'ਪਥ ਭ੍ਰਿਸ਼ਟ ਸੱਜਣ'
ਹਰਦੇਵ ਸਿੰਘ,ਜੰਮੂ
ਲਗਭਗ ਸਾਰੇ ਪ੍ਰਚਾਰਕ ਵਿਦਵਾਨ ਅਤੇ ਸੰਸਥਾਵਾਂ, ਚਿਰ ਤੋਂ, ਇਸ ਗਲ ਤੇ ਸਹਿਮਤ ਹਨ, ਕਿ ਬਾਣੀ ਕੇਵਲ ਪੜਨ ਲਈ ਨਹੀਂ ਬਲਕਿ ਸਮਝਣ ਲਈ ਵੀ ਹੈ। ਪੜਨ-ਸਮਝਣ ਦੀ ਕ੍ਰਿਆ ਤੋਂ ਅੱਗੇ, ਉਹ ਇਸ ਗਲ ਤੇ ਵੀ ਸਹਿਮਤ ਹਨ ਕਿ ਬਾਣੀ ਕੇਵਲ ਪੜਨ-ਸਮਝਣ ਲਈ ਹੀ ਨਹੀਂ ਬਲਕਿ ਜੀਵਨ ਕ੍ਰਿਆ ਕਲਾਪਾਂ ਵਿਚ ਵਰਤਨ ਲਈ ਹੈ। ਇਹ ਗਲ ਸਹੀ ਵੀ ਹੈ।
ਲੇਕਿਨ ਜ਼ਰਾ ਕੁ ਧਿਆਨ ਦੇਈਏ ਤਾਂ ਇਹ ਤੱਥ ਵਿਚਾਰ ਗੋਚਰ ਹੁੰਦਾ ਹੈ ਕਿ ਬਾਣੀ ਪੜਨਾ, ਸਮਝਣਾ ਅਤੇ ਵਰਤਨਾ ਇਕ ਸ਼੍ਰੰਖਲਾ ਬੱਧ ਨਿਯਮ ਹੈ, ਤਾਂ ਕਿ ਅੰਮ੍ਰਿਤ ਰੂਪੀ ਭੋਜਨ ਨੂੰ ਗ੍ਰਹਿਣ ਕੀਤਾ ਜਾ ਸਕੇ। ਪਰ ਅੱਜਕਲ ਕੁੱਝ ਪੱਖੋਂ ਨਾਸਮਝ ਚਿੰਤਕ, ਗੁਰੂ ਸਥਾਪਤ ਇਸ ਸ਼੍ਰੰਖਲਾ ਨੂੰ ਭੰਗ ਕਰਨ ਵਿਚ, ਆਪਣੇ ਚਿੰਤਨ ਦੀ ਵਡੀਆਈ ਭਾਲਦੇ ਹਨ। ਉਹ ਤਰਕ ਦਿੰਦੇ ਹਨ ਕਿ; ਭਾਈ ਜੇ ਕਰ ਗੁਰੂ ਉਪਦੇਸ਼ ਆਖਰਕਾਰ ਬਾਣੀ ਨੂੰ ਜੀਵਨ ਵਿਚ ਵਰਤਨ ਦਾ ਹੈ ਤਾਂ ਬਾਰ-ਬਾਰ ਬਾਣੀ ਪੜਨ ਦਾ ਕੀ ਮਹੱਤਵ ?
ਇਹ ਸਵਾਲ, ਜ਼ਾਹਰਾ ਤੌਰ ਤੇ, ਜਿਤਨਾ ਉਚਿੱਤ ਅਤੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦਾ ਹੈ ਦਰਅਸਲ ਉਨਾਂ ਹੈ ਨਹੀਂ! ਚੰਡੀਗੜ ਦੇ ਇਕ ਵਿਦਵਾਨ ਸੱਜਣ ਜੀ ਨੇ ਮੈਂਨੂੰ ਕੁੱਝ ਇਸੇ ਤਰਜ਼ ਤੇ ਸਵਾਲ ਪੁੱਛਿਆ ਕਿ; ਹਰਦੇਵ ਸਿੰਘ ਜੀ, ਜੇ ਕਰ ਮੈਂ ਪੜ ਲਿਖ ਕੇ ਅੱਜ ਇਕ ਵਪਾਰ ਚਲਾ ਰਿਹਾ ਹਾਂ, ਅਤੇ ਤੁਸੀ ਇਕ ਨੌਕਰੀ ਕਰ ਰਹੇ ਹੋ, ਤਾਂ ਕੀ ਤੁੱਕ ਹੈ ਕਿ ਅਸੀਂ ਅੱਜ ਵੀ ਛੋਟੀ ਉਮਰੇ ਸਕੂਲਾਂ ਵਿਚ ਪੜੇ ਪਹਾੜੇ ਰੱਟਦੇ ਰਹੀਏ? ਇਸ ਲਈ ਬਾਰ-ਬਾਰ ਬਾਣੀ ਰਟਨ ਦਾ ਕੀ ਫਾਈਦਾ ?
ਮੈਂ ਸਵਾਲ ਤੇ ਜਵਾਬ ਦਿੰਦੇ ਬੇਨਤੀ ਕੀਤੀ ਕਿ;ਭਾਈ ਸਾਹਿਬ ਜਿਨਾਂ ਸਕੂਲਾਂ ਵਿਚ ਅਸੀਂ ਛੋਟੇ ਹੁੰਦੇ ਕਦੇ ਪਹਾੜੇ ਰੱਟਦੇ ਸੀ, ਨਾ ਤਾਂ ਉਹ ਸਕੂਲ ਬੰਦ ਹੋ ਗਏ ਹਨ, ਅਤੇ ਨਾ ਹੀ ਉਨਾਂ ਸਕੂਲਾਂ ਦੀਆਂ ਕਲਾਸਾਂ ਵਿਚ, ਛੋਟੇ ਬੱਚੇ ਦਾਖ਼ਲ ਹੋਂਣੇ ਬੰਦ ਹੋ ਗਏ ਹਨ। ਆਪ ਜੀ ਦਾ ਵੱਡੇ ਹੋ ਕੇ, ਵਪਾਰ ਵਿਚ ਪੈ ਜਾਣ, ਅਤੇ ਮੇਰੇ ਨੌਕਰੀ ਲੱਗ ਜਾਣ ਦਾ ਅਰਥ ਇਹ ਨਹੀਂ, ਕਿ ਹੁਣ ਬੱਚੇ ਜੰਮਣੇ ਅਤੇ ਬੱਚਿਆਂ ਦੇ ਸਕੂਲ ਬੰਦ ਹੋ ਗਏ ਹਨ ! ਜਦ ਤਕ ਕੌਮ ਦੇ ਅੰਦਰ ਮਨੁੱਖ ਜਨਮ ਲੇਂਦੇ ਰਹਿਣਗੇ, ਛੋਟੀਆਂ ਕਲਾਸਾਂ ਤਾਂ ਲੱਗਦੀਆਂ ਹੀ ਰਹਿਣਗੀਆਂ। ਬਾਣੀ ਤਾਂ ਪੜੀ ਹੀ ਜਾਂਦੀ ਰਹੇਗੀ ਜਿਸ ਨੂੰ ਕੁੱਝ "ਸਿਆਣੇ" ਹੁਣ ਕੇਵਲ ਤੋਤਾ ਰੱਟਣੀ ਕਹਿਣ ਲਗ ਪਏ ਹਨ। ਭਲਾ ਕਿਸੇ ਨੇ ਐ ਬੀ ਸੀ ਪੜੇ ਬਿਨਾ ਵਕਾਲਤ, ਡਾਕਟਰੀ ਇੰਜਿਨਿਅਰਿੰਗ ਆਦਿ ਕੀਤੀ ਹੈ ? ਜਿਸ ਨੇ ਕਰ ਲਈ ਹੁਣ ਉਹ ਇਹ ਕਿਵੇਂ ਕਹਿ ਸਕਦਾ ਹੈ ਕਿ;ਚੁੰਕਿ ਮੈਂ ਕਰ ਲਈ ਹੈ ਇਹ ਲਈ ਹੁਣ ਸੰਸਾਰ ਵਿਚ ਐ ਬੀ ਸੀ ਆਦਿ ਚੇਤੇ ਕਰਨ ਦਾ ਕੀ ਮਤਲਭ ?
ਮੈਂਨੂੰ ਹੈਰਾਨਗੀ ਹੋਈ ਕਿ ਉਹ ਸੱਜਣ ਇਤਨਾ ਸਮਝਣ ਵਿਚ ਅਸਮਰਥ ਸਨ, ਕਿ ਗੁਰੂ ਦੇ ਸਨਮੁਖ ਸਿੱਖ ਹਮੇਸ਼ਾ ਬੱਚਾ ਰਹਿੰਦਾ ਹੈ। ਕੋਈ ਵਿਰਲਾ ਅਪਵਾਦ ਛੱਡ ਕੇ, ਉਮਰੋਂ ਵੱਡਾ ਬੰਦਾ ਵੀ ਅਧਿਆਤਮਕ ਸਿੱਖਿਆ ਪੱਖੋਂ, ਬੱਚਿਆਂ ਵਾਂਗ ਅਣਜਾਣ ਹੀ ਰਹਿੰਦਾ ਹੈ।
ਇਕ ਹੋਰ ਸੱਜਣ, ਤੱਤ ਘੜਦੇ ਉਸ ਵੱਲ, ਐਸੀਆਂ ਛਲਾਂਗਾਂ ਲਗਾਉਂਦੇ ਹਨ ਕਿ ਵਿਚਕਾਰਲੇ ਫ਼ਾਲਸਲਿਆਂ ਨੂੰ ਭੁੱਲ ਜਾਂਦੇ ਹਨ। ਇਕ ਦਿਨ ਉਨਾਂ ਵਲ ਮੇਰੇ ਸਵਾਲ ਸਨ ਕਿ; ਜੇ ਕਰ ਕਿਰਤ ਦਾ ਅੰਤਿਮ ਟੀਚਾ ਰੋਟੀ ਖਾਣਾ ਹੀ ਹੈ ਤਾਂ ਬਿਨਾ ਕਿਰਤ ਦੇ ਸਿੱਧਾ ਟੀਚੇ ਤੇ ਹੀ ਕਿਉਂ ਨਾ ਪੁੱਜਿਆ ਜਾਏ ? ਜੇ ਕਰ ਆਟਾ, ਚਾਵਲ, ਸਬਜ਼ੀ ਮਾਸ ਖਾਣ ਲਈ ਹਨ ਤਾਂ ਉਹ ਬਿਨਾ ਪਕਾਏ, ਸਿੱਧੇ ਹੀ ਕਿਉਂ ਨਾ ਖਾ ਲਏ ਜਾਣ ? ਫਿਰ ਕੀ ਅੰਨ ਖਾਣ ਦਾ ਟੀਚਾ ਪੁਰਾ ਕਰਨ ਲਈ ਅੰਨ ਉਗਾਉਂਣਾ ਲਾਜ਼ਮੀ ਨਹੀਂ ?
ਜਿਹੜਾ ਅੰਨ ਖਾਉਂਣ ਨੂੰ ਅੰਤਿਮ ਟੀਚਾ ਸਮਝ ਕੇ, ਅੰਨ ਉਗਾਉਂਣ ਨੂੰ ਫਾਲਤੂ ਕ੍ਰਿਆ ਪ੍ਰਚਾਰਦਾ ਹੈ ਉਹ ਸਿਆਣਾ ਨਹੀਂ ਬਲਕਿ ਅਗਿਆਨੀ ਹੈ। ਸਿਆਣਪ ਤਾਂ ਦੋਵੇਂ ਗਲਾਂ ਦੇ ਮਹੱਤਵ ਨੂੰ ਸਵੀਕਾਰ ਕਰਨ ਵਿਚ ਹੈ।
ਪਰ ਅੱਜ ਦਾ ਚਿੰਤਨ ਕੁੱਝ ਥਾਂ ਆਪਣਾ ਹੋਸ਼ ਗੁਆ ਚੁੱਕਾ ਹੈ। ਕਿਸੀ ਐਸੇ ਵਿਧਿਆਰਥੀ ਵਾਂਗ ਜੋ ਕਿ ਐਮ.ਬੀ.ਬੀ.ਐਸ.ਵਿਚ ਦਾਖ਼ਲਾ ਲੇਂਦੇ ਹੀ, ਇਹ ਕਹਿਣ ਲਗ ਜਾਏ ਕਿ; ਮੈਂਨੂੰ ਹੁਣੇ ਹੀ ਚੀਰ-ਫਾੜ ਕਰਨ ਲਈ ਕੋਈ ਮਰੀਜ਼ ਦੇਵੋ, ਤਾਂ ਕਿ ਮੈਂ ਪਹਿਲਾਂ ਆਪਣਾ ਟੀਚਾ ਪ੍ਰਾਪਤ ਕਰ ਲਵਾਂ !
ਅਧਿਆਤਮ ਵਿਚ ਵੀ ਸ਼੍ਰੰਖਲਾਬੱਧ ਅਤੇ ਨਿਯਮਤ ਰਮਜਾਂ ਹੁੰਦੀਆਂ ਹਨ, ਜਿਨਾਂ ਬਾਰੇ ਟਿੱਪਣੀਆਂ ਕਰਨ ਵੇਲੇ, ਉਨਾਂ ਨੂੰ ਇਸ ਕਦਰ ਨਿਖੇੜੇਆ ਨਹੀਂ ਜਾ ਸਕਦਾ, ਕਿ ਸਿੱਖਿਆਰਥੀ ਦੇ ਹੱਥ ਸਮੁੱਚੀ ਸ਼੍ਰੰਖਲਾ ਦੀ ਕੇਵਲ ਇਕ ਐਸੀ ਕੜੀ ਬੱਚ ਜਾਏ, ਜਿਸ ਨੂੰ ਪਕੜ ਕੇ ਉਹ ਬਾਕੀ ਦੀ ਸ਼੍ਰੰਖਲਾ ਬਾਰੇ ਅਣਜਾਣ ਅਤੇ ਨਾਸਮਝ ਰਹੇ। ਜੇ ਕਰ ਕੋਈ ਵਿਦਵਾਨ ਖੁਦ ਨੂੰ ਗੁਰੂ ਦੇ ਦੱਸੇ ਰਸਤੇ ਤੇ ਚਲਦੇ ਮੰਜਿਲ ਤੇ ਪਹੁੰਚਿਆ ਸਮਝਦਾ ਹੈ, ਤਾਂ ਉਸ ਨੂੰ ਉਸ ਰਸਤੇ ਵਿਚ ਐਸੀਆਂ ਖਾਈਆਂ ਨਹੀਂ ਖੋਦਣੀਆਂ ਚਾਹੀਦੀਆਂ, ਕਿ ਆਉਂਣ ਵਾਲਿਆਂ ਨਸਲਾਂ, ਪਥ ਭ੍ਰਿਸ਼ਟ ਹੋ ਉਨਾਂ ਖਾਈਆਂ ਵਿਚ ਗਰਕ ਹੋ ਜਾਣ ! ਗੁਰੂ ਮੰਜ਼ਿਲ ਵੀ ਹੈ ਅਤੇ ਰਸਤਾ ਵੀ !! ਰਸਤੇਆਂ ਦਾ ਮਜ਼ਾਕ ਉੜਾਉਂਦੇ ਸੱਜਣ, ਮੰਜ਼ਿਲ ਦੇ ਪ੍ਰੇਮੀ ਨਹੀਂ ਹੋ ਸਕਦੇ !!!
ਹਰਦੇਵ ਸਿੰਘ, ਜੰਮੂ -੧੩.੦੧.੨੦੧੪
No comments:
Post a Comment