‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`
‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਮਿਤੀ 16.10.2011, ਦਾਸ ਨੂੰ ਸ. ਗੁਰਬਖ਼ਸ਼ ਸਿੰਘ ਜੀ ਕਾਲਾ ਅਫ਼ਗਨਾ ਦੀ ਕਿਸੇ ਪੁਸਤਕ ਦੇ ਇੱਕ ਲੇਖ ‘ਸਿੱਖ ਬਨਾਉਂਣ ਲਈ ਚਰਣਾਮ੍ਰਿਤ ਪਿਲਾਉਣ ਦੀ ਰੀਤ? ` ਨੂੰ ਇੱਕ ਵੈਬਸਾਈਟ ਤੇ ਪਹਿਲੀ ਵਾਰ ਪੜਨ ਦਾ ਮੋਕਾ ਪ੍ਰਾਪਤ ਹੋਇਆ ਤਾਂ ਪਤਾ ਚੱਲਿਆ ਕਿ ਕਾਲਾ ਅਫ਼ਗਾਨਾ ਜੀ ਨੇ, ਦਸ਼ਮੇਸ਼ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਪਹਿਲਾਂ ਸਿੱਖੀ ਅੰਦਰ, ਗੁਰੂਆਂ ਵਲੋਂ ਸਿੱਖਾਂ ਨੂੰ ਆਪਣੇ ਚਰਣਾਮ੍ਰਿਤ ਦੇਂਣ ਦੀ ਕਹੀ ਜਾਂਦੀ ਰੀਤ ਬਾਰੇ ਵੱਡਮੁੱਲੇ ਵਿਚਾਰ ਦਿੱਤੇ ਹਨ। ਉਨ੍ਹਾਂ ਬਾਣੀ ਦੇ ਅੰਦਰ ਦਰਸਾਏ ‘ਨਾਮ ਅੰਮ੍ਰਿਤ` ਅਤੇ ‘ਖੰਡੇ ਬਾਟੇ ਦੀ ਪਾਹੁਲ`,ਦੋਹਾਂ ਵਿੱਚ ਅੰਤਰ ਦਰਸਾਉਂਦੇ ਕਈ ਸੁਚੱਜੇ ਵਿਚਾਰ ਦਿੱਤੇ ਹਨ ਅਤੇ ਗੁਰੂ ਨਾਨਕ ਵਲੋਂ ਆਪਣੇ ਚਰਨਾ ਦਾ ਅੰਮ੍ਰਿਤ ਪਿਲਾਉਂਣ ਦਾ ਖੰਡਨ ਕੀਤਾ ਹੈ। ਪਰ ਪਾਹੁਲ ਸ਼ਬਦ ਦੇ ਅਰਥ ਬਾਰੇ, ਉਨਾਂ ਦੀ ਇਸ ਲਿਖਤ ਦੇ ਕੁੱਝ ਅੰਸ਼ ਵਿਚਾਰਣ ਯੋਗ ਹਨ ਜੋ ਕਿ ਇਸ ਪ੍ਰਕਾਰ ਹਨ:-
(1) ਅੰਸ਼:- “ਪ੍ਰੋਫ਼ੈਸਰ ਸ਼ੇਰ ਸਿੰਘ ਜੀ ਨੇ “ਪਾਹੁਲ” ਪੀਣ ਦਾ ਜ਼ਿਕਰ ਕੀਤਾ ਹੈ। ਮਹਾਨ ਕੋਸ਼ ਦੇ ੭੫੯ ਸਫ਼ੇ ਤੇ “ਪਾਹੁਲ” ਦਾ ਅਰਥ—ਪਾਣ ਚੜਾਉਂਣ ਵਾਲਾ ਧਰਮ-ਮੰਤ੍ਰ ਨਾਲ ਤਿਆਰ ਕੀਤਾ ਜਲ” ਲਿਖਿਆ ਹੈ। ਸਪੱਸ਼ਟ ਹੈ ਕਿ ਪਾਹੁਲ ਦਾ ਅਰਥ ਚਾਰਣਾਮ੍ਰਿਤ ਨਹੀਂ ਹੈ” (ਕਾਲਾ ਅਫ਼ਗਾਨਾ ਜੀ, ਪੰਨਾ 114)
ਟਿੱਪਣੀ:- ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਅਰਥ ਬਾਰੇ ਮਹਾਨ ਕੋਸ਼ ਦੇ ਹਵਾਲੇ ਨਾਲ ਉਪਰੋਕਤ ਵਿਚਾਰ ਦਿੱਤਾ ਹੈ ਅਤੇ ਇਹ ਲਿਖਿਆ ਹੈ ਕਿ ਮਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਨਹੀਂ ਹੈ। ਇਸ ਬਾਰੇ ਉਨ੍ਹਾਂ ਦਾ ਕਥਨ ਅਧੂਰਾ ਹੈ। ਵਾਸਤਵਿਕਤਾ ਵਿੱਚ ਮਾਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਹੈ ਮਹਾਨ ਕੋਸ਼ ਵਿੱਚ ਇਸ ਦੇ ਅਰਥ ਇਸ ਪ੍ਰਕਾਰ ਹਨ:
ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)
ਪਾਹੁਲ ਦਾ ਉਪਰੋਕਤ ਅਰਥ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਇੰਝ ਸਪਸ਼ਟ ਕੀਤਾ ਹੈ।
“ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “
ਇਸ ਲਈ ਕਾਲਾ ਅਫ਼ਗਾਨਾ ਜੀ ਵਲੋਂ ਵਰਤੇ ਮਹਾਨ ਕੋਸ਼ ਦੇ ਹਵਾਲੇ ਅਨੁਸਾਰ ਪਾਹੁਲ ਸ਼ਬਦ ਦਾ ਅਰਥ ਨਿਰਸੰਦੇਹ ਚਰਣਾਮ੍ਰਿਤ ਲਿਕਲਦਾ ਹੈ। ਪਾਹੁਲ ਸ਼ਬਦ ਦਾ ਅਰਥ ਅੰਮ੍ਰਿਤ ਸ਼ਬਦ ਨਾਲੋਂ ਜੁਦਾ ਨਹੀਂ। ਹਾਂ ਇਤਨਾ ਫ਼ਰਕ ਜ਼ਰੂਰ ਹੈ ਕਿ ‘ਪਾਹੁਲ` ਕਿਸੇ ਵਿਯਕਤੀ ਦੇ ਚਰਨਾ ਦੇ ਨਾਲ ਜੁੜਦਾ ਹੈ ਅਤੇ ‘ਅੰਮ੍ਰਿਤ` ਸ਼ਬਦ ਕੇਵਲ ਖੰਡੇ ਅਤੇ ਬਾਟੇ ਨਾਲ। ਵੈਸੇ ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦਾ ਅਰਥ ਹੋਰ ਅਰਥਾਂ ਨਾਲ, ਜਲ, ਮਧੁਰ ਵੀ ਕੀਤਾ ਗਿਆ ਹੈ। (ਵੇਖੋ ਅਮ੍ਰਿਤ ਅਤੇ ਅੰਮ੍ਰਿਤ ਇੰਦਰਾਜ, ਮਹਾਨ ਕੋਸ਼) ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਬਾਟੇ ਦੇ ਜਲ (ਅੰਮ੍ਰਿਤ)ਨੂੰ ਖੰਡੇ ਨਾਲ ਜੋੜ ਰੱਖਣਾ ਚਾਹੁੰਦੇ ਹਾਂ ਕਿ ਕਿਸੇ ਚਰਣਾਂ ਨਾਲ?
(੨) ਅੰਸ਼} “ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਪਾਹੁਲ ਬਾਰੇ ਬਚਨ ਇਸ ਪ੍ਰਕਾਰ ਕਰਦੇ ਹਨ:-
ਪ੍ਰਥਮ ਰਤ ਇਹ ਜਾਨ,ਖੰਡੇ ਕੀ ਪਾਹੁਲ ਛਕੇ। ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।
ਵਿਚਾਰ—ਜਦ ਗੁਰੂ ਘਰ ਵਿੱਚ ਖੰਡੇ ਬਾਟੇ ਤੀ ਪਾਹੁਲ ਏਡੇ ਚਮਤਕਾਰੀ ਸਾਕੇ ਦੁਆਰਾ ਤਿਆਰ ਹੋ ਕੇ ਪਰਚਲਤ ਹੋ ਚੁੱਕੀ ਸੀ ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਸਿੱਖ ਜਗਤ ਵਿੱਚ ਕੋਈ ਹੋਰ ਪਾਹੁਲ ਵੀ ਪਿਲਾਈ ਜਾਣ ਦਾ ਰਵਾਜ ਸੀ? ਨਿਰਸੰਦੇਹ ਇਹ ਜ਼ਿਕਰ ਉਸੇ ਪਾਹੁਲ ਦਾ ਹੈ ਜਿਹੜੀ ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ। ਜਿਵੇਂ ਅੱਜ ਵੀ ਕਈ ਸਿੱਖ ਦੇਵੀ ਦੇਵਤਿਆਂ ਦੇ ਮੰਦਰਾਂ ਅਤੇ ਤੀਰਥਾਂ ਤੇ ਜਾਂਦੇ ਵੇਖੇ ਜਾ ਸਕਦੇ ਹਨ ਹਿੰਦੂਆਂ ਵਿੱਚ ਤਾਜ਼ੇ ਬਣੇ ਸਿੱਖਾਂ ਵਿੱਚ ਉਸ ਸਮੇਂ ਵੀ ਅਜੇਹੀ ਰੁਚੀ ਦਾ ਹੋਣਾ ਕੁਦਰਤੀ ਸੀ ਜੋ ਭਾਈ ਦੇਸਾ ਸਿੰਘ ਜੀ ਨੂੰ ਨਹੀਂ ਸੀ ਭਾਇਆ। ਖ਼ਾਲਸਾ ਜੀ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਚਮਤਕਾਰੀ ਮਰਿਆਦਾ ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਹੈ” (ਕਾਲਾ ਅਫ਼ਗਾਨਾ ਜੀ, ਪੰਨਾ ੧੧੮-੧੧੯)
ਟਿੱਪਣੀ:-ਭਾਈ ਦੇਸਾ ਸਿੰਘ ਜੀ ਦੇ ਰਹਿਤਮਾਨੇ ਦਾ ਇਸ ਬਾਬਤ ਪੁਰਾ ਹਵਾਲਾ ਇਸ ਪ੍ਰਕਾਰ ਹੈ:-
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,
ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.
ਇਸ ਹਵਾਲੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੰਡੇ ਦੇ ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਵੀ ਨਾਲ ਦੇ ਨਾਲ ਪ੍ਰਚਲਤ ਸੀ। ਕਾਲਾ ਅਫ਼ਗਾਨਾ ਜੀ ਦਾ ਮਤ ਸਹੀ ਹੈ ਕਿ ਪਾਹੁਲ ਦੀ ਰੀਤ ਕਿਸੇ ਹੋਰ ਤਬਕੇ ਵਲੋਂ ਵੀ ਵਰਤੀ ਜਾਂਦੀ ਸੀ ਜਿਸ ਨੂੰ ਗ੍ਰਿਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਸਪਸ਼ਟ ਰੂਪ ਵਿੱਚ ਕੀਤੀ ਗਈ ਹੈ। ਫ਼ਿਰ ਤਾਂ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਪਾਹੁਲ ਦਾ ਅਰਥ ਵੀ ਚਰਨਾਮ੍ਰਿਤ ਅਰਥਾਰਤ ਚਰਨਾ ਦਾ ਅੰਮ੍ਰਿਤ ਹੈ ਜਿਸ ਨੂੰ ਬਾਕੋਲ ਕਾਲਾ ਅਫ਼ਗਾਨਾ ਜੀ ਵੀ,” ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ”।
ਇਸ ਤੋਂ ਵਧੇਰੇ ਸਪਸ਼ਟ ਹੋਈਆ ਕਿ ਪਾਹੁਲ ਚਰਨਾਮ੍ਰਿਤ (ਚਰਣਾਂ ਦਾ ਅੰਮ੍ਰਿਤ) ਹੀ ਸੀ ਜਿਸ ਨੂੰ ਹੋਰ ਧਿਰ ਆਪਣੇ ਅਨੁਯਾਯੀਆਂ ਲਈ ਵਰਤਦੇ ਸੀ।
ਗੁਰੂ ਦਸ਼ਮੇਸ਼ ਜੀ ਨੇ ਇਸੇ ਕਾਰਣ ਆਪਣੇ ਕੋਤਕ ਨੂੰ ਪ੍ਰਚਲਤ ਪਾਹੁਲ ਨਾਲੋਂ ਵੱਖਰਾ ਦਰਸਾਉਂਣ ਲਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਿਹਾ ਜਿਸ ਵਿੱਚ ਕਿਸੇ ਵਿਅਕਤੀ ਦੇ ਪੈਰਾਂ ਦਾ ਕੋਈ ਰੋਲ ਨਹੀਂ ਸੀ। ਹਾਂ ਹੋਰ ਥਾਂਈ ਪ੍ਰਚਲਨ ਹੋਂਣ ਕਾਰਣ ਅਤੇ ਇਸ ਨੂੰ ਮੱਠਾਂ ਆਦਿ ਵਿੱਚ ਪ੍ਰਚਲਤ ਪਾਹੁਲ (ਚਰਨਾਮ੍ਰਿਤ) ਰੀਤੀਆਂ ਨਾਲੋਂ ਵੱਖਰਾ ਪਰਿਭਾਸ਼ਤ ਕਰਨ ਲਈ ਇਸ ਲਈ ‘ਖੰਡੇ ਦੇ ਪਾਹੁਲ` ਸ਼ਬਦ ਜੋੜ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ। ਪਰ 1945 ਵਿੱਚ ਬਣੀ ਸਿੱਖ ਰਹਿਤ ਮਰਿਯਾਦਾ ਵਿੱਚ ਪਾਹੁਲ ਸ਼ਬਦ ਦੇ ਵਾਸਤਵਕ ਅਰਥਾਂ ਅਤੇ ਪਿੱਛੋਕੜ (ਹੋਰ ਧਿਰਾਂ ਵਲੋਂ ਪੈਰਾ ਦੀ ਵਰਤੋਂ ਰਾਹੀਂ ਕੀਤੀ ਜਾਂਦੀ ਰਸਮ) ਨੂੰ ਧਿਆਨ ਵਿੱਚ ਰੱਖਦੇ ਇਸ ਮਰਿਯਾਦਤ ਕ੍ਰਿਆ ਲਈ ਖੰਡੇ ਬਾਟੇ ਦੇ ਅੰਮ੍ਰਿਤ ਸ਼ਬਦ ਜੋੜ (ਅੰਮ੍ਰਿਤ ਸੰਸਕਾਰ) ਨੂੰ ਤਰਜੀਹ ਮਿਲੀ। ਇਹ ਇੱਕ ਉਚਿੱਤ ਨਿਰਨਾ ਹੀ ਸੀ ਜਿਸ ਵਿੱਚ ਇੱਕ ਪੁਰਾਤਨ ਅਤੇ ਗੁਰਕਾਲੀ ਵਰਤੋਂ ਨੂੰ ਚੁਣਿਆ ਗਿਆ।
ਉਪਰਕਤ ਦਿੱਤੇ ਕਾਲਾ ਅਫ਼ਗਾਨਾ ਜੀ ਦੀ ਲਿਖਤ ਦੇ ਅੰਸ਼ ਦੇ ਅੰਤ ਦੀ ਪੰਕਤੀ ਵਿੱਚ ਉਨ੍ਹਾਂ ਨੇ ਖੰਡੇ ਦੀ ਪਾਹੁਲ ਦੀ ਰਸਮ ਨੂੰ ਖ਼ਾਲਸੇ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਇੱਕ ਚਮਤਕਾਰੀ ਮਰਿਆਦਾ, ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਦਰਸਾਇਆ ਹੈ। ਉਨਾਂ ਦੇ ਸ਼ਬਦ ਕੀਮਤੀ ਹਨ ਅਤੇ ਉਹ ਇਸ ਰਸਮ ਨੂੰ `ਚਮਤਕਾਰੀ` ਵੀ ਦਰਸਾ ਰਹੇ ਹਨ। ਇੰਝ ਹੀ ‘ਨਾਮ ਅੰਮ੍ਰਿਤ` ਤੋਂ ਅਲਗ, ਕਿਸੇ ਹੋਰ ਠੀਕ ਪਰਿਪੇਖ ਵਿਚ, ਖੰਡੇ ਦੇ ਅੰਮ੍ਰਿਤ/ਪਾਹੁਲ ਨੂੰ ਕਈ ਹੋਰ ਜਾਣਕਾਰ ਸੱਜਣ ਵੀ ਚਮਤਕਾਰੀ ਦਰਸਾਉਂਦੇ ਹਨ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
(3) ਅੰਸ਼ “… ਫ਼ਿਰ ਜਿਸਦਾ ਹਿਰਦਾ ਸਿੱਖ ਬਣ ਗਿਆ, ਤਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਜੀਵਨ ਜੁਗਤ ਢਾਲ ਲੈਣ ਦੀ ਸ਼ਰਧਾ ਬਣ ਜਾਂਦੀ ਹੈ। ਉਸ ਜੀਵਨ ਜੁਗਤ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਦੇ ਪੰਜ ਕਕਾਰਾਂ ਵਿੱਚ ਸੁਰਖਿਆਤ ਚਲੜਦੀ ਕਲਾ ਵਾਲੇ, ਉੱਚੇ ਸੁੱਚੇ ਜੀਵਨ ਦੀ ਸ਼ਰਤ ਆਪਣੇ ਆਪ ਆ ਜੁੜਦੀ ਹੈ” (ਪੰਨਾ ੧੨੦)
ਟਿੱਪਣੀ:-ਕਾਲਾ ਅਫ਼ਗਾਨਾ ਜੀ ਨੇ ਸੁੱਚਜੇ ਢੰਗ ਨਾਲ, ਖੰਡੇ ਦੇ ਅੰਮ੍ਰਿਤ ਬਾਰੇ ਗਲਤ ਸਮਝ ਨਾਲੋਂ ਬਾਣੀ ਅਧਾਰਤ ਅਹਿਸਮਤੀ ਜਤਾਉਂਦੇ,ਇਸ ਰਸਮ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਉਸ ਦੀ ਅਹਮਿਯਤ ਨੂੰ ਜੀਵਨ ਜੁਗਤ ਦੇ ਨਾਲ ਜੋੜਿਆ ਹੈ।
ਦਾਸ ਨੇ ਕੇਵਲ ਇਸ ਲੇਖ ਦੇ ਅਧਾਰ ਤੇ ਆਪਣੀ ਟਿੱਪਣੀ ਕੀਤੀ ਹੈ। ਕਾਲਾ ਅਫ਼ਗਾਨਾ ਜੀ ਨੇ ਹੋਰ ਕਿਸੇ ਲਿਖਤ ਵਿੱਚ ਇਸ ਬਾਬਤ ਕੀ ਲਿਖਿਆ ਹੈ ਉਹ ਦਾਸ ਨੂੰ ਉਸ ਦੀ ਜਾਣਕਾਰੀ ਨਹੀਂ। ਹਾਂ ਇਸ ਲਿਖਤ ਵਿੱਚ ਇਤਨਾ ਜ਼ਰੂਰ ਸਪਸ਼ਟ ਹੋਇਆ ਹੈ ਕਿ ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਵਾਸਤਵਕ ਅਰਥਾਂ ਬਾਰੇ ਮਾਹਾਨ ਕੋਸ਼ ਦੇ ਸਬੰਧਤ ਸਫ਼ੇ ਦੀ ਪੈਰ ਟਿੱਪਣੀ ਸ਼ਾਯਦ ਨਹੀਂ ਪੜੀ ਜਿਸ ਕਾਰਣ ਉਹ ਪਾਹੁਲ ਸ਼ਬਦ ਨੂੰ ਚਰਨਾਮ੍ਰਿਤ ਨਾਲੋਂ ਵੱਖਰਾ ਸਮਝ ਗਏ ਜਦ ਕਿ ਪਾਹੁਲ ਦਾ ਅਰਥ ਚਰਣਾਮ੍ਰਿਤ ਅਥਵਾ ਚਰਨਾ ਦਾ ਅੰਮ੍ਰਿਤ ਹੀ ਹੈ।
ਹਰਦੇਵ ਸਿੰਘ, ਜੰਮੂ
No comments:
Post a Comment