'ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨੂੰ ਲੱਗਾ ਭੁੱਲੇਖਾ'
ਹਰਦੇਵ ਸਿੰਘ,ਜੰਮੂ
ਗਲ ਕੁੱਝ ਸਾਲ ਪੁਰਾਣੀ ਹੈ! ਇਕ ਪ੍ਰਚਾਰਕ ਸੱਜਣ ਟੀ.ਵੀ. ਵਿਚਾਰ ਚਰਚਾ ਵਿਚ ਭਾਗ ਲੇਂਣ ਜੰਮੂ ਆਏ ਸੀ।ਕੁਲਵੰਤ ਸਿੰਘ, ਜੰਮੂ ਜੀ ਦੇ ਘਰ ਗੁਰਮਤਿ ਵਿਚਾਰ ਦੌਰਾਨ ਪ੍ਰਚਾਰਕ ਜੀ ਨੇ ਕਿਹਾ ਕਿ; ਗੁਰੂ ਨਾਨਕ ਨੂੰ ਵੇਖ ਕੇ ਸੱਜਣ ਠੱਗ ਦਾ ਹਿਰਦਾ ਨਹੀਂ ਸੀ ਬਦਲਿਆ ਬਲਕਿ ਉਹ ਠੱਗ ਤਾਂ ਰਾਤ ਨੂੰ ਠੱਗੀ ਕਰਨ ਦੀ ਯੋਜਨਾ ਬਨਾਈ ਬੈਠਾ ਸੀ।ਪਰ ਜਿਸ ਵੇਲੇ ਗੁਰੂ ਨਾਨਕ ਜੀ ਨੇ ਰਾਤ ਇਕ ਸ਼ਬਦ ਉਚਾਰਿਆ ਤਾਂ ਦੂਜੇ ਕਮਰੇ ਬੈਠੇ ਸੱਜਣ ਠੱਗ ਦਾ ਹਿਰਦਾ ਬਦਲ ਗਿਆ ਅਤੇ ਉਹ ਗੁਰੂ ਦੇ ਚਰਨੀ ਲਗਾ!
ਹੁਣ ਹਰਿਦੁਆਰ ਗੁਰੂ ਨਾਨਕ ਨੇ ਸ਼ਬਦ ਨਹੀਂ ਉਚਾਰਿਆ ਬਲਕਿ ਸੂਰਜ ਨੂੰ ਪਾਣੀ ਦੇਂਣ ਮੁਕਾਬਲ ਖੇਤਾਂ ਨੂੰ ਪਾਣੀ ਦੇਂਣ ਦਾ ਕੌਤਕ ਕੀਤਾ ਸੀ।ਖੈਰ, ਪ੍ਰਚਾਰਕ ਜੀ ਦੀ ਗਲ ਚੁੰਕਿ ਸਾਖੀ ਅਨੁਸਾਰ ਸਹੀ ਵੀ ਸੀ ਇਸ ਲਈ ਮੈਂ ਉਨਾਂਹ ਤੋਂ ਇਸੇ ਸਬੰਧ ਵਿਚ ਇਕ ਵੱਖਰਾ ਸਵਾਲ ਪੁੱਛ ਲਿਆ।
ਗੁਰੂ ਨਾਨਕ ਨੂੰ ਵੇਖ ਕੇ ਸੱਜਣ ਦਾ ਹਿਰਦਾ ਠੱਗ ਹੀ ਰਿਹਾ, ਤੇ ਰਾਤ ਬਾਣੀ ਸੁਣ ਕੇ ਗੁਰੂ ਦੇ ਚਰਨੀ ਲਗਾ, ਪਰ ਹੁਣ ਵੀ ਤਾਂ ਲੱਖਾਂ ਦੇ ਲੱਖਾਂ ਲੋਗ ਬਾਣੀ ਸੁਣ-ਸਮਝ ਕੇ ਰਾਤੋ-ਰਾਤ ਉਂਝ ਹੀ ਇਮਾਨਦਾਰ ਕਿਉਂ ਨਹੀਂ ਹੋ ਜਾਂਦੇ ਜਿਵੇਂ ਕਿ ਸੱਜਣ ਠੱਗ ਹੋ ਗਿਆ ਸੀ ?
ਇਸ ਸਵਾਲ ਤੇ ਉਹ ਪ੍ਰਚਾਰਕ ਜੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ।ਉਨਾਂਹ ਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਦੇ ਕੁੱਝ ਵਿਚਾਰਾਂ ਦਾ ਅਸਰ ਸੀ, ਜਿਨਾਂਹ ਦੇ ਚਲਦੇ ਕਾਲਾ ਅਫ਼ਗ਼ਾਨਾ ਜੀ ਨੇ ਖੰਡੇ-ਬਾਟੇ ਦੇ ਅੰਮ੍ਰਿਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਨਾ ਕਹਿਣ ਦਾ ਇਕ ਵਿਚਾਰ, ਕੁੱਝ ਬਾਣੀ ਹਵਾਲਿਆਂ ਦੀ ਸਹਾਇਤਾ ਨਾਲ, ਪ੍ਰੋਢ ਕਰਨ ਦਾ ਯਤਨ ਕੀਤਾ ਸੀ।
ਗਲ ਦਸ਼ਮੇਸ਼ ਜੀ ਦੀ ਦਾਤ ਨਾਲ ਜੁੜੀ ਹੋਵੇ ਤਾਂ ਗੁਰੂ ਦੇ ਮੁਕਾਬਲ ਕਿਸੇ ਵਿਦਵਾਨ ਦੀ ਰੀਸ ਕਰਨ ਤੋਂ ਪਹਿਲਾਂ ਠਹਰਾਉ-ਟਿਕਾਉ ਨਾਲ ਵਿਚਾਰ ਦੀ ਲੋੜ ਸੀ।ਪਰ ਕੁੱਝ ਸੱਜਣਾਂ ਤੋਂ ਐਸਾ ਹੋਇਆ ਨਹੀਂ। ਉਨਾਂਹ ਦਿਨੀਂ ਭਾਰਤ ਵਿਚ ਕੰਪਯੂਟਰ ਪ੍ਰਚਲਤ ਨਹੀਂ ਸੀ ਪਰ ਬਾਹਰ ਵਿਦੇਸ਼ ਉਸ ਦੀ ਵਰਤੋਂ ਆਰੰਭ ਹੋ ਚੁੱਕੀ ਸੀ। ਬਾਣੀ ਦੇ ਹਵਾਲੇ ਝੱਟਪਟ ਲੱਭ ਲੇਂਣਾ ਆਸਾਨ ਸੀ, ਪਰ ਭਾਰਤ ਦੇ ਕੁੱਝ ਮਿਸ਼ਨਰੀ ਪ੍ਰਚਾਰਕਾਂ ਲਈ ਪੰਜ-ਪੰਜ ਹਵਾਲੇ ਬਹੂਤ ਵੱਡੀ ਮਹਿਨਤ ਦਾ ਪ੍ਰਭਾਵ ਉਤਪੰਨ ਕਰ ਗਏ।ਫਿਰ ਬਹੁਤ ਸਾਰੀਆਂ ਗਲਾਂ ਚੰਗੀਆਂ ਵੀ ਸਨ!
ਖ਼ੈਰ, ਕਾਲਾ ਅਫ਼ਗ਼ਾਨਾ ਜੀ ਦਾ ਵਿਚਾਰ ਸੀ ਕਿ ਨਾਮ ਅੰਮ੍ਰਿਤ ਤੋਂ ਸਿਵਾ ਦੂਜੀ ਕਿਸੇ ਸ਼ੈਅ ਲਈ ਅੰਮ੍ਰਿਤ ਸ਼ਬਦ ਨਹੀਂ ਵਰਤਿਆ ਜਾ ਸਕਦਾ, ਇਸ ਲਈ ਖੰਡੇ-ਬਾਟੇ ਦੇ ਅੰਮ੍ਰਿਤ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਨਹੀਂ ਕਹਿਣਾ ਚਾਹੀਦਾ।ਪਰ ਇਸ ਸਬੰਧ ਵਿਚ ਉਹ, ਇਸ ਸਵਾਲ ਨੂੰ ਨਾ ਵਿਚਾਰ ਸਕੇ ਸੀ ਕਿ; ਕੀ ਬਾਣੀ ਪੜ-ਸੁਣ ਅਤੇ ਵਿਚਾਰ-ਸਮਝ ਕੇ ਵੀ ਸਾਰੇ ਅੰਮ੍ਰਿਤ ਪ੍ਰਾਪਤ ਕਰ ਜਾਂਦੇ ਹਨ ? ਜੇ ਕਰ ਨਹੀਂ ਤਾਂ ਉਹ ਕੀ ਵਿਸਮਾਦੁ ਹੈ ਜੋ ਇਕ ਲਈ ਅੰਮ੍ਰਿਤ ਹੋ ਜਾਂਦਾ ਹੈ ਅਤੇ ਦੂਜੇ ਲਈ ਨਹੀਂ ? ਲੱਖਾਂ ਨੂੰ ਬਾਣੀ ਪੜ-ਸੁਣ ਅਤੇ ਵਿਚਾਰ-ਸਮਝ ਕੇ ਵੀ ਅੰਮ੍ਰਿਤ ਪ੍ਰਾਪਤ ਨਾ ਹੋਵੇ, ਤਾਂ ਕੀ ਨਾਮ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ ?
ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਕੀ ਪ੍ਰਾਪਤ ਹੋ ਹੁੰਦਾ ਹੈ ? ਇਸਦਾ ਨਿਰਨਾ ਉਨਾਂਹ ਸੱਜਣਾਂ ਦੇ ਜੀਵਨ ਤੇ ਅਧਾਰਤ ਹੋ ਸਕਦਾ ਹੈ ਜਿਨਾਂਹ ਐਸੇ ਜੀਵਨ ਕਾਰਜ ਅੰਜਾਮ ਦਿੱਤੇ ਕਿ ਉਹ ਜੀਵਨ ਮੁਕਤ ਹੋ ਗਏ! ਇਸਦਾ ਨਿਰਨਾ ਉਨਾਂਹ ਸੱਜਣਾਂ ਦੇ ਜੀਵਨ ਤੇ ਅਧਾਰਤ ਨਹੀਂ ਹੋ ਸਕਦਾ ਜੋ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛੱਕ ਕੇ ਵੀ ਉਸ ਤੋਂ ਟੁੱਟੇ ਜੀਵਨ ਦੇ ਹੁੰਦੇ ਹਨ ।ਠੀਕ ਉਸੇ ਤਰਾਂ ਜਿਵੇਂ ਕਿ ਅਣਗਿਣਤ ਸੱਜਣ ਬਾਣੀ ਪੜ-ਸੁਣ ਅਤੇ ਸਮਝ ਕੇ ਵੀ ਜੀਵਨ ਮੁਕਤ ਨਹੀਂ ਹੋ ਪਾਉਂਦੇ।ਇੱਥੋਂ ਤਕ ਕਿ ਕਈਂ ਜ਼ਿਆਦਾ ਜਾਣਕਾਰ, ਗੁਰੂ ਤੋਂ ਜ਼ਿਆਦਾ ਦੂਰ, ਅਤੇ ਘੱਟ ਜਾਣਕਾਰ ਗੁਰੂ ਦੇ ਜ਼ਿਆਦਾ ਕਰੀਬ ਹੁੰਦੇ ਹਨ।ਬਾਣੀ ਦਾ ਅੰਮ੍ਰਿਤ ਕੀ ਹੈ ਇਸਦੀ ਪਛਾਂਣ ਤਾਂ ਇਸ ਪ੍ਰਾਪਤੀ ਨੂੰ ਪ੍ਰਾਪਤ ਮਨੁੱਖਾਂ ਦੇ ਜੀਵਨ ਦੇ ਅਧਾਰ ਤੇ ਹੀ ਹੋ ਸਕਦੀ ਹੈ, ਕੇਵਲ ਪਾਠਕਾਂ, ਸਰੋਤਿਆਂ ਜਾਂ ਸ਼ਿਆਣਿਆਂ ਦੇ ਅਧਾਰ ਤੇ ਨਹੀਂ!ਸਿੱਖਆਰਥੀ ਦਾ ਦੋਸ਼ ਜਾਂ ਉਸਦੀ ਕਿਸੇ ਕਮੀ ਲਈ ਗੁਰੂ ਦੀ ਸਿੱਖਿਆ ਕੌਤਕ ਵਿਚਲੇ ਅੰਮ੍ਰਿਤ ਨੂੰ, ਅੰਮ੍ਰਿਤ ਮੰਨਣ ਤੋਂ ਇਨਕਾਰੀ ਹੋਂਣਾ ਅਗਿਆਨ ਹੀ ਕਿਹਾ ਜਾ ਸਕਦਾ ਹੈ।
ਦਰਅਸਲ ਕਿਸੇ ਕਾਰਜ ਦੇ ਮੰਤਵ ਨੂੰ ਉਸ ਕਾਰਜ ਤੇ ਤਰੀਕੇ ਨਾਲੋਂ ਤੋੜਨ ਦਾ ਯਤਨ ਕੀਤਾ ਜਾਏ ਤਾਂ ਭੁੱਲੇਖੇ ਉਤਪੰਨ ਹੁੰਦੇ ਹਨ।ਮਸਲਨ ਜੇ ਕਰ ਕਿਰਤ ਕਰਨ ਦਾ ਮੰਤਵ ਰੋਟੀ ਕਮਾਣਾ ਹੈ, ਤਾਂ ਕਿਰਤ ਨੂੰ ਅਪ੍ਰਸੰਗਕ ਕਰਕੇ, ਰੋਟੀ ਦੇ ਮਹੱਤਵ ਦੇ ਰਾਗ ਤਾਂ ਅਲਾਪੇ ਜਾ ਸਕਦੇ ਹਨ ਪਰ ਰੋਟੀ ਕਮਾਈ ਨਹੀਂ ਜਾ ਸਕਦੀ। ਹਾਂ ਮੰਗੀ ਜਾ ਸਕਦੀ ਹੈ!
ਜੇ ਕਰ ਕਿਤਰ ਕਰਕੇ ਰੋਟੀ ਕਮਾ ਵੀ ਲਈ ਜਾਏ ਤਾਂ ਬਿਨਾ ਪਕਾਏ ਪਕਾਈ ਨਹੀਂ ਜਾ ਸਕਦੀ। ਜੇ ਰੋਟੀ ਪਕਾ ਲੀ ਵੀ ਜਾਏ ਤਾਂ ਬਿਨਾਂਹ ਖਾਦੇ ਖਾਦੀ ਨਹੀਂ ਜਾ ਸਕਦੀ। ਇਸ ਲਈ ਰਿਜ਼ਕ ਕਮਾਉਂਣ ਅਤੇ ਉਸ ਨੂੰ ਖਾਣ ਤਕ ਦੀ ਸ਼੍ਰੰਖਲਾ ਆਪਸ ਵਿਚ ਗਹਿਰੇ ਸਬੰਧਤ ਹੈ।ਜੇ ਕਰ ਰੋਟੀ ਖਾਣਾ ਕਿਰਤ ਕਰਨ ਦਾ ਅੰਤਿਮ ਟੀਚਾ ਹੈ ਤਾਂ ਇਸ ਟੀਚੇ ਨੂੰ ਇਸਦੀ ਦੀ ਪ੍ਰਾਪਤੀ ਦੇ ਤਰੀਕੇ ਨਾਲੋਂ ਤੋੜ ਕੇ ਪੇਸ਼ ਕਰਨ ਵਿਚ ਭੁੱਲੇਖਾ ਉੱਤਪੰਨ ਹੁੰਦਾ ਹੈ। ਤੇ ਜੇ ਕਰ ਅੰਤਿਮ ਟੀਚਾ (ਰੋਟੀ) ਪ੍ਰਾਪਤ ਕਰਨ ਦਾ ਤਰੀਕਾ ਇਨਾਮਦਾਰੀ ਦਾ ਨਾ ਹੋਵੇ ਤਾਂ ਐਸੇ ਟੀਚੇ ਦੀ ਪ੍ਰਾਪਤੀ ਵਿਚ ਵੀ ਮੁਕਤੀ ਨਹੀਂ।
ਗੁਰੂ ਸਾਹਿਬਾਨ ਨੇ ਟੀਚੇਆਂ ਦੀ ਪ੍ਰਾਪਤੀ ਲਈ ਜੋ ਤਰੀਕੇ ਸਥਾਪਤ ਕੀਤੇ ਉਨਾਂਹ ਨੂੰ ਸ਼ੰਕੇ ਵਿਚ ਸੁੱਟ ਕੇ ਟੀਚੇ ਦੀ ਗਲ ਕਰਨ ਵਿਚ ਅਧੂਰਾਪਨ ਹੈ, ਭੁੱਲੇਖਾ ਹੈ।ਭਲਾ ਗੁਰੂ ਨੇ ਕੁੱਝ ਵੀ ਐਸਾ ਦਿੱਤਾ-ਸਿਖਾਇਆ ਹੈ ਜਿਸ ਵਿਚ ਅੰਮ੍ਰਿਤ ਨਾ ਹੋਵੇ ? ਜੇ ਕਰ ਗੁਰ ਦਾ ਕਥਨ (ਬਾਣੀ) ਅੰਮ੍ਰਿਤ ਹੈ ਤਾਂ ਗੁਰੂ ਦੀ ਕਰਨੀ ਵਿਚ ਕੀ ਹੈ ? ਕੀ ਉਸਦੀ ਕਥਨੀ ਅਤੇ ਕਰਨੀ ਵਿਚ ਫ਼ਰਕ ਸੀ ?
ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ! ਜੇ ਕਰ ਗੁਰੂ ਦੀ ਇਸ ਕਰਨੀ (ਕੋਤਕ) ਵਿਚ ਅਧਿਆਤਮਕ ਅੰਮ੍ਰਿਤ ਦਾ ਅੰਸ਼ ਨਹੀਂ ਸੀ ਤਾਂ ਇਹ ਵਿਚਾਰ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਦੀ ਸਿਆਣਪ ਨਹੀਂ ਬਲਕਿ ਭੁੱਲੇਖਾ ਸੀ।ਉਹ ਇਤਨਾ ਨਹੀਂ ਵਿਚਾਰ ਸਕੇ ਕਿ ਪਾਹੂਲ ਦਾ ਅਰਥ ਵੀ ਅੰਮ੍ਰਿਤ ਹੁੰਦਾ ਹੈ।
ਇਸ ਵਿਸ਼ੇ ਤੇ ਦਾਸ ਦੇ ਬਲਾਗ ਤੇ 'ਖੰਡੇ ਦੀ ਪਾਹੂਲ ਅਤੇ ਖੰਡੇ ਦਾ ਅੰਮ੍ਰਿਤ' ਅਤੇ 'ਚਰਨਾਮ੍ਰਿਤ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ' ਪੜੇ ਜਾ ਸਕਦੇ ਹਨ।
ਹਰਦੇਵ ਸਿੰਘ,ਜੰਮੂ-੨.੫.੨੦੧੩