‘ਸਿਧ ਗੋਸ਼ਟਿ, ਸ਼ਬਦ ਗੁਰੂ ਅਤੇ ਸੱਚ ਦਾ ਗਿਆਨ'
ਹਰਦੇਵ ਸਿੰਘ, ਜੰਮੂ
ਇਸ ਲੇਖ ਵਿੱਚ ਅਸੀਂ ਸਿਧ ਗੋਸ਼ਟਿ, ਸ਼ਬਦ ਗੁਰੂ ਅਤੇ ਸੱਚ ਦੇ ਗਿਆਨ ਨਾਲ ਜੁੜੇ ਕੁੱਝ ਪੱਖਾਂ ਦੀ ਗੱਲ ਕਰਾਂਗੇ।
ਸਿਧ ਗੋਸ਼ਟਿ ਸ਼ਬਦ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਉਹ ਹਿੱਸਾ ਹੈ ਜਿਸ ਵਿੱਚ ਗੁਰੁ ਨਾਨਕ ਅਤੇ ਸਿਧਾਂ ਵਿਚਕਾਰ ਹੋਏ ਸੰਵਾਦ ਦਾ ਬਿਉਰਾ ਹੈ। ਇਹ ਸੰਵਾਦ ਗੁਰੁ ਨਾਨਕ ਦੇ ਫ਼ਲਸਫ਼ੇ ਦੇ ਗਹਿਰੇ ਪੱਖਾਂ ਨੂੰ ਉਜਾਗਰ ਕਰਦਾ ਹੈ। ਇਸ ਨੂੰ ਸਮਝਣ ਦੀ ਕੋਸ਼ਿਸ ਤੋਂ ਪਹਿਲਾਂ ਕੁੱਝ ਵਿਸ਼ੇਸ਼ ਨੁਕਤਿਆਂ ਨੂੰ ਸਮਝਣਾ ਜ਼ਰੂਰੀ ਹੈ ਤਾਂਕਿ ਇਸ ਗੋਸ਼ਟਿ ਦੇ ਪਰਿਪੇਖ ਕੁੱਝ ਅਣਛੂਤੇ ਨੁੱਕਤਿਆਂ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ।
ਪਹਿਲਾ ਨੁੱਕਤਾ: ਗੁਰੁ ਸਾਹਿਬ ਨੇ ਸਿਧਾਂ ਨਾਲ ਪਹਿਲਾਂ ਗੋਸ਼ਟਿ ਕੀਤੀ ਸੀ ਅਤੇ ਬਾਦ ਵਿੱਚ ਇਸ ਨੂੰ ਕਲਮਬੱਧ ਕੀਤਾ।
ਦੂਜਾ ਨੁੱਕਤਾ: ਇਹ ਗੋਸ਼ਟਿ ਠੀਕ ਉਸ ਭਾਸ਼ਾ ਸ਼ੈਲੀ ਵਿੱਚ ਨਹੀਂ ਹੋਈ ਸੀ ਜਿਸ ਵਿੱਚ ਇਸ ਨੂੰ ਲਿਖਿਆ ਗਿਆ। ਉਦਾਹਰਣ ਲਈ ਸਿਧ ਗੋਸ਼ਟਿ ਰਾਗ ਰਾਮਕਲੀ ਵਿੱਚ ਨਹੀਂ ਸੀ ਹੋਈ ਬਲਕਿ ਗੁਰੁ ਨਾਨਕ ਦੇਵ ਜੀ ਨੇ ਇਸ ਸੰਵਾਦ ਨੂੰ ਰਾਗ ਰਾਮਕਲੀ ਵਿੱਚ ਲਿਖਿਆ। ਨਿਰਸੰਦੇਹ, ਗੁਰੁ ਨਾਨਕ ਜੀ ਦਾ ਸਿਧਾਂ ਨਾਲ ਇਹ ਸੰਵਾਦ ਉਸ ਸਮੇਂ ਦੀ ਪ੍ਰਚਲਤ ਆਮ ਬੋਲਚਾਲ ਦੀ ਭਾਸ਼ਾ ਅਤੇ ਵਾਰਤਾ ਦੇ ਅੰਦਾਜ਼ ਦੇ ਮਾਧਿਅਮ ਰਾਹੀਂ ਹੀ ਹੋਈਆ ਹੋਣਾਂ ਹੈ ਨਾ ਕਿ ਗਾਈਨ ਸ਼ੈਲੀ ਵਿਚ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸੰਵਾਦ ਗਾ ਕੇ ਜਾਂ ਰਾਮਕਲੀ ਰਾਗ ਦੀ ਬੰਦਸ਼ ਵਿੱਚ ਬੱਝੇ ਹੋਏ ਕਾਵਯ ਰੂਪ ਵਿੱਚ ਬੋਲ ਕੇ ਹੋਈਆ ਸੀ।
ਤੀਜਾ ਨੁੱਕਤਾ: ਇਸ ਨੁੱਕਤੇ ਵਿੱਚ ਇਸ ਸਵਾਲ ਦੇ ਜਵਾਬ ਦੀ ਪੜਚੋਲ ਕਰਨੀ ਬਣਦੀ ਹੈ ਕਿ, ਇਸ ਸੰਵਾਦ ਨੂੰ ਪੂਰਾ ਹੁੰਦੇ ਕਿਨਾਂ ਕੁ ਸਮਾਂ ਲਗਾ ਹੋਣਾਂ ਹੈ? ਇਸ ਸਵਾਲ ਦਾ ਨਿਸ਼ਚਤ ਜਵਾਬ ਲੱਭਣਾ ਸ਼ਾਯਦ ਮੁਮਕਿਨ ਨਹੀਂ। ਪਰ ਅਸੀਂ ਵਿਸ਼ਲੇਸ਼ਣ ਰਾਹੀਂ, ਨਿਸ਼ਚਤ ਤੋਰ ਤੇ ਇਹ ਕਹਿ ਸਕਦੇ ਹਾਂ ਕਿ ਇਸ ਵਿੱਚ ਕੁੱਝ ਜਾਂ ਫਿਰ ਕਈ ਹਫ਼ਤਿਆਂ ਦਾ ਸਮਾਂ ਤਾਂ ਜਰੂਰ ਲਗਾ ਹੋਣਾਂ ਹੈ। ਉਂਝ ਅਸੀਂ ਸਿਧ ਗੋਸ਼ਟਿ ਨੂੰ, ਬੜੇ ਆਰਾਮ ਨਾਲ, ਲਗਭਗ ਇੱਕ ਘੰਟੇ ਤੋਂ ਵੀ ਘਟ ਸਮੇਂ ਦੇ ਅੰਦਰ ਪੜ ਸਕਦੇ ਹਾਂ। ਪਰ ਇੱਕ ਗੱਲ ਤੈਅ ਹੈ ਕਿ ਇਹ ਇੱਕ ਲੰਮਾ ਸੰਵਾਦ ਸੀ ਜਿਸ ਨੂੰ ਗੁਰੂ ਨਾਨਕ ਨੇ ਲੋੜੀਂਦੇ ਹਿਸਾਬ ਨਾਲ ਵਿਸ਼ੇਸ਼ ਕਾਵਯ ਸ਼ੈਲੀ ਵਿੱਚ ਕਲਮਬੱਧ ਕੀਤਾ। ਇਹ ਇੱਕ ਲੰਮੇ ਅਤੇ ਅਤਿ ਮਹੱਤਵਪੁਰਣ ਸੰਵਾਦ ਦੇ ਭਾਵ ਨੂੰ ਸੰਖੇਪ ਸ਼ਬਦਾ ਵਿੱਚ ਲਿਖਣ ਦੀ ਕ੍ਰਿਆ ਸੀ ਜਿਸ ਦੇ ਪਿੱਛੋਕੜ ਵਿੱਚ ਇੱਕ ਵੱਡੀ ਅਤੇ ਚੁਨੋਤੀਪੂਰਨ ਵਿਚਾਰਕ ਗੋਸ਼ਟਿ ਦਾ ਸੰਧਰਭ ਸੀ।
ਚੋਥਾ ਨੁੱਕਤਾ: ਜ਼ਾਹਿਰ ਹੈ ਕਿ ਇਹ ਗੋਸ਼ਟਿ ਗੁਰੁ ਨਾਨਕ ਅਤੇ ਸਿਧਾਂ ਦੇ ਦਰਮਿਆਨ ਹੋਈ ਸੀ ਨਾ ਕਿ ਪਰਮਾਤਮਾ ਅਤੇ ਸਿਧਾਂ ਦੇ ਦਰਮਿਆਨ। ਇਸ ਸੰਵਾਦ ਵਿੱਚ ਗੁਰੁ ਨਾਨਕ ਜੀ ਦੂਆਰਾ ਦਿੱਤੇ ਗਏ ਜੂਆਬਾਂ ਵਿੱਚ ਪਰਮਾਤਮਾ, ਉਸ ਦੀ ਕੁਦਰਤ ਅਤੇ ਜੀਵਨ ਬਾਰੇ ਉਹ ਗਿਆਨ ਸੀ ਜਿਸ ਨੂੰ ਗੁਰੁ ਨਾਨਕ ਨੇ ਆਪਣੇ ਵਿਵੇਕ ਰਾਹੀਂ ਵਿਚਾਰਿਆ ਸੀ ਅਤੇ ਸਿਧਾਂ ਦੇ ਸੁਆਲਾਂ ਦੇ ਢੁੱਕਵੇਂ ਜਵਾਬ ਦਿੱਤੇ ਸੀ। ਇਹ ਬਿਬੇਕ ਪਰਮਾਤਮਾ ਦੀ ਗੁਰੁ ਨਾਨਕ ਉਤੇ ਹੋਈ ਪਰਮ ਕਿਰਪਾ ਸੀ। ਯਾਨੀ ਕਿਰਪਾ ਪਰਮਾਤਮਾ ਦੀ ਅਤੇ ਸ਼ਬਦ ਗੁਰੁ ਨਾਨਕ ਜੀ ਦੇ ਆਪਣੇ ਸਨ। ਗੁਰੂ ਨਾਨਕ ਆਪਣੇ ਵਿਚਾਰਾਂ ਦੇ ਅਚਾਰੀ ਸਨ ਜਿਨ੍ਹਾਂ ਵਿੱਚ ਪਰਮਾਤਮਾ ਬਾਰੇ, ਉਸ ਦੀ ਕੁਦਰਤ ਬਾਰੇ ਅਤੇ ਮਨੁੱਖਾ ਜੀਵਨ ਦੀਆਂ ਸੱਚਾਈਆਂ ਸਨ। ਇਨ੍ਹਾਂ ਸੱਚਾਈਆਂ ਦੇ ਮੱਧੇਨਜ਼ਰ ਗੁਰੁ ਨਾਨਕ ਨੇ ਸਿਧ ਗੋਸ਼ਟਿ ਦੇ ਮੁਖ ਭਾਵ ਨੂੰ ਰਹਾਉ ਦੀਆਂ ਪੰਗਤਿਆਂ ਵਿੱਚ ਇੰਝ ਸਮਸ਼ਟ ਕੀਤਾ
ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ (ਮ. ੧, ਪੰਨਾ ੯੩੮, ਸ਼ਬਦ ਗੁਰੂ ਗ੍ਰੰਥ ਸਾਹਿਬ)
ਨਿਰਸੰਦੇਹ ਜੱਪ ਦਾ ਮੁੱਖ ਭਾਵ (ਕਿਵ ਸਚਿਆਰਾ ਹੋਈਏ/ਕਿਆ ਭਵੀਐ ਸਚਿ ਸੂਚਾ ਹੋਇ) ਹੀ ਗੁਰੂ ਨਾਨਕ ਦੀ ਸਿਧਾਂ ਨਾਲ ਗੋਸ਼ਟਿ ਦਾ ਅਧਾਰ ਸੀ ਨਾ ਕਿ ਕਿਸੇ ਇੱਕ ਸ਼ਬਦ ਦੀ ਪ੍ਰਾਪਤੀ ਦੀ ਜੁਗਤ।
ਇੱਥੇ ‘ਸਾਚ ਸ਼ਬਦ` ਪਦ ਅਰਥ ਦਾ ਮਤਲਭ ਕੋਈ ਇੱਕ ‘ਠਾਹ` ਜਾਂ ‘ਠੁੱਸ`ਵਰਗੀ ਆਵਾਜ਼ ਨਹੀਂ ਕਿਉਂਕਿ ਜੇਕਰ ਗੱਲ ਇਨੀਂ ਕੁ ਹੁੰਦੀ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਉਸ ਇੱਕ ਸ਼ਬਦ ਜਾਂ ਆਵਾਜ਼ ਨੂੰ ਲਿਖ ਕੇ ਸਿੱਖਾ ਨੂੰ ਵੇਹਲਾ ਕਰ ਦਿੰਦੇ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੧੪੩੦ ਪੰਨਿਆਂ ਵਿੱਚ ਸਮੁੱਚੇ ਜੀਵਨ ਦੇ ਸੰਘਰਸ਼ ਨੂੰ ਜਿੱਤਣ ਦੀ ਜੁਗਤ ਹੈ ਨਾ ਕਿ ਇੱਕ ‘ਸ਼ਬਦ` ਜਾਂ ‘ਆਵਾਜ਼` ਮਤਾਰ ਦਾ ਵਰਦਾਨ ਪ੍ਰਾਪਤ ਕਰਨ ਦਾ ਕੋਈ ਕਰਮਕਾਂਢੀ ਕਰਿਸ਼ਮਾ। ਸ਼ਬਦ ਗੁਰੂ ਦਾ ਇਹ ਸੰਧਰਭ ਸਮਝਣ ਦੀ ਲੋੜ ਹੈ ਜੋ ਕਿ ਨਿਰਸੰਦੇਹ ਇੱਕ ਸ਼ਬਦ ਮਾਤਰ ਨਹੀਂ।
ਹੁਣ ਸਿਧ ਗੋਸ਼ਟਿ ਦੀ ਇਸ ਸੰਖੇਪ ਜਿਹੀ ਵਿਚਾਰ ਦੇ ਨਾਲ ਅਸੀਂ ਪਰਮਾਤਮਾ, ਗੁਰੂ ਨਾਨਕ ਅਤੇ ਸ਼ਬਦ ਗੁਰੂ ਦੀ ਵਿਚਾਰ ਵੀ ਕਰਾਂ ਗੇ।
ਗੁਰੁ ਬਾਣੀ ਵਿੱਚ ਸੱਚ ਅਤੇ ਝੂਠ ਵਿਚਕਾਰ ਫ਼ਾਸਲਾ ਸਪਸ਼ਟ ਕੀਤਾ ਗਿਆ ਹੈ। ਜੇਕਰ ਅਸੀਂ ਇਸ ਤੱਥ ਨੂੰ ਸਵੀਕਾਰ ਕਰਦੇ ਹਾਂ ਤਾਂ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਸੰਸਾਰਕ ਸ਼ਬਦਾਂ ਦੇ ਭਾਵ ਸੱਚੇ ਵੀ ਹੋ ਸਕਦੇ ਹਨ ਅਤੇ ਝੂਠੇ ਵੀ। ਯਾਨੀ ਕਿ ਸੱਚ ਅਤੇ ਝੂਠ ਦੋਹਾਂ ਦਾ ਪ੍ਰਗਟਾਵਾ ਸ਼ਬਦਾ ਰਾਹੀਂ ਹੀ ਹੁੰਦਾ ਹੈ। ਹਾਲਾਂਕਿ ਸ਼ਬਦ (Words) ਆਪਣੇ ਆਪ ਵਿੱਚ ਸੱਚੇ ਜਾਂ ਝੂਠੇ ਨਹੀਂ ਹੁੰਦੇ। ਮਿਸਾਲ ਦੇ ਤੋਰ ਤੇ ਜੇਕਰ ਕਿਸੇ ਜਗ੍ਹਾ ਪਏ ਇੱਕ ਗੁਆਚੇ ਹੋਏ ਨਵਜਾਤ ਬੱਚੇ ਕੋਲ ਖੜੀ ਉਸਦੀ ਅਸਲ ਮਾਂ ਇਹ ਕਹੇ ਕਿ ‘ਇਹ ਬੱਚਾ ਮੇਰਾ ਹੈ` ਤਾਂ ਉਸ ਦੇ ਕਹੇ ਸ਼ਬਦ ਸੱਚੇ ਹੋਣ ਗੇ। ਪਰ ਜੇਕਰ ਨਾਲ ਹੀ ਖੜੀ ਇੱਕ ਦੂਜੀ ਜਾਲਸਾਜ਼ ਔਰਤ ਵੀ ਕਹੇ ਕਿ ‘ਇਹ ਬੱਚਾ ਮੇਰਾ ਹੈ` ਤਾਂ ਉਸਦੇ ਇਹ ਸ਼ਬਦ ਝੂਠ ਹੋਣ ਗੇ ਹਾਲਾਂਕਿ ਸ਼ਬਦਾਂ (Both Statements) ਵਿੱਚ ਕੋਈ ਫ਼ਰਕ ਨਹੀਂ ਹੋਵੇਗਾ। ਸ਼ਬਦ ਇਕੋ ਜਿਹੇ ਹੀ ਹਨ ਪਰ ਸ਼ਬਦਾਂ ਦੇ ਪਿੱਛੇ ਦਾ ਪਰਿਪੇਖ ਅਤੇ ਭਾਵ ਦਾ ਪ੍ਰਗਟਾਵਾ ਸੱਚ ਅਤੇ ਝੂਠ ਦੀ ਕਸਵਟੀ ਹੁੰਦਾ ਹੈ। ਇਕੋ ਜਿਹੇ ਸ਼ਬਦਾ ਦੇ ਪਿੱਛੇ ਦਾ ਪਰਿਪੇਖ ਉਨ੍ਹਾਂ ਦੇ ਸੱਚੇ ਜਾਂ ਝੂਠੇ ਹੋਣ ਦਾ ਪੈਮਾਨਾ ਤੈਅ ਕਰਦਾ ਹੈ। ਹਾਲਾਂਕਿ ਝੂਠੇ ਸ਼ਬਦਾ ਵਿੱਚ ਵੀ ਸ਼ਬਦਾਂ ਦੇ ਝੂਠੇ ਹੋਣ ਦਾ ਸੱਚ ਤਾਂ ਪ੍ਰਗਟ ਹੁੰਦਾ ਹੀ ਹੈ। ਇਹ ਗਹਿਰੀ ਗੱਲ ਹੈ।
ਹੁਣ ਜੇਕਰ ਗੁਰੂ ਨਾਨਕ ਜੀ ਨੇ ਰਹਾਉ ਦੀਆਂ ਪੰਗਤਿਆਂ ਵਿੱਚ ਹੀ ਸਮਸ਼ਟ ਕੀਤਾ ਹੈ ਕਿ ਉਨ੍ਹਾਂ ਸ਼ਬਦਾਂ ਦੇ ਬਿਨ੍ਹਾਂ ਸੱਚ ਦਾ ਰਾਹ ਨਹੀਂ, ਜਿਨ੍ਹਾਂ ਦੇ ਭਾਵ ਵਿਚ, ਸੱਚ ਦਾ ਪ੍ਰਗਟਾਵਾ ਹੈ। ਤਾਂ ਅਗੇ ਵੀ ਇਹੀ ਮੰਨ ਕੇ ਤੁਰਨਾ ਪਵੈ ਗਾ ਕਿ ਸ਼ਬਦ ਗੁਰੂ ਦਾ ਅਰਥ ਕੇਵਲ ਉਹ ਸ਼ਬਦ ਹਨ ਜਿਨ੍ਹਾਂ ਦੇ ਮਾਧਿਅਮ ਸੱਚ ਦੇ ਭਾਵ ਅਤੇ ਪਰਿਪੇਖ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਕਈਂ ਥਾਂ ਸਤਿਗੁਰੂ ਕਹਿ ਕੇ ਸੰਬੋਧਿਤ ਕੀਤਾ ਹੈ ਅਤੇ ਨਾਲ ਦੇ ਨਾਲ ਸ਼ਬਦ ਨੂੰ ਵੀ ਗੁਰੂ ਕਿਹਾ ਹੈ। ਗੁਰੂ ਨਾਨਕ ਨੂੰ ਪਰਮਾਤਮਾ ਦੀ ਨਦਰ ਹੈ ਹੀ ਸੀ। ਕਿੳਂਕਿ ਗਿਆਨ ਦੇ ਨਾਲ ਪਰਮਾਤਮਾ ਦੀ ਨਦਰ ਵੀ ਜ਼ਰੂਰੀ ਹੈ, ਨਹੀਂ ਤਾਂ ਸਾਰੇ ਗਿਆਨੀ ਸੱਚ ਨੂੰ ਪ੍ਰਾਪਤ ਕਰ ਸੰਤ ਹੋ ਜਾਂਣ ਜਾਂ ਸਾਰੇ ਸਿਆਣੇ ਆਸਾਨੀ ਨਾਲ ਕੇਵਲ ਸੱਚ ਪੜ ਕੇ ਹੀ ਸਚਿਆਰੇ ਹੋ ਜਾਂਣ। ਪਰਮਾਤਮਾ ਦੀ ਨਦਰ ਅਤੇ ਗੁਰੂ ਦੇ ਪ੍ਰਸਾਦਿ ਦੇ ਮੇਲ ਨਾਲ ਸੰਤ ਜਾਂ ਸਚਿਆਰਾ ਉਤਪੰਨ ਹੁੰਦਾ ਹੈ। ਸਿੱਖੀ ਦੇ ਦਰਸ਼ਨ ਵਿੱਚ ਪਰਮਾਤਮਾ ਨੂੰ ਬੇਹਤਰ ਸਮਝਣ ਲਈ ਗੁਰੂ ਹੀ ਸਾਧਨ ਹੈ ਹਾਲਾਂਕਿ ਇਹ ਤੱਥ ਆਪਣੀ ਜਗ੍ਹਾ ਹੈ ਕਿ ਪਰਮਾਤਮਾ ਦਾ ਬੋਧ ਗੁਰੂ ਨਾਨਕ ਤੋਂ ਪਹਿਲਾਂ ਵੀ ਸੀ। ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ ਪਰਮਾਤਮਾ ਅਤੇ ਗੁਰੂ ਸ਼ਬਦਾਂ ਦੇ ਪ੍ਰਯੋਗ ਤੇ ਕੋਈ ਬੰਦਸ਼ ਨਹੀ ਸੀ ਬਲਕਿ ਗੁਰੂ ਨਾਨਕ ਦੇ ਸ਼ਬਦ ਵਾਸਤਵਕ ਗੁਰੂ ਅਤੇ ਪਰਮਾਤਮਾ ਬਾਰੇ ਸਹੀ ਗਿਆਨ ਦਾ ਸੋਂਮਾਂ ਸਨ।
ਪਰਮਾਤਮਾ ਗੁਰੂ ਹੈ! ਕਿਉਂਕਿ ਉਹ ਕਰਤਾ ਹੈ। ਸਾਰੇ ਨਿਯਮਾਂ ਦੇ ਆਰੰਭ ਦੇ ਪਿੱਛੇ ਦਾ ਮੂਲ ਨਿਯਮ। ਇੱਕ ਜੀਵ ਜਾਤੀ ਹੋਂਣ ਕਾਰਣ, ਮਨੁੱਖ ਬਹੂਤ ਸਾਰਾ ਗਿਆਨ ਪਰਮਾਤਮਾ ਦੀ ਕੁਦਰਤ ਪਾਸਿਯੋਂ ਹੀ ਪ੍ਰਾਪਤ ਕਰ ਸੰਸਾਰ ਵਿੱਚ ਆਉਂਦਾ ਹੈ ਅਤੇ ਕਰਦਾ ਵੀ ਹੈ। ਮਨੁੱਖ ਜਾਤੀ ਨੇ ਆਪਣੇ ਆਰੰਭ ਦੇ ਦੋਰ ਵਿੱਚ ਕਈ ਪ੍ਰਕਾਰ ਦੇ ਖ਼ਤਰਿਆਂ ਨਾਲ ਜੂਝਦੇ ਹੋਏ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਹੀ ਹੈ। ਉਹ ਨੰਗੇ, ਆਦਿ ਪੁਰਾਤਨ ਲੋਗ ਇਸ ਪੱਖੋਂ ਗਿਆਨੀ ਨਾ ਹੁੰਦੇ ਤਾਂ ਅਸੀਂ ਸਾਰੇ ਅੱਜ ਨਾ ਹੁੰਦੇ। ਪਰਮਾਤਮਾ ਗੁਰਤਾ ਦੀ ਇੱਕ ਪੱਧਰ ਹੈ। ਗੁਰੂ ਹੋਣਾ ਵੀ ਉਸਦੇ ਬੇਅੰਤ ਗੁਣਾਂ ਵਿਚੋਂ ਇੱਕ ਗੁਣ ਹੈ। ‘ਸ਼ਬਦ` ਦੀ ਪਰਮਾਤਮਾ ਨਾਲ ਸਾਂਝ ਹੈ। ਇਹ ਸ਼ਬਦ ਅਤੇ ਪਰਮਾਤਮਾ ਦਾ ਸਬੰਧ ਹੈ। ਪਰਮਾਤਮਾ ਸ਼ਬਦਾਂ ਵਿੱਚ ਨਹੀਂ ਸਮਾ ਸਕਦਾ, ਇਹ ਪਰਮਾਤਮਾ ਅਤੇ ‘ਸ਼ਬਦ` ਵਿਚਲਾ ਅੰਤਰ ਹੈ। ਸ਼ਬਦਾਂ ਰਾਹੀਂ ਹੀ ਪਰਮਾਤਮਾ ਦੀ ਗੱਲ ਹੋ ਸਕਦੀ ਹੈ ਪਰ ਨਾਲ ਹੀ ਪਰਮਾਤਮਾ ਸ਼ਬਦ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿੱਚ ਵੀ ਰਹੇ ਗਾ।
ਸ਼ਬਦ ਗੁਰੂ ਦੀ ਗੁਰਤਾ ਵੀ ਇੱਕ ਪੱਧਰ ਹੈ। ਸਿੱਖੀ ਦੇ ਦਰਸ਼ਨ ਵਿੱਚ ਇਸ ਪੱਧਰ ਦਾ ਸੋਂਮਾਂ ਗੁਰੂ ਨਾਨਕ ਦੀ ਸੁਰਤਿ ਹੈ। ਗੁਰੂ ਨਾਨਕ ਆਪਣੇ ਗਿਆਨ ਦਾ ਅਨੁਸਰਣ ਕਰਦੇ ਹਨ ਤਾਂ ਉਨ੍ਹਾਂ ਦਾ ਗਿਆਨ ਹੀ ਉਨ੍ਹਾਂ ਦਾ (ਗੁਰੂ ਨਾਨਕ ਦਾ) ਗੁਰੂ ਹੋ ਨਿਬੜਦਾ ਹੈ। ਇਸ ਨੁੱਕਤੇ ਤੇ ਖੜੇ ਗੁਰੂ ਨਾਨਕ ਆਪਣੇ ਗਿਆਨ ਨੂੰ ਆਪਣਾ ਗੁਰੂ ਕਹਿੰਦੇ ਹਨ। ਜੋ ਗੁਰੂ ਨਾਨਕ ਦੇ ਮੰਨ ਵਿੱਚ ਸੀ ਉਹੀ ਉਨ੍ਹਾਂ ਨੇ ਮੁਖੋਂ ਕਹਿ ਦਿੱਤਾ ਉਹ ਸਚਿਆਰੇ ਸਨ। ਕੇਵਲ ਸੱਚ ਹੀ ਬੋਲ ਸਕਦੇ ਸਨ। ਉਹ ਆਪਣੇ ਸ਼ਬਦਾਂ ਦੇ ਪੱਕੇ ਸਨ। ਆਪਣੇ ਸ਼ਬਦਾਂ ਤੇ ਹੀ ਤੁਰਦੇ ਸਨ। ਜਿਨ੍ਹਾ ਦੇ ਮੰਨ ਵਿੱਚ ਹੋਰ ਅਤੇ ਮੁਖ ਵਿੱਚ ਹੋਰ ਹੋਵੇ ਉਹ ਤਾਂ ਕੱਚੇ ਭਾਂਡੇ ਹੁੰਦੇ ਹਨ, ਗੁਰੂ ਵਰਗੇ ਕਦੇ ਵੀ ਨਹੀਂ। ਇਥੇ ਇੱਕ ਹੋਰ ਗੱਲ ਗੌਰ ਮੰਗਦੀ ਹੈ।
ਸੰਸਾਰ ਵਿੱਚ ਨਾ ਤਾਂ ਪਰਮਾਤਮਾ ਵਰਗਾ ਦੂਜਾ ਕੋਈ ਗੁਰੂ ਹੈ ਅਤੇ ਨਾ ਹੀ ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂ ਵਰਗਾ ਕੋਈ ਦੂਜਾ ਗੁਰੂ। ਇਥੇ ਇੱਕ ਜਾਂ ਦੋ ਦਾ ਚੱਕਰ ਬੇਮਾਨੀ ਹੈ। ਨਹੀਂ ਤਾਂ ਇਹ ਠੀਕ ਉਸ ਪ੍ਰਕਾਰ ਦੀ ਗੱਲ ਹੋਵੇਗੀ ਕਿ ਕੋਈ ਇਹ ਸਵਾਲ ਖੜਾ ਕਰ ਦੇਵੇ ਕਿ ਇੱਕ ਸੋਟੀ ਦੇ ਦੋ ਸਿਰੇ ਕਿਵੇਂ ਹੋ ਸਕਦੇ ਹਨ? ਉਹ ਵੀ ਇਸ ਤਰਕ ਦੇ ਨਾਲ ਕਿ ਸੋਟੀ ਇੱਕ ਹੈ ਤਾਂ ਸਿਰਾ ਵੀ ਇੱਕ ਹੀ ਹੋਣਾਂ ਚਾਹੀਦਾ ਹੈ। ਇਹ ਇੱਕ ਚੀਜ਼ ਨਾਲ ਜੂੜੇ ਵੱਖਰੇ-ਵੱਖਰੇ ਪੱਖਾਂ ਅਤੇ ਸੰਧਰਭਾਂ ਨੂੰ ਨਾ ਸਮਝਣ ਵਰਗੀ ਗੱਲ ਹੈ।
ਨਾਨਕ, ਸ਼ਬਦ ਗੁਰੂ ਨਾਨਕ ਹੈ ਜਿਵੇਂ ਹੁਣ ਸ਼ਬਦ ਗੁਰੂ ਗ੍ਰੰਥ ਸਾਹਿਬ ਹਨ। ਸ਼ਬਦ (ਦਰਸ਼ਨ) ਗੁਰੂ ਗੁਰੂਆਂ ਦੇ ਅੰਦਰ ਸੀ ਜਿਵੇਂ ਹੁਣ ਸ਼ਬਦ (ਦਰਸ਼ਨ) ਗ੍ਰੰਥ ਸਾਹਿਬ ਦੇ ਅੰਦਰ ਹੈ ਜਿਸ ਨੂੰ ਗੁਰੂਆਂ ਨੇ ਵਿਵਹਾਰ ਦੇ ਕੇ ਸੰਪੁਰਣ ਕੀਤਾ ਹੈ। ਬਾਕੀ ਰਹੀ ਗੱਲ ਮਨੁੱਖਾਂ ਦੀ ਤਾਂ ਮਨੁੱਖ ਨੇ ਕਈ ਪਰਮਾਤਮਾ ਵੀ ਘੜ ਲਏ ਅਤੇ ਗੁਰੂ ਵੀ। ਇਥੋਂ ਤਕ ਕਿ ਸਿੱਖੀ ਦੇ ਦਰਸ਼ਨ ਦੇ ਬਾਹਰ ਪਰਮਾਤਮਾ ਤਾਂ ਜਨਮ ਵੀ ਲੈਂਦਾ ਹੈ ਅਤੇ ਉਸ ਦੇ ਵਿਸ਼ੇਸ਼ ਨਾਮ ਵੀ ਹਨ। ਠੀਕ ਇਸੇ ਤਰਾਂ ਸਿੱਖੀ ਦੇ ਦਰਸ਼ਨ ਦੇ ਬਾਹਰ ਕਈ ਗੁਰੂ ਵੀ ਹੋਏ ਹਨ ਅਤੇ ਅੱਜ ਵੀ ਹਨ। ਉਹ ਕਿਸੇ ਲਈ ਗੁਰੂ ਹੋ ਵੀ ਸਕਦੇ ਹਨ ਪਰ ਸਾਡੇ ਲਈ ਉਹ ਗੁਰੂ ਨਹੀਂ ਹਨ। ਸਵਾਲ ਸਿਰਫ਼ ਇਨ੍ਹਾਂ ਹੈ ਸਿੱਖੀ ਦੇ ਵਿਵਹਾਰਕ ਦਰਸ਼ਨ ਵਿੱਚ ਗੁਰੂ ਕੋਂਣ ਹੈ? ਮਨੁੱਖਾਂ ਰਾਹੀਂ ਕਿਸੇ ਬੰਦੇ ਨੂੰ ਪਰਮਾਤਮਾ ਮੰਨ ਲੈਣ ਕਾਰਣ ਗੁਰੂ ਨਾਨਕ ਨੇ ਪਰਮਾਤਮਾ ਵਰਗਾ ਸੰਬੋਧਨ ਬੰਦ ਤਾਂ ਨਹੀਂ ਕੀਤੀ ਸੀ। ਗੱਲ ਤਾਂ ਕੇਵਲ ਅਸਲੀਯਤ ਨੂੰ ਪ੍ਰਗਟ ਕਰਨ ਦੀ ਸੀ।
ਸ਼ਬਦ ਨੂੰ ਅਕਸਰ ਅਸੀਂ ਗਿਆਨ ਕਹਿੰਦੇ ਹਾਂ। ਇਸ ਵਿੱਚ ਕੋਈ ਹਰਜ ਵੀ ਨਹੀਂ। ਪਰ ਸਾਨੂੰ ਸ਼ਬਦ (ਗੁਰੂ) ਅਤੇ ਗਿਆਨ ਵਿਚਲੇ ਅੰਤਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਸ਼ਬਦ ਉਹ ਗੁਰੂ ਹੈ ਜੋ ਗਿਆਨ ਦਿੰਦਾ ਹੈ। ਇਸ ਨੁੱਕਤੇ ਨੂੰ ਸਮਝ ਲੇਣ ਨਾਲ ਇਸ ਸਪਸ਼ਟ ਹੋ ਸਕਦਾ ਹੈ ਕਿ ਗੁਰੂ ਨਾਨਕ ਅਤੇ ਗਿਆਨ ਵਿੱਚ ਕੀ ਸਬੰਧ ਅਤੇ ਅੰਤਰ ਹੈ। ਸ਼ਬਦ ਗਿਆਨ ਦੀ ਗੱਲ ਹੈ। ਪਰ ਨਾਨਕ ਇਸ ਗਿਆਨ ਵਿੱਚ ਸੁਚੇਤ ਕਰਦੇ ਹਨ:
ਮਤੁ ਜਾਣ ਸਹਿ ਗਲੀ ਪਾਇਆ ॥ (ਮ. ੧, ਪੰਨਾ ੨੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਅਰਥ: ਇਹ ਨ ਸਮਝੋ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ। ਕੇਵਲ ਸ਼ਬਦ ਤਾਂ ਕੇਵਲ ਗਿਆਨ ਹੈ, ਕੇਵਲ ਸਿਆਣਪ ਹੈ। ਗੁਰੂ ਨਾਨਕ ਇਸ ਗਿਆਨ ਨੂੰ ਇੰਝ ਪੂਰਾ ਕਰਦੇ ਹਨ:
ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥॥ (ਮ. ੧, ਪੰਨਾ ੨੫, ਸ਼ਬਦ ਗੁਰੂ ਗ੍ਰੰਥ ਸਾਹਿਬ)
ਗੁਰੂ ਨਾਨਕ ਸਪਸ਼ਟ ਕਰਦੇ ਹਨ ਜਿਥੇ ਸ਼ਬਦ ਨਾਲ ਅਮਲ ਜੁੜਦਾ ਹੈ ਉਥੇ ਹੀ ਗਿਆਨ ਪੂਰੀ ਮਤਿ (ਗੁਰਮਤਿ) ਬਣਦਾ ਹੈ। ਬਿਨਾ ਅਚਾਰ ਦੇ ਮਤਿ ਪੂਰੀ ਨਹੀਂ ਬਲਕਿ ਅਧੂਰੀ (ਘਟ) ਰਹਿੰਦੀ ਹੈ। ਗੁਰੂ ਨਾਨਕ ਨੇ ਸੱਚ ਵਿੱਚ ਆਪਣਾ ਅਚਾਰ ਜੋੜ ਕੇ ਉਸ ਨੂੰ ਗੁਰੂਮਤਿ ਦਾ ਰੂਪ ਦਿੱਤਾ ਸੀ। ਕਿੳਂਕਿ ਉਹ ਸੱਚ ਨੂੰ ਵੱਡਾ ਤਾਂ ਦੱਸਦੇ ਹਨ ਪਰ ਸਭ ਤੋਂ ਵਡਾ ਨਹੀਂ। ਗੁਰਦੇਵ ਸਪਸ਼ਟ ਕਰਦੇ ਹਨ:
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥॥ (ਮ. ੧, ਪੰਨਾ ੬੨, ਸ਼ਬਦ ਗੁਰੂ ਗ੍ਰੰਥ ਸਾਹਿਬ)
ਭਾਵਅਰਥ ਕਿ ਮਨੁੱਖਾ ਜੀਵਨ ਵਿੱਚ ਅਨੇਕ ਔਂਕੜਾਂ ਰੂਪੀ ਬੰਧਨ ਹਨ ਅਤੇ ਗੁਰੂ ਦੀ ਮਤਿ ਰਾਹੀਂ ਪ੍ਰਭੂ ਦੀ ਰਜ਼ਾ ਵਿੱਚ ਤੁਰਦੀਆਂ ਕੇ ਇਨ੍ਹਾਂ ਔਕੜਾਂ ਤੋਂ ਮੁਕਤੀ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਗੁਰਮੁਖ ਹੋਣ ਦਾ ਅਰਥ ਸ਼ਬਦਾਂ ਦੇ ਸਨਮੁਖ ਹੋਣਾ ਨਹੀਂ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਤਾਂ ਅਸੀਂ ਰੋਜ਼ ਹੀ ਹੁੰਦੇ ਹਾਂ। ਗੁਰਮੁਖ ਹੋਣ ਦਾ ਮਤਲਭ ਗੁਰੂ ਦੀ ਮਤਿ ਅਨੁਸਾਰ ਆਚਰਣ ਕਰਨਾ ਹੈ ਕਿੳਂਕਿ ਗੁਰੂ ਨਾਨਕ ਨਾਲ ਹੀ ਸਪਸ਼ਟ ਕਰਦੇ ਹਨ ਕਿ ਸੱਚ ਦਾ ਗਿਆਨ ਸਾਰਿਆਂ ਗੱਲਾ ਨਾਲੋਂ ਉੱਪਰ ਤਾਂ ਹੈ ਪਰ ਸੱਚਾ ਅਚਾਰ ਉਸ ਤੋਂ ਵੀ ਉੱਪਰ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਵੱਡਮੁਲੇ ਹਨ ਇਨਾਂ ਤੇ ਵਿਚਾਰ ਦੀ ਲੋੜ ਹੈ ਕਿਉਂਕਿ ਇਹੀ ਨੁੱਕਤਾ ਸਿੱਖੀ ਦੇ ਦਰਸ਼ਨ ਵਿੱਚ ਗੁਰੂ ਨਾਨਕ ਦੇ ਸਥਾਨ ਦਾ ਨਿਰਧਾਰਣ ਵੀ ਕਰਦਾ ਹੈ।
ਗੁਰੂ ਨਾਨਕ ਨੇ ਜੱਪ ਵਿੱਚ ਸਾਨੂੰ ਮਹਜ਼ ਸੱਚ ਪ੍ਰਾਪਤ ਕਰਨ ਦੀ ਤਾਕੀਦ ਨਹੀਂ ਕੀਤੀ ਕਿਉਂਕਿ ਮਹਜ਼ ਸੱਚ ਦੀ ਜਾਣਕਾਰੀ ਤਾਂ ਬੰਦੇ ਨੂੰ ਸਿਆਣਾ ਬਣਾ ਸਕਦੀ ਹੈ ਪਰ ਸੱਚੀਆਰਾ ਕਦਾਚਿਤ ਨਹੀਂ। ਸਿਆਣਾ ਹੋਂਣ ਵਿੱਚ ਸਥੀਰਤਾ ਹੈ ਸਚਿਆਰਾ ਹੋਣ ਵਿੱਚ ਗਤਿਸ਼ੀਲਤਾ ਹੈ। ਸੱਚ ਦਾ ਗਿਆਨ ਪ੍ਰਾਪਤ ਕਰਨਾ ਸੱਚ ਤੇ ਆ ਰੁੱਕਣਾ ਹੈ ਪਰ ਸਚਿਆਰਾ ਹੋਣਾ ਸੱਚ ਦੇ ਗਿਆਨ ਨਾਲ ਤੁਰਨਾ ਹੈ, ਅਮਲ ਵਿੱਚ ਮਨ ਨੂੰ ਪਰਬੋਧਣਾ ਹੈ। ਗੁਰੂ ਨਾਨਕ ਨੇ ਸਥੀਰਤਾ (ਸੱਚ) ਦੀ ਪ੍ਰਾਪਤੀ ਦੀ ਵੱਡੀਆਈ ਤਾਂ ਕੀਤੀ ਹੈ ਪਰ ਉਨ੍ਹਾਂ ਨੇ ਗਤਿਸ਼ੀਲਤਾ (ਸੱਚ ਦਾ ਅਚਾਰੀ ਹੋਣਾ) ਨੂੰ ਸ਼ਿਖਰ ਤੇ ਰੱਖੀਆ ਹੈ। ਸੱਚ ਤਾਂ ਗੁਰੂ ਨਾਨਕ ਨੂੰ ਵੀ ਪ੍ਰਾਪਤ ਹੋ ਗਿਆ ਸੀ ਪਰ ਦਰਸ਼ਨ ਜੇਕਰ ਸਥਿਰ ਹੋ ਜਾਵੇ ਤਾਂ ਉਹ ਪੂਰਾ ਦਰਸ਼ਨ ਨਹੀਂ। ਇਹ ਮਾਤਰ ਸਿਆਣਪ ਹੈ ਅਤੇ ਗੁਰੂ ਨਾਨਕ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹ ਸੱਚੀਆਰੇ ਹੋ ਦਰਸ਼ਨ ਨੂੰ ਵਿਵਹਾਰਿਕ ਗੁਰੂ ਬਣਾਉਂਣਾ ਚਾਹੁੰਦੇ ਸੀ। ਉਨ੍ਹਾਂ ਨੇ ਦਰਸ਼ਨ ਨੂੰ ਪੁਰਾ ਕਰਣ ਲਈ ਇਸ ਵਿੱਚ ਆਪਣਾ ਵਿਵਹਾਰ ਜੋੜੀਆ। ਇੱਕਲੇ ਸੱਚ ਵਿੱਚ ਕੇਵਲ ਸੱਚ ਹੁੰਦਾ ਹੈ ਅਚਾਰ ਨਹੀਂ। ਪਰ ਸਚਿਆਰੇ ਵਿੱਚ ਸੱਚ ਅਤੇ ਅਚਾਰ ਦੇਵੇਂ ਮੋਜੂਦ ਹੁੰਦੇ ਹਨ। ਗੁਰੂ ਨਾਨਕ ਨੇ ਇਸੇ ਲਈ ਆਪਣੇ ਅਧਿਆਤਮ ਦੇ ਦਰਸ਼ਨ ਦੇ ਆਰੰਭ ਵਿੱਚ ਹੀ ਮਾਤਰ ਸਿਆਣਪ ਨੂੰ ਨੱਕਾਰਦੇ ਸਚਿਆਰਾ ਹੋਣ ਦੀ ਤਾਕੀਦ ਕੀਤੀ ਹੈ। ਗੁਰੂ ਨਾਨਕ ਦੇ ਦਰਸ਼ਨ ਵਿੱਚ ਇਹੀ ਮੱਨੁਖਾ ਜੀਵਨ ਦਾ ਅਸਲ ਮਨੋਰਥ ਹੈ। ਪਰਮਾਤਮਾ ਤਾਂ ਪਹਿਲਾਂ ਹੀ ਘਟ-ਘਟ ਵਿੱਚ ਮੌਜੂਦ ਹੈ। ਉਸ ਨਾਲੋਂ ਦੂਰੀ ਸਾਡੀ ਸੰਸਾਰਕ ਦੁਬਿਦਾ ਹੈ, ਸੱਚਾਈ ਨਹੀਂ। ਜੇਕਰ ਗੁਰਮਤਿ ਇੱਕ ਸੰਪੁਰਣ ਮਤਿ ਹੈ ਤਾਂ ਇਸ ਨੂੰ ਗੁਰੂਆਂ ਨੇ ਆਪਣੀ ਕਰਣੀ ਰਾਹੀਂ ਇੰਝ ਸੰਪੂਰਣ ਕੀਤਾ ਹੈ:
ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥॥ (ਮ. ੧, ਪੰਨਾ ੨੫, ਸ਼ਬਦ ਗੁਰੂ ਗ੍ਰੰਥ ਸਾਹਿਬ)
ਗੁਰੂ ਨਾਨਕ ਗਿਆਨ ਦੇਣ ਵਾਲਾ ਹੈ। ਗਿਆਨ ਗੁਰੂ ਨਾਨਕ ਦੀ ਆਪਣੀ ਮੋਲਿਕਤਾ ਹੈ। ਅਸੀਂ ਆਪਣੇ ਗਿਆਨ ਦੇ ਸੰਧਰਭ ਵਿੱਚ ਗੁਰੂ ਨਾਨਕ ਦੀ ਕਹੀ ਗੱਲ ਦੇ ਮੁਹਤਾਜ ਹਾਂ। ਅਸੀਂ ਸਿੱਖ (ਸਿੱਖਣ ਵਾਲੇ) ਹਾਂ। ਅਸੀਂ ਤਾਂ ਗੁਰੂ ਨਾਨਕ ਦੇ ਗਿਆਨ ਦੇ ਸਾਗਰ ਵਿਚੋਂ ਚੁੱਲੀਆਂ ਭਰਨ ਜੋਗੇ ਹੀ ਹੋ ਸਕਦੇ ਹਾਂ। ਇਸ ਲਈ ਵੀ ਪਰਮਾਤਮਾ ਦੀ ਨਦਰ (ਵਿਵੇਕ) ਤਾਂ ਚਾਹੀਦੀ ਹੀ ਹੈ।
ਹਰ ਬੰਦੇ ਦੀ ਸੁਰਤਿ ਉਸ ਦੀ ਗੁਰੂ ਵੀ ਹੁੰਦੀ ਹੈ ਅਤੇ ਚੇਲਾ ਵੀ। ਭਗਤ ਕਬੀਰ ਜੀ ਨੇ ਇਸ ਨੁੱਕਤੇ ਨੂੰ ਇੰਝ ਸਪਸ਼ਟ ਕੀਤਾ ਹੈ:
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ (ਪੰਨਾ ੯੭੩, ਸ਼ਬਦ ਗੁਰੂ ਗ੍ਰੰਥ ਸਾਹਿਬ)
ਮਨਮਤਿ ਦਾ ਨੁੱਕਤਾ ਵੀ ਏਹੀ ਹੈ। ਗੁਰੂ ਨਾਨਕ ਦੀ ਸੁਰਤਿ ਵੀ ਗੁਰੂ ਨਾਨਕ ਦੀ ਗੁਰੂ ਅਤੇ ਚੇਲਾ ਵੀ ਸੀ। ਫ਼ਰਕ ਸਿਰਫ਼ ਇਨਾਂ ਹੀ ਹੈ ਕਿ ਸਾਡੀ ਸੁਰਤਿ ਵਿੱਚ ਸਾਡੇ ਮਨ ਦੀ ਸੁਰਤਿ ਹੈ ਅਤੇ ਸ਼ਬਦ ਗੁਰੂ ਵਿੱਚ ਗੁਰੂ ਨਾਨਕ ਦੀ ਸੁਰਤਿ। ਇਹੀ ਸ਼ਬਦ ਗੁਰੂ ਹੈ ਜਿਸ ਨੂੰ ਅਸੀਂ ਗੁਰੂ ਸਵੀਕਾਰਦੇ ਹਾਂ। ਜੋ ਬੰਦਾ ਆਪਣੀ ਸੁਰਤਿ (ਮਨਮਤਿ) ਨੂੰ ਤਿਆਗ ਕੇ ਗੁਰੂ ਨਾਨਕ ਦੀ ਮਤਿ ਦੇ ਸੱਚ ਨੂੰ ਸਵੀਕਾਰ ਕਰ ਲਵੇ ਤਾਂ ਉਸ ਲਈ ਸ਼ਬਦ ਸਚਮੁੱਚ ਗੁਰੂ ਹੋ ਸਕਦਾ ਹੈ। ਅਸੀਂ ਗੁਰਮਤਿ ਅੱਧੀ-ਅਧੂਰੀ ਸਵੀਕਾਰੀ ਹੈ। ਅਸੀਂ ਜ਼ਿਆਦਾਤਰ ਆਪਣੀ ਸੁਰਤਿ ਤੇ ਚਲਣ ਵਾਲੇ ਲੋਗ ਹਾਂ। ਲੇਕਿਨ ਜ਼ਰਾ ਗੋਰ ਕਰੀਏ ਤਾਂ ਇਸ ਸੁਰਤਿ ਵਿੱਚ ਹੀ ਰਤਨ ਜਵਾਹਰ ਮਾਨਕ ਦੀ ਪ੍ਰਾਪਤੀ ਦਾ ਸਾਧਨ ਹੈ ਬਾ-ਸ਼ਰਤੇ ਕਿ ਗੁਰੂ ਦੀ ਮਤਿ ਨੂੰ ਆਪਣੀ ਮਤਿ ਵਿੱਚ ਸਵੀਕਾਰ ਕਰ ਲਈਏ। ਗੁਰੂ ਦੀ ਮਤਿ ਗੁਰੂ ਦੇ ਕਹੇ ਅਤੇ ਕੀਤੇ ਵਿੱਚ ਹੀ ਹੈ। ਗੁਰੂਆਂ ਦਾ ਕਹਿਆ ਅਤੇ ਕੀਤਾ ਮਿਲ ਕੇ ਗੁਰੂ ਬੰਣਿਆ ਹੈ। ਗੁਰੂ ਨਾਨਕ ਦੇ ਦਰਸ਼ਨ ਦਾ ਸਭ ਤੋਂ ਵਿਲੱਖਣ ਪੱਖ ਇਹੀ ਹੈ ਕਿ ਇਹ ਦਰਸ਼ਨ ਕਿਤਾਬੀ ਗੱਲ ਨਹੀਂ ਇਸ ਵਿੱਚ ਦੱਸਾ ਗੁਰੂਆਂ ਦੀ ਕ੍ਰਿਆਸ਼ੀਲਤਾ ਵੀ ਜੁੜੀ ਹੈ ਜਿਸ ਦੀ ਪਾਲਣਾ ਦਾ ਜਿੰਮਾ ਹੁਣ ਸਿੱਖੀ ਦੇ ਦਰਸ਼ਨ ਤੇ ਤੁਰਨ ਵਾਲੀਆਂ ਉਤੇ ਹੈ।
ਸ਼ਬਦ ਗੁਰੂ ਦੇ ਬਚਨ ਹਨ। ਸ਼ਬਦ ਗੁਰੂ ਗੁਰੂ ਨਾਨਕ ਦੀ ਕਹੀਆਂ ਗੱਲਾਂ ਹਨ। ਗੁਰੂ ਨਾਨਕ ਨੇ ਸਪਸ਼ਟ ਕੀਤਾ ਹੈ
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥ (ਮ. ੧, ਪੰਨਾ ੧੫੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਅਰਥ:- (ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿੱਚ ਵਿਕਾਰਾਂ ਦੀ ਮੈਲ ਨਹੀਂ। ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ
ਇਥੇ ਇਹ ਸਵਾਲ ਡੂੰਘਾ ਵਿਚਾਰ ਮੰਗਦਾ ਹੈ ਕਿ ਗੁਰੂ ਕੋਣ ਹੈ ਅਤੇ ਗੁਰੂ ਦੇ ਬਚਨ ਕੀ ਹਨ ਅਤੇ ਸਚੇ ਸ਼ਬਦ ਦੀ ਪਛਾਣ ਕਿਸ ਤੋਂ ਪ੍ਰਾਪਤ ਹੁੰਦੀ ਹੈ?
ਉੱਤਰ ਸਪਸ਼ਟ ਹੈ, ਗੁਰੂਆਂ ਦੇ ਬਚਨ ਗੁਰੂ ਹਨ ਅਤੇ ਗੁਰੂ ਦਾ ਕਿਹਾ ਜਾਂ ਪਰਵਾਣ ਕੀਤਾ ਹੀ ਸੱਚੇ ਸ਼ਬਦ ਦੀ ਪਛਾਣ ਹਨ। ਨਹੀਂ ਤਾਂ ਸੰਸਾਰ ਵਿੱਚ ਕਿਤਾਬਾਂ ਤਾਂ ਕਈ ਹਨ। ਉਨਾਂ ਵਿੱਚ ਵੀ ਕੋਈ ਗਿਆਨ ਹੋ ਸਕਦਾ ਹੈ। ਉਨ੍ਹਾਂ ਵਿੱਚ ਵੀ ਕੋਈ ਸੱਚ ਹੋ ਸਕਦਾ ਹੈ। ਇਸ ਵਿੱਚ ਸ਼ੱਕ ਨਹੀਂ। ਪਰ ਗਿਆਨ ਦੀਆਂ ਉਹ ਗੱਲਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਕੀਤੀਆਂ ਜਾ ਸਕਦੀਆਂ। ਹਾਂ ਅਸੀਂ ਉਸ ਗਿਆਨ ਦੇ ਸਹੀ ਜਾਂ ਗਲਤ ਹੋਣ ਦਾ ਨਿਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ਮੁਤਾਬਿਕ ਕਰ ਸਕਦੇ ਹਾਂ। ਗਿਆਨ ਦੀ ਗੱਲ ਤਾਂ ਕਈ ਰਚਨਾਵਾਂ ਵਿੱਚ ਵੀ ਸੀ। ਗਿਆਨ ਦੀ ਗੱਲ ਤਾਂ ਗੀਤਾ, ਕੁਰਾਨ, ਬਾਈਬਲ ਅਤੇ ਹੋਰ ਕਈ ਸ਼ਾਸਤਰਾਂ ਵਿੱਚ ਵੀ ਸੀ। ਫ਼ਿਰ ਕੀ ਕਾਰਣ ਸੀ ਕਿ ੳਨ੍ਹਾਂ ਸ਼ਾਸਤਰਾਂ ਵਿਚੋਂ ਦੀਆਂ ਕੁੱਝ ਗਿਆਨ ਦੀਆਂ ਗੱਲਾਂ ਕਰਦੀਆਂ ਰਚਨਾਵਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਨਹੀਂ ਮਿਲਿਆ? ਕਾਰਣ ਸਪਸ਼ਟ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਆਪਣੇ ਤੋਂ ਬਾਹਰ ਦੇ ਗਿਆਨ ਦੀ ਪਰਖ ਦੀ ਕਸਵਟੀ ਬਣਾਏ ਗਏ। ਇਹ ਗੱਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣ ਗੁਰਤਾ ਦੀ ਸੁਚਕ ਹੈ।
ਇਥੇ ਸੱਚ ਦੇ ਗਿਆਨ ਬਾਰੇ ਇੱਕ ਗੱਲ ਵਿਚਾਰ ਲਈਏ। ਅਸੀਂ ਸਾਰੇ ਜਾਣਦੇ ਹਾਂ ਕਿ ੧੨੦ ਭਾਗ ੩=੪੦ ਹੁੰਦਾ ਹੈ ਅਤੇ ੧੨੦ ਭਾਗ ੪= ੩੦ ਹੁੰਦਾ ਹੈ। ਇਹ ਦੋਵੇਂ ਤਕਸੀਮਾਂ ਗਿਆਨ ਦੀ ਗੱਲ ਹਨ। ਹੁਣ ਆਉ ਵੇਖੀਏ ਕਿ ਕੀ ਇਹ ਗਿਆਨ ਸ਼ਬਦ ਗੁਰੂ ਹੈ?
ਮੰਨ ਲਈਏ ਕਿ ੧੨੦ ਰੁਪੇ ਦੀ ਇੱਕ ਰਕਮ ਤਿੰਨ ਬਰਾਬਾਰ ਦੇ ਭਾਈਵਾਲਾਂ ਵਿਚਕਾਰ ਤਕਸੀਮ ਕਰਨੀ ਹੈ। ਤਾਂ ਇਸ ਤਕਸੀਮ ਦਾ ਫ਼ਾਰਮੂਲਾ ਹੋਵੇਗਾ ੧੨੦ ਭਾਗ ੩= ੪੦ ਹਰ ਭਾਈਵਾਲ ਨੂੰ। ਲੇਕਿਨ ਜੇਕਰ ਇਸ ਗਿਆਨ ਨੂੰ ੧੨੦ ਭਾਗ ੪ ਕਰਕੇ ਵਰਤਿਆ ਜਾਵੇ ਤਾਂ ਐਸੀ ਤਕਸੀਮ ਕਰਨ ਵਾਲਾ ਜਾਣਕਾਰ ਭਾਈਵਾਲ, ੪੦ ਦੇ ਹਿੱਸੇ ਦੀ ਥਾਂ ਆਪ ੬੦ ਰੂਪੇ ਲੇ ਕੇ ਬਾਕੀ ਦੋਹਾਂ ਭਾਈਵਾਲਾਂ ਦਾ ਹੱਕ ਮਾਰ ਜਾਵੈ ਗਾ। ਹੁਣ ਦੋਵੇਂ ਤਕਸੀਮਾਂ ਤਾਂ ਆਪਣੇ ਆਪ ਵਿੱਚ ਠੀਕ ਗਿਆਨ ਹੀ ਹਨ, ਪਰ ਇਸ ਗਿਆਨ ਵਿੱਚ ਇਸ ਦੀ ਠੀਕ ਵਰਤੋਂ ਦਾ ਗਿਆਨ ਨਹੀਂ। ਹਾਲਾਂਕਿ ੧੨੦ ਭਾਗ ੪ ਦਾ ਸਿੱਟਾ ਵੀ ਵਿਗਿਆਨਕ ਹੈ ਪਰ ਇਹ ਗੁਰਮਤਿ ਅਨੁਸਾਰੀ ਨਹੀਂ ਕਿੳਂਕਿ ਗੁਰਮਤਿ ਪਰਾਏ ਹੱਕ ਨੂੰ ਨਾ ਖਾਂਣ ਦੀ ਤਾਕੀਦ ਕਰਦੀ ਹੈ। ਇਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਗ੍ਰੰਥ ਤੋਂ ਬਾਹਰ ਦੇ ਗਿਆਨ ਦੀ ਪਛਾਂਣ ਅਤੇ ਉਸਦੀ ਸਹੀ ਵਰਤੋਂ ਕਰਣ ਦੀ ਪ੍ਰੇਰਨਾ ਹਨ। ਉਹੀ ਗੁਰੂ ਹਨ!
ਕਿਸੇ ਤਾਲੇ ਨੂੰ ਤੋੜਨ ਦਾ ਗਿਆਨ ਵੀ ਸੱਚਾ ਹੀ ਹੁੰਦਾ ਹੈ ਕਿੳਂਕਿ ਇਸ ਨਾਲ ਸੱਚਮੁਚ ਤਾਲਾ ਤੋੜੀਆ ਜਾ ਸਕਦਾ ਹੈ। ਪਰ ਇੱਕ ਚੋਰ ਇਸ ਸੱਚੇ ਗਿਆਨ ਦੀ ਵਰਤੋਂ ਚੋਰੀ ਕਰਨ ਵਿੱਚ ਕਰਦਾ ਹੈ। ਹੁਣ ਤਾਲਾ ਤੋੜਨ ਦਾ ਗਿਆਨ ਸ਼ਬਦ ਗੁਰੂ ਨਾਲੋਂ ਅਲਗ ਹੈ। ਇਸ ਲਈ ‘ਸ਼ਬਦ ਗੁਰੂ` ਦਾ ‘ਅਰਥ ਸੱਚ ਦਾ ਗਿਆਨ` ਕਰਨ ਵੇਲੇ ਇਸਦੇ ਅਰਥ ਦੇ ਸਮੁੱਚੇ ਅਤੇ ਅਸਲ ਭਾਵਅਰਥ ਨੂੰ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ।
ਇਸੇ ਤਰ੍ਹਾਂ ਐਟਮ ਦੇ ਵਿਵਹਾਰ ਦਾ ਗਿਆਨ ਵੀ ਸੱਚਾ ਹੈ। ਇਸ ਗਿਆਨ ਨਾਲ ਤਾਂ ਵਿਗਿਆਨੀਆਂ ਨੇ ਐਟਮ ਬੰਬ ਤਕ ਬਣਾ ਲਿਆ। ਪਰ ਉਸ ਦੀ ਵਰਤੋਂ ਕਰ ਕੇ ਨਿਰਦੋਸ਼ਾਂ ਦੇ ਜੀਉਂਣ ਦੇ ਹੱਕ ਨੂੰ ਨਾਜਾਇਜ਼ ਮਾਰ ਲੇਣ ਦੇ ਵਿਰੋਧ ਦੀ ਪ੍ਰੇਰਨਾ ਤਾਂ ਸਿੱਖ ਨੂੰ ਸ਼ਬਦ ਗੁਰੂ ਦੇ ਦੱਸੇ ਹੋਏ ਗਿਆਨ ਨਾਲੋਂ ਪ੍ਰਾਪਤ ਹੋ ਸਕਦੀ ਹੈ। ਇੱਥੇ ਗਿਆਨ ਅਤੇ ਸ਼ਬਦ ਗੁਰੂ ਵਿਚਲੇ ਅੰਤਰ ਨੂੰ ਸਮਝਣ ਦੀ ਲੋੜ ਹੈ।
ਅਸੀਂ ਅੱਖਾਂ ਰਾਹੀਂ ਦੇਖਦੇ ਹਾਂ। ਇਸ ਤੱਥ ਦੀ ਜਾਣਕਾਰੀ ਸੱਚ ਦਾ ਗਿਆਨ ਹੈ। ਇਸ ਬਾਰੇ ਹੋਰ ਸੱਚਾ ਗਿਆਨ ਸਾਨੂੰ ਸਾਂਈਸ ਦੀਆਂ ਕਿਤਾਬਾਂ ਵਿਚੋਂ ਮਿਲਦਾ ਹੈ। ਪਰ ਅਸੀਂ ਅਖਾਂ ਦੇ ਨਾਲ ਪਰਾਏ ਰੂਪ ਨੂੰ ਬੂਰੀ ਨਿਗਾਹ ਨਾਲ ਨਾ ਵੇਖੀਏ ਇਹ ਗੁਰਮਤਿ ਹੈ। ਇਸੇ ਤਰਾਂ ਜੀਭ ਕਿਵੇਂ ਬੋਲਣ ਦਾ ਕੰਮ ਕਰਦੀ ਹੈ ਇਹ ਜਾਣਕਾਰੀ ਵੀ ਸੱਚ ਦਾ ਗਿਆਨ ਹੈ। ਪਰ ਜ਼ੂਬਾਨ ਨਾਲ ਸੱਚੇ ਅਤੇ ਮਿੱਠੇ ਬੋਲ ਬੋਲਦੇ ਕੂੜੇ ਅਤੇ ਫ਼ਿੱਕੇ ਬੋਲਾਂ ਤੋਂ ਪਰਹੇਜ਼ ਕਰਨਾ ਗੁਰਮਤਿ ਹੈ, ਸ਼ਬਦ ਗੁਰੂ ਹੈ। ਇਹ ਮਤਿ ਗੁਰੂ ਨਾਨਕ ਨੇ ਆਪਣੇ ਸ਼ਬਦਾ ਰਾਹੀਂ ਸਾਨੂੰ ਦਿੱਤੀ ਹੈ। ਜਿਥੇ ਇਹ ਮੂਲ ਗਿਆਨ ਵਰਤਦਾ ਹੈ ਉੱਥੇ ਧਰਮ ਵਾਪਰਦਾ ਹੈ। ਬਾਕੀ ਦੇ ਗਿਆਨ ਵਿੱਚ ਤਾਂ ਦੁਰਵਰਤੋਂ ਦੀ ਗੁੰਜਾਇਸ਼ ਰਹਿੰਦੀ ਹੈ ਜਿਵੇਂ ਕਿ ਉੱਪਰ ਅਸੀਂ ਤਕਸੀਮ, ਤਾਲਾ ਤੋੜਨ ਅਤੇ ਐਟਮ ਦੇ ਗਿਆਨ ਬਾਰੇ ਵਿਚਾਰ ਆਏ ਹਾਂ।
ਗੁਰੂ ਨਾਨਕ ਫ਼ੁਰਮਾਉਂਦੇ ਹਨ:
ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ (ਮ. ੧, ਪੰਨਾ ੧੫੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਭਾਵਅਰਥ:- ਸੰਸਾਰਿਕ ਸੰਸਿਆਂ (ਵਹਿਮ ਭਰਮ ਦਾ ਡਰ) ਤੋਂ ਕੀ ਡਰਨਾ? ਇੰਝ ਡਰਨ ਦੇ ਨਾਲ ਬੰਦਾ ਡਰ ਦੀ ਵਿੱਚ ਹੀ ਫ਼ੱਸਦਾ ਜਾਂਦਾ ਹੈ ਜਾਂ ਫ਼ਸਿਆ ਰਹਿੰਦਾ ਹੈ। ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿੱਚ ਟਿਕੇ ਹੋਏ) ਡਰ-ਅਦਬ ਵਿੱਚ ਮੁੱਕ ਜਾਂਦਾ ਹੈ। ੧। ਰਹਾਉ।
ਗੁਰੂ ਨਾਨਕ ਨੇ ਬਚਨ ਕਰਨ ਵਾਲੇ ਗੁਰੂ ਦੀ ਸਥਿਤੀ ਨੂੰ ਇੰਝ ਸਪਸ਼ਟ ਕੀਤਾ ਹੈ:
ਮਨੁ ਕੁੰਚਰੁ ਕਾਇਆ ਉਦਿਆਨੈ ॥ ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ਰਾਜ ਦੁਆਰੈ ਸੋਭ ਸੁ ਮਾਨੈ ॥੧॥ (ਮ. ੧, ਪੰਨਾ ੨੨੧, ਸ਼ਬਦ ਗੁਰੂ ਗ੍ਰੰਥ ਸਾਹਿਬ)
ਅਰਥ: (ਇਸ) ਸਰੀਰ ਜੰਗਲ ਵਿੱਚ ਮਨ ਹਾਥੀ (ਸਮਾਨ) ਹੈ। (ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ, (ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ। ੧।
ਇਤਹਾਸਕ ਪਰਿਪੇਖ ਵਿੱਚ ਵੀ ਗੁਰੂ ਨਾਨਕ ਦੇ ਕਹੇ ਇਹ ਬਚਨ ਸ਼ਬਦ ਗੁਰੂ ਦੀ ਸ਼ਿਨਾਖਤ ਦਾ ਅਧਾਰ ਬਣੇ ਹਨ। ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂ ਕੇਵਲ ਉਸੀ ਨੂੰ ਮਨਿੰਆ ਗਿਆ ਜਿਸ ਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂਆਂ ਨੇ ਉਚਾਰਿਆ, ਵਰਤਿਆ ਅਤੇ ਪਰਵਾਣ ਕੀਤਾ। ਇਸ ਅਰਸੇ ਦੋਰਾਨ ਕਈ ਕੱਚੀਆਂ ਰਚਨਾਵਾਂ ਨੂੰ ਵੀ ਸ਼ਬਦ ਗੁਰੂ ਦਾ ਜਾਮਾ ਦੇਣ ਦੀਆਂ ਕੋਝੀਆਂ ਕੋਸ਼ਿਸ਼ਾਂ ਹੋਈਆਂ ਪਰ ਦੱਸ ਗੁਰੂ ਸਾਹਿਬਾਨ ਇੱਕ ਕੁੰਡੇ ਦੇ ਰੂਪ ਵਿੱਚ ਐਸੀਆਂ ਕੋਸ਼ਿਸ਼ਾਂ ਪ੍ਰਤੀ ਇਖ ਅੰਕੁਸ਼ ( Restriction) ਦਾ ਕੰਮ ਕਰਦੇ ਰਹੇ।
ਉਪਰੋਕਤ ਉਦਾਹਰਣਾ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਅਤੇ ਗੁਰੂ ਦੇ ਸ਼ਬਦ ਵਿਚਲਾ ਅੰਤਰ ਅਤੇ ਸਬੰਧ ਕੀ ਹੈ। ਗੁਰੂ ਅਤੇ ਗੁਰੂ ਦੇ ਸ਼ਬਦ ਵਿੱਚ ਕੋਈ ਫ਼ਰਕ ਨਹੀਂ ਗੁਰੂ ਬਿਨਾ ਸ਼ਬਦ (ਦਰਸ਼ਨ) ਦੇ ਨਹੀਂ ਹੋ ਸਕਦਾ ਅਤੇ ਸ਼ਬਦ (ਦਰਸ਼ਨ) ਬਿਨਾ ਗੁਰੂ ਦੇ ਨਹੀਂ ਹੋ ਸਕਦਾ। ਇਹ ਗੁਰੂ ਅਤੇ ਸ਼ਬਦ ਦਾ ਪ੍ਰਗਾੜ ਸਬੰਧ ਹੈ। ਸ਼ਬਦ ਆਪਣੇ ਆਪ ਨਾ ਉਚਰਦਾ ਹੈ, ਨਾ ਪਰਵਾਣ ਹੁੰਦਾ ਹੈ ਅਤੇ ਨਾ ਹੀ ਵਿਵਹਾਰੀ ਹੋ ਸਕਦਾ ਹੈ। ਇਸ ਲਈ ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂਆਂ ਨੇ ਉਚਾਰਿਆ, ਪਰਵਾਣ ਕੀਤਾ ਅਤੇ ਉਸ ਨੂੰ ਵਿਵਹਾਰਿਕ ਰੂਪ ਦਿੱਤਾ। ਇਹ ‘ਸ਼ਬਦ` ਅਤੇ ‘ਸੁਰਤਿ` (ਦੱਸ ਗੁਰੂ ਸਾਹਿਬਾਨ) ਵਿਚਲਾ ਅੰਤਰ ਹੈ। ਇਹ ਗੁਰੂਆਂ ਅਤੇ ਸ਼ਬਦ ਦੇ ਰਿਸ਼ਤੇ ਸੰਬਧਤ ਅਹਿਮ ਪੱਖ ਹਨ।
ਪਰਮਾਤਮਾ ਗੁਰੂ ਨਾਨਕ ਦਾ ਗੁਰੂ ਸੀ ਜਿਵੇਂ ਕਿ ਸਾਰਿਆਂ ਦਾ ਹੁੰਦਾ ਹੈ ਅਤੇ ਅਸੀਂ ਇਹ ਵਿਚਾਰ ਉੱਪਰ ਲੇਖ ਵਿੱਚ ਵਿਚਾਰ ਆਏ ਹਾਂ। ਗੁਰੂ ਨਾਨਕ ਇਸ ਪੱਖੋਂ ਪਰਮਾਤਮਾ ਦੀ ਗੁਰਤਾ ਤੋਂ ਇਨਕਾਰੀ ਨਹੀਂ ਹਨ। ਪਰ ਸਿਧ ਗੋਸ਼ਟਿ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਨਾਨਕ ਜੀ ਦਾ ਗੁਰੂ ਸ਼ਬਦ ਹੈ ਯਾਨੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਆਪ ਨਾਨਕ ਦਾ ਗੁਰੂ ਹੈ ਅਤੇ ਗੁਰੂ ਨਾਨਕ ਦੀ ਸੁਰਤਿ ਆਪ ਉਸ ਵਿਚਾਰਧਾਰਾ ਦਾ ਧਾਰਣੀ ਹੈ, ੳਸ ਦਾ ਅਚਾਰੀ ਹੈ ਅਰਥਾਰਥ ਉਸ ਦਾ ਚੇਲਾ ਹੈ। ਗੁਰੂ ਨਾਨਕ ਆਪਣੀ ਇਸ ਅਵਸਥਾ ਨੂੰ ਪਰਮਾਤਮਾ ਦੀ ਨਦਰ-ਕਰਮ ਮੰਨਦੇ ਹਨ।
ਗੁਰੂ ਨਾਨਕ ਨੇ ਇਸ ਜੁਗਤ ਨੂੰ ਅੱਗੇ ਤੋਰਦੇ ਹੋਏ ਗੁਰੂ ਅੰਗਦ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਨਾਲ ਅਗਲਾ ਗੁਰੂ ਥਾਪਿਆ ਅਤੇ ਗੁਰੂ ਅੰਗਦ ਨੇ ਇਸ ਜੁਗਤ ਨੂੰ ਫਿਰ ਹੋਰ ਅਗੇ ਤੋਰਿਆ। ਗੁਰੂ ਨਾਨਕ ਜੀ ਦੀ ਦੱਸੀ ਇਹ ਜੁਗਤ ਗੁਰੂ ਗੋਬਿਂਦ ਸਿੰਘ ਜੀ ਤਕ ਤੁਰੀ ਅਤੇ ਸ਼ਬਦ ਗੁਰੂ (ਗੁਰੂਆਂ ਦੇ ਬਚਨਾ) ਦੀ ਗੁਰਤਾ ਬਰਕਰਾਰ ਰਹੀ। ਇਹ ਗੱਲ ਇੱਕ ਸ਼ਬਦ ਮਾਤਰ ਨੂੰ ਗੁਰੂ ਕਹਿਣ ਨਾਲੋਂ ਵੱਖਰੀ ਅਤੇ ਮੂਲ ਗੱਲ ਹੈ।
ਹਰਦੇਵ ਸਿੰਘ, ਜੰਮੂ-09419184990
No comments:
Post a Comment