Monday, 3 October 2011




ਗੁਰੂ ਨਾਨਕ, ਸਰੀਰ ਅਤੇ ਸ਼ਖ਼ਸੀਅਤਾਂ`
(ਹਰਦੇਵ ਸਿੰਘ, ਜੰਮੂ)

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (ਪੰਨਾ, 942, ਸ਼ਬਦ ਗੁਰੂ ਆਦਿ ਗ੍ਰੰਥ ਸਾਹਿਬ)
ਸੰਖੇਪ ਅਰਥ:- ਤੂੰ ਕਿਸ ਗੁਰੂ ਦਾ ਚੇਲਾ ਹੈਂ?
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ, 942, ਸ਼ਬਦ ਗੁਰੂ ਆਦਿ ਗ੍ਰੰਥ ਸਾਹਿਬ)
ਸੰਖੇਪ ਅਰਥ:-ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਉਪਰੋਕਤ ਗੁਰੂ ਬਚਨਾਂ ਦੇ ਪਰਿਪੇਖ ਵਿਚ, ਇਸ ਸੰਖੇਪ ਜਿਹੀ ਚਰਚਾ ਅੰਦਰ, ਅਸੀਂ ਗੁਰਮਤਿ ਵਿਚਾਰ ਰਾਹੀਂ ਗੁਰੂ, ਸਰੀਰ ਅਤੇ ਸ਼ਖ਼ਸੀਅਤ ਨਾਲ ਜੂੜੇ ਪੱਖਾਂ/ਵਿਸ਼ੇਸ਼ਣਾਂ ਨੂੰ ਵਿਚਾਰਣ ਦਾ ਯਤਨ ਕਰਾਂ ਗੇ। ਇਸ ਲਈ ਸਭ ਤੋਂ ਪਹਿਲਾਂ ਦੋ ਸ਼ਬਦਾਂ ਬਾਰੇ ਵਿਚਾਰ ਜ਼ਰੂਰੀ ਹੈ। ਇਸ ਦੋ ਸ਼ਬਦ ਹਨ ਸਰੀਰ` ਅਤੇ ‘ਸ਼ਖ਼ਸੀਅਤ`। ਹਾਲਾਂਕਿ ਇੱਕ ਮਨੁੱਖ ਦੇ ਸੰਧਰਭ ਵਿੱਚ ਸਰੀਰ ਅਤੇ ਸ਼ਖ਼ਸੀਅਤ ਸਮਕਾਲੀ (Synchronized) ਹੁੰਦੇ ਹਨ ਪਰ ਦੂਜੇ ਸ਼ਬਦ ਦੇ ਵਿਸ਼ਾਲ ਘੇਰੇ ਵਿੱਚ ਸਰੀਰ ਨੂੰ ਸਮਝਣਾ ਸੋਖਾ ਹੈ। ਜਿਥੋਂ ਤਕ ਗੁਰੂ ਨਾਨਕ ਜੀ ਦੀ ਗਲ ਹੈ ਤਾਂ ਉਹ ‘ਜਗਤ ਗੁਰੂ` ਸਨ ਚੌਥੇ ਗੁਰੂ ਅਤੇ ਭਾਈ ਗੁਰਦਾਸ ਜੀ ਨੇ ਇਸ ਵਿਸ਼ੇਸ਼ਣ ਨੂੰ ਬੜੀ ਸਪਸ਼ਟਤਾ ਨਾਲ ਵਰਤਿਆ ਹੈ।
ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥ ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥ (ਮਹਲਾ 4, ਪੰਨਾ 733, ਸ਼ਬਦ ਗੁਰੂ ਗ੍ਰੰਥ ਸਾਹਿਬ)
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ (ਮਹਲਾ 4, ਪੰਨਾ 307, ਸ਼ਬਦ ਗੁਰੂ ਗ੍ਰੰਥ ਸਾਹਿਬ)

ਦੱਸ ਗੁਰੂ ਸਾਹਿਬਾਨ ਦੇ ਨਾਲ ਸਿੱਖਾਂ ਦਾ ਡੁੰਘਾ ਮਨੋਵਿਗਿਆਨਕ ਰਿਸ਼ਤਾ ਹੈ। ਉਹ ਸ਼ਖ਼ਸੀਅਤਾਂ (Personalities) ਸਾਡੇ ਗੁਰੂ ਸਨ ਜਿਨ੍ਹਾਂ ਦੇ ਅੰਦਰ ‘ਇੱਕੋ` ਹੀ ਵਿਚਾਰਧਾਰਾ ਇੱਕ ਸੂਤ ਸਥਾਪਤ ਸੀ। ਜਿਹੜਾ ਮਨੁੱਖ ਇਨਾਂ ਸ਼ਖ਼ਸੀਅਤਾਂ ਨਾਲ ਜੁੜਿਆ ਉਹੀ ਸਿੱਖ ਬਣਿਆ। ਇਸ ਗਲ ਨੂੰ ਵਿਚਾਰਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਸ਼ਖ਼ਸੀਅਤ` ਦਾ ਅਰਥ ਕੀ ਹੁੰਦਾ ਹੈ ਤਾਂ ਕਿ ਕਿੱਧਰੇ ‘ਸਰੀਰ` ਅਤੇ ‘ਸ਼ਖ਼ਸੀਅਤ` ਵਿਚਲੇ ਸੰਬਧ ਅਤੇ ਅੰਤਰ ਨੂੰ ਨਾ ਸਮਝਣ ਕਾਰਣ, ਸ਼ਖ਼ਸੀਅਤ (Personality) ਨੂੰ ਸ਼ਰੀਰ (Body: The material organized substance) ਪ੍ਰਸਤੀ ਦੀ ਗਲ ਨਾ ਸਮਝ ਲਿਆ ਜਾਏ। ਹਰ ਸਰੀਰ ਦੇ ਅੰਦਰ ਇੱਕ ਸ਼ਖ਼ਸੀਅਤ ਹੁੰਦੀ ਹੈ ਅਤੇ ਹਰ ਸ਼ਖ਼ਸੀਅਤ ਦੇ ਬਾਹਰ ਇੱਕ ਸਰੀਰ। ਇਸ ਅੰਦਰ ਅਤੇ ਬਾਹਰ ਦੀ ‘ਸ਼ਖ਼ਸੀ ਕੈਫ਼ਿਅਤ` ਨੂੰ ਗੁਰੂ ਨਾਨਕ ਇੰਝ ਵੀ ਸਮਝਾਉਂਦੇ ਹਨ:

ਮਃ ੧ ॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ (ਪੰਨਾ 473 ਗੁਰੂ ਗ੍ਰੰਥ ਸਾਹਿਬ)

ਅਰਥ:- ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿੱਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿੱਚ ਉਹ ਬੰਦੇ ਨੇਕ ਹਨ; ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿੱਚ ਹੀ (ਸਦਾ ਜੁੜੇ ਰਹਿੰਦੇ ਹਨ)।

ਵਿਸ਼ੇਸ਼ ਟਿੱਪਣੀ:-ਸਪਸ਼ਟ ਰੂਪ ਗੁਰੂ ਨਾਨਕ ਸਰੀਰ ਨਹੀਂ ਬਲਕਿ ਮਾਨਸਕ/ਭਾਵਨਾਤਮਕ/ਵਿਵਹਾਰਕ ਪ੍ਰਵ੍ਰਿਤਿਆਂ ਨੂੰ ਵਿਚਾਰ ਰਹੇ ਹਨ ਯਾਨੀ ਕੇ ਸਰੀਰ ਦੇ ਅੰਦਰ ਦੀ ਸ਼ਖ਼ਸੀਅਤ ਨੂੰ। ਜੇਕਰ ਸਰੀਰ ਹੀ ਸ਼ਖ਼ਸੀਅਤ ਹੁੰਦਾ ਹੋਵੇ ਤਾਂ ਉਹ ਇਸ਼ਨਾਨ ਕਰਨ ਨਾਲ ਸਾਫ਼ ਹੋ ਜਾਏ। ਫ਼ਿਰ ਤਾਂ ਸਾਬਣ ਦੇ ਨਾਲ ਦੋ ਬਾਲਟੀਆਂ ਜਾਂ ਫ਼ਿਰ ਇੱਕ ਚੁੱਬੀ ਹੀ ਕਾਫ਼ੀ ਹੈ। ਪਰ ਐਸਾ ਇਸ ਲਈ ਨਹੀਂ ਹੁੰਦਾ ਕਿਉਂਕਿ ਸਰੀਰ ਅਤੇ ਸ਼ਖ਼ਸੀਅਤ ਵਿੱਚ ਵੱਡਾ ਅੰਤਰ ਇਹ ਹੈ ਕਿ ਕੇਵਲ ਸਰੀਰ ਸ਼ਖ਼ਸੀਅਤ ਨਹੀਂ ਹੁੰਦਾ।
ਜ਼ਰਾ ਹੋਰ ਵੇਖੀਏ:-

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ (ਗੁਰੂ ਨਾਨਕ, ਪੰਨਾ 473 ਸ਼ਬਦ ਗੁਰੂ ਗ੍ਰੰਥ ਸਾਹਿਬ)
ਕੋਈ ਇਨਾਂ ਬਚਨਾਂ ਨੂੰ ਕੇਵਲ ਤੀਰਥ ਇਸ਼ਨਾਨ ਦਾ ਵਿਰੋਧ ਮਾਤਰ ਨਾ ਸਮਝ ਲੇ। ਗੁਰੂ ਨਾਨਕ ਜੀ ਨੇ ਤੀਰਥ ਇਸ਼ਨਾਨ ਦੇ ਪ੍ਰਤੀਕ ਦੀ ਵਰਤੋਂ ਮਾਧਿਅਮ ਸਰੀਰ ਦੇ ਅੰਦਰ ਦੀ ਸ਼ਖਸੀਅਤ ਦੇ ਵਿਕਾਰਾਂ ਨੂੰ ਮਿਟਾਉਂਣ ਦੀ ਸਿੱਖਿਆ ਦਿੱਤੀ ਹੈ। ਜ਼ਾਹਰ ਹੈ ਕਿ ਗੁਰਮਤਿ ਸਰੀਰ ਅਤੇ ਸ਼ਖਸੀਅਤ ਨੂੰ ਵੱਖ ਵੱਖ ਬਿਆਨ ਕਰਦੀ ਕਈਂ ਹੈ। ਗੁਰਬਾਣੀ ਅੰਦਰ ਸਰੀਰ ਨਾਲ ਨਹੀਂ ਬਲਕਿ ਸਰੀਰ ਦੇ ਅੰਦਰ ਦੀ ਸ਼ਖ਼ਸੀਅਤ ਦੇ ਵਿਕਾਰਾਂ ਨਾਲ ਅਸਹਿਮਤੀ ਹੈ ਅਤੇ ਇਸੇ ਲਈ ਮੁੱਖ ਤੋਰ ਤੇ ਸ਼ਖ਼ਸੀਅਤ ਨੂੰ ਠੀਕ ਕਰਨ ਦੀ ਸਿੱਖਿਆ ਹੈ ਨਾ ਕਿ ਸਰੀਰ ਨੂੰ। ਸਰੀਰ ਦਾ ਇਲਾਜ ਤਾਂ ਡਾਕਟਰ ਵੀ ਕਰਦੇ ਹਨ। ਸਿੱਖੀ ਵਿੱਚ ਨਹਾਉਂਣ ਤੇ ਤਾਂ ਕੋਈ ਪਾਬੰਦੀ ਨਹੀਂ। ਕਿਸੇ ਨੂੰ ਜੇ ਲੋੜ ਪੈ ਜਾਵੈ ਤਾਂ ਸਰੀਰ ਸਾਫ਼ ਕਰਨ ਲਈ ਗੰਗਾ ਜਾਂ ਕਿਸੇ ਹੋਰ ਨਦੀ ਵਿੱਚ ਵੀ ਇਸ਼ਨਾਨ ਕੀਤਾ ਜਾ ਸਕਦਾ ਹੈ। ਸਰੀਰ ਦੀ ਸਫ਼ਾਈ ਰੱਖਣ ਤੇ ਕੋਈ ਮਨਾਹੀ ਨਹੀਂ। ਹਾਂ ਮਨ ਨੂੰ ਮੈਲਾ ਰੱਖਣ ਦੀ ਮਨਾਹੀ ਹੈ ਜੋ ਕਿ, ਬਾ-ਕੌਲ ਗੁਰਮਤਿ, ਸਰੀਰ ਦੀ ਸਫ਼ਾਈ ਨਾਲ ਸਾਫ਼ ਨਹੀਂ ਹੋ ਸਕਦਾ।
ਖ਼ੈਰ, ਆਮ ਤੋਰ ਤੇ ਸਰੀਰ ਦੇ ਨਾਸ਼ ਹੋਣ ਦੇ ਨਾਲ ਸ਼ਖ਼ਸੀਅਤ ਦਾ ਵੀ ਨਾਸ਼ ਹੋ ਜਾਂਦਾ ਹੈ ਪਰ ਕਈ ਵਾਰ ਸਰੀਰ ਦੇ ਨਾਸ਼ ਤੋਂ ਬਾਦ ਵੀ ਸ਼ਖ਼ਸੀਅਤ ਦਾ ਨਾਸ਼ ਨਹੀਂ ਹੁੰਦਾ ਕੇਵਲ ਸੰਧਰਭ ਬਦਲ ਜਾਂਦਾ/ਜਾਂਦੇ ਹਨ। ਸਰੀਰ ਦੇ ਨਾਸ਼ ਤੋਂ ਬਾਦ ਵੀ ਕੁੱਝ ਸ਼ਖਸੀਅਤਾਂ ਛੋਟੇ ਜਿਹੇ ਕਾਲ ਤਕ ਸਮਾਜ ਦੇ ਮਾਨਸਕ ਪਟਲ ਵਿੱਚ ਚੰਗੇ/ਮਾੜੇ ਸੰਧਰਭ ਵਿੱਚ ਬਣਿਆਂ ਰਹਿੰਦਿਆਂ ਹਨ ਅਤੇ ਕਈ ਸ਼ਖ਼ਸੀਅਤਾਂ ਚਿਰ ਕਾਲ ਤਕ ਕਾਯਮ ਰਹਿੰਦਿਆਂ ਹਨ। ਇਹ ਤਾਂ ਜੀਵਨ ਵਿੱਚ ਕਿਸੇ ਮਨੁੱਖ ਵਲੋਂ ਘਾਲੀ ਹੋਈ ਮਸ਼ੱਕਤ ਦੀ ਕਿਸਮ ਤੇ ਨਿਰਭਰ ਕਰਦਾ ਹੈ। ਇਸ ਨੂੰ ਅੱਗੇ ਫ਼ਿਰ ਵਿਚਾਰਾਂਗੇ। ਪਹਿਲੇ ਸ਼ਖ਼ਸੀਅਤ ਵਿਚਾਰ ਲਈਏ।
ਸ਼ਖ਼ਸੀਅਤ (Personality) ਦਾ ਸਾਦਾ ਜਿਹਾ ਅਰਥ ਹੁੰਦਾ ਹੈ ਵਿਅਕਤਿਤਵ ਪਰ ਇਹ ਅਰਥ ਸਿਰਫ਼ ਇੱਥੇ ਤਕ ਹੀ ਮਹਦੂਦ ਨਹੀਂ ਹੁੰਦਾ। ਕਈਂ ਵਿਚਾਰਕ ਇਸ ਦਾ ਅਰਥ ਸਰੀਰ ਮਾਤਰ ਕਰਦੇ ਭੁਲੇਖਾ ਖਾ ਜਾਂਦੇ ਹਨ। ਪਰ ਮਨੋਵਿਗਿਆਨਕ ਪੱਧਰ ਤੇ ਸ਼ਖ਼ਸੀਅਤ ਦਾ ਸ਼ਬਦਕੋਸ਼ਕ ਅਰਥ ਇੰਝ ਹਨ:-ਬਾਣੀ ਦੇ ਉਰੋਕਤ ਹਵਾਲਿਆਂ ਦੀ ਰੋਸ਼ਨੀ ਅਤੇ ਇਨਾਂ ਅਰਥਾਂ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਸਰੀਰ, ਸ਼ਖ਼ਸੀਅਤ ਦਾ ਕੇਵਲ ‘ਇਕ ਲੱਛਣ` ਹੁੰਦਾ ਹੈ ਪੁਰੀ ਸ਼ਖ਼ਸੀਅਤ ਨਹੀਂ। ਕੇਵਲ ਸਰੀਰ ਨੂੰ ਸ਼ਖ਼ਸੀਅਤ ਸਮਝ ਲੇਂਣਾ ਜਾਂ ਫ਼ਿਰ ਸ਼ਖ਼ਸੀਅਤ ਨੂੰ ਕੇਵਲ ਸਰੀਰ ਬਹੁਤ ਵੱਡੀ ਵਿਚਾਰਕ ਗਲਤੀ ਕਹੀ ਜਾ ਸਕਦੀ ਹੈ। ਆਉ ਇਨਾਂ ਅਰਥਾਂ ਨੂੰ ਜ਼ਰਾ ਹੋਰ ਵਿਚਾਰ ਲਈਏ।

The sum total of the physical, mental, emotional, and social characteristics of an individual
Medical Dictionary:-The totality of an individual's behavioral and emotional tendencies
ਮਾਨੋਵਿਗਿਆਨ ਦੇ ਸੰਧਰਭ ਵਿੱਚ ਸ਼ਖ਼ਸੀਅਤ/ਵਿਅਕਤਿਤਵ ਦਾ ਭਾਵ ਸਰੀਰ ਮਾਤਰ ਨਹੀਂ ਬਲਕਿ ਇਸਦਾ ਅਸਲ ਅਰਥ “ਆਪਣੀ ਸੰਪੁਰਣਤਾ ਵਿਚ, ਵਿਸ਼ੇਸ਼ ਸਰੀਰਕ, ਮਾਨਸਕ, ਭਾਵਨਾਤਮਕ ਅਤੇ ਸਮਾਜਕ ਲੱਛਣ` ਨਿਕਲਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਪ੍ਰਤੀ ਗੁਰੂਆਂ ਦੀ ਆਪਣੀ ਮਾਨਸਕ/ਭਾਵਨਾਤਮਕ ਪਹੰਚ ਅਤੇ ਸਵਿਕ੍ਰਿਤੀ (ਭਗਤ/ਭੱਟ ਬਾਣੀ) ਦਾ ਗਿਆਨ ਹੈ ਜਿਸ ਨੂੰ ਗੁਰੂ ਸ਼ਖ਼ਸੀਅਤਾਂ ਨੇ ਕਲਮਬੱਧ ਕਰਨ ਦੇ ਨਾਲ-ਨਾਲ ਸਮਾਜਕ ਪੱਧਰ ਤੇ ਆਪਣੇ ਵਿਵਹਾਰ ਰਾਹੀਂ ਵਧੇਰੇ ਵਿਸਥਾਰ ਦਿੱਤਾ ਹੈ।
ਇੱਥੋਂ ਤਕ ਕਿ ਸਾਂਇੰਸ ਦੇ ਸ਼ਬਦਕੋਸ਼ ਵਿੱਚ ਵੀ, ਵਿਗਿਆਨਕ ਤੋਰ ਤੇ ਸ਼ਖ਼ਸੀਅਤ/ਵਿਅਕਤਿਤਵ ਦਾ ਅਰਥ ਕਿਸੇ ਮਨੁੱਖ ਦਿਆਂ ਕੁਲ ਵਿਵਹਾਰਕ ਅਤੇ ਭਾਵਨਾਤਮਕ ਪ੍ਰਵ੍ਰਿੱਤਿਆਂ` ਹੁੰਦਾ ਹੈ ਨਾ ਕਿ ਸਰੀਰ ਮਾਤਰ। ਇਨਸਾਨ ਦੀ ਮੌਤ ਉਪਰੰਤ ਸਰੀਰ ਸ੍ਹਾਮਣੇ ਪਿਆ ਹੁੰਦਾ ਹੈ ਪਰ ਉਸ ਵਿੱਚ ਸ਼ਖ਼ਸੀਅਤ ਨਹੀਂ ਬੱਚਦੀ। ਇਹ ਸਰੀਰ ਅਤੇ ਸ਼ਖ਼ਸੀਅਤ ਵਿਚਲਾ ਇੱਕ ਬਹੁਤ ਵੱਡਾ ਅੰਤਰ ਹੈ। ਹਾਂ ਜੇਕਰ ਉਹ ਬੱਚਦੀ ਹੈ ਤਾਂ ਕੇਵਲ ਉਸ ਦੇ ਕੀਤੇ ਕੰਮਾਂ ਦੇ ਮਾਧਿਅਮ ਰਾਹੀਂ, ਉਸ ਨੂੰ ਜਾਣਨ ਵਾਲਿਆਂ ਦੇ ਜ਼ਹਿਨਾਂ/ਸਵਕ੍ਰਿਤੀ ਵਿੱਚ। ਇਸ ਰੂਪ ਵਿਚ, ਸਮੇਂ ਦੀ ਚਾਲ ਅੰਦਰ, ਗੁਰੂ ਸ਼ਖ਼ਸੀਅਤਾਂ ਦਾ ਇੱਕ ਲੱਛਣ (ਸਰੀਰ) ਤਾਂ ਨਹੀਂ ਰਹਿਆ ਪਰ ਉਨਾਂ ਦੀ ਸ਼ਖ਼ਸੀਅਤ ਦੇ ਬਾਕਿ ਲੱਛਣ ਯਾਨੀ ਕੇ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਪ੍ਰਵ੍ਰਿਤਿਆਂ, ਸ਼ਬਦ ਰੂਪ ਵਿੱਚ ਸਾਡੇ ਕੋਲ ਹਨ ਜਿਸ ਨੂੰ ਅਸੀਂ ‘ਸ਼ਬਦ ਗੁਰੂ ਗ੍ਰੰਥ ਸਾਹਿਬ` ਕਹਿੰਦੇ ਹਾਂ। ਗੁਰੂਆਂ ਨਾਲ ਜੁੜਨ ਦਾ ਅਸਲ ਭਾਵ ਸਰੀਰ ਮਾਤਰ ਨਾਲ ਜੁੜਨਾ ਕਦਾਚਿਤ ਨਹੀਂ ਬਲਕਿ ਉਨ੍ਹਾਂ ਦੇ ਮਾਨਸਕ, ਭਾਵਨਾਤਮਕ ਗਿਆਨ ਨਾਲ ਜੁੜਨਾ ਹੈ ਜਿਸ ਨੂੰ ਉਨ੍ਹਾਂ ਸਰੀਰ ਰਾਹੀਂ ਵਰਤਿਆ ਸੀ ਅਤੇ ਹੁਣ ਵੀ ਮੋਜੂਦ ਹੈ।
ਸ਼ਖ਼ਸੀਅਤ ਦੇ ਇਨਾਂ ਅਰਥਾਂ ਨੂੰ ਸਮਝਣ ਵੇਲੇ ਇਹ ਚੇਤੇ ਵੀ ਰੱਖਣਾ ਜ਼ਰੂਰੀ ਹੈ ਕਿ ਬਿਨਾ ਸਰੀਰ ਦੇ ਮਨੁੱਖ ਦੇ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਪ੍ਰਵ੍ਰਿਤਿਆਂ/ਲੱਛਣ ਹੋਂਦ ਵਿੱਚ ਨਹੀਂ ਆ ਸਕਦੇ। ਇਸ ਲਈ ਜਿਉਂਦੇ ਸਮੇਂ ਸਰੀਰ (body) ਵੀ ਸ਼ਖ਼ਸੀਅਤ (Personality) ਨਾਲ ਜੁੜਦਾ ਹੈ। ਹਾਂ ਇਤਨੀ ਗਲ ਵੀ, ਜਿਵੇਂ ਕਿ ਪਿੱਛੇ ਵਿਚਾਰ ਆਏ ਹਾਂ, ਆਪਣੀ ਜਗ੍ਹਾ ਅਕੱਟ ਹੈ ਕਿ ਕਿਸੇ ਸ਼ਖ਼ਸੀਅਤ ਵਿਸ਼ੇਸ਼ ਵਲੋਂ ਆਪਣੇ ਜੀਵਨ ਵਿੱਚ ਪ੍ਰਗਟਾਏ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਲੱਛਣ/ਪ੍ਰਵ੍ਰਿਤਿਆਂ ਦੇ ਪੱਖ, ਕਲਮਬੱਧ ਹੋ ਕੇ ਜਾਂ ਯਾਦਾਸ਼ਤਬੱਧ ਹੋ ਕੇ ਉਸਦੇ ਜੀਵਨ ਕਾਲ ਤੋਂ ਬਾਦ ਵੀ ਜਿੰਦਾ ਰਹਿੰਦੇ ਹਨ ਬਾ-ਸ਼ਰਤੇ ਕਿ ਕੋਈ ਬੰਦਾ ਜਾਂ ਬੰਦੇ ਉਨ੍ਹਾਂ ਨੂੰ ਸਵੀਕਾਰ ਕਰਦੇ ਤੁਰਦੇ ਰਹਿਣ। ਸਿੱਖੀ ਦੇ ਦਰਸ਼ਨ ਵਿੱਚ ਗੁਰਤਾ ਦਾ ਸਿਧਾਂਤ` ਇੰਝ ਹੀ ਗੁਰੁ ਨਾਨਕ ਤੋਂ ਹੁੰਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਤਕ ਤੁਰ ਰਿਹਾ ਹੈ।
ਗੁਰੂ ਨਾਨਕ ਦਾ ਭਾਵ ਅਰਥ ਗੁਰੂ ਨਾਨਕ ਦੀ ਸ਼ਖ਼ਸੀਅਤ/ਗੁਰੂ ਨਾਨਕ ਦਾ ਵਿਅਕਤਿਤਵ ਹੈ ਜੋ ਕਿ ਪਰਮਾਤਮ ਗਿਆਨ` ਦਾ ਸੋਮਾਂ ਸੀ। ਗੁਰੂ ਨਾਨਕ ਕਿਸੇ ਦੀ ਮਤਿ ਤੇ ਨਹੀਂ ਤੁਰੇ ਬਲਕਿ ਪਰਮਾਤਮਾ ਵੱਲੋਂ ਬਖ਼ਸੀ ਹੋਈ ਆਪਣੀ ਮਤਿ ਤੇ ਤੁਰੇ। ਉਹ ਹਰੀ ਦੇ ਨਾਮ ਦੇ ਵਪਾਰੀ ਸਨ ਅਤੇ ਵਪਾਰ ਵਿੱਚ ਕਮਾਈ ਆਪਣੀ ਕਿਰਤ ਰਾਹੀਂ ਕੀਤੀ ਜਾਂਦੀ ਹੈ। ਇਸੇ ਲਈ ਉਹ ਜਗਤ ਗੁਰੂ ਨਾਨਕ ਕਹੇ ਜਾਂਦੇ ਹਨ। ਗੁਰੂ ਨਾਨਕ ਦਾ ਗੁਰੂ ਰੱਬੀ ਗਿਆਨ ਨਾਲ ਲਭਰੇਜ਼ ਉਨ੍ਹਾਂ ਦੂਆਰਾ ਅਰਜਿਤ ਕੀਤਾ ਹੋਇਆ ਗਿਆਨ ਹੀ ਸੀ ਜਿਸ ਨੂੰ ਉਨਾਂ ਨੇ ਸ਼ਬਦ ਰੂਪ ਵਿੱਚ ਸੰਸਾਰ ਦੇ ਸ੍ਹਾਮਣੇ ਰੱਖਿਆ ਸੀ। ਉਹ ਆਪੇ ਗੁਰ ਚੇਲਾ ਦੀ ਪਹਿਲੀ ਮਿਸਾਲ ਸਨ! ਗੁਰੂ ਨਾਨਕ ਜੀ ਦੀ ਸੁਰਤ ਆਪਣੇ ਮਤ (ਸ਼ਬਦ ਗਿਆਨ) ਦੀ ਚੇਲਾ ਸੀ। ਗੁਰੂ ਨਾਨਕ ਦੀ ਮਤਿ ਤੇ ਜੋ ਤੁਰਿਆ ਉਹ ਮਨਮਤਿਏ ਤੋਂ ਗੁਰਮਤਿਆ ਹੋ ਗਿਆ ਅਤੇ ਗੁਰੂ ਨਾਨਕ ਉਸ ਦਾ ਗੁਰੂ। ਫਿਰ ਗੁਰੂ ਨਾਨਕ ਨੇ ਗੁਰਤਾ ਨੂੰ ਆਪ ਅੱਗੇ ਤੋਰਿਆ ਅਤੇ ਗੁਰੂ ਸ਼ਖ਼ਸੀਅਤਾਂ ਵਲੋਂ ਆਪਣੇ ਜੀਵਨ ਵਿੱਚ ਪ੍ਰਗਟਾਏ ਅਤੇ ਕਬੂਲੇ ਹੋਏ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਲੱਛਣ/ਪ੍ਰਵ੍ਰਿਤਿਆਂ ਕਲਮਬੱਧ ਹੋ ਕੇ ਉਨਾਂ ਦੇ ਜੀਵਨ ਕਾਲ ਤੋਂ ਬਾਦ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਗੁਰੂ ਹਨ।
ਆਉ ਇਸ ਨੂੰ ਜ਼ਰਾ ਹੋਰ ਢੰਗ ਨਾਲ ਵੀ ਵਿਚਾਰਣ ਦਾ ਯਤਨ ਕਰੀਏ। ਲੇਖ ਦੇ ਆਰੰਭ ਵਿੱਚ ਲਿਖੇ ਇੱਕ ਸਵਾਲ ਦੇ ਜਵਾਬ ਅਤੇ ਉਨ੍ਹਾਂ ਦੇ ਅਰਥਾਂ ਨੂੰ ਅਸੀਂ ਪੜ ਲਿਆ ਹੈ। ਇਹ ਅਰਥ ਪ੍ਰੋ. ਸ਼ਾਹਿਬ ਸਿੰਘ ਜੀ ਨੇ ਕੀਤੇ ਹਨ। ਜ਼ਰਾ ਕੁ ਧਿਆਨ ਨਾਲ ਪੜਨ ਤੇ ਪਤਾ ਚਲਦਾ ਹੈ ਕਿ ਗੁਰੂ ਨਾਨਕ ਨੇ ਸ਼ਬਦ (ਆਪਣੇ ਰੱਬੀ ਗਿਆਨ) ਨੂੰ ਆਪਣਾ ਗੁਰੂ ਕਿਹਾ ਹੈ ਅਤੇ ਆਪਣੀ ਵਿਵਹਾਰਕ ਸੁਰਤ ਦੀ (ਧੁਨਿ) ਲੈਅਬੱਧਤਾ ਨੂੰ ਉਸ ਦਾ ਚੇਲਾ (ਸਿੱਖ)।
ਇੱਥੇ ਜੋ ਗਲ ਵਿਚਾਰਣ ਯੋਗ ਹੈ, ਉਹ ਇਹ ਕਿ ਜੇਕਰ ਗੁਰੂ ਨਾਨਕ ਦੀ ਸ਼ਖ਼ਸੀਅਤ (ੳੱਪਰ ਵਿਚਾਰੀ ਹੋਈ ਸ਼ਖ਼ਸੀਅਤ) ਗੁਰੂ ਨਹੀਂ ਸੀ ਤਾਂ ਚੇਲਾ ਕੋਂਣ ਸੀ? ਸਿੱਧਾਂ ਨੂੰ ਦਿੱਤੇ ਆਪਣੇ ਇਸ ਅਤਿਅੰਤ ਗੰਭੀਰ ਉੱਤਰ ਵਿੱਚ ਜੇਕਰ ਗੁਰੂ ਨਾਨਕ ਨੇ ਸ਼ਬਦ (ਆਪਣੇ ਰੱਬੀ ਗਿਆਨ) ਨੂੰ ਗੁਰੂ ਕਿਹਾ ਤਾਂ ਆਪਣੇ ਸਰੀਰ ਨੂੰ ਵੀ ਚੇਲਾ ਨਹੀਂ ਕਹਿਆ। ਹੁਣ ਜੇਕਰ ਸਰੀਰ ਗੁਰੂ ਨਹੀਂ ਤਾਂ ਸਰੀਰ ਚੇਲਾ ਵੀ ਨਹੀਂ। ਅਤੇ ਜੇਕਰ ਸਰੀਰ ਚੇਲਾ ਨਹੀਂ ਬਲਕਿ ਸੁਰਤ ਚੇਲਾ ਹੁੰਦੀ ਹੈ ਤਾਂ ਸਿੱਖ ਦੀ ਪਛਾਂਣ ਅਤੇ ਉਸਦੀ ਪਰਿਭਾਸ਼ਾ ਕਿਵੇਂ ਸਥਾਪਤ ਕੀਤੀ ਜਾਵੇਗੀ? ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਵਿੱਚ ਨਾ ਤਾਂ ਸਰੀਰ ਗੁਰੂ ਹੈ ਅਤੇ ਨਾ ਹੀ ਸਰੀਰ ਚੇਲਾ ਹੈ! ਇਹ ਤਾਂ ਵੱਡੀ ਸੱਮਸਿਆ ਹੋ ਗਈ! ਇਸ ਹਿਸਾਬ ਨਾਲ ਗੁਰੂ ਨਾਨਕ ਦੇ ਸਰੀਰ ਨੂੰ ਕੀ ਪਛਾਂਣ ਦੇਵਾਂਗੇ? ਜੇ ਗੁਰੂ ਨਾਨਕ ਨੇ ਆਪਣੇ ਆਪ ਨੂੰ ਚੇਲਾ ਕਿਹਾ ਤਾਂ ਅਸੀਂ ਕਿਵੇਂ ਹੋਰ ਲਕਬ ਵਰਤ ਲਏ?
ਸ਼ਬਦਾਂ ਦੇ ਅਰਥਾਂ ਦੀ ਜਕੜਨ ਤੋਂ ਮੁੱਕਤ ਵਿਚਾਰ ਹੀ ਇਸ ਸਮੱਸਿਆ ਦਾ ਸਮਾਧਾਨ ੳਪਲੱਭਦ ਕਰਵਾ ਸਕਦਾ ਹੈ। ਇਸ ਵਿੱਚ ਬਿਬੇਕ ਸਾਡਾ ਸਹਾਈ ਹੋ ਸਕਦਾ ਹੈ ਜਿਸ ਨੂੰ ਵਰਤਣ ਦੀ ਨਸੀਅਤ ਗੁਰੂਆਂ ਨੇ ਦਿੱਤੀ ਹੈ। ਬਾਣੀ ਅਰਥਾਂ ਦੇ ਭਾਵਅਰਥਾਂ ਨੂੰ ਬਿਬੇਕਪੁਰਣ ਢੰਗ ਨਾਲ ਸਮਝਣਾ ਪਵੇਗਾ। ਅਗਰ ਗੁਰੂ ਨਾਨਕ ਦੀ ਸ਼ਖ਼ਸੀਅਤ (ਜਿਸ ਦੇ ਅਰਥ ਉੱਪਰ ਵਿਚਾਰ ਆਏ ਹਾਂ) ਸਾਡੀ ਗੁਰੂ ਨਹੀਂ ਸੀ ਤਾਂ ਇਸ ਧਰਤੀ ਤੇ ਗੁਰੂ ਦੇ ‘ਸਿੱਖ` ਦੀ ਕੀ ਪਛਾਂਣ ਹੈ? ਸ਼ਖ਼ਸੀਅਤ ਜਾਂ ਫ਼ਿਰ ਕੇਵਲ ਸੁਰਤ? ਇਸ ਨੁੱਕਤੇ ਤੇ ਡੁੰਗੀ ਵਿਚਾਰ ਦੀ ਲੋੜ ਹੈ! ਕੇਵਲ ਸਰੀਰ (Body) ਵਿੱਚ ਸਮੁੱਚੀ ਸ਼ਖ਼ਸੀਅਤ (Personality) ਦੀ ਪਰਿਭਾਸ਼ਾ ਨਹੀਂ ਮਿਲਦੀ ਜਦਕਿ ਸ਼ਖ਼ਸੀਅਤ ਵਿੱਚ ਸਰੀਰ ਇੱਕ ਲੱਛਣ ਮਾਤਰ ਨਜ਼ਰ ਆਉਂਦਾ ਹੈ। ਹਾਂ ਜੇਕਰ ਸਰੀਰ ਤੋਂ ਭਾਵਅਰਥ ਸ਼ਖ਼ਸੀਅਤ ਹੀ ਲਿਆਂ ਜਾਵੇ ਤਾਂ ਕੋਈ ਸੱਮਸਿਆ ਨਹੀਂ। ਗੁਰਬਾਣੀ ਵਿੱਚ ਸਰੀਰ ਦਾ ਮੱਹਤਵ ਇਸੇ ਪੱਖੋਂ ‘ਨੀਵਾਂ` ਜਾਂ ‘ਉੱਚਾ` ਕਰਕੇ ਸਮਝਾਇਆ ਗਿਆ ਹੈ। ਪਰ ਗੁਰੂਆਂ ਬਾਰੇ ਗਲ ਕਰਦੇ ਕਈ ਥਾਂ ਚਿੰਤਨ ਦੀ ਸੂਈ ਕੇਵਲ ਸਰੀਰ (Body: The material organized substance) ਤਕ ਦੇ ਅਰਥ ਤੇ ਅਟਕੀ ਰਹਿੰਦੀ ਹੈ ਅਤੇ ਉਨਾਂ ਦੀ ਸ਼ਖ਼ਸੀਅਤ (ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਪ੍ਰਵ੍ਰਿਤਿਆਂ/ਲੱਛਣਾਂ) ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਜੋ ਕਿ ਸ਼ਬਦ ਗੁਰੂ ਦਾ ਹੀ ਪ੍ਰਯਾਯਵਾਚੀ (Synonymous) ਸਨ।
ਗੁਰੂ ਵਿਸ਼ੇਸ਼ਨ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਰੀਰ-ਸ਼ਖ਼ਸੀਅਤ ਦੇ ਅਰਥਾਂ ਨੂੰ ਅਤੇ ਉਨਾਂ ਦੇ ਅੰਤਰ-ਸਬੰਧ ਨੂੰ ਸਮਝਣਾ ਜ਼ਰੂਰੀ ਹੈ।
ਸ਼ਬਦ ਗੁਰੂ ਵਾਸਤਵ ਵਿੱਚ ਗੁਰੂ ਸ਼ਖ਼ਸੀਅਤਾਂ ਵਲੋਂ ਅਰਜਿਤ/ਕਬੂਲਿਆ/ਕਲਮਬੱਧ ਕੀਤਾ ਰੱਬੀ ਗਿਆਨ ਹੈ ਜੋਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡਾ ਗੁਰੂ ਹੈ। ਉਨਾਂ ਦੇ ਗਿਆਨ ਨੂੰ ਜੋ ਸ਼ਖ਼ਸੀਅਤ ‘ਕੁੱਝ ਗਲਾਂ` ਦਾ ਪਾਲਨ ਕਰਦੇ ਹੋਏ ਕਬੂਲਣ ਦਾ ਜਤਨ ਕਰਦੀ ਹੈ ਉਹ ਸ਼ਖ਼ਸੀਅਤ ਸਿੱਖ ਹੁੰਦੀ ਹੈ ਜਿਸ ਦੀ ਪਛਾਂਣ ਸਰੀਰ ਦੇ ਮਾਧਿਅਮ ਸਥਾਪਤ ਹੁੰਦੀ ਹੈ। ਕੇਵਲ ਸਰੀਰ ਨਾ ਤਾਂ ਗੁਰੂ ਹੋਈਆ ਸੀ ਅਤੇ ਕੇਵਲ ਸਰੀਰ ਨਾ ਤਾਂ ਕਦੇ ਚੇਲਾ ਹੋ ਸਕਦਾ ਹੈ। ਜੇਕਰ ਮੈਂ ਕਿਸੇ ਗਿਰਜਾਘਰ ਮਸੀਤ ਜਾਂ ਮੰਦਰ ਵਿੱਚ ਚਲਾ ਜਾਵਾਂ ਤਾਂ ਮੈਂ ਸਰੀਰ ਵਜੋਂ ੳੱਥੇ ਹੋਂਣ ਨਾਲ ਇਸਾਈ, ਮੁਸਲਮਾਨ ਜਾਂ ਹਿੰਦੂ ਨਹੀਂ ਹੋ ਜਾਂਦਾ ਕਿਉਂਕਿ ਮੇਰੀ ਸ਼ਖ਼ਸੀਅਤ (ਮੇਰੀਆਂ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਪ੍ਰਵ੍ਰਿੱਤਿਆਂ) ਮੈਂਨੂ ਐਸਾ ਹੋਣ ਤੋਂ ਰੋਕਦੀ ਹੈ। ਗੁਰੂ ਨਾਨਕ ਸਰੀਰ ਵਜੋਂ ਮੱਕਾ ਜਾਂ ਪੁਰੀ ਜਾਂਦੇ ਹਨ ਪਰ ਸ਼ਖ਼ਸੀਅਤ ਵਜੋਂ ਅਸਹਿਮਤਿ ਰਹਿੰਦੇ ਹਨ। ਇੱਥੇ ਸਾਨੂੰ ਸਰੀਰ ਅਤੇ ਸ਼ਖ਼ਸੀਅਤ ਵਿਚਲਾ ਸਬੰਧ ਅਤੇ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਹਾਂ ਸਰੀਰ ਅਤੇ ਉਸਦਾ ਵਿਵਹਾਰ ਗੁਰੂ ਅਤੇ ਚੇਲੇ ਦੀ ਪਛਾਂਣ ਦਾ ਮਾਧਿਅਮ ਹੈ ਜਿਨ ਨੂੰ ਸਿਰੇ ਤੋਂ ਨੱਕਾਰਿਆ ਨਹੀਂ ਜਾ ਸਕਦਾ। ਸਰੀਰ ਰਾਹੀਂ ਹੀ ਸ਼ਖ਼ਸੀਅਤ ਦਾ ਪ੍ਰਗਟਾਵਾ ਸਥਾਪਤ ਹੂੰਦਾ ਹੈ ਜਿਸ ਵਿੱਚ ਪੜਚੋਲ ਦੀ ਲੋੜ ਹੁੰਦੀ ਹੈ।
ਜਿਥੋਂ ਤਕ ਗੁਰੂ ਸ਼ਖ਼ਸੀਅਤਾਂ ਦਾ ਸਵਾਲ ਹੈ ਤਾਂ ਉਨ੍ਹਾਂ ਦਿਆਂ ਮਾਨਸਕ, ਭਾਵਨਾਤਮਕ ਅਤੇ ਵਿਵਹਾਰਕ ਪ੍ਰਵ੍ਰਿੱਤਿਆਂ` ਗਿਆਨ ਰੂਪ ਹੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜਿਨਾਂ ਦੀ ਝੱਲਕ ਉਨ੍ਹਾਂ ਦੂਆਰਾ ਕੀਤੇ ਇਤਹਾਸਕ ਕੰਮਾਂ ਵਿੱਚ ਵੀ ਸਪਸ਼ਟ ਮਿਲਦੀ ਹੈ, ਇਸ ਤਾਕੀਦ ਦੇ ਨਾਲ ਕਿ ਹੁਣ ਸਿੱਖਾਂ ਦਾ ਗੁਰੂ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਹੈ।

ਹਰਦੇਵ ਸਿੰਘ, ਜੰਮੂ

No comments:

Post a Comment