ਖ਼ਾਲਸਾ ਪੰਥ ਨੂੰ ਸਵਾਲ ?
ਹਰਦੇਵ
ਸਿੰਘ,ਜੰਮੂ
ਗੁਰੂ ਨਾਨਕ ਜੀ ਨੇ ਆਪਣੇ ਦਸਵੇਂ ਸਰੂਪ ਵਿਚ ਖ਼ਾਲਸਾ ਪੰਥ ਦੀ ਸਿਰਜਨਾ ਮੁਕੱਮਲ ਕੀਤੀ।ਗੁਰੂ ਸਾਹਿਬਾਨ ਨੇ ਪੰਥ ਦੀ ਸਿਰਜਨਾ ਵਿਚ ਕੇਵਲ 'ਇਕ ਪੰਥ' ਦਾ ਸਿਧਾਂਤ ਹੀ ਦ੍ਰਿੜ ਕਰਵਾਇਆ।ਸਤਿਗੁਰਾਂ ਦੀ ਅਜ਼ੀਮ ਬਖਸ਼ਿਸ਼ਾਂ ਦੇ ਸਕਦੇ, ਮੁਸਕਿਲ ਤੋਂ ਮੁਸ਼ਕਿਲ ਹਾਲਾਤਾਂ ਵਿਚ ਵੀ ਸਿੱਖਾਂ ਨੇ, ਗੁਰੂ ਵਲੋਂ ਬਖ਼ਸ਼ੇ 'ਇਕ ਪੰਥ' ਦੇ ਸਿਧਾਂਤ ਨੂੰ ਕਦੇ ਵੀ ਭੰਗ ਨਹੀਂ ਹੋਂਣ ਦਿੱਤਾ।ਪਰ ਅੱਜ ਅਖਵਾਉਂਦੇ ਵਿਦਵਾਨ 'ਇਕ ਗੁਰੂ' ਦੀ ਗਲ ਕਰਦੇ ਉਸਦੇ ਪੰਥ ਨੂੰ ਅਨੇਕ ਪੰਥਾਂ ਵਿਚ ਪਰਿਭਾਸ਼ਤ ਕਰਨ ਦੀ ਕੁਚੇਸ਼ਟਾ ਕਰਦੇ ਹਨ।
ਐਸੇ ਕੁੱਝ ਸੱਜਣਾਂ ਨੇ ਆਪਣੇ ਹਿਤਾਂ ਦੀ ਪੁਰਤੀ ਲਈ 'ਸਿੱਖ ਪੰਥ' ਜਾਂ 'ਖ਼ਾਲਸਾ ਪੰਥ' ਲਈ ਕਈਂ ਲਕਬ ਘੱੜ ਲਏ ਹਨ, ਜਿਵੇਂ ਕਿ 'ਜਾਗਰੂਕ ਪੰਥ', 'ਸੁਚੇਤ ਪੰਥ', 'ਕਾਲਕਾ ਪੰਥ' ਅਤੇ 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ'! ਕੁੱਝ ਨੇ ਬਿਨਾਂਹ ਸੋਚੇ ਇਨਾਂਹ ਲਕਬਾਂ ਦੀ ਰੀਸ ਵੀ ਕਰ ਲਈ।
ਇਨਾਂਹ ਲਕਬਾਂ ਨੂੰ ਘੱੜਨ ਵਾਲੇ ਜਾਣਦੇ ਹਨ ਕਿ ਗੁਰੂ ਸਾਹਿਬਾਨ ਦਾ ਸਿਰਜਿਆ ਅਜ਼ੀਮ ਖ਼ਾਲਸਾ ਪੰਥ ਉਨਾਂਹ ਦੀ ਬਿਛਾਈ ਬਿਸਾਤ ਵਿਚ ਫ਼ਿੱਟ ਨਹੀਂ ਹੋ ਸਕਦਾ। ਇਸ ਲਈ ਉਨਾਂਹ ਆਪਣੀ ਆਪਣੀ ਬਿਸਾਤ ਲਈ ਆਪਣੇ-ਆਪਣੇ ਕਾਗਜ਼ੀ "ਪੰਥ" ਬਨਾ ਲਏ ਹਨ।ਉਨਾਂਹ ਨੂੰ ਕਾਗਜ਼ੀ ਕਹਿਣਾ ਹੀ ਵਾਜਬ ਹੈ ਕਿਉਂਕਿ ਉਹ ਨਾਸਮਝ ਅਤੇ ਮੌਕਾ ਪਰਸਤ ਕਲਮਾਂ ਦੀ ਉਪਜ ਹਨ, ਗੁਰੂ ਸਾਹਿਬਾਨ ਦੀ ਦੇਂਣ ਨਹੀਂ।
ਕੁੱਝ ਨਿਰਨਾਨੁਮਾਂ ਸਵਾਲ ਪੁੱਛਣ ਲਈ, ਖ਼ਾਲਸਾ ਪੰਥ ਦਾ ਅਡਰੈਸ ਭਾਲਦੇ, ਇਕ ਵਿਦਵਾਨ ਜੀ ਦਾ ਗਿਲਾ ਹੈ ਕਿ; "ਅੱਜ ਤਾਂ ਸਿੱਖੀ ਦੇ ਵਿਹੜੇ ਵਿੱਚ ਬਕਾਲੇ ਦੀਆਂ ਬਾਈ ਮੰਜੀਆਂ ਵਾਂਗੂ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗੀਆਂ ਹੋਇਆਂ ਨੇ,ਹਰ ਕੋਈ ਅਸਲ ਪੰਥ ਦਾ ਦਾਵੇਦਾਰ ਹੈ"! ਵਿਦਵਾਨ ਜੀ ਨੂੰ ਆਪਣੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਜਾਣ ਦਾ ਖ਼ਤਰਾ ਵੀ ਮਹਸੂਸ ਹੁੰਦਾ ਹੈ।
ਪਰ ਵਿਡੰਬਨਾ ਇਹ ਹੈ ਸਿੱਖੀ ਦੇ ਵਿਹੜੇ ਵਿਚ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗ ਜਾਣ ਦਾ ਦਰਦ ਪ੍ਰਗਟ ਕਰਨ ਵਾਲੇ ਵਿਦਵਾਨ ਜੀ ਨੇ ਆਪ ਵੀ 'ਦੋ' ਵੈਸੀਆਂ ਹੀ ਮੰਜੀਆਂ ਡਾਹਿਆਂ ਹਨ ਜਿਸ ਦਾ ਗਿਲਾ ਉਹ ਦੂਜੀਆਂ ਤੋਂ ਕਰ ਰਹੇ ਹਨ। ਇਨਾਂਹ ਵਲੋਂ ਆਪਣੀ ਮੰਜੀ ਨੂੰ ਉੱਚਾ ਵਖਾਉਂਣ ਲਈ ਇਕ ਦੂਜੀ ਨੀਵੀਂ ਮੰਜੀ ਵੀ ਪ੍ਰਚਾਰੀ ਗਈ। ਯਾਨੀ ਕਿ ਕਥਿਤ 'ਕਾਲਕਾ ਪੰਥ' ਦੀ ਮੰਜੀ! ਕੋਈ ਵੀ ਬੰਦਾ ਫ਼ਾਰਮ ਭਰ ਕੇ "ਉੱਚੀ ਮੰਜੀ" ਤੇ ਚੜ ਸਕਦਾ ਹੈ।ਇਸ ਮੰਜੀ ਦਾ ਦਫ਼ਤਰ ਚੰਡੀਗੜ ਹੈ, ਪਰ ਖਾਲਸਾ ਪੰਥ ਦੇ ਐਡਰੈਸ ਦਾ ਪਤਾ ਨਹੀਂ ? ਖ਼ੈਰ! ਮਾਮਲਾ ਖ਼ਾਲਸਾ ਪੰਥ ਤੋਂ ਸਵਾਲ ਪੁੱਛਣ ਦਾ ਹੈ।
ਪੰਥ ਨਾਲ ਗਲ ਕਿਵੇਂ ਕੀਤੀ ਜਾਂਦੀ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।ਅੱਜ ਤੋਂ ਕੁੱਝ ਵਰੇ ਪਹਿਲਾਂ ਐਨ.ਡੀ ਟੀ.ਵੀ. ਦੀ ਮਹਿਲਾ ਰਿਪੋਰਟਰ 'ਬਰਖਾ ਦੱਤ' ਨੇ, ਇਕ ਇੰਟਰਵਿਯੂ ਦੋਰਾਨ, ਟਾਟਾ ਕੰਪਨੀ ਦੇ ਚੈਯਰਮੈਨ 'ਰਤਨ ਟਾਟਾ' ਜੀ ਨੂੰ ਇਕ ਸਾਧਾਰਨ ਜਿਹਾ ਇਹ ਸਵਾਲ ਪੁੱਛ ਲਿਆ ਕਿ; ਉਹ ਭਾਰਤ ਦੇ ਲੋਗਾਂ ਨੂੰ ਕੀ ਸੰਦੇਸ਼ ਦੇਣਾਂ ਚਾਹੁੰਦੇ ਹਨ ? ਰਤਨ ਟਾਟਾ ਜੀ ਵਲੋਂ, ਇਸ ਸਧਾਰਨ ਜਿਹੇ ਸਵਾਲ ਦਾ ਦਿੱਤਾ ਜਵਾਬ ਬੜਾ ਦਿਲਚਸਪ ਸੀ। ਰਤਨ ਟਾਟਾ ਨੇ ਬਰਖਾ ਦੱਤ ਨੂੰ ਜਵਾਬ ਦਿੰਦੇ ਕਿਹਾ ਕਿ 'ਮੈਂ ਕੋਂਣ ਹੁੰਦਾ ਹਾਂ ਭਾਰਤ ਦੇ ਲੋਗਾਂ ਨੂੰ ਸੰਦੇਸ਼ ਦੇਂਣ ਵਾਲਾ? ਮੇਰੀ ਉਹ ਹੈਸੀਅਤ ਨਹੀਂ!
ਪਰ ਇੱਥੇ ਤਾਂ ਗਲ ਖ਼ਾਲਸਾ ਪੰਥ ਦੀ ਹੈ।ਕੋਈ ਵਿਦਵਾਨ ਪੰਥਕ ਵਿਦਵਾਨਾਂ ਤੋਂ ਤਾਂ ਸਵਾਲ ਪੁੱਛ ਸਕਦਾ ਹੈ ਪਰ ਕੋਈ ਵਿਦਵਾਨ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦਾ ਯਤਨ ਕਰੇ ਤਾਂ ਇਹ ਸੋਚ ਖ਼ੁਦੀ ਨੂੰ ਪੰਥ ਨਾਲੋਂ ਬੁਲੰਦ ਸਮਝਣ ਦੀ ਪ੍ਰਤੀਤ ਹੁੰਦੀ ਹੈ।ਸ਼੍ਰੋਮਣੀ ਕਮੇਟੀ ਵਰਗੀ ਕਿਸੇ ਪੰਥਕ ਸੰਸਥਾ ਤੋਂ ਸਵਾਲ ਪੁੱਛਣਾ ਕੋਈ ਮਾੜੀ ਗਲ ਨਹੀਂ, ਪਰ ਖ਼ਾਲਸਾ ਪੰਥ ਨੂੰ ਸਵਾਲ ਪੁੱਛਣ ਦੇ ਭਾਵ ਵਿਚ ਅਹੰਕਾਰ ਦਾ ਅਕਸ ਲਰਜ਼ਦਾ ਪ੍ਰਤੀਤ ਹੁੰਦਾ ਹੈ।ਕਿਉਂਕਿ ਇਹ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦੀ ਸ਼ਖਸੀ ਤਲਬ ਹੀ ਹੈ ਜੋ ਆਖਰਕਾਰ ਸ਼੍ਰੋਮਣੀ ਕਮੇਟੀ ਦੇ ਦਰ ਆ ਪੁੱਜੀ ਹੈ।ਕਮੇਟੀ ਨੂੰ ਸਵਾਲ ਤਾਂ ਬਿਨਾਂਹ ਪੰਥ ਨੂੰ ਤਲਾਸ਼ੇ ਵੀ ਪੁੱਛੇ ਜਾ ਸਕਦੇ ਸੀ।
ਸਿੱਖ ਕੁੱਝ ਸਮਝਣ ਲਈ ਖ਼ਾਲਸੇ ਪੰਥ ਨੂੰ ਅਰਜੋਈ ਕਰ ਸਕਦਾ ਹੈ।ਪਰ ਜੇ ਕਰ ਕੋਈ ਆਪਣੀ ਹੀ ਮੰਜੀ ਨੂੰ 'ਉੱਚਾ' ਅਤੇ 'ਅਸਲੀ' ਸਮਝਦਾ ਹੈ ਤਾਂ ਉਸ ਨੂੰ ਸਵਾਲ ਪੁੱਛਣ ਦੀ ਲੋੜ ਵੀ ਕੀ ਹੈ? ਇਹ ਸਵਾਲ ਮਹੱਤਵ ਪੁਰਨ ਹੈ।ਕਿਉਂ ਮਹੱਤਵਪੁਰਨ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।
ਦਰਅਸਲ ਇਹ ਇਕ ਪੜਾਅ ਵਰ ਕਸਰਤ ਜਿਹੀ ਪ੍ਰਤੀਤ ਹੁੰਦੀ ਹੈ ਕਿ ਕਿਸੇ ਦਿਨ ਆਪਣੇ ਗੁੱਟ ਨੂੰ ਖ਼ਾਲਸਾ ਪੰਥ ਐਲਾਨ ਕੇ, ਉਸਦੀਆਂ ਗਲਾਂ ਨੂੰ ਪੰਥਕ ਫੈਸਲਿਆਂ ਦਾ ਨਾਮ ਦਿੱਤਾ ਜਾਏ।ਇਸੇ ਕਰਕੇ ਉਹ ਵਿਦਵਾਨ ਹੁਣ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਆਪਣੇ ਸ਼ਬਦਾਂ ਦੀ ਬੁਣਤਰ ਵਿਚ "ਪੰਥ ਪਰਵਾਣਤ ਕਹੀ ਜਾਂਦੀ ਸਿੱਖ ਰਹਿਤ ਮਰਿਆਦਾ" ਲਿਖਦੇ ਹਨ ਤਾਂ ਕਿ ਬਾਦ ਵਿਚ, ਉਹ ਕਿਸੇ ਦਿਨ, 'ਉਸ' "ਸਿੱਖ ਰਹਿਤ ਮਰਿਆਦਾ" ਨੂੰ ਪੇਸ਼ ਕਰ ਸਕਣ ਜਿਸ ਦੇ ਉਹ ਬਿਲਕੁਲ ਵਿਰੌਧੀ ਨਹੀਂ, ਅਤੇ ਜੋ ਮੌਜੂਦਾ ਪੰਥਕ ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿਚ ਉਨਾਂਹ ਦੇ ਅੰਦਰੂਨੀ ਅਜੰਡੇ ਅੰਦਰ ਪਲ ਰਹੀ ਹੈ।
ਹਰਦੇਵ ਸਿੰਘ,ਜੰਮੂ-੨੭.੫.੨੦੧੩