ਹੱਟਿਆ।ਸਿਧਾਂਤ ਸਪਸ਼ਟ ਸੀ ਕਿ ਪਰਮਾਤਮਾ ਦੇ ਇਨਸਾਫ਼ ਮੁਤਾਬਕ ਹੀ ਗੁਰਮਤਿ ਦੀ ਰੋਸ਼ਨੀ ਵਿਚ ਹੱਕ ਲੇਂਣ ਅਤੇ ਹੱਕ ਦੇਂਣ ਲਈ ਪੰਥਕ ਕਾਰ ਚਲਾਉਂਣੀ।ਇਹ ਸਾਰੀ ਮਨੁੱਖਤਾ ਲਈ ਇਕ ਸੰਦੇਸ਼ ਸੀ।
ਸਿੰਘ ਸਭਾ ਲਹਿਰ ਦੇ ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨ ਲਈ ਪੰਥਕ ਉਪਰਾਲਾ ਕੀਤਾ।ਇਹ ਗੁਰੂਆਂ ਦੇ ਬਾਦ ਦੇ ਇਤਹਾਸ ਵਿਚ ਇਕ ਵਿਲੱਖਣ ਉਪਰਾਲਾ ਸੀ।ਇਸ ਨੂੰ ਤਿਆਰ ਕਰਨ ਲਈ ਵਿਦਵਾਨਾਂ ਨੇ ਗੁਰਮਤਿ ਅਤੇ ਪੁਰਾਤਨ ਰਹਿਤਨਾਮਿਆਂ ਦੀ ਘੋਖ ਕੀਤੀ।ਇਸ ਉਪਰਾਲੇ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਵਿਚ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਨਹੀਂ ਕੀਤੀ ਗਈ ਬਲਕਿ ਇਸ ਇਦਾਰੇ ਨੂੰ ਸਵੀਕਾਰ ਕਰਕੇ ਹੀ ਤੁਰੀਆ ਗਿਆ।ਮਿਸਾਲ ਦੇ ਤੋਰ ਤੇ ਦੋ ਗਲਾਂ ਹੀ ਵਿਚਾਰ ਲਈਏ:-
(੧) ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਤੇ ਨਾਮ ਤੇ ਜਾਰੀ ਕੀਤੀ ਗਈ ਸੀ!ਇਸ ਦੇ ਬਣਨ ਸਮੇਂ ਦੋਰਾਨ ਵੀ ਅਕਾਲ ਤਖ਼ਤ ਦੇ ਜੱਥੇਦਾਰ ਮਿਟਿੰਗਾਂ ਵਿਚ ਵੀ ਲਿਖਤੀ ਮੋਜੂਦਗੀ ਹੁੰਦੀ ਸੀ।
(੨) ਸਿੱਖ ਰਹਿਤ ਮਰਿਆਦਾ ਦੇ ਅੰਤ ਵਿਚ ਦਰਜ ਹੈ:-
(੫) ਸਥਾਨਕ ਫ਼ੈਸਲਿਆਂ ਦੀ ਅਪੀਲ
"ਸਥਾਨਕ ਗੁਰ-ਸੰਗਤਾ ਦੇ ਫ਼ੈਸਲਿਆਂ ਦੀ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ"ਜਿਹੜੇ ਸੱਜਣ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਸਿੱਖ ਰਹਿਤ ਮਰਿਆਦਾ ਵਿਚ ਤਲਾਸ਼ਦੇ ਹਨ ਉਹ ਇਸ ਨੁੱਕਤੇ ਤੋਂ ਖੂੰਜੇ ਹੋਏ ਪ੍ਰਤੀਤ ਹੁੰਦੇ ਹਨ।ਸਿੱਖ ਰਹਿਤ ਮਰਿਆਦਾ ਦੀ ਇਹ ਆਖ਼ਰੀ ਮੱਧ ਗੁਰੂ ਵਲੋਂ ਉਸਾਰੇ/ਵਰਤੇ ਸ਼੍ਰੀ ਅਕਾਲ ਤਖ਼ਤ ਦੇ ਇਦਾਰੇ ਦੀ ਹੋਂਦ ਬਾਰੇ ਪੰਥਕ ਪ੍ਰਵਾਣਗੀ (ਅਕਸੇਪਟੇਂਸ ਨਾ ਕਿ ਸੈਂਕਸ਼ਨ) ਨੂੰ ਸਪਸ਼ਟ ਕਰਦੀ ਹੈ।ਰਹਿਤ ਮਰਿਆਦਾ ਦਾ ਕੰਮ ਰੁਹ-ਰੀਤ ਤਿਆਰ ਕਰਨਾ ਸੀ ਨਾ ਕਿ ਅਕਾਲ ਤਖ਼ਤ ਦਾ ਇੰਨਸਟੀਚੁਯਸ਼ਨ।ਇਹ ਤਾਂ ਗੁਰੂ ਦਾ ਕੰਮ ਸੀ ਜੋ ਉਹ ਕਰ ਗਏ ਸੀ ਜਿਸਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਬਣਨ ਤੋਂ ਸਦਿਆਂ ਪਹਿਲਾਂ ਲਿਖੇ ਇਤਹਾਸਕ ਸੋਮਿਆਂ ਵਿਚ ਸਪਸ਼ਟ ਮਿਲਦਾ ਹੈ ਅਤੇ ਸਿਧਾਂਤ ਗੁਰਬਾਣੀ ਵਿਚ।
ਜੇ ਕਰ ਸਿੱਖ ਰਹਿਤ ਮਰਿਆਦਾ ਨੇ ਇਹ ਵਿਵਸਥਾ ਸਿਰਜੀ ਹੁੰਦੀ ਤਾਂ ਅੱਜ ਕੁੱਝ ਜਾਗਰੂਕ ਅਕਾਲ ਤਖ਼ਤ ਦੀ ਹੋਂਦ ਦੇ ਵਿਰੂਧ "ਸਮਝੋਤਾ ਹੋ ਗਿਆ" "ਸਾਜਿਸ਼ ਹੋ ਗਈ" ਦੇ ਲਿਖਤੀ ਨਾਰੇ ਲਾਉਂਦੇ ਨਜ਼ਰ ਆਉਂਦੇ।ਅਕਾਲ ਤਖ਼ਤ ਨੂੰ ਸਿਰਜਕੇ ਗੁਰੂ ਨੇ ਗੁਰਮਤਿ ਸਿਧਾਂਤ ਨੂੰ ਮਨੁੱਖਤਾ ਦੇ ਸਾ੍ਹਮਣੇ ਰੱਖਿਆ ਸੀ। ਇਹ ਕੰਮ ਰਹਿਤ ਮਰਿਆਦਾ ਦਿਆਂ ਮੱਧਾਂ ਰਾਹੀਂ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਰੁਹ ਰੀਤ ਕਮੇਟੀ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੋ ਸਕਦਾ ਸੀ।ਰਹਿਤ ਮਰਿਆਦਾ ਵਿਚ ਤਾਂ ਕੇਵਲ ਚਲਦੀ ਆਈ ਇਸ ਗੁਰਮਤਿ ਪਰੰਪਰਾ ਨੂੰ ਸਵੀਕਾਰ ਕੀਤਾ ਗਿਆ ਹੈ ਜਿਸ ਤੇ ਅੱਜ ਵੀ ਸਾਰਾ ਪੰਥ ਸਹਿਮਤ ਹੈ।ਜੇ ਕਿੱਧਰੇ ਕੋਈ ਉਕਾਈ ਆ ਜਾਏ ਤਾਂ ਠੀਕ ਕਰਨੀ ਬਣਦੀ ਹੈ।ਮੁੱਢਲੇ ਸਿਧਾਂਤ ਵਿਚ ਆਏ ਵਿਗਾੜ ਵਿਚ ਸੁਧਾਰ ਹੁੰਦਾ ਹੈ ਪਰ ਖਤਮ ਕਰਨਾ ਗੁਰੂ ਦੇ ਅਧਿਕਾਰ ਖੇਤਰ ਦੀ ਗਲ ਹੈ ਸਾਡੀ ਨਹੀਂ।
ਜੇਕਰ ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਈ ਹੈ ਅਤੇ ਜੇ ਕਰ ਸਿੱਖ ਰਹਿਤ ਮਰਿਆਦਾ ਪੰਥਕ ਅਤੇ ਹੋਰ ਧਾਰਮਕ ਮਸਲਿਆਂ ਬਾਰੇ ਅੰਤਿਮ ਸੁਣਵਾਈ ਅਕਾਲ ਤਖ਼ਤ ਦੇ ਪਾਸ ਸੁਰਖਿਅਤ ਕਰਦੀ ਹੈ ਤਾਂ ਇਹ ਕਹਿਣਾ ਕਿਥੋਂ ਤਕ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਵਿਚ ਅਕਾਲ ਤਖ਼ਤ ਦੀ ਕਿਸੇ ਵਿਵਸਥਾ ਦੀ ਹੋਂਦ/ਜ਼ਿਕਰ ਨਹੀਂ ਹੈ? ਉਹ ਵੀ ਉਸ ਸੂਰਤ ਵਿਚ ਜਿਸ ਵੇਲੇ ਕਿ ੯੯.੯੯% ਸਿੱਖ ਇਸ ਦੀ ਗੁਰਸਿਰਜੀ ਹੋਂਦ ਨੂੰ ਸਵੀਕਾਰਦੇ ਹਨ। ਕਹਿੰਦੇ ਹਨ ਕਿ ਸਿੱਖ ਵੰਡੇ ਹੋਏ ਹਨ ਇਕ ਨਹੀਂ ਹੁੰਦੇ! ਪਰ ਜਿਨਾਂ੍ਹ ਮੁੱਡਲੇ ਅਧਾਰਾਂ ਤੇ ਸਾਰਾ ਪੰਥ ਸਹਿਮਤ ਹੈ ਉਨਾਂ੍ਹ ਅਧਾਰਾਂ ਨੂੰ ਲੇ ਕੇ ਸਿੱਖਾਂ ਨੂੰ ਵੰਡਣ ਦੇ ਜਤਨ ਕਿਉਂ? ਕਿਸੇ ਪੰਥਕ ਮਸਲੇ ਤੇ ਉਹ ਅਕਾਲ ਤਖ਼ਤ ਦੇ ਬਜਾਏ ਕਿਸੇ ਵਿਦਵਾਨ ਦੇ ਬੁਹੇ ਬਾਹਰ ਬੈਠਣ ਗੇ? ਕੋਈ ਜਵਾਬ ਨਹੀਂ! ਕੋਈ ਸਮਾਧਾਨ ਨਹੀਂ!! ਕੇਵਲ ਅਕਾਲ ਤਖ਼ਤ ਦੀ ਹੋਂਦ ਅਤੇ ਉਸ ਬਾਰੇ ਲਗਭਗ ਸਾਰੇ ਸਿੱਖਾਂ ਸਹਿਮਤੀ ਦਾ ਹੀ ਵਿਰੋਧ ਕਿਉਂ?
ਧਿਆਨ ਵਿਚ ਰੱਖਣ ਵਾਲੀ ਗਲ ਇਹ ਹੈ ਕਿ ਕਿਸੇ ਚੰਗੀ ਵਿਵਸਥਾ ਵਿਚ ਮਾੜੇ ਬੰਦੇ ਆ ਜਾਣ ਤਾਂ ਦੋਸ਼ ਪ੍ਰਬੰਧ ਦਾ ਨਹੀਂ ਬਲਕਿ ਬੰਦਿਆਂ ਦਾ ਹੁੰਦਾ ਹੈ।ਪ੍ਰਬੰਧ ਬਦਲ ਕੇ ਜੇ ਫ਼ਿਰ ਮਾੜੇ ਬੰਦੇ ਆ ਜਾਣ ਤਾਂ ਕੋਈ ਵੀ ਪ੍ਰਬੰਧ ਕੀ ਕਰੇਗਾ? ਦਸ਼ਮੇਸ਼ ਜੀ ਆਪ ਤਾਂ ਹੈ ਨਹੀਂ ਕਿ ਅਕਾਲ ਤਖ਼ਤ ਦੇ ਸਿਧਾਂਤਕ ਪ੍ਰਬੰਧ ਨੂੰ ਬਦਲ ਕੇ ਸਿੱਖਾਂ ਨੂੰ ਕੋਈ ਹੋਰ ਪੰਥਕ ਪ੍ਰਬੰਧ ਦੇ ਦੇਂਣ।
ਜੇਕਰ ਅਕਾਲ ਤਖ਼ਤ ਦੀ ਵਿਵਸਥਾ ਦਾ ਵਿਰੌਧ ਇਸ ਤਰਕ ਤੇ ਕੀਤਾ ਜਾਏ ਕਿ ਐਸੀ ਵਿਵਸਥਾ ਗੁਰੂਆਂ ਦੇ ਸਮੇਂ ਨਹੀਂ ਸੀ ਤਾਂ ਇਹ ਹਾਸੋ ਹੀਣਾ ਤਰਕ ਹੈ ਕਿਉਂਕਿ ਜਦੋਂ ਗੁਰੂ ਆਪ ਮੋਜੂਦ ਸਨ ਤਾਂ ਪੰਥਕ ਫੈਸਲੇ ਉਹ ਆਪ ਕਰਦੇ ਸੀ ਸਿੱਖ ਨਹੀਂ।ਤੇ ਫ਼ਿਰ ਜੇ ਕਰ ਇਸੇ ਤਰਕ ਦੇ ਅਧਾਰ ਤੇ ਅਕਾਲ ਤਖ਼ਤ ਦੀ ਵਿਵਸਥਾ ਨੂੰ ਭੰਗ ਕਰ ਨਵੀਂ ਵਿਵਸਥਾ ਖੜੀ ਕੀਤੀ ਜਾਏ ਤਾਂ ਉਸ ਨਵੀਂ ਵਿਵਸਥਾ ਦੀ ਇਤਹਾਸਕ ਹੋਂਦ ਕੀ ਹੋਵੇਗੀ? ਨਿਰਸੰਦੇਹ ਕੋਈ ਵੀ ਨਹੀਂ !
ਇਹ ਇਕ ਸੁਭਾਵਕ ਜਿਹੀ ਗਲ ਸੀ ਕਿ ਗੁਰੂਆਂ ਦੇ ਬਾਦ ਸਿੱਖਾਂ ਨੇ ਪੰਥਕ ਕਾਰ ਚਲਾਉਂਣ ਲਈ ਆਪ ਗੁਰਮਤਿ ਅਨੁਸਾਰ ਫ਼ੈਸਲੇ ਲੇਂਣੇ ਸਨ ਜਿਸ ਲਈ ਗੁਰਮਤਿ ਅਨੁਸਾਰ ਗੁਰੂ ਦੇ ਉਸਾਰੇ ਅਕਾਲ ਤਖ਼ਤ ਦੇ ਸਿਧਾਂਤ/ਪ੍ਰਤੀਕ ਦੀ ਪੰਥਕ ਵਰਤੋਂ ਸ਼ੂਰੂ ਹੋਈ।ਕਈਆਂ ਨੇ ਇਸ ਦੀ ਦੁਰਵਰਤੋਂ ਵੀ ਕੀਤੀ।ਜਿਵੇਂ ਕਿ ਕਈਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਵੀ ਮਨਮਤਿ ਕਰਦੇ ਹਨ।ਇਸ ਸੂਰਤ ਵਿਚ ਕੋਂਣ ਕਿਸ ਤੋਂ ਖਹਿੜਾ ਛੁੜਵਾਏਗਾ?
ਫ਼ਿਰ ਉਨਾਂ੍ਹ ਨਾਸਤਕ ਵੀਰਾਂ ਦਾ ਕੀ ਕਸੂਰ ਜੇ ਉਹ ਧਰਮ ਨੂੰ ਦੋਸ਼ੀ ਮੰਨਦੇ ਉਸਦੇ ਸਫ਼ਾਏ ਦਾ ਤਰਕ ਦਿੰਦੇ ਹਨ?
ਇਹ ਗਲ ਸਮਝਣ ਵਾਲੀ ਹੈ ਕਿ ਸਿੱਖਾਂ ਨੇ ਇਸ ਸਿਧਾਂਤਕ ਪ੍ਰਬੰਧ ਵਿਚ ਗੁਰਮਤਿ ਦਾ ਹੀ ਸਹਾਰਾ ਲੇ ਚਲਣਾ ਹੈ ਨਾ ਕਿ ਇਸ ਨੂੰ ਖ਼ਤਮ ਕਰਨ ਲਈ।
ਹਰਦੇਵ ਸਿੰਘ, ਜੰਮੂ
੨੨.੦੧.੨੦੧੨