ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ‘ਗੁਰਮਤਿ ਕਸਵਟੀ` ਲਗਾਉਂਣ ਦਾ ਢੰਗ- ਭਾਗ ੨
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਇਸ ਚਰਚਾ ਦੇ ਪਹਿਲੇ ਭਾਗ (ਮਿਤੀ 4.4.2012, ਸਿੱਖ ਮਾਰਗ. ਕਾਮ) ਦੇ ਅੰਤ ਵਿੱਚ ਅਸੀਂ ਇਸ ਵਿਸ਼ਲੇਸ਼ਣ ਤਕ ਪਹੁੰਚ ਗਏ ਸੀ ਕਿ ਤ. ਪਰਿਵਾਰ ਦੀ ਕਸਵਟੀ ਅਨੁਸਾਰ, ਕਾਲਾ ਅਫ਼ਗ਼ਾਨਾ ਜੀ ਵੀ, ਦਰਬਾਰ ਸਾਹਿਬ ਦੇ ਮਾਮਲੇ ਵਿਚ, ਬ੍ਰਾਹਮਣੀ ਸੋਚ ਤੋਂ ਪ੍ਰਭਾਵਤ ਹਨ ਅਤੇ ਹੋ ਸਕਦਾ ਹੈ ਕਿ ਪਰਿਵਾਰ ਹੁਣ ਇਸ ਦਲੀਲ ਦਾ ਸਹਾਰਾ ਲਵੇ ਕਿ ਕਾਲਾ ਅਫ਼ਗ਼ਾਨਾ ਜੀ ਵੀ ਭੁੱਲਣਹਾਰ ਹਨ ਅਤੇ ਕਈਂ ਥਾਂ ਗੁਰਮਤਿ ਤੋਂ ਟੁੱਟੇ ਹੋਏ ਹਨ।
ਚਲੋ ਇਸ ਸੰਭਾਵਤ ਦਲੀਲ ਦਾ ਤਸੱਵੁਰ ਕਰਕੇ, ਅਸੀਂ ਹੁਣ ਗੁਰੂਆਂ ਦੇ ਉਚਾਰੇ/ਕੀਤੇ ਕੰਮਾਂ ਨੂੰ ਪਰਿਵਾਰ ਦੀ ਕਸਵਟੀ ਲਗਾਉਂਣ ਦੇ ਢੰਗ ਅਨੁਸਾਰ ਵਿਸ਼ਲੇਸ਼ਣ ਕਰਦੇ ਹਾਂ:-
ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ:
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਅਰਥ:- (ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?
ਇਸ ਵਿੱਚ ਪਰਮਾਤਮਾ ਦੇ ‘ਦਰਬਾਰ` ਦੀ ਗਲ ਹੈ ਪਰ ਗੁਰੂ ਅਰਜਨ ਜੀ ਨੇ ਗੁਰੂ ਰਾਮਦਾਸ ਵਲੋਂ ਬਣਾਏ ਸਰੋਵਰ ਦੇ ਸਥਾਨ ਤੇ ‘ਦਰਬਾਰ ਸਾਹਿਬ` ਭਵਨ ਦੀ ਉਸਾਰੀ ਕੀਤੀ। ਕੀ ਗੁਰੂ ਜੀ ਨੇ ਇੱਕ ਸਥਾਨ ਨੂੰ ਦਰਬਾਰ ਸਾਹਿਬ ਦਾ ਨਾਮ ਦੇ ਕੇ ਗੁਰਮਤਿ ਦਾ ਉਲੰਘਣ ਕੀਤਾ? ਤ. ਪਰਿਵਾਰ ਦੀ ਕਸਵਟੀ ਦੇ ਢੰਗ ਅਨੁਸਾਰ ਤਾਂ ਕੀਤਾ ਲੱਗਦਾ ਹੈ!
ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਦਾ ਇੱਕ ਹੋਰ ਫ਼ੁਰਮਾਨ ਹੈ:-
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਅਰਥ:- ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ— ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
ਗੁਰੂ ਨਾਨਕ ਜੀ ਨੇ ਧਰਤੀ ਨੂੰ ਧਰਮਸਾਲ ਕਹਿਆ ਅਤੇ ਆਪ ਗੁਰਮਤਿ ਦੇ ਕੇਂਦਰਾਂ ਵਜੋਂ ਧਰਮਸਾਲ ਦੀ ਸਥਾਪਨਾ ਕੀਤੀ। ਪ੍ਰਚਾਰ ਕੇਂਦਰ ਲਈ ਧਰਮਸਾਲ ਨਾਮ ਵਰਤ ਕੇ ਕੀ ਗੁਰੂ ਨਾਨਕ ਜੀ ਨੇ ਆਪ ਗੁਰਮਤਿ ਦੀ ਉੱਲੰਘਣਾਂ ਕੀਤੀ? ਤ. ਪਰਿਵਾਰ ਦੀ ਕਸਵਟੀ ਦੇ ਢੰਗ ਅਨੁਸਾਰ ਤਾਂ ਕੀਤੀ ਲੱਗਦਾ ਹੈ!
ਇਸ ਚਰਚਾ ਵਿੱਚ ਫ਼ਿਲਹਾਲ ਅਸੀਂ ਇਹ ਦੋ ਉਦਾਹਰਨ ਅਪਣੇ ਜ਼ਹਿਨ ਵਿੱਚ ਰੱਖ ਕੇ ਅੱਗੇ ਤੁਰਾਂ ਗੇ। ਜਿਸ ਤੋਂ ਇਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਸ਼ਬਦ ਵਰਤੋਂ ਨੂੰ ਬ੍ਰਾਹਮਣਵਾਦੀ ਫ਼ੌਬੀਏ ਨਾਲ ਵੇਖਣਾ ਗੁਰਮਤਿ ਨਹੀਂ ਬਲਕਿ ਇੱਕ ਪ੍ਰਕਾਰ ਦੀ ਸੰਕ੍ਰਮਤ ਬਿਮਾਰੀ ਹੈ।
ਹੁਣ ਜ਼ਰਾ ਵਿਚਾਰੀਏ ਕਿ ‘ਕਰਤਾਰ` ਦੇ ਗਿਆਨ ਦਾ ਚਾਨਣ ਕਰਨ ਵਾਲੇ ਗੁਰੂ ਨਾਨਕ ਜੀ ਨੇ, ਪੰਥਕ ਯੱਕਜਹਤੀ (ਇਂਟੇਗਰਿਟੀ) ਵਾਸਤੇ ਸਭ ਤੋਂ ਪਹਿਲਾ ਵੱਡਾ ਕਦਮ ਚੁੱਕਦੇ ਹੋਏ 1520 ਵਿੱਚ ਇੱਕ ਸਥਾਨ ਨੂੰ ਕੋਮੀ ਕੇਂਦਰ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ। ਉਸ ਸਥਾਨ ਦਾ ਨਾਮ ਰੱਖਿਆ ‘ਕਰਤਾਰਪੁਰ`! ਅੱਜ ਵੀ ਪਾਕਿਸਤਾਨ ਵਿੱਚ ਇਸ ਸਥਾਨ ਦਾ ਰੇਵਨਿਯੂ ਰਿਕਾਰਡ ਇਸ ਗਲ ਦੀ ਤਸਦੀਕ ਕਰਦਾ ਹੈ ਕਿ ‘ਕਰਤਾਰਪੁਰ` ਦੀ ਲਗਭਗ 1000 ਏਕੜ ਜ਼ਮੀਨ ਗੁਰੂ ਨਾਨਕ ਜੀ ਦੇ ਨਾਮ ਦਰਜ ਹੈ।
ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਿਸੇ ਸਥਾਨ ਨੂੰ ਕਰਤਾਰਪੁਰ (ਪਰਮਾਤਮਾ ਦਾ ਨਿਵਾਸ, ਘਰ ਸਥਾਨ) ਕਹਿਣਾ ਤਾਂ ਗੁਰਮਤਿ ਦੀ ਉਲੰਘਣਾ ਬਣਦਾ ਹੈ!
ਫਿਰ ਗੁਰੂ ਥਾਪ ਕੇ ਭਾਈ ਲਹਿਣਾ ਜੀ ਨੂੰ ‘ਅੰਗਦ` (ਅਪਣੇ ਸ਼ਰੀਰ ਦਾ ਹਿੱਸਾ) ਘੋਸ਼ਤ ਕਰਨਾ, ਮੈਡੀਕਲ ਦੇ ਕਹਿੜੇ ਸਿਧਾਂਤ ਦੀ ਕਸਵਟੀ ਤੇ ਪੁਰਾ ਉਤਰਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂ ਨਾਨਕ ਜੀ ਦਾ ਇਹ ਕਦਮ ਵੀ ਮੈਡੀਕਲ ਸਾਂਇੰਸ ਦੀ ਕਸਵਟੀ ਤੇ ਪੁਰਾ ਨਾ ਉਤਰਨ ਕਾਰਨ ਗੁਰਮਤਿ ਦੀ ਉਲੰਘਣਾ ਬਣਦਾ ਹੈ।
ਇੰਝ ਹੀ ਪੰਥਕ ਲੋੜ ਅਨੁਸਾਰ ਤੀਜੇ ਗੁਰੂ ਜੀ ਨੇ ਇੱਕ ਸਥਾਨ ਦਾ ਨਾਮ ‘ਗੋਵਿੰਦਵਾਲ` (ਗੋਵਿੰਦ ਦਾ ਸ਼ਹਿਰ, ਪਰਮਾਤਮਾ ਦਾ ਸ਼ਹਿਰ) ਰੱਖਿਆ। ਪਰਿਵਾਰ ਦੀ ਥਯੁਰੀ ਅਨੁਸਾਰ ਇਹ ਵੀ ਗੁਰਮਤਿ ਦੀ ਉਲੰਗਣਾ ਪ੍ਰਤੀਤ ਹੁੰਦੀ ਹੈ।
ਸਨ 1574 ਵਿੱਚ ਗੁਰੂ ਰਾਮਦਾਸ ਜੀ ਨੇ ਪਹਿਲੀ ਵਾਰ ਇੱਕ ਸ਼ਹਿਰ ਦਾ ਨਾਮ ‘ਰਾਮਦਾਸਪੁਰ` (ਅੰਮ੍ਰਿਤਸਰ) ਰੱਖਿਆ ਜਿਸ ਨੂੰ ਗੁਰੂ ਦੇ ਨਾਮ ਤੇ ਹੋਂਣ ਕਰਕੇ ਗੁਰੂ ਦਾ ਚੱਕ, ਚੱਕ ਰਾਮਦਾਸ, ਵੀ ਕਹਿਆ ਗਿਆ। ਇਹ ਪਹਿਲੀ ਵਾਰ ਸੀ ਕਿ ਕਿਸੇ ਸ਼ਹਿਰ ਦਾ ਨਾਮ ਗੁਰੂ ਦੇ ਨਾਮ ਤੇ ਰੱਖਿਆ ਗਿਆ ਸੀ। ਹੁਣ ਕੋਈ ਪੁੱਛੇ ਕਿ ਭਈ ਗੁਰੂ ਤਾਂ ਸ਼ਬਦ ਹੈ ਫਿਰ ਗੁਰੂ ਨੇ ਇੱਕ ਸ਼ਹਿਰ ਨੂੰ ਗੁਰੂ ਦਾ ਚੱਕ ਕਿਵੇਂ ਤਸਲੀਮ ਕੀਤਾ?
ਨਾਲ ਹੀ ਗੁਰੂ ਰਾਮਦਾਸ ਜੀ ਵੇਲੇ ਦੋ ਸਰੋਵਰਾਂ ਦਾ ਕੰਮ ਆਰੰਭ ਹੋਇਆ। ਅੰਮ੍ਰਿਤਸਰ (ਅੰਮ੍ਰਿਤ ਦਾ ਸਰੋਵਰ) ਅਤੇ ਸੰਤੋਖਸਰ (ਸੰਤੋਖ ਦਾ ਸਰੋਵਰ) ਗੁਰੂ ਰਾਮਦਾਸ ਜੀ ਵਲੋਂ ਆਰੰਬੇ ਇਹ ਦੋਵੇਂ ਕੰਮ ਗੁਰੂ ਅਰਜਨ ਜੀ ਵਲੋਂ ਪੁਰਨ ਕੀਤੇ ਗਏ। ਭਲਾ ਗੁਰੂਆਂ ਨੇ ਸਰੋਵਰਾਂ ਦੇ ਨਾਮ ‘ਅੰਮ੍ਰਿਤ` ਅਤੇ ‘ਸੰਤੋਖ` ਸ਼ਬਦਾਂ ਨੂੰ ਵਰਤ ਕੇ ਕਿਉਂ ਰੱਖੇ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂਆਂ ਨੇ ਆਪ ਗੁਰਮਤਿ ਦੀ ਉਲੰਘਣਾ ਕੀਤੀ। ਨਹੀ?
ਅਤੇ ਹੋਰ ਬਾਦ ਵਿੱਚ ਤਰਨਤਾਰਨ ਦੀ ਸਥਾਪਨਤ ਹੋਈ। ‘ਤਰਨਤਾਰਨ` ਤਾਂ ਪਰਮਾਤਮਾ ਹੈ ਪਰ ਇੱਕ ਜ਼ਮੀਨੀ ਟੁੱਕੜੇ ਨੂੰ ਗੁਰੂ ਨੇ ਤਰਨਤਾਰਨ ਕਿਵੇਂ ਕਹੀਆ? ਪਰਿਵਾਰ ਦੀ ਕਸਵਟੀ ਅਨੁਸਾਰ ਗੁਰਮਤਿ ਦੀ ਉਲੰਘਣਾ ਬਣਦੀ ਹੈ!
ਨੋਵੇਂ ਗੁਰੂ ਜੀ ਨੇ ਆਨੰਦਪੁਰ (ਆਨੰਦ ਦਾ ਸ਼ਹਿਰ, ਸਥਾਨ, ਨਿਵਾਸ) ਦੀ ਸਥਾਪਨਾ ਕੀਤੀ। ਆਨੰਦ ਕੀ ਹੈ? ਇਸ ਦੀ ਤਫ਼ਸੀਲ ਬਾਣੀ ਅੰਦਰ ਦਰਜ ਹੈ। ਫਿਰ ਗੁਰੂ ਜੀ ਨੇ ਇੱਕ ਜ਼ਮੀਨੀ ਟੁੱਕੜੇ ਨੂੰ ਆਨੰਦ ਦਾ ਨਿਵਾਸ ਕਿਵੇਂ ਘੋਸ਼ਤ ਕੀਤਾ? ਪਰਿਵਾਰ ਦੀ ਕਸਵਟੀ ਅਨੁਸਾਰ ਇੱਥੇ ਵੀ ਗੁਰਮਤਿ ਦੀ ਉਲੰਘਣਾ ਬਣਦੀ ਹੈ। ਨਹੀਂ?
ਗੁਰੂ ਤੇਗ ਬਹਾਦਰ ਜੀ ਨੇ ਅਪਣੇ ਬੇਟੇ ਦਾ ਨਾਮ ਗੋਬਿੰਦ ਰੱਖਿਆ। ਗੋਬਿੰਦ ਤਾਂ ਪਰਮਾਤਮਾ ਹੈ। ਫ਼ਿਰ ਇਨਸਾਨ ਨੂੰ ਗੋਬਿੰਦ ਕਹਿਣਾ ਗੁਰਮਤਿ ਦੀ ਉਲੰਘਣਾਂ ਸੀ? ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਸੀ ਪਤਾ ਕੀ ਗੁਰਮਤਿ ਅਨੁਸਾਰ ਗੋਬਿੰਦ ਕੋਂਣ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਇਹ ਵੀ ਬ੍ਰਾਹਮਣੀ ਪ੍ਰਭਾਵ ਸੀ?
ਫਿਰ ਅੰਤ ਵਿੱਚ ਇਹ ਤੱਥ ਸਾਡੇ ਸ੍ਹਾਮਣੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦੇ ਗ੍ਰੰਥ ਨੂੰ ਗੁਰੂ ਦੀ ਦੇਹ ਦਾ ਦਰਜਾ ਦਿੱਤਾ ਤਾਂ ਕਿ ਇਸ ਰਾਹੀਂ ਗੁਰਬਾਣੀ ਦੀ ਸ਼ਿਨਾਖਤ ਸੁਰਖਿਅਤ ਕੀਤੀ ਜਾ ਸਕੇ। ਗੁਰੂਆਂ ਨੇ ਪਰਮੇਸ਼ਵਰ ਦੇ ਖਾਨ ਨੂੰ ਪੌਥੀ ਰੂਪ ਦੇਹ ਰਾਹੀਂ ਸਥਾਪਤ ਕੀਤਾ। ਗੁਰੂ ਅਰਜਨ ਜੀ ਨੇ ਉਸ ਨੂੰ ਗ੍ਰੰਥ ਸਵਰੂਪ ਵਿੱਚ ਦਰਜ ਕਰਕੇ ਉਸ ਗ੍ਰੰਥ ਦਾ ਬਾ-ਇੱਜ਼ਤ ਮੁੱਖ ਕੇਂਦਰੀ ਸਥਾਨ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਉਸ ਵੇਲੇ ਉਸ ਤੇ ਚੰਦੋਆ (ਛੱਤਰ) ਲਗਾਇਆ ਅਤੇ ਚਵਰ ਝੁਲਾਇਆ। (ਪਾਠਕ ਇਸ ਗਲ ਵੱਲ ਵਿਸ਼ੇਸ ਧਿਆਨ ਦੇਂਣ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਕਹਿਣ ਦੀ ਖੇਡ ਛੇਤੀ ਹੀ ਖੇਡੀ ਜਾਏਗੀ ਤਾਂ ਕਿ ਗ੍ਰੰਥ ਸਵਰੂਪ ਦੇ ਮਹੱਤਵ ਨੂੰ ਖਤਮ ਕਰਕੇ ਉਸ ਨਾਲੋਂ ਪੰਥ ਨੂੰ ਤੋੜੀਆ ਜਾਏ)
ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂਆਂ ਵਲੋਂ ਚੁੱਕੇ ਗਏ ਉਪਰੋਕਤ ਸਾਰੇ ਕਦਮ ਬ੍ਰਾਹਮਣੀ ਪ੍ਰਭਾਵ ਦੀ ਸ਼੍ਰੇਣੀ ਹੇਠ ਹੀ ਆਉਂਦੇ ਹਨ। ਨਹੀਂ?
ਕਾਲਾ ਅਫ਼ਗ਼ਾਨਾ ਜੀ ਤਾਂ ਅਭੁੱਲ ਨਹੀਂ ਹਨ ਇਸ ਨੂੰ ਮੰਨ ਲੇਂਦੇ ਹਾਂ। ਪਰ ਕੀ ਗੁਰੂ ਸਾਹਿਬਾਨ ਵੀ ਬ੍ਰਾਹਮਣੀ ਸੋਚ ਦੇ ਅੰਸ਼ ਰੱਖਦੇ ਸਨ? ਉਹ ਵੀ ਬ੍ਰਾਹਮਣਵਾਦ ਤੋਂ ਗ੍ਰਸਤ ਸਨ?
ਕੋਈ ਵੱਡੀ ਗਲ ਨਹੀਂ ਕਿ ਪਰਿਵਾਰ ਅੰਦਰ ਹੀ ਅੰਦਰ ਮਨ ਵਿੱਚ ਇਹ ਵੀ ਸੋਚ ਲਵੇ ਕਿ ਦੱਸ ਗੁਰੂ ਸਾਹਿਬਾਨ ਵੀ ਅਭੁੱਲ ਨਹੀਂ ਸਨ। ਪਰ ਜੇ ਕਰ ਪਰਿਵਾਰ ਐਸਾ ਸੋਚਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਭੁੱਲਣਹਾਰ ਗੁਰੂ ਇੱਕ ਅਭੁੱਲ ਗੁਰੂ (ਸ਼ਬਦ ਗੁਰੂ) ਦੀ ਰਚਨਾ ਕਿਵੇਂ ਕਰ ਗਏ? ਜੇ ਕਰ ਇਸ ਮਾਮਲੇ ਵਿੱਚ ਗੁਰੂ ਵੀ ਭੁੱਲਣਹਾਰ ਸਨ ਤਾਂ ਉਹ ਦਿਨ ਦੁਰ ਨਹੀਂ ਜਦੇਂ ਕੁੱਝ ਸੱਜਣ ਸ਼ਬਦ ਗੁਰੂ ਨੂੰ ਵੀ ਭੁਲਣਹਾਰ ਕਹਿਣ ਗੇ ਇਸ ਤਰਕ ਨਾਲ ਕਿ ਇਸ ਦੀ ਰਚਨਾ ਵੀ ਤਾਂ ਭੁੱਲਣਹਾਰ ਬੰਦਿਆਂ ਨੇ ਕੀਤੀ ਸੀ।
ਬ੍ਰਾਹਮਣਵਾਦ ਦੇ ਫ਼ੌਬੀਏ ਤੋਂ ਗ੍ਰਸਤ ਕੁੱਝ ਸੱਜਣ ਇਸੇ ਲੀਹ ਤੇ ਬਦਹਵਾਸ ਹੋ ਕੇ ਨੱਸ ਪਏ ਹਨ। ਉਨ੍ਹਾਂ ਦੀ ਮਤ ਹਉਮੇਂ ਦਾ ਰੂਪ ਧਾਰਨ ਕਰ ਗਈ ਹੈ। ਕੁੱਝ ਸਾਲ ਦੇਖਾ-ਦਖਾਈ ਆਪ ਭੱਟਕਦੇ ਹੋਏ ਹੋਰਨਾਂ ਨੂੰ ਵੀ ਜਜ਼ਬਾਤੀ ਕਰਕੇ ਭੱਟਕਾਉਂਣ ਵਾਲੇ ਸੱਜਣਾਂ ਲਈ ਹੁਣ ਅਪਣੇ ਮਨਮਤੀ ਕਦਮ ਵਾਪਸ ਪੁੱਟਣ ਵਿੱਚ ਭਾਰੀ ਦਿੱਕਤ ਹੈ। ਉਨ੍ਹਾਂ ਵਿੱਚ ਇਤਨੀ ਹਿੰਮਤ ਹੀ ਨਹੀਂ ਬੱਚੀ। ਇਹ ਵਤੀਰਾ ਗੁਰਮਤਿ ਅਨੁਸਾਰੀ ਨਹੀਂ।
ਫਿਰ ਜੇ ਕਰ ਪਰਿਵਾਰ ਨੇ ਵੀ ਇੰਝ ਦੇ ਬ੍ਰਾਹਮਣਵਾਦੀ ਫ਼ੋਬੀਏ ਤੋਂ ਗ੍ਰਸਤ ਹੋ ਕੇ ਹੀ ਵਿਚਰਨਾ ਹੈ, ਤਾਂ ਪਰਿਵਾਰ ਨੂੰ ਅਪਣੇ ਦੋ ਜੀਆਂ ਸ. ਨਰਿੰਦਰ ਸਿੰਘ ਜੀ (ਪ੍ਰਿੰਸੀਪਲ) ਅਤੇ ਸ. ਰਵਿੰਦਰ ਸਿੰਘ ਪਿੰਜੋਰ ਦੇ ਨਾਮ ਵੀ ਬਦਲ ਲੇਂਣੇ ਚਾਹੀਦੇ ਹਨ। ਕਿਉਂਕਿ ਇਹ ਦੋਵੇਂ ਨਾਮ ਬ੍ਰਾਹਮਣਵਾਦੀ ਸੋਚ ਦੀ ਉਪਜ ਹੀ ਲੱਗਦੇ ਹਨ। ਕਿਉਂਕਿ ਨਾ ਤਾਂ ਪ੍ਰਿੰਸਿਪਲ ਸਾਹਿਬ ‘ਨਰਾਂ ਦੇ ਇੰਦਰ` ਹਨ ਅਤੇ ਨਾ ਹੀ ਰਵਿੰਦਰ ਸਿੰਘ ਜੀ ‘ਸੁਰਜ` ਅਤੇ ‘ਇੰਦਰ` ਦੇਵਤਾ! ਪਰਿਵਾਰ ਦੀ ਨਜ਼ਰੇ ਜੇ ਕਰ ਦਰਬਾਰ ਸਾਹਿਬ ਲਈ ਪਵਿੱਤਰ ਵਿਸ਼ੇਸ਼ਣ ਵਰਤਨਾ ਰਾਜੋਆਣਾ ਦਾ ਬ੍ਰਾਹਮਣਵਾਦ ਹੈ ਤਾਂ ਅਪਣੇ ਲਈ ਨਰਾਂ ਦੇ ਇੰਦਰ ਦੇਵਤਾ, ਸੁਰਜ ਦੇਵਤਾ ਅਤੇ ਇੰਦਰ ਦੇਵਤਾ ਵਿਸ਼ੇਸ਼ਣ ਵਰਤਨਾ ਪਰਿਵਾਰ ਦਾ ਬ੍ਰਾਹਮਣਵਾਦ ਨਹੀਂ?
ਉਸ ਤੋਂ ਬਾਦ ਪਰਿਵਾਰ ਇੰਦਰ ਸਿੰਘ ਘੱਗਾ ਜੀ, ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਗੁਰਦੇਵ ਸਿੰਘ ਸੱਦੇਵਾਲੀਆ, ਗੁਰਤੇਜ ਸਿੰਘ ਜੀ, ਇੰਦਰਜੀਤ ਸਿੰਘ ਕਾਨਪੁਰ ਜੀ ਆਦਿ ਸੱਜਣਾ ਨੂੰ ਅਪਣੇ ਅਪਣੇ ਨਾਮ ਬਦਲਣ ਦਾ ਹਲੂਣਾਂ ਦੇਵੇ ਕਿਉਂਕਿ ਇਹ ਸਾਰੇ ਨਾਮ, ਪਰਿਵਾਰ ਦੀ ਕਸਵਟੀ ਅਨੁਸਾਰ, ਬ੍ਰਾਹਮਣਵਾਦੀ ਸੋਚ ਦੇ ਅੰਸ਼ਾਂ ਨਾਲ ਭਰਪੂਰ ਹਨ। ਨਹੀਂ?
ਜੇ ਕਰ ਪਰਿਵਾਰ ਵਲੋਂ ਦਿੱਤਾ ਜਾਵੇ ਤਾਂ ਇਸ ਹਲੂਣੇ ਦਾ ਜਵਾਬ ਇਹ ਸੱਜਣ ਆਪ ਦੇ ਦੇਂਣ ਗੇ। ਖ਼ੈਰ!
ਉਪਰੋਕਤ ਵਿਸ਼ਲੇਸ਼ਣ ਤੋਂ ਸਪਸ਼ਟ ਹੁੰਦਾ ਹੈ ਕਿ ਪਰਿਵਾਰ ਦੀ ਕਸਵਟੀ ਗੁਰਮਤਿ ਦੀ ਕਸਵਟੀ ਨਹੀਂ ਹੈ। ਉਹ ਕਾਫ਼ੀ ਸਾਰੀ ਥਾਂ ਤੇ ਅਪਣੇ ਹੱਥ ਫੜੀ ਅਪਣੀ ਕਸਵਟੀ ਨੂੰ ਗੁਰਮਤਿ ਦੀ ਕਸਵਟੀ ਕਹਿ ਕੇ ਪ੍ਰਚਾਰ ਰਹੇ ਹਨ। ਦਰਅਸਲ ਉਹ “ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ” ਦੇ ਨਾਰੇ ਹੇਠ ਅਪਣੀ ਮਤ ਤੇ ਠੋਕ ਕੇ ਪਹਿਰਾ ਦੇਂਣ ਦਾ ਹਲੂਣਾ ਦੂਜੀਆਂ ਨੂੰ ਦੇ ਰਹੇ ਹਨ। ਉਹ ‘ਗੁਰਮਤਿ` ਨੂੰ ਵਿਗੜੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਦੱਸ ਕੇ ਅਪਣੇ ਘੜੇ ਹੋਏ ਨਾਮ ‘ਤੱਤ ਗੁਰਮਤਿ` ਨੂੰ ਹੀ ਗੁਰਮਤਿ ਕਹਿ ਕੇ ਪ੍ਰਚਾਰ ਰਹੇ ਹਨ ਤਾਂ ਕਿ ‘ਗੁਰਮਤਿ` ਨੂੰ ‘ਤੱਤ ਗੁਰਮਤਿ` ਸ਼ਬਦ ਦੇ ਨਾਲ ਬਦਲ ਦਿੱਤਾ ਜਾਏ। ਇਸ ਬਾਰੇ ਪਾਠਕ ਪਰਿਵਾਰ ਦੀ ਵੈਬਸਾਈਟ ਤੇ ਦਿੱਤੀ ‘ਮੁੱਡਲੀ ਜਾਣਕਾਰੀ` ਪੜ ਸਕਦੇ ਹਨ।
ਚੁੰਕਿ ਪਰਿਵਾਰ ਨੇ ਅਪਣੀ ਲਿਖੀ ਮੁੱਡਲੀ ਜਾਣਕਾਰੀ ਵਿੱਚ ‘ਤੱਤ ਗੁਰਮਤਿ ਕੀ ਹੈ` ਸਿਰਲੇਖ ਹੇਠ ‘ਗੁਰਮਤਿ` ਨੂੰ ‘ਤੱਤ ਗੁਰਮਤਿ` ਦੇ ਮੁਕਾਬਲ ਨੀਵਾਂ ਦਰਸਾਉਂਣ ਦਾ ਲਿਖਤੀ ਜਤਨ ਕੀਤਾ ਹੈ ਇਸੇ ਕਾਰਨ ਦਾਸ ਪਰਿਵਾਰ ਲਈ ਹੁਣ ‘ਤ. ਪਰਿਵਾਰ` ਜਾਂ ‘ਪਰਿਵਾਰ` ਦੀ ਵਰਤੋਂ ਹੀ ਕਰਦਾ ਹੈ। ਮੁੱਡਲੀ ਜਾਣਕਾਰੀ ਵਿੱਚ ਪਰਿਵਾਰ ਵਲੋਂ ਦਿੱਤੇ ਤਰਕ ਕਾਰਨ ਗੁਰਮਤਿ ਤੋਂ ਪਹਿਲਾਂ ‘ਤੱਤ` ਸ਼ਬਦ ਵਰਤਣਾ ‘ਗੁਰਮਤਿ` ਦੀ ਸਿਰਮੌਰਤਾ ਦੇ ਭਾਵ ਵਿਰੁੱਧ ਹੈ। ਬੇਨਤੀ ਹੈ ਕਿ ਪਰਿਵਾਰ ਅਪਣੀ ਮਤ ਦੇ ‘ਤੱਤ` ਨੂੰ ਗੁਰਮਤਿ ਤੋਂ ਉਪਰ ਅਤੇ ਗੁਰਮਤਿ ਤੋਂ ਪਹਿਲਾਂ ਨਾ ਸਮਝੇ।
ਪਰਿਵਾਰ ਅੱਗੇ ਇਹ ਵੀ ਬੇਨਤੀ ਹੈ ਕਿ ਉਹ ਹੋਰ ਥਾਂਈ ਵੀ ਅਪਣੀ ਮਤ ਨੂੰ ਗੁਰਮਤਿ ਅਨੁਸਾਰ ਕਰਨ। ਇਸ ਲਈ ਪਰਿਵਾਰ ਨੂੰ ਆਪ ਅਗੂਆਈ ਕਰਨ ਤੋਂ ਬਜਾਏ ਪਹਿਲਾਂ ਗੁਰਮਤਿ ਤੋਂ ਅਗੂਆਈ ਲੇਂਣੀ ਚਾਹੀਦੀ ਹੈ। ਗੁਰਮਤਿ ਸਮਝਣ ਲਈ ਗੁਰੂ, ਗੁਰੂਆਂ ਦੇ ਜੀਵਨ, ਇਤਹਾਸ ਅਤੇ ਗੁਰਮਤੀ ਪਰੰਪਰਾਵਾਂ ਦੇ ਤੇਜ ਪ੍ਰਕਾਸ਼ ਨੂੰ ਸਮਝਣ ਦੀ ਲੋੜ ਹੈ। ਕਿਸੇ ਵਲੋਂ ਲਗਾਈਆਂ ਸੜੀਆਂ ਹੋਇਆਂ ਤੀਲੀਆਂ ਨੂੰ ਇੱਕਠਾਂ ਕਰਕੇ ਅੱਗ ਬਾਲਣ ਦਾ ਜਤਨ ਵਿਅਰਥ ਹੈ।
ਪਾਠਕ ਸੱਜਣਾਂ ਅਗੇ ਬੇਨਤੀ ਹੈ ਕਿ ਉਹ ਇਸ ਗਲ ਤੇ ਸੰਜੀਦਗੀ ਅਤੇ ਦੂਰਅੰਦੇਸ਼ੀ ਨਾਲ ਵਿਚਾਰ ਕਰਨ ਕਿ ਕੀ ਅਸੀਂ ਐਸੇ ਜਜ਼ਬਾਤੀ ਤਰੀਕੇ ਨਾਲ ਹਰ ਅਧਾਰ ਨੂੰ ਸੱਟ ਮਾਰਨ ਦੀ ਨਾਸਮਝੀ ਨਹੀਂ ਕਰ ਰਹੇ? ਕੀ ਅਸੀਂ ਕੁੱਝ ਬਚਾਉਂਣਾ ਚਾਹੁੰਦੇ ਹਾਂ ਜਾਂ ਇਹ ਚਾਹੁੰਦੇ ਹਾਂ ਕਿ ਕੁੱਝ ਵੀ ਨਾ ਬਚੇ?
ਹਰਦੇਵ ਸਿੰਘ, ਜੰਮੂ
੦੫. ੦੪. ੨੦੧੨
No comments:
Post a Comment