ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜੀ ਪਾਸ ਬੇਨਤੀ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਯੋਗ ਜੱਥੇਦਾਰ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਮਿਤੀ ੧੨ ਅਕਤੂਬਰ ੨੦੧੬ ਨੂੰ ਇਕ ਵੈਬਸਾਈਟ ਤੇ ਇਕ ਇਸ਼ਤਿਹਾਰ ਦੀ ਤਸਵੀਰ ਛੱਪੀ ਵੇਖਣ ਨੂੰ ਮਿਲੀ।ਛਾਪਣ ਵਾਲਿਆਂ ਨੇ ਭੰਭਲ ਭੂਸਾ ਵਧਾਉਣ ਲਈ ਉਸ ਤਸਵੀਰ ਦੇ ਐਨ ਵਿਚਕਾਰ ਅੰਗ੍ਰੇਜ਼ੀ ਅੱਖਰਾਂ ਵਿਚ ਆਪਣੇ ਵਲੋਂ "SHAMEFUL ACT" ਲਿਖਿਆ ਹੋਇਆ ਸੀ ਜਿਸ ਕਰਕੇ, ਇਸ਼ਤਿਹਾਰ ਵਿਚ, ਦਸਮ ਗ੍ਰੰਥ ਦੇ ਅਖੰਡ ਪਾਠ ਤੋਂ ਇਲਾਵਾ ਦਸਮ ਗ੍ਰੰਥ ਦੀ ਯਾਤਰਾ ਬਾਰੇ ਸੁਚਨਾ ਸਪਸ਼ਟ ਨਹੀਂ ਸੀ ਹੋ ਰਹੀ।ਦਾਸ ਨੁੰ ਇਸ਼ਤਿਹਾਰ ਵਿਚ ਦਿੱਤੇ ਸੰਪਰਕ ਨੰ: ਤੇ ਫੋਨ ਕਰਨ ਤੇ ਪਤਾ ਚਲਿਆ ਕਿ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗੁਆਈ ਹੇਠ ਹੋਵੇਗੀ।
ਫੋਨ
ਚੁੱਕਣ ਵਾਲੇ ਸੱਜਣ ਨੇ ਇਹ ਵੀ ਕਿਹਾ ਕਿ 'ਦਸਮ ਪ੍ਰਕਾਸ਼ ਯਾਤਰਾ' ਦੇ ਨਾਮ ਦਾ ਅਰਥ ਦਸਮ ਗ੍ਰੰਥ ਦੀ ਯਾਤਰਾ ਨਹੀਂ ਬਲਕਿ ਇਹ ਯਾਤਰਾ ਦਸਮ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹੈ ਅਤੇ ਇਸ ਲਈ ਇਸਦਾ ਨਾਮ 'ਦਸਮ ਪ੍ਰਕਾਸ਼ ਯਾਰਤਾ' ਹੈ।ਉਸ ਨੇ ਸਵੀਕਾਰ ਕੀਤਾ ਕਿ ਯਾਤਰਾ ਵਿਚ ਦਸਮ ਗੰਥ ਵੀ ਹੋਵੇਗਾ
ਖ਼ੈਰ, ਯਾਤਰਾ ਵਿਰੋਧੀਆਂ ਨੇ 'ਦਸਮ ਪ੍ਰਕਾਸ਼ ਯਾਤਰਾ' ਨੂੰ “ਦਸ਼ਮ ਗ੍ਰੰਥ ਯਾਤਰਾ” ਦਾ ਨਾਮ ਦੇ ਦਿੱਤਾ।ਇਸੇ ਸਬੰਧ ਵਿਚ ਆਪ ਜੀ ਦਾ ਇਕ ਬਿਆਨ ਵੀ ਪੜਨ ਨੂੰ ਮਿਲਿਆ ਹੈ ਕਿ ਜਿਸ ਵਿਚ ਆਪ ਜੀ ਨੇ ਦੱਸਿਆ ਹੈ ਕਿ ਪ੍ਰਬੰਧਕਾਂ ਵਲੋਂ ਦਿੱਤੇ ਭਰੋਸੇ ਅਨੁਸਾਰ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀਅਤੇ ਪੰਜ ਪਿਆਰਿਆਂ ਦੀ ਅਗੁਆਈ ਹੇਠ ਹੀ ਹੋਵੇਗੀ।
ਜੱਥੇਦਾਰ ਜੀ ਇਸ ਸਬੰਧ ਵਿਚ ਮੈਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਭਾਵਨਾ ਅਨੁਸਾਰ ਆਪ ਜੀ ਦਾ ਧਿਆਨ ਦੋ ਨੁੱਕਤਿਆਂ ਪਾਸੇ ਦਵਾਉਣਾ ਚਾਹੁੰਦਾ ਹਾਂ। ਪਹਿਲਾ ਇਹ ਕਿ ਕੋਈ ਵੀ ਸਥਾਨ ਜਿਸ ਵਿਚ ਕੇਵਲ ਦਸਮ ਗ੍ਰੰਥ ਦਾ ਪ੍ਰਕਾਸ਼ ਹੋਵੇ ਉਹ ਸਥਾਨ ਗੁਰੂਦਵਾਰਾ ਨਹੀਂ ਕਿਹਾ ਜਾ ਸਕਦਾ।ਦੂਜਾ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਹੋਰ ਗ੍ਰੰਥ-ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਕਿਸੇ ਗੁਰਦੁਆਰੇ ਅੰਦਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੈ।ਸ਼੍ਰੋਮਣੀ ਕਮੇਟੀ ਸਿੱਖਾਂ ਦਾ ਅਸਲ ਪ੍ਰਤੀਨਿਧੀ ਹੋਣ ਦਾ ਮਾਣ ਹਾਸਲ ਕਰਦੀ ਹੈ ਤਾਂ ਉਸ ਨੂੰ ਯਾਤਰਾ ਪ੍ਰਬੰਧਕਾਂ ਨਾਲ ਇਸ ਵਿਸ਼ੇ ਬਾਰੇ ਗਲ ਕਰਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗੁਆਈ ਹੇਠ ਕੱਡੀ ਜਾ ਰਹੀ ਯਾਤਰਾ ਵਿਚ ਦਸਮ ਗ੍ਰੰਥ ਦਾ ਪ੍ਰਦਰਸ਼ਨ ਨਾ ਕੀਤਾ ਜਾਏ। ਪਰ ਇਨ੍ਹਾਂ ਦਿਨੀਂ ਕਮੇਟੀ ਦਾ ਕੰਟਰੋਲ ਨਾ ਤਾਂ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲਿਆਂ ਤੇ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲਿਆਂ ਤੇ! ਕਮੇਟੀ ਦਾ ਕੰਟਰੋਲ ਉਨ੍ਹਾਂ ਸੱਜਣਾ ਤੇ ਵੀ ਨਹੀਂ ਜੋ ਕਿ ਗੁਰੂਬਾਣੀ ਨੂੰ ਬਦਲ ਕੇ ਲਿਖ ਰਹੇ ਹਨ ਅਤੇ ਬਾਣੀ ਲਿਖਤ ਤੇ ਸਿਲਸਿਲੇ ਵਾਰ ਕਿੰਤੂ ਕਰਦੇ ਹਨ।ਇਸ ਲਈ ਆਪ ਜੀ ਪਾਸ ਬੇਨਤੀ ਹੈ ਕਿ ਸ਼੍ਰੀ ਅਕਾਲ ਤੱਖਤ ਦੇ ਜੱਥੇਦਾਰ ਹੋਣ ਦੇ ਨਾਤੇ ਆਪ ਜੀ, ਤਿੰਨੇ ਪ੍ਰਕਾਰ ਦੇ ਸੱਜਣਾਂ ਨੂੰ ਤਾੜਨਾ ਕਰਨ ਬਾਰੇ ਵਿਚਾਰ ਕਰੋ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦਸਮ ਗ੍ਰੰਥ ਦੇ ਪ੍ਰਦਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਨ੍ਹਾਂ ਦੀ ਬਾਣੀ ਬਾਰੇ ਕਿੰਤੂ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਦਲ ਕੇ ਲਿਖਣ ਤੋਂ ਗੁਰੇਜ਼ ਕਰਨ!
ਹਰਦੇਵ ਸਿੰਘ, ਜੰਮੂ- ੨੨.੧੦.੨੦੧੬