ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ਗੁਰਮਤਿ ਦੀ ਕਸਵਟੀ ਲਗਾਉਂਣ ਦਾ ਢੰਗ- ਭਾਗ ੧
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਭਾਈ ਰਾਜੋਆਣਾ ਵਲੋਂ ਦਰਬਾਰ ਸਾਹਿਬ ਨੂੰ ਪਵਿੱਤਰ ਕਹਿਣ ਦਾ ਵਿਰੌਧ ਤ. ਪਰਿਵਾਰ ਨੇ ਇਹ ਕਹਿ ਕੇ ਕੀਤਾ ਕਿ ਭਾਈ ਸਾਹਿਬ ਜੀ ਦੀ ਦਰਬਾਰ ਸਾਹਿਬ ਨੂੰ ‘ਪਵਿੱਤਰ` ਕਹਿਣ ਸਬੰਧੀ ਸੋਚ ਬ੍ਰਾਹਮਣਵਾਦ ਹੈ ਅਤੇ ਐਸੇ ਜਜ਼ਬਾਤਾਂ ਨੂੰ ਹੱਲਾ ਸ਼ੈਰੀ ਨਹੀਂ ਦੇਂਣੀ ਚਾਹੀਦੀ। ਪਰਿਵਾਰ ਨੇ ਲਿਖਿਆ:-
“ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ”
ਹੁਣ ਉਪਰੋਕਤ ਟਿੱਪਣੀ ਨੂੰ ਭਾਈ ਰਾਜੋਆਣਾ ਦੇ ਦਰਬਾਰ ਸਾਹਿਬ ਨੂੰ ਪਵਿੱਤਰ ਸਥਾਨ ਕਹਿਣ ਬਾਰੇ ਬਿਆਨ ਤੇ ਕੱਸਣ ਕਾਰਨ ਲੱਗਦਾ ਹੈ ਕਿ ਪਰਿਵਾਰ ਅਪਣੀ ਸੋਚ ਅਤੇ ਲੇਖਨ ਵਿੱਚ ਗੁਰਮਤਿ ਤੋਂ ਬਹੁਤ ਘੱਟ ਵਾਕਿਫ਼ ਅਤੇ ਬ੍ਰਾਹਮਣਵਾਦ ਦੇ ਵਿਰੋਧ ਦੇ ਫ਼ੋਬੀਏ ਤੋਂ ਗ੍ਰਸਤ ਹੈ ਜਿਸ ਕਾਰਨ ਗੁਰਮਤਿ ਪਰਿਵਾਰ ਦੀ ਪਹੁੰਚ ਤੋਂ ਬਹੁਤ ਦੁਰ ਜਾ ਚੁੱਕੀ ਹੈ। ਪਰਿਵਾਰ ਫ਼ਲਸਫ਼ੇ ਨੂੰ ਗਣਿਤ ਦਾ ਵਿਸ਼ਾ ਸਮਝ ਕੇ ਤੁਰ ਰਿਹਾ ਹੈ ਜਿਸ ਕਰਕੇ ਉਸ ਦੇ ਹੱਥ ਨਾ ਹਿਸਾਬ ਆ ਰਿਹਾ ਹੈ ਨਾ ਫ਼ਿਲਾਸਫ਼ੀ! ਪਰਿਵਾਰ ਨੂੰ ਅੱਜੇ ਤਕ ਇਹ ਵੀ ਸਮਝ ਨਹੀਂ ਆਇਆ ਹੈ ਕਿ ਗੁਰਮਤਿ ਨਾ ‘ਜਪ` ਦਾ ਵਿਰੌਧ ਕਰਦੀ ਹੈ ਨਾ ‘ਆਰਤੀ` ਦਾ ਵਿਰੌਧ ਕਰਦੀ ਹੈ ਅਤੇ ਨਾ ਹੀ ‘ਤੀਰਥ` ਦਾ ਵਿਰੌਧ ਕਰਦੀ ਹੈ। ਗੁਰਮਤਿ ਜਪੁ, ਤਪ, ਜੋਗ, ਆਰਤੀ ਅਤੇ ਤੀਰਥ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਦੀ ਹੈ। ਮਨਮੁਖ ਦਰਬਾਰ ਸਾਹਿਬ ਨੂੰ ਹਿੰਦੂ ਤੀਰਥਾਂ ਵਾਂਗ ਸਮਝਦਾ ਹੈ ਅਤੇ ਪਰਿਵਾਰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ, ਤੀਰਥਾਂ ਬਾਰੇ ਹਿੰਦੂ ਅਕੀਦੇ ਦੇ ਚਸ਼ਮੇ ਨਾਲ ਵੇਖਦਾ ਹੈ ਨਾ ਕਿ ਗੁਰਆਂ ਦੀ ਨਿਗਾਹ ਨਾਲ! ਖ਼ੈਰ!
ਕਈਂ ਵਾਰ ਲੇਖਾਂ ਵਿੱਚ ਪਰਿਵਾਰ ‘ਪੁਨਰਜਾਗਰਨ` ਆਦਿ ਦੀ ਗਲ ਇੰਝ ਲਿਖਦਾ ਹੈ ਜਿਵੇਂ ਕਿ ਇੱਕ ਵਿਸ਼ੇਸ ਬਣੀ ਬਣਾਈ ਸ਼ਬਦਾਵਲੀ ਹਰ ਸ਼ਟਾਮ (ਐਫ਼ੀਡੈਵਟ) ਦੇ ਆਰੰਭ ਅਤੇ ਅੰਤ ਵਿੱਚ ਲਿਖੀ ਜਾਂਦੀ ਹੈ। ਉਸ ਗਲ ਵਿੱਚ ਪਰਿਵਾਰ ‘ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ` ਜੀ ਨੂੰ ‘ਪੁਨਰਜਾਗਰਨ` ਲਹਿਰ ਨੂੰ ਨਵਾਂ ਅਧਾਰ ਦੇਂਣ ਵਾਲਾ ਦੱਸਦਾ ਹੈ। ਹੁਣ ਆਉ ਜ਼ਰਾ ਕਾਲਾ ਅਫ਼ਗ਼ਾਨਾ ਜੀ ਦੇ ਗੁਰਮਤਿ ਗਿਆਨ ਨੂੰ ਵੀ ਪਰਿਵਾਰ ਦੀ ਉਸ ਕਸਵਟੀ ਅਨੁਸਾਰ ਪਰਖੀਏ, ਜਿਸ ਦਾ ਇਸਤੇਮਾਲ ਪਰਿਵਾਰ ਨੇ ਦਰਬਾਰ ਸਾਹਿਬ ਨੂੰ ਰਾਜੋਆਣਾ ਵਲੋਂ ‘ਪਵਿੱਤਰ` ਕਹਿਣ ਦੀ ਨਿੰਦਾ ਕਰਨ ਲਈ ਕੀਤਾ ਹੈ!
ਬਾਕੌਲ ਪਰਿਵਾਰ ਪੁਨਰਜਾਗਰਨ ਲਹਿਰ ਵਿੱਚ ਨਵੀਂ ਰੂਹ ਫੂਕਣ ਵਾਲੀਆਂ ਪੁਸਕਤਾਂ ‘ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ` ਵਿੱਚ ਇੱਕ ਥਾਂ ਕਾਲਾ ਅਫ਼ਗ਼ਾਨਾ ਜੀ ਦਰਬਾਰ ਸਾਹਿਬ ਕੰਮਲੈਕਸ ਬਾਰੇ ਲਿਖਦੇ ਹਨ:-
“ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।
ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”
(ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ)
ਹਾਲਾਂਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਪ੍ਰਤੀ ਕਾਲਾ ਅਫ਼ਗ਼ਾਨਾ ਜੀ ਨੇ ਉਪਰਲੇ ਸ਼ਬਦਾਂ ਵਿੱਚ ਕੁੱਝ ਗਲਤ ਨਹੀਂ ਲਿਖਿਆ ਪਰ ਜ਼ਰਾ ਪੁਨਰਜਾਗਰਨ ਲਹਿਰ ਦੇ ਇਸ ਮੋਢੀ (ਪਰਿਵਾਰ ਅਨੁਸਾਰ) ਦੇ ਗੁਰਮਤਿ ਗਿਆਨ ਨੂੰ ਨੁਕਤਾਵਰ ਪਰਿਵਾਰ ਦੀ ਉਸ ਕਸਵਟੀ ਤੇ ਪਰਖ ਲਈਏ ਜਿਸ ਦਾ ਇਸਤੇਮਾਲ ਪਰਿਵਾਰ ਹੋਰਨਾਂ ਲਈ ਕਰਦਾ ਹੈ।
(1) “ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ”
ਟਿੱਪਣੀ:- ਕੀ ਗੁਰੂ ਅਰਜਨ ਜੀ ਦੀ ਸ਼ਹੀਦੀ ਨਾਲ ਹੀ ਕੋਮ ਮੁਰਦਾ, ਸਵੈਮਾਨ ਅਤੇ ਸੁਰਮਤਾਈ ਤੋਂ ਹੀਨ ਹੋ ਗਈ ਸੀ? ਜੇ ਕਰ ਹਾਂ ਤਾਂ ਮੁਰਦਿਆਂ ਵਿੱਚ ਸਵੈਮਾਨ ਅਤੇ ਸੁਰਮਤਾਈ ਪੈਦਾ ਕਰਨ ਲਈ ਮਿੱਟੀ, ਚੁਨਾ ਸੁਰਖੀ ਅਤੇ ਇੱਟਾਂ ਦੇ ਬਣੇ ਸ਼ਾਹੀ ਤਖ਼ਤ ਵਾਲੇ ਅਕਾਲ ਬੁੰਗੇ ਦੀ ਲੋੜ ਕੀ ਸੀ? ਭਲਾ ਬਿਲਡਿੰਗ ਦਾ ਸਵੈਮਾਨ ਅਤੇ ਸੁਰਮਤਾਈ ਨਾਲ ਕੋਈ ਸਬੰਧ ਹੋ ਸਕਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!
(2) “ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ,”
ਟਿੱਪਣੀ:- ਭਲਾ ਦਰਬਾਰ ਸਾਹਿਬ ਧਰਮ ਦਾ ਅਦੁਤੀ ਚਾਨਣ-ਮੁਨਾਰਾ ਕਿਵੇਂ ਹੋ ਗਿਆ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!
(3) “ ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ”
ਟਿੱਪਣੀ:- ਜਪੁ ਅਨੁਸਾਰ ਤਾਂ ਧਰਮ ਅਸਥਾਨ ਤਾਂ ਧਰਤੀ ਹੈ! ਭਲਾ ਕੋਈ ਬਿਲਡਿੰਗ ਧਰਮ ਅਸਥਾਨ ਕਿਵੇਂ ਹੋ ਸਕਦੀ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!
(4) ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”
ਟਿੱਪਣੀ:- ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦੇ ਮੇਲ ਵਾਲਾ ਕੋਈ ਸਥਾਨ ਵੀ ਭਲਾ ਦੈਵੀ ਬਰਕਤਾਂ ਵਾਲਾ ਹੋ ਸਕਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!
ਚਰਚਾ ਦੇ ਇਸ ਭਾਗ ਤਕ ਇਹ ਸਿੱਧ ਹੁੰਦਾ ਹੈ ਕਿ ਪਰਿਵਾਰ ਦੀ ਕਸਵਟੀ ਲਗਾਉਂਣ ਦੇ ਢੰਗ ਅਨੁਸਾਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਬਾਰੇ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਭਾਈ ਰਾਜੋਆਣਾ ਨਾਲੋਂ ਵੱਧ ਬ੍ਰਾਹਮਣਵਾਦੀ ਸੌਚ ਦੇ ਧਾਰਨੀ ਹਨ। ਨਹੀਂ?
ਇਸ ਸਥਿਤੀ ਬਾਰੇ ਪਰਿਵਾਰ ਹੁਣ ਦਲੀਲ ਦੇ ਸਕਦਾ ਹੈ ਕਿ ਕਾਲਾ ਅਫ਼ਗ਼ਾਨਾ ਜੀ ਵੀ ਅਭੁੱਲ ਨਹੀਂ ਅਤੇ ਕਈਂ ਥਾਂ ਬ੍ਰਾਹਮਣੀ ਪ੍ਰਭਾਵ ਹੇਠ ਹਨ। ਚਰਚਾ ਦੇ ਦੂਜੇ ਭਾਗ ਵਿੱਚ ਅਸੀਂ ਇਹ ਸੰਭਾਵਤ ਦਲੀਲ ਤੋਂ ਅੱਗੇ ਦੀ ਵਿਚਾਰ ਕਰਾਂ ਗੇ।
ਹਰਦੇਵ ਸਿੰਘ, ਜੰਮੂ
੦੪. ੦੪. ੨੦੧੨
No comments:
Post a Comment