ਪਰਿਵਾਰ ਦੀ ਤਾਜ਼ਾ ਸੰਪਾਦਕੀ ਬਾਰੇ
ਹਰਦੇਵ ਸਿੰਘ ਜੰਮੂ
"ਸਚੁ ਸੁਨਾਇਸੀ ਸਚ ਕੀ ਬੇਲਾ"
"ਮੇਰੀਆਂ ਅੱਖਾਂ (ਫ਼ਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇਕ ਸੁਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨਾਂ੍ਹ ਅਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ"
ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: "ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥੧॥ (ਪੰਨਾ ੫੭੭)" ਤਾਂ ਭਰਮ ਭੇਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਨਾ ਦੀ ਇਹ ਸੋਚ ਨਾ- ਵਾਕਿਫ ਲਗਦੀ ਹੈ।ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ 'ਦਿਮਾਗ' ਦਾ ਹੁੰਦਾ ਹੈ।ਦਿਮਾਗ ਹੀ ਸਰੀਰ ਦੇ ਹੋਰ ਬਹੁਤੇ ਅੰਗਾਂ ਵਾਂਗੂ 'ਅੱਖਾਂ' ਨੂੰ ਕੰਟਰੋਲ ਕਰਦਾ ਹੈ।ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਨਾ ਦਾ।ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਨਾ ਦੀ ਅੱਖਾਂ ਲੱਗਣ ਤੋਂ ਬਾਦ ਮਿਲੀ ਰੋਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ 'ਰਾਜੋਆਨਾ' ਦੀ ਹੈ? ਨਹੀਂ, ਬਿਲਕੁਲ ਨਹੀਂ।
ਸੋ ਸਪਸ਼ਟ ਹੈ , ਭਾਈ ਰਾਜੋਆਨਾ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਣਦੇਖੀ ਕਾਰਨ ਪੈਦਾ ਹੋਏ ਉਨਾਂ੍ਹ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਸਿੱਖ ਦੀ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ।ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨਾਂ੍ਹ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ…( ਤ.ਪਰਿਵਾਰ ਸੰਪਾਕਦੀ ਮਿਤੀ ੩੧.੦੩.੨੦੧੨)
ਪਤਾ ਨਹੀਂ ਗੁਰਬਾਣੀ ਦੇ ਫ਼ੁਰਮਾਨ 'ਸਚੁ ਸੁਨਾਇਸੀ ਸਚੁ ਕੀ ਬੇਲਾ' ਦੇ ਤਹਤ ਗਲਤ ਸੁਨਾਉਂਣ ਦਾ ਉਪਰੋਕਤ ਢੰਗ ਕੀ ਹੈ ?
ਪਹਿਲੀ ਗਲ ਤਾਂ ਇਹ ਕਿ ਉਪਰੋਕਤ ਵਿਸ਼ਲੇਸ਼ਣ ਢੁੱਕਵਾਂ ਹੀ ਨਹੀਂ ਕਿਉਂਕਿ ਇਸ ਵਿਸ਼ਲੇਸ਼ਣ ਨੂੰ ਕਰਨ ਲਈ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਸ਼ਬਦ ਦਰਅਸਲ ਰਾਜੋਆਨਾ ਜੀ ਨੇ ਅਪਣੀ ਵਸੀਅਤ ਵਿਚ ਲਿਖੇ ਹੀ ਨਹੀਂ।ਉਨਾਂ੍ਹ ਦੇ ਸ਼ਬਦਾਂ ਨੂੰ ਬਦਲ ਕੇ ਪੇਸ਼ ਕੀਤਾ ਗਿਆ ਹੈ।ਅਪਣੇ ਸ਼ਬਦਾਂ ਨੂੰ ਕਿਸੇ ਹੋਰ ਦੇ ਨਾਮ ਤੇ ਕੋਟ ਕਰਨਾ ਕਿਸ ਕਿਸਮ ਦੇ 'ਸੱਚ' ਨੂੰ ਸੁਨਾਉਂਣ ਦਾ ਉਪਰਾਲਾ ਹੈ ? ਇਹ ਇਕ ਗੁਰਮਤਿ ਵਿਹੂਣਾ ਢੰਗ ਹੈ।ਇਹ ਇਕ ਫ਼ੋਬੀਏ ਤੋਂ ਗ੍ਰਸਤ ਹੈ।
ਵਸੀਅਤ ਵਿਚ ਰਾਜੋਆਨਾ ਜੀ ਦੇ ਅਸਲ ਸ਼ਬਦ ਇਹ ਹਨ:- "ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ " ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ" ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ (ਜੋ ਕਿ ਦੇਖ ਨਹੀਂ ਸਕਦੇ) ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ , ਤਾਂ ਕਿ ਮੇਰੀ ਮੌਤ ਤੋਂ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ"
ਰਾਜੋਆਨਾ ਜੀ ਦੇ ਅਸਲ ਸਬਦਾਂ ਅਤੇ ਪੇਸ਼ ਕੀਤੇ ਗਏ ਉਨਾਂ੍ਹ ਸ਼ਬਦਾਂ ਵਿਚ ਬਹੁਤ ਵੱਡਾ ਅੰਤਰ ਹੈ ਜਿਨਾਂ੍ਹ ਨੂੰ ਨੁਕਤਾਚੀਨੀ ਲਈ ਅਧਾਰ ਰੂਪ ਪੇਸ਼ ਕੀਤਾ ਗਿਆ ਹੈ। ਸਾਰਥਕ ਨੁਕਤਾਚੀਨੀ ਮਾੜੀ ਗਲ ਨਹੀ ਹੁੰਦੀ ਹੈ ਪਰ ਇਸ ਲਈ ਨਾ ਕਹੀ ਗਈ ਗਲ ਨੂੰ ਅਧਾਰ ਬਨਾਉਂਣਾ ਲੇਖਨ ਦੇ ਅਸੂਲ ਅਤੇ ਅਦਬ ਦੇ ਵਿਰੁੱਧ ਹੈ।ਇਹ ਗੁਰਮਤਿ ਦੇ ਉਲਟ ਵੀ ਹੈ।ਰਾਜੋਆਨਾ ਜੀ ਨੇ ਇਹ ਨਹੀਂ ਲਿਖਿਆ ਕਿ ਉਨਾਂ੍ਹ ਅਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ!
ਰਾਜੋਆਣਾ ਜੀ ਦੇ ਅਸਲ ਸ਼ਬਦਾਂ ਦਾ ਭਾਵ ਇਹੀ ਸਮਝ ਆਉਂਦਾ ਹੈ ਕਿ ਭਾਈ ਸਾਹਿਬ ਦੀ ਇੱਛਾ ਹੈ ਕਿ ਉਨਾਂ੍ਹ ਦਿਆਂ ਅੱਖਾਂ ਇਕ ਨੇਤਰਹੀਨ ਰਾਗੀ ਸਿੰਘ ਦਿਆਂ ਅੱਖਾਂ ਬਣ ਕੇ ਉਸ ਰਾਗੀ ਲਈ ਦਰਬਾਰ ਸਾਹਿਬ ਦਾ ਮੰਜ਼ਰ ਦੇਖਣ ਦੇ ਕਾਬਲ ਰਹਿਣ।ਕੋਈ ਮੁਰਖ ਹੀ ਹੋਵੇਗਾ ਜੋ ਕਿ ਇਸ ਸੋਚੇ ਕਿ ਮੈਂ ਮਰਨ ਤੋਂ ਬਾਦ ਅੱਖਾਂ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਦਾ ਰਹਾਂ ਗਾ।ਰਾਜੋਆਣਾ ਦਾ ਭਾਵ ਹੈ ਕਿ ਉਂਨਾਂ੍ਹ ਦਿਆਂ ਅੱਖਾਂ ਮਰਨ ਤੋਂ ਬਾਦ ਵੀ ਕਿਸੇ ਨੇਤਰਹੀਨ ਦੇ ਕੰਮ ਆਉਂਦਿਆਂ ਦਰਬਾਰ ਸਾਹਿਬ ਦਾ ਮੰਜ਼ਰ ਵੇਖਦਿਆਂ ਰਹਿਣ।ਅਤੇ ਜੇ ਕਰ ਕਿਸੇ ਮੇਡੀਕਲ ਕਾਰਨ ਉਨਾਂ੍ਹ ਦਿਆਂ ਅੱਖਾਂ ਰਾਗੀ ਸਿੰਘ ਨੂੰ ਨਾ ਲੱਗ ਸਕਣ ਤਾਂ ਕਿਸੇ ਹੋਰ ਲੋੜ ਮੰਦ ਨੂੰ ਦੇ ਦਿੱਤੀਆਂ ਜਾਣ ਤਾਂ ਕਿ ਉਨਾਂ੍ਹ ਦਿਆਂ ਅੱਖਾਂ ਕਿਸੇ ਹੋਰ ਨਈ ਵੇਖਣ ਦੇ ਕਾਬਲ ਰਹਿੰਦੇ ਉਸ ਦੇ ਕੰਮ ਆਉਂਣ।
ਆਸ ਹੈ ਕਿ ਪਰਿਵਾਰ ਅਪਣੀ ਸੰਪਾਦਕੀ ਵਿਚ ਰਾਜੋਆਨਾ ਜੀ ਨੂੰ ਗਲਤ ਢੰਗ ਨਾਲ ਕੋਟ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰੇਗਾ। ਬ੍ਰਹਾਮਣਵਾਦ ਦੇ ਵਿਰੌਧ ਦੇ ਫ਼ੋਬੀਏ ਤੋਂ ਗ੍ਰਸਤ ਹੋਂਣ ਕਾਰਨ ਪਰਿਵਾਰ ਵਲੋਂ ਐਸਾ ਹੋ ਰਿਹਾ ਹੈ। ਸੰਪਾਦਕੀ ਵਿਚ ਹੋਰ ਨੁਕਤੇ ਵੀ ਹਨ ਜਿਨਾ੍ਹ ਬਾਰੇ ਵਿਚਾਰ ਫਿਰ ਕਦੇ ਸਹੀ!
ਇਸ ਤੋਂ ਇਲਾਵਾ ਇਕ ਹੋਰ ਗਲ ਵੀ, ਵੱਖਰੇ ਤੌਰ, ਤੇ ਵਿਚਾਰ ਲੇਂਦੇ ਹਾਂ!
ਜਿੱਥੋਂ ਤਕ ਮੈਡੀਕਲ ਸਾਂਇੰਸ ਦੀ ਗਲ ਹੈ, ਤਾਂ ਮਨੁੱਖ ਸੋਚਦਾ ਤਾਂ ਦਿਮਾਗ ਨਾਲ ਹੀ ਹੈ।ਪਰ ਚੁੰਕਿ ਉਹ ਕੁੱਝ ਦੇਖ/ਪੜ/ਸੁਣ ਕੇ ਹੀ ਸੋਚ ਸਕਦਾ ਹੈ ਇਸ ਲਈ ਸੋਚ/ਵਿਚਾਰਧਾਰਾ ਨੂੰ ਨਜ਼ਰੀਆ , ਦ੍ਰਿਸ਼ਟੀਕੋਣ ਜਾਂ ਨੁਕਤਾ ਏ ਨਿਗਾਹ ਆਦਿ ਕਿਹਾ ਜਾਂਦਾ ਹੈ। ਇਹ ਤਿੰਨੋਂ ਸ਼ਬਦ ਅੱਖਾਂ ਦੇ ਦੇਖ ਸਕਣ ਦੀ ਸ਼ਕਤੀ (ਦ੍ਰਿਸ਼ਟੀ) ਨਾਲ ਹੀ ਜੁੜੇ ਹਨ।ਇਨਾਂ੍ਹ ਦੀ ਵਰਤੋਂ ਵੇਲੇ ਮੈਡੀਕਤਲ ਸਾਇੰਸ ਦਾ ਤਰਕ ਇਸਤੇਮਾਲ ਨਹੀਂ ਕੀਤਾ ਜਾਂਦਾ। ਬਾਣੀ ਵਿਚ ਵੀ ਇਸ ਕ੍ਰਿਆ ਨੂੰ ਦ੍ਰਿਸ਼ਟੀ ਵਰਗੀ ਭਾਵਨਾ ਨਾਲ ਬਿਆਨ ਕੀਤਾ ਗਿਆ ਹੈ। ਜਿਵੇਂ ਕਿ:-
ਦਿਸਟਿ ਵਿਕਾਰੀ ਨਾਹੀ ਭਉ ਭਾਉ॥ ( ਗੁਰੂ ਨਾਨਕ, ਪੰਨਾ ੧੫੩)
ਨੇਤ੍ਰ ਸੰਤੋਖੇ ਏਕ ਲਿਵ ਤਾਰਾ॥ (ਗੁਰੂ ਨਾਨਕ, ਪੰਨਾ ੨੨੪)
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ (ਮਹਲਾ ੫, ਪੰਨਾ ੨੭੪)
ਸਰਬ ਨੈਨ ਆਪਿ ਪੇਖਨਹਾਰਾ (ਮਹਲਾ ੫,ਪੰਨਾ ੨੯੪)
ਨੈਨਹੁ ਸੂਤਕ ਬੈਨਹੂ ਸੂਤਕ ਸੂਤਕ ਸ੍ਰਵਨੀ ਹੋਈ॥ (ਕਬੀਰ ਜੀ, ਪੰਨਾ ੩੩੧)
ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ॥( ਕਬੀਰ ਜੀ , ਪੰਨਾ ੩੩੭)
ਮੁਰਖੁ ਹੋਈ ਨ ਆਖੀ ਸੂਝੇ॥ (ਗੁਰੂ ਨਾਨਕ, ਪੰਨਾ ੪੧੪)
ਮਤਿਗੁਰੁ ਸੇਵੀ ਦੇਖਹੁ ਪ੍ਰਭ ਨੈਨੀ॥੧॥ਰਹਾਉ (ਗੁਰੂ ਨਾਨਕ, ਪੰਨਾ ੪੧੬)
ਅਖੀ ਸੂਤਕ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕ ਕੰਨਿ ਪੈ ਲਾਇਤਬਾਰੀ ਖਾਹਿ॥ (ਗੁਰੂ ਨਾਨਕ ,ਪੰਨਾ ੪੭੨)
ਸ਼ਬਦ ਵਰਤੋਂ ਸਾਂਇੰਸ ਤੋਂ ਨਹੀਂ ਬਲਕਿ ਕੁਦਰਤ ਅਤੇ ਸਮਾਜਕ ਅਨੁਭਵਾਂ ਤੋਂ ਉਪਜਦੀ ਅਤੇ ਸਮਝੀ-ਸਮਝਾਈ ਜਾਂਦੀ ਹੈ। ਗੁਰੂ ਜੀ ਜਾਣਦੇ ਸਨ ਕਿ ਮਨੁੱਖ ਦਿਮਾਗ ਨਾਲ ਹੀ ਸੋਚਦਾ ਹੈ ਅਤੇ ਇਸ ਕ੍ਰਿਆ ਵਿਚ ਅੱਖਾਂ ਦੇ ਵੇਖਣ/ਪੜਨ ਦਾ ਸਮਰਥ (ਦ੍ਰਿਸ਼ਟੀ) ਕੰਨਾਂ ਦੇ ਸੁਣਨ ਦੀ ਸਮਰਥ ਸ਼ਕਤੀ ਕੰਮ ਆਉਂਦੀ ਹੈ।ਪਰ ਆਮ ਬੋਲਚਾਲ ਵਿਚ ਅੱਖਾਂ ਦੀ ਵੇਖਣ ਸ਼ਕਤੀ ਅਤੇ ਕੰਨਾ ਦੀ ਸੁਣਨ ਸ਼ਕਤੀ ਨੂੰ ਵੀ ਵਰਤ ਲਿਆ ਜਾਂਦਾ ਹੈ ਜਿਵੇਂ ਕਿ ਉੱਪਰ ਦਿੱਤੇ ਬਾਣੀ ਹਵਾਲਿਆਂ ਤੋਂ ਸਪਸ਼ਟ ਹੈ।ਇਸ ਲਈ ਮੈਡੀਕਲ ਸਾਂਇੰਸ ਦਾ ਟਕਰਾਉ ਕਾਵਿਯ ਜਾਂ ਆਮ ਵਰਤਕ ਸ਼ੈਲੀ ਨਾਲ ਕਰਵਾਉਂਣਾ ਇਕ ਪ੍ਰਕਾਰ ਦੇ ਸੰਕੀਰਣ ਦ੍ਰਿਸ਼ਟੀਕੋਣ/ਨਜ਼ਰੀਏ ਵਲ ਇਸ਼ਾਰਾ ਕਰਦਾ ਹੈ।ਜਿਵੇਂ ਕਿ ਸਵੇਰ ਹੋਂਣ ਤੇ ਅਸੀਂ ਕਹਿੰਦੇ ਹਾਂ 'ਸੁਰਜ ਚੜ ਗਿਆ'।ਪਰ ਸੂਰਜ ਤਾਂ ਚੜਦਾ ਨਹੀਂ ਬਲਕਿ ਧਰਤੀ ਘੰਮਦੀ ਹੈ।ਤੇ ਕੋਈ ਧਰਤੀ ਦੇ ਘੁੰਮਣ ਦਾ ਤਰਕ ਲੇ ਕੇ 'ਸੂਰਜ ਚੜ ਗਿਆ' ਸ਼ਬਦ ਵਰਤੋਂ ਦੇ ਮਗਰ ਪੈ ਜਾਏ ਤਾਂ ਇਸ ਨੂੰ ਸ਼ਬਦ ਵਰਤੋਂ ਕਰਨ/ਸਮਝਣ ਬਾਰੇ ਇਕ ਸੰਕੀਰਨ ਅਤੇ ਬੇਲੋੜਾ ਦ੍ਰਿਸ਼ਟੀਕੋਂਣ ਅਤੇ ਨੁਕਤਾਚੀਨੀ ਹੀ ਕਿਹਾ ਜਾਏ ਗਾ।
ਗੁਰਮਤਿ ਇਸ ਕਿਸਮ ਦੀ ਸੰਕੀਰਣਤਾ ਨੂੰ ਪਰਵਾਨ ਨਹੀਂ ਕਰਦੀ।ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਬਾਹ੍ਰਮਾਣਵਾਦ ਦੇ ਫ਼ੋਬਿਏ ਤੋਂ ਬਾਹਰ ਨਿਕਲ ਕੇ ਗੁਰਮਤਿ ਨੂੰ ਸਮਝੇ।
ਹਰਦੇਵ ਸਿੰਘ, ਜੰਮੂ
੦੧.੦੪.੨੦੧੨
No comments:
Post a Comment