'ਭਗਉਤੀ ਵਾਰ ਦੀ ਦੂਜੀ ਪਉੜੀ ਗੁਰਬਾਣੀ ਦੀ ਕਸਵਟੀ ਤੇ'
ਹਰਦੇਵ ਸਿੰਘ,ਜੰਮੂ
ਦੂਜਾ ਇਸ ਗੱਲ ਤੇ ਕਿ ਕਿਸੇ ਵਿਦਵਾਨ ਦਾ ਕੀ ਅਧਿਕਾਰ ਹੈ ਪੰਥ ਨੂੰ ਇਹ ਕਹਿਣ ਦਾ ਕਿ ਪੰਥ ਦੁਰਗਾ ਦਾ ਪੁਜਾਰੀ ਹੈ ? ਬਿਨਾ ਗੁਰੂ ਨਾਨਕ ਤੋਂ ਪੁੱਛੇ 'ਰਾਮ' ਤੋਂ ਨਾਨਕ ਦੇ ਭਾਵ ਦਾ ਨਿਰਨਾ ਕੋਈ ਵਿਦਵਾਨ ਆਪ ਕਿਵੇਂ ਕਰ ਸਕਦਾ ਹੈ ? ਬਿਨਾ ਭਗਤ ਨਾਮਦੇਵ ਤੋਂ ਪੁੱਛੇ, ਨਾਮਦੇਵ ਜੀ ਦੇ 'ਬੀਠਲ' ਤੋਂ ਭਾਵ ਦਾ ਨਿਰਨਾ ਕੋਈ ਦੂਜਾ ਵਿਦਵਾਨ ਕਿਵੇਂ ਕਰ ਸਕਦਾ ਹੈ ?
ਇਨਾਂ੍ਹ ਦੋਹਾਂ ਗੱਲਾ ਨੂੰ ਵਿਚਾਰ ਦੇ ਕੇਂਦਰ ਵਿਚ ਰੱਖ ਕੇ ਦਾਸ ਦੇ ਮਨ ਵਿੱਚ, ਇਸ ਦੋਸ਼ ਬਾਰੇ (ਕਿ ਸਿੱਖ ਦੁਰਗਾ ਦੇ ਅੱਗੇ ਅਰਦਾਸ ਕਰਦੇ ਹਨ) ਪੜਤਾਲ ਕਰਨ ਦੀ ਜਿਗਿਆਸਾ ਹੋਈ।ਇਸਦਾ ਵੱਡਾ ਕਾਰਨ ਇਹ ਵੀ ਸੀ ਕਿ ਕੁੱਝ ਸਿੱਖ ਵੀਰਾਂ ਨੇ ਐਸਾ ਗ਼ਿਲਾ ਦਾਸ ਨਾਲ ਵੀ ਕੀਤਾ।ਦਾਸ ਨੂੰ ਹੈਰਾਨਗੀ ਹੋਈ ਕਿ ਉਹ ਵੀਰ ਕਿਵੇਂ ਦਾਸ ਦੇ ਇਸ਼ਟਭਾਵ ਦਾ ਨਿਰਨਾ ਬਿਨਾ ਦਾਸ ਤੋਂ ਪੁੱਛੇ ਆਪ ਕਰਨ ਦਾ ਅਧਿਕਾਰ ਰੱਖ ਸਕਦੇ ਸੀ ? ਇਸੇ ਪਰਿਪੇਖ ਵਿਚ ਦਾਸ ਨੇ ਭਗਉਤੀ ਵਾਰ ਦੀ ਦੂਜੀ ਪਉੜੀ ਬਾਰੇ ਵਿਚਾਰ ਕਰਨ ਦਾ ਜਤਨ ਕੀਤਾ ਤਾਂ ਕਿ ਵਾਰ ਦੀ ਪਹਿਲੀ ਪਉੜੀ ਵਿਚ ਆਏ ਇਸ਼ਟਭਾਵ ਦਾ ਪਤਾ ਚਲ ਸਕੇ।ਵਾਰ ਦੀ ਦੂਜੀ ਪਉੜੀ:-
ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਇਸ ਪਉੜੀ ਵਿਚ ਨਿਰਸੰਦੇਹ ਅਤੇ ਸਪਸ਼ਟ ਰੂਪ ਵਿਚ ਦੁਰਗਾ ਦੇਵੀ ਪਾਤਰ ਨੂੰ ਪਰਮਾਤਮਾ ਤੋਂ ਨੀਵੀਂ ਅਵਸਥਾ ਵਿਚ ਦਰਸਾਇਆ ਗਿਆ ਹੈ ਅਤੇ ਇਹ ਵੀ ਕਹਿਆ ਗਿਆ ਹੈ ਕਿ ਉਸ ਦੁਰਗਾ ਨੇ ਵੀ ਪਰਮਾਤਮਾ ਦੀ ਬੇਅੰਤਤਾ ਦਾ ਅੰਤ ਨਹੀਂ ਪਾਇਆ। ਇਹੀ ਇਸ ਪਉੜੀ ਦਾ ਮਰਕਜ਼ੀ ਵਿਚਾਰ (Central Idea) ਹੈ।
ਪਰਮਾਤਮਾ ਦੀ ਸਰਵੋੱਚਤਾ ਦਰਸਾਉਂਣ ਲਈ, ਦੁਰਗਾ ਵਲੋਂ ਦੈਂਤਾ ਦਾ ਨਾਸ ਕਰਨ ਦੀ ਕਥਾ ਦਾ ਸੰਕੇਤਕ ਇਸਤੇਮਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਜੀ ਨੇ ਵੀ ਠੀਕ ਇੰਝ ਹੀ ਕੀਤਾ ਹੈ:-
ਜਰਾਸੰਧਿ ਕਾਲਜਮੁਨ ਸੰਘਾਰੇ॥ਰਕਤਬੀਜੁ ਕਾਲੁਨੇਮੁ ਬਿਦਾਰੇ॥ਦੈਤ ਸੰਘਾਰਿ ਸੰਤ ਨਿਸਤਾਰੇ॥੭॥ (ਪੰਨਾ ੨੨੫)
ਪੰਨਾ ੨੨੫ ਤੇ ਗੁਰੂ ਨਾਨਕ ਜੀ ਨੇ ਕੁੱਝ ਪੋਰਾਣਿਕ ਕਥਾਵਾਂ ਦਾ ਸੰਕੇਤਮਈ ਇਸਤੇਮਾਲ ਕੀਤਾ ਹੈ।ਪਾਠਕ ਉਸ ਨੂੰ ਆਪ ਪੜ ਸਕਦੇ ਹਨ ਪਰ ਇੱਥੇ ਪ੍ਰਸੰਗ ਅਨੁਸਾਰ ਕੇਵਲ ਕੁੱਝ ਅੰਸ਼ਾ ਦੇ ਪਦਅਰਥ/ਅਰਥ ਇੰਝ ਹਨ:-
ਰਕਤਬੀਜੁ—ਸੁੰਭ ਤੇ ਨਸੁੰਭ ਦਾ ਜਰਨੈਲ । ਇਸ ਦਾ ਦੁਰਗਾ ਨਾਲ ਜੰਗ ਹੋਇਆ । ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ । ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ । ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ । ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ ।
ਅਰਥ:- ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ । ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ । ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭।(ਪ੍ਰੋ. ਸ਼ਾਹਿਬ ਸਿੰਘ ਜੀ)
ਭਾਵ ਅਰਥ ਕਿ ਇਹ 'ਕਥਾਨਕ ਵਰਤਾਰੇ' ਕਰਵਾਉਣ ਵਾਲਾ ਵੀ ਪਰਮਾਤਮਾ ਹੀ ਹੈ ਜਿਸਦਾ ਅੰਤ ਕਥਾਨਕ ਪਾਤਰਾਂ ਵਿਚੋਂ ਕਿਸੇ ਨੇ ਵੀ ਨਹੀਂ ਪਾਇਆ।ਗੁਰਬਾਣੀ ਵਿਚ ਨੁੱਕਤੇ ਸਪਸ਼ਟ ਕਰਨ ਲਈ ਇਨਾਂ੍ਹ ਕਥਾਵਾਂ ਦੀ ਸੰਕੇਤਕ ਵਰਤੋਂ ਹੈ ਤਾਂ ਕਿ ਲੋਕਾਈ ਦੇ ਵਿਸ਼ਵਾਸਾਂ ਵਿਚ ਪ੍ਰਚਲਤ ਕਥਾਵਾਂ ਦੇ ਮਾਧਿਅਮ ਰਾਹੀਂ ਇੱਕ ਅਕਾਲ ਪੁਰਖ ਦੀ ਸਰਵੋਚਤਾ ਬਾਰੇ ਸਮਝਾਇਆ ਜਾ ਸਕੇ।
ਹੁਣ ਇਸ ਪਉੜੀ ਵਿਚ ਵਰਤੇ ਖੰਡਾ ਸ਼ਬਦ ਦੇ ਅਰਥ ਵੀ ਵਿਚਾਰ ਲਈਏ।ਭਾਈ ਕਾਨ ਸਿੰਘ ਜੀ ਨਾਭਾ ਨੇ 'ਖੰਡਾ' ਦੇ ਅਰਥ ਦੋਧਾਰਾ ਖਡਗ ਤੋਂ ਇਲਾਵਾ ਇੰਝ ਵੀ ਕੀਤੇ ਹਨ:-੨. ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ. "ਖੰਡਾ ਪ੍ਰਿਥਮੈ ਸਜਕੈ ਜਿਨਿ ਸਭ ਸੰਸਾਰ ਉਪਾਇਆ") ਸਾਨੂੰ ਹੁਣ ਵਧੇਰੀ ਸਪਸ਼ਟਤਾ ਲਈ ਮਾਇਆ ਦੇ ਅਰਥ ਵੀ ਦੇਖਣੇ ਪੇਂਣ ਗੇ।
ਮਾਇਆ ਦੇ ਅਰਥ ਹੋਰ ਅਰਥਾਂ ਨਾਲ ਇਵੇਂ ਕੀਤੇ ਹਨ:- ੫. ਜਗਤ ਰਚਨਾ ਦਾ ਕਾਰਣ ਰੂਪ ਈਸ਼ਰ ਦੀ ਸ਼ਕਤੀ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ (ਮਾਰੂ ਸੋਹਲੇ ਮ. ੩) ਪੰਨਾ ੯੫੮, ਮਹਾਨ ਕੋਸ਼। ਮਾਇਆ ਬਾਰੇ ਗੁਰੂ ਨਾਨਕ ਜੀ ਜਪੁ ਵਿਚ ਆਪਣਾ ਮਤ ਇੰਝ ਸਪਸ਼ਟ ਕਰਦੇ ਹਨ:-
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥(ਜਪੁ)
ਅਰਥ:- (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੇ ਫ਼ੁਰਮਾਣੁ॥ਉਹ ਵੇਖੈ ਉਨਾ ਨਦਰਿ ਨ ਆਵੈ ਬਹੁਤਾ ਏਹ ਵਿਡਾਣੁ॥(ਜਪੁ)
ਅਰਥ:- (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਇਸ ਵਿਚਾਰ ਰਾਹੀਂ ਗੁਰੂ ਨਾਨਕ ਜੀ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਤਿੰਨ ਪੁੱਤਰਾਂ ਦੀ ਜਨਨੀ ਕਹੀ ਜਾਂਦੀ ਇੱਕਲੀ ਮਾਇਆ (ਖੰਡਾ) ਦੀ ਸਿਰਜਨਾ ਕਰਨ ਵਾਲਾ ਅਕਾਲ ਪੁਰਖ ਆਪ ਹੈ ਜਿਸਦੀ ਬੇਅੰਤਨਾ ਦਾ ਭੇਦ ਮਾਇਆ ਅਤੇ ਉਸ ਦੇ ਪੁੱਤਰ ਵੀ ਨਹੀਂ ਜਾਣ ਸਕਦੇ ਕਿਉਂਕਿ ਜਗਤ ਦੀ ਕਾਰ ਚਲਾਉਂਣ ਵਾਲਾ ਉਹ ਪ੍ਰਭੂ ਆਪ ਹੀ ਹੈ।ਸਵਾਮੀ ਦਯਾਨੰਦ ਪ੍ਰਕ੍ਰਿਤਿ (ਮਾਇਆ) ਨੂੰ ਉਸਦੇ 'ਕਾਰਣ ਸਵਰੂਪ' ਵਿਚ ਅਕਾਲ ਮੰਨਦਾ ਹੈ ਪਰ ਗੁਰੂ ਨਾਨਕ ਮਾਇਆ (ਖੰਡਾ) ਨੂੰ ਸਾਜਣ ਵਾਲੇ ਅਕਾਲ ਪੁਰਖ ਨੂੰ ਹੀ ਅਕਾਲ ਅਤੇ ਅਭੇਦ ਮੰਨਦੇ ਹਨ। ਇਹ 'Nankian Monotheism' ਦਾ ਅਹਿਮ ਨੁੱਕਤਾ ਹੈ।ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ ਆਏ ਖੰਡਾ ਸ਼ਬਦ ਦਾ ਅਰਥ ਸਪਸ਼ਟ ਰੂਪ ਵਿਚ ਪਉੜੀ ਦੇ ਸਮੁੱਚੇ ਭਾਵ ਅਨੁਸਾਰ ਖਡਗ ਕਦਾਚਿਤ ਨਹੀਂ ਨਿਕਲਦਾ।
ਇਸ ਲਈ ਇੱਥੇ ਭਾਈ ਕਾਨ ਸਿੰਘ ਜੀ ਵਲੋਂ ਕੀਤਾ ਅਰਥ (ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ) ਠੀਕ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਗੁਰਮਤਿ ਅਨੁਸਾਰ ਪਰਮਾਤਮਾ ਹੀ ਮਾਇਆ ਰਾਹੀਂ ਸੰਸਾਰ ਨੂੰ ਸਾਜਣ ਵਾਲਾ ਹੈ।
ਮਾਇਆ ਕਾ ਮੂਲੁ ਰਚਾਇਉਨ ਤੁਰੀਆ ਸੁਖੁ ਪਾਇਆ॥੨॥(ਪੰਨਾ ੫੦੯)
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਬਤ ਖੰਡਾ ਸ਼ਬਦ ਦੀ ਵਰਤੋਂ ਇੰਝ ਹੀ ਹੋਈ ਹੈ:-ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਈ॥ (ਗੁਰੂ ਨਾਨਕ, ਪੰਨਾ ੨)
ਪ੍ਰੋ. ਸਾਹਿਬ ਸਿੰਘ ਜੀ ਨੇ ਨਵਾਂ ਖੰਡਾ ਦੇ ਪਦਅਰਥ ਇੰਝ ਕੀਤੇ ਹਨ:- ਨਵਾ ਖੰਡਾ ਵਿਚਿ-ਭਾਵ, ਸਾਰੀ ਸ੍ਰਿਸ਼ਟੀ ਵਿਚਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ॥੩॥ (ਪੰਨਾ ੧੪੧੩)
ਇੱਥੇ ਵੀ ਪ੍ਰੋ. ਸਾਹਿਬ ਸਿੰਘ ਜੀ ਨੇ ਨਵਾਂ ਖੰਡਾ ਦੇ ਪਦਅਰਥ ਇੰਝ ਕੀਤੇ ਹਨ:- ਨਵਾ ਖੰਡਾ ਵਿਚਿ—ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ ।
ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ 'ਖੰਡਾ' ਦਾ ਅਰਥ ਦੋਧਾਰੀ ਸ਼ਸਤਰ ਲੇਂਣਾ ਕਦਾਚਿੱਤ ਠੀਕ/ਢੁਕਵਾਂ ਨਹੀਂ ਕਹਿਆ ਜਾ ਸਕਦਾ।
ਹੁਣ ਭਗਉਤੀ ਦੀ ਵਾਰ ਦੀ ਦੂਜੀ ਪਉੜੀ ਵਿਚ ਪਰਮਾਤਮਾ ਦੀ ਮਹਾਨਤਾ ਨੂੰ ਦਰਸਾਉਂਣ ਲਈ ਵਰਤੇ ਸੰਕੇਤਕ ਦ੍ਰਿਸ਼ਟਾਂਤ ਠੀਕ ਉਹੀ ਹਨ ਜਿਵੇਂ ਕਿ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ।ਦੁਰਗਾ ਦੀ ਕਥਾ ਦਾ ਸੰਕੇਤਕ ਇਸਤੇਮਾਲ ਅਸੀਂ ਉੱਪਰ ਗੁਰਬਾਣੀ ਦੇ ਹਵਾਲੇ ਰਾਹੀਂ ਵਿਚਾਰ ਆਏ ਹਾਂ। ਬਾਕੀ ਵਰਤੇ ਗਏ ਸੰਕੇਤਕ ਦ੍ਰਿਸ਼ਟਾਂਤ ਇੰਝ ਹਨ:-
(੧) ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਣੈ ਬੀਚਾਰ।੪॥ (੫੦੪)
ਅਰਥ:- ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ(ਆਦਿਕ ਤੱਤ)ਰਚੇ,ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।ਹੇ ਪ੍ਰਭੂ!(ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ)ਸਾਰੇ ਹੀ(ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ)ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ।(ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ।੪।
(੨) ਪਉੜੀ॥ ਸੰਜੋਗੁ ਵਿਜੋਗੁ ਉਪਾਇਉਨੁ ਸ੍ਰਿਸਟੀ ਕਾ ਮੂਲ ਰਚਾਇਆ॥ ਹੁਕਮੀ ਸ੍ਰਿਸਟਿ ਸਾਜਿਅਨੁ ਜੋਤੀ ਜੋਤਿ ਮਿਲਾਇਆ॥ਜੋਤਿ ਹੂੰ ਸਭੁ ਚਾਨਣਾ ਸਤਿਗੁਰਿ ਸਬੁਦ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ਮਾਇਆ ਕਾ ਮੂਲੁ ਰਚਾਇਉਨ ਤੁਰੀਆ ਸੁਖੁ ਪਾਇਆ॥੨॥(ਪੰਨਾ ੫੦੯)
ਅਰਥ:- ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।ਉਸ ਨੇ ਆਪਣੇ ਬਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ)ਜੋਤਿ ਰਲਾਈ।ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।
(੩) ਪਉੜੀ॥ਅੰਸਾ ਅਉਤਾਰੁ ਉਪਾਇਉਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹਹੀ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥੧੯॥ (੫੧੬)
ਅਰਥ:- ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੋਡ ਦਾ) ਭੇਦ ਨਾਹ ਲੱਭਾ।
(੪) ਪਉੜੀ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪ ਸਿਆਣੀ॥ਆਪਣਾ ਚੋਜ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥੧੨॥(ਪੰਨਾ ੫੫੩)
ਅਰਥ:- ਪ੍ਰਭੂ ਆਪ ਹੀ ਦੇਵਤੇ,ਮਨੁੱਖ,(ਸ਼ਿਵ ਜੀ ਦੇ) ਗਣ,ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ,ਆਪ ਹੀ ਸ਼ਿਵ,ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ), ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ,ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮਤਿ ਵਾਲਾ ਸੁੰਦਰ ਸਰੂਪ ਵਾਲਾ ਹੈ,ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ।੧੨।
(੫) ਇਸਰੁ ਬ੍ਰਹਮਾ ਦੇਵੀ ਦੇਵਾ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ॥ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਇਦਾ॥੩॥(੧੦੩੪)
ਅਰਥ:-ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ—ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ) । ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ।੩।
(੬) ਪਉੜੀ॥ ਆਪੀਨ੍ਹਹੈ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣ ਥੰਮ੍ਹਹਾ ਗਗਨੁ ਰਹਾਇ ਸਬੁਦ ਨੀਸਾਣਿਆ॥(੧੨੭੯)
ਅਰਥ:- (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ; (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;
ਧਿਆਨ ਦੇਂਣ ਯੋਗ ਗੱਲ ਹੈ ਕਿ ਵਾਰ ਦੀ ਦੂਜੀ ਪਉੜੀ ਵਿਚ ਵੀ " ਬਿਨੁ ਥੰਮਾ ਗਗਨ ਰਹਾਇਆ" ਅਰਥਾਰਤ ਅਕਾਸ਼ ਨੂੰ ਬਿਨਾ ਖੰਮਾਂ ਦੇ ਟਿਕਾਉਣ ਦੀ ਗਲ ਲਿਖੀ ਗਈ ਹੈ।
(੭) ਪਉੜੀ॥ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥ਬ੍ਰਹਮੇ ਦਿਤੇ ਬੇਦ ਪੂਜਾ ਲਾਇਆ॥ਦਸ ਅਵਤਾਰੀ ਰਾਮੁ ਰਾਜਾ ਆਇਆ॥ਦੈਤਾ ਮਾਰੇ ਧਾਇ ਹੁਕਮਿ ਸਬਾਇਆ॥ਈਸ ਮਹੇਸੁਰੁ ਸੇਵ ਤਿਨ੍ਹਹੀ ਅੰਤ ਨ ਪਾਇਆ॥(੧੨੭੯)
ਅਰਥ:- (ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ—(ਇਹ ਤਿੰਨ) ਦੇਵਤੇ ਪੈਦਾ ਕੀਤੇ । ਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ । (ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ । ਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ
ਇਸ ਵਿਸ਼ਲੇਸ਼ਣ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਵਾਰ ਦੀ ਦੂਜੀ ਪਉੜੀ ਵਿਚ ਬਿਆਨ ਪ੍ਰਸੰਗਾਂ ਦੀ ਸੰਕੇਤਕ ਵਰਤੋਂ ਠੀਕ ਉਂਝ ਹੀ ਹੈ ਜਿਵੇਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹੈ।ਅਤੇ ਇਸ ਲਈ ਵਾਰ ਦੀ ਦੂਜੀ ਪਉੜੀ ਬਾਣੀ ਤਾਂ ਕਦਾਚਿਤ ਨਹੀਂ ਪਰ ਉਸ ਵਿਚ ਕਹੀ ਗਈ ਗੱਲ ਗੁਰਮਤਿ ਦੀ ਕਸਵਟੀ ਤੇ ਪੂਰੀ ਉਤਰਦੀ ਹੈ।
ਦੂਜੀ ਪਉੜੀ ਦੇ ਪ੍ਰਕਰਣ ਅਨੁਸਾਰ 'ਪ੍ਰਿਥਮ ਭਗਉਤੀ' ਦਾ ਅਰਥ ਦੁਰਗਾ ਨਹੀਂ ਨਿਕਲਦਾ ਬਲਕਿ ਪਰਮਾਤਮਾ ਨਿਕਲਦਾ ਹੈ।ਦੂਜੀ ਪਉੜੀ ਦਾ ਲਖਾਇਕ , ਜੋ ਕਿ ਦੁਰਗਾ ਨੂੰ ਪਰਮਾਤਮਾ ਦੇ ਹੇਠ ਦਰਸਾਉਂਦੇ ਸਪਸ਼ਟ ਕਰਦਾ ਹੈ ਕਿ ਉਸ ਦੁਰਗਾ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ,ਪ੍ਰਿਥਮ ਭਗਉਤੀ ਤੋਂ ਭਾਵ ਦੁਰਗਾ ਨਹੀਂ ਬਲਕਿ ਪਰਮਾਤਮਾ ਹੀ ਲੇ ਰਿਹਾ ਹੈ।ਇਸ ਲਈ ਸਿੱਖ ਅਰਦਾਸ ਵਿਚ ਸਿੱਖਾਂ ਦਾ ਇਸ਼ਟ ਪਰਮਾਤਮਾ ਬਣਦਾ ਹੈ ਅਤੇ ਉਹ ਪ੍ਰਿਥਮ ਭਗਉਤੀ ਤੋਂ ਭਾਵਅਰਥ ਪਰਮਾਤਮਾ ਹੀ ਲੇਂਦੇ ਹਨ ਨਾ ਕਿ ਦੁਰਗਾ।ਠੀਕ ਉਂਝ ਹੀ ਜਿਵੇਂ ਕਿ ਸਿੱਖ 'ਰਾਮ' ਸ਼ਬਦ ਤੋਂ ਭਾਵ ਪਰਮਾਤਮਾ ਲੇਂਦੇ ਹਨ ਨਾ ਕਿ ਅਯੁਧਿਆ ਦਾ ਰਾਜਾ ਰਾਮ!ਹਾਂ ਕਈ ਸੱਜਣ ਅਣਜਾਣੇ ਇਸ ਤੋਂ ਭਾਵ ਤਲਵਾਰ ਵੀ ਲੇਂਦੇ ਹਨ ਜਿਵੇਂ ਕਿ ਅਕਸਰ ਕਈਂ ਬਾਣੀ ਸ਼ਬਦਾਂ ਦਾ ਸਹੀ ਅਰਥ ਉਨਾਂ੍ਹ ਨੂੰ ਪਤਾ ਨਹੀਂ ਹੁੰਦਾ।
ਕਿਸੇ ਬਾਹਰੀ ਲਿਖਤ ਅਤੇ ਉਸਦੇ ਪੰਥਕ ਇਸਤੇਮਾਲ ਬਾਰੇ ਖੋਜ/ਸੰਵਾਦ ਕਰਨਾ ਅਲਗ ਵਿਸ਼ਾ ਹੈ ਤਾਂ ਕਿ ਆਪਣੇ ਅਸਲ ਵਿਸਰਾ-ਸਾਹਿਤ ਨੂੰ ਮਿਲਗੋਬੇ ਤੋਂ ਵੱਖਰਾ ਕੀਤਾ ਜਾ ਸਕੇ।ਪਰ ਕਿਸੇ ਦਾ ਕੋਈ ਅਧਿਕਾਰ ਨਹੀਂ ਕਿ ਉਹ ਪ੍ਰਿਥਮ ਭਗਉਤੀ ਬਾਰੇ ਬਿਨਾ ਪੰਖ ਦੇ ਭਾਵ ਨੂੰ ਸਮਝੇ ਜਬਰਦਸਤੀ ਸਿੱਖਾਂ ਨੂੰ ਦੁਰਗਾ ਦਾ ਪੁਜਾਰੀ ਘੋਸ਼ਤ ਕਰਦਾ ਰਹੇ।ਇਹ ਕੰਮ ਤਾਂ ਕੁੱਝ ਬਾਹਰੀ ਚਿੰਤਕ ਕਰਦੇ ਸੀ ਜਿਨਾਂ੍ਹ ਦਾ ਢੁੱਕਵਾਂ ਜਵਾਬ ੧੯੦੦ ਦੇ ਆਸਪਾਸ ਭਾਈ ਕਾਨ ਸਿੰਘ ਜੀ ਨਾਭਾ, ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਸਿੱਖ ਵਿਦਵਾਨਾਂ ਨੇ ਚੰਗੀ ਤਰਾਂ ਦਿੱਤਾ ਸੀ।ਪਰ ਅੱਜ ਕਲ ਆਪਣੇ ਹੀ ਇੱਕਾ-ਦੁੱਕਾ ਲੇਖਕਾਂ ਦੀ ਰੀਸੋ-ਰੀਸੀ ਕੁੱਝ ਆਪਣੇ ਹੀ ਵਿਦਵਾਨ ਸਿੱਖਾਂ ਤੇ ਦੁਰਗਾ ਪੁਜਕ ਹੋਂਣ ਦਾ ਆਰੋਪ ਲਗਾ ਰਹੇ ਹਨ।ਕੀ ਕੋਈ ਜਬਰਦਸਤੀ ਇਹ ਗਲ ਸਿੱਖਾਂ ਨੂੰ ਮੰਨਵਾ ਸਕਦਾ ਹੈ ਕਿ ਉਹ ਰਾਮ, ਕ੍ਰਿਸ਼ਨ ਦੇ ਪੁਜਾਰੀ ਹਨ ਕਿਉਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਉਹ ਸ਼ਬਦ ਵਰਤੇ ਗਏ ਹਨ ਜੋ ਕਿ ਪੁਰਾਤਨਤਾ ਦੇ ਹਿਸਾਬ ਨਾਲ ਹਿੰਦੂ ਇਸ਼ਟਾਂ ਦੇ ਨਾਮ ਹਨ ? ਨਿਰਸੰਦੇਹ ਨਹੀਂ! ਇਹ ਤਾਂ ਸ਼ਬਦ ਨੂੰ ਸਵੀਕਾਰ/ਇਸਤੇਮਾਲ ਕਰਨ ਵਾਲੇ ਤੇ ਹੈ ਕਿ ਉਹ ਸ਼ਬਦਾਂ ਦਾ ਇਸਤੇਮਾਲ ਕਿਸ ਭਾਵ ਨਾਲ ਕਰਦਾ ਹੈ।ਗੁਰੂ ਨਾਨਕ ਜੀ ਨੇ ਵੀ ਪ੍ਰਚਲਤ ਸ਼ਬਦਾਂ ਦਾ ਇਸਤੇਮਾਲ ਆਪਣੇ ਭਾਵ ਅਨੁਸਾਰ ਕੀਤਾ ਸੀ।ਸਿੱਖਾਂ ਨੇ ਵੀ ਇਹੀ ਗੱਲ ਸਿੱਖੀ ਹੈ ਅਤੇ ਸਿੱਖਣੀ ਹੈ!
ਜੇਕਰ ਸਿੱਖ ਵਿਰਸੇ ਵਿਚ ਭੁੱਲੇਖੇ/ਮਿਲਗੋਬੇ ਹੋਂਣ ਦੀ ਥਿਯੁਰੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਇਸ ਵਿਸ਼ੇ ਬਾਰੇ ਵੀ ਪੜਚੋਲ ਜ਼ਰੂਰੀ ਹੈ ਕਿ ਕਿੱਧਰੇ ਦੁਰਗਾ ਦੀ ਵਾਰ ਵੀ ਕਿਸੇ ਭੁੱਲੇਖੇ ਜਾਂ ਮਿਲਗੋਭੇ ਦਾ ਸ਼ਿਕਾਰ ਤਾਂ ਨਹੀਂ ? ਫ਼ਿਰ ਵੀ ਕਿਸੇ ਵਿਦਵਾਨ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਨੂੰ ਦੁਰਗਾ ਦਾ ਪੁਜਾਰੀ ਘੋਸ਼ਤ ਕਰਨ ਵਰਗੀ ਬਚਕਾਨੀ ਗੱਲ ਕਰਦਾ ਰਹੇ।
ਇਹ ਕੰਮ ਪੰਥ ਦਾ ਹੈ ਕਿ ਉਹ ਪ੍ਰਿਥਮ ਭਗਉਤੀ ਤੋਂ ਕੀ ਭਾਵਅਰਥ ਲੇਂਦਾ ਹੈ।ਕੋਈ ਵਿਦਵਾਨ ਆਪਣੇ ਅਰਥ ਪੰਥਕ ਭਾਵਅਰਥ ਤੇ ਨਹੀਂ ਥੋਪ ਸਕਦਾ।ਸਿੱਖਾਂ ਨੂੰ ਲਵ-ਕੁਸ਼ ਦੀ ਸੰਤਾਨ ਕਹਿਣ ਤੇ ਇਤਰਾਜ਼ ਕਰਨ ਵਾਲੇ ਸੱਜਣਾ ਨੂੰ ਆਪ ਇਤਨੀ ਸ਼ਰਮ ਨਹੀਂ ਆਉਂਦੀ ਕਿ ਉਹ 'ਪ੍ਰਿਥਮ ਭਗਉਤੀ' ਦੇ ਤਰਕ ਰਾਹੀਂ ਸਿੱਖਾਂ ਨੂੰ ਦੇਵੀ ਦਾ ਪੁਜਾਰੀ ਕਹਿੰਦੇ ਹਨ ?
ਇਕ ਗੱਲ ਇਹ ਵੀ ਪੜਨ ਨੂੰ ਮਿਲੀ ਹੈ ਕਿ ਕੁੱਝ ਸੱਜਣ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਅਤੇ ਆਖਰੀ ਪਉੜੀ ਪਾਠਕਾਂ ਦੇ ਸਾ੍ਹਮਣੇ ਪੇਸ਼ ਕਰਦੇ ਹਨ ਪਰ ਦੂਜੀ ਪਉੜੀ ਨੂੰ ਜਾਣਬੁੱਝ ਕੇ ਛੁਪਾ ਜਾਉਂਦੇ ਹਨ।ਦਾਸ ਨਾਲ ਵੀ ਦੋ ਵੀਰਾਂ ਨੇ ਇੰਝ ਹੀ ਕੀਤਾ।ਲੇਕਿਨ ਉਨਾਂ੍ਹ ਨਾਲ ਹੋਏ ਸੰਵਾਦ ਤੋਂ ਪਤਾ ਚਲਿਆ ਕਿ ਉਨਾਂ੍ਹ ਦੀ ਇਸ ਵਿਸ਼ੇ ਬਾਰੇ ਖੋਜ ਘੱਟ ਹੈ।ਉਨਾਂ੍ਹ ਦਾ ਤਰਕ ਕੇਵਲ ਇਤਨਾ ਹੀ ਹੈ ਕਿ ਸੰਵਾਦ ਨਾ ਕਰੋ ਬੱਸ ਚੁੱਪ ਕਰਕੇ ਮੰਨ ਲਵੋ ਕਿ ਅਸੀਂ ਜੋ ਕਹਿ ਰਹੇ ਹਾਂ ਠੀਕ ਹੀ ਕਹਿ ਰਹੇ ਹਾਂ।ਕੁੱਝ ਸੰਵਾਦ ਕਰਨ ਦਾ ਸੱਦਾ ਲਈ ਫ਼ਿਰਦੇ ਹਨ ਪਰ ਸ਼ਰਤ ਇਹ ਰੱਖਦੇ ਹਨ ਕਿ ਨਾ ਤਾਂ ਸੋਚੋ, ਨਾ ਤਾਂ ਬੋਲੋ, ਨਾ ਤਾਂ ਲਿਖੋ ਪਰ ਸੰਵਾਦ ਬੇਸ਼ੱਕ ਕਰ ਲਵੋ। ਪਤਾ ਨਹੀਂ ਇਹ ਕਿਹੜਾ ਨਵਾਂ ਢੰਗ ਹੈ ਸੰਵਾਦ ਦਾ ? ਇਹ ਤਾਂ ਆਪਣੀ ਲੋਰੀਆਂ ਸੁਣਾ ਕੇ ਬੱਚਿਆਂ ਨੂੰ ਸੁਲਾਉਣ ਦਾ ਢੰਗ ਹੈ ਜਾਗਰੂਕਤਾ ਨਹੀਂ ! ਕੀ ੩੦੦ ਸਾਲਾਂ ਬਾਦ ਪੇਸ਼ ਕੀਤੀਆਂ ਜਾ ਰਹਿਆਂ ਕੱਚਿਆਂ ਗੱਲਾਂ ਨੂੰ ਸਿੱਖ ਬਿਨਾ ਵਿਚਾਰੇ ਨਤਮਸਤਕ ਸਵੀਕਾਰ ਕਰ ਲੇਂਣ ਉਹ ਵੀ ਇਹ ਸਮਝ ਕੇ ਕਿ ਪਹਿਲਾਂ ਸਾਰੇ ਪੰਥਕ ਵਿਦਵਾਨ/ਸਿੱਖ ਮੁਰਖਾਂ ਦਾ ਟੋਲਾ ਹੀ ਸਨ ? ਕੀ ਉਹ ਹਰ ਥਾਂ ਮੁਰਖ ਸਨ ਅਤੇ ਅਸੀਂ ਹਰ ਥਾਂ ਸਿਆਣੇ ਹਾਂ ?
ਨਵੇਂ ਵਿਚਾਰ ਪੇਸ਼ ਕਰਨ ਵਾਲੇ ਸੱਜਣਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਉਹ ਹਨ ਜੋ ਨਵੇਂ ਨਿਰਨੇ ਲੇ ਕੇ ਸਾ੍ਹਮਣੇ ਆਏ ਹਨ ਇਸ ਲਈ ਸਵਾਲ ਵੀ ਉਨਾਂ੍ਹ ਤੋਂ ਹੀ ਪੁੱਛੇ ਜਾਂਣਗੇ ਜਿਨਾਂ੍ਹ ਦਾ ਜਵਾਬ ਦੇਂਣਾ ਉਨਾਂ੍ਹ ਦਾ ਹੀ ਜਿੰਮੇਵਾਰੀ ਬਣਦੀ ਹੈ ਤਾਂ ਕਿ ਬਾਕੀ ਸੱਜਣ ਵੀ ਉਨਾਂ੍ਹ ਦੀਆਂ ਨਵੀਂਆਂ ਖੋਜਾਂ ਬਾਰੇ ਇਹ ਨਿਰਨਾ ਲੇ ਸਕਣ ਕਿ ਉਹ ਖੋਜਾਂ/ਵਿਚਾਰ ਸਹੀ ਹਨ ਜਾਂ ਗਲਤ ?? ਸੰਧਰਭ ਜੇਕਰ ਪੰਥਕ ਹੈ ਤਾਂ ਨਵੇਂ ਵਿਚਾਰਾਂ ਦੀ ਸੱਚਾਈ ਦੀ ਪੜਚੋਲ ਜ਼ਰੂਰੀ ਹੈ।ਇਸ ਪੜਚੋਲ ਤੇ ਕਿਸੇ ਸੱਜਣ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਨਵੇਂ ਦਾ ਅਰਥ ਨਵਾਂ ਤਾਂ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਨਵੀਂ ਗੱਲ ਸਹੀ ਵੀ ਹੋਵੇ!
ਇਸ ਵਿੱਚ ਰੱਤਾ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ ਨੇ ਮਨੁੱਖਤਾ ਦੇ ਸੰਸਾਰ ਨੂੰ ਰੋਸ਼ਨ ਕਰਦਾ ਆਪਣਾ ਮਤ ਪੇਸ਼ ਕੀਤਾ ਸੀ ਜਿਸ ਤੇ ਚਲਣ ਦਾ ਜਤਨ ਕਰਨਾ ਹਰ ਸਿੱਖ ਦਾ ਫ਼ਰਜ਼ ਹੈ। ਪਰ ਗੁਰੂ ਨਾਨਕ ਦੀ ਰੀਸ ਦਾ ਮਤਲਭ ਗੁਰੂ ਨਾਨਕ ਦੇ ਮਤ ਤੋਂ ਸਿੱਖਣਾ ਹੈ ਨਾ ਕਿ ਗੁਰੂ ਨਾਨਕ ਦੇ ਨਾਮ ਤੇ, ਗੁਰੂ ਨਾਨਕ ਦੇ ਮਤ ਤੋਂ ਵੱਖਰਾ, ਆਪਣਾ ਮਤ ਤਿਆਰ ਕਰਨਾ।
ਹਰਦੇਵ ਸਿੰਘ, ਜੰਮੂ