Monday, 14 November 2011

ਕੇਵਲ ਪੰਜ?

ਹਰਦੇਵ ਸਿੰਘ ਜੰਮੂ


"ਹਰਦੇਵ ਜੀ, ਮੇਰਾ ਪੱਗ ਉਤਾਰਨਾ ਜੇਕਰ ਮੇਰੀ ਪਰਸਨੇਲਟੀ ਨੂੰ ਕਾਸਟ ਨਾ ਕਰਦਾ ਹੋਂਵੇ ਤਾਂ ਮੈਂ ਅੱਜ ਹੀ ਵਾਲਾਂ ਨੂੰ ........ ਦੇਵਾਂ।ਗੁਰੂ ਗੋਬਿੰਦ ਸਿੰਘ ਜੀ ਕਿਹੜਾ ਇਨਾਂ ਨੂੰ ਸਦਾ ਲਈ ਰੱਖਣ ਵਾਸਤੇ ਕਿਹਾ ਸੀ? ਉਹ ਤਾਂ ਸਮੇਂ ਦਾ ਇਕ ਕਨਫਲਿਕਟ ਸੀ।ਸਮਾਂ ਬੀਤ ਗਿਆ ਗਲ ਖ਼ਤਮ"

ਸਨ ੧੯੯੭ ਦੇ ਮਾਰਚ ਮਹੀਨੇ ਵਿਚ ਇਹ ਸ਼ਬਦ ਦਾਸ ਦੇ ਇਕ ਕਰੀਬੀ ਸੱਜਣ ਨੇ ਪੂਨਾ ਸ਼ਹਿਰ ਦੇ ਗੋਲਡਨ ਪਾਮ ਰੇਸਟੋਰਾਂਟ ਵਿਚ ਸ਼ਾਮ ਦੇ ਕਰੀਬ ਪੰਜ ਵੱਜੇ ਕਹੇ ਸੀ।ਉਨਾਂ ਦਾ ਇਹ ਕਹਿਣਾ ਇਸ ਲਈ ਹੋਰ ਵੀ ਅਜੀਬ ਲੱਗਾ ਕਿਉਂਕਿ ਉਸ ਵੇਲੇ ਸਾਡੇ ਦੋਹਾਂ ਦੇ ਨਾਲ ਮੇਰੇ ਦੋ ਭਾਂਜੇ ਵੀ ਸੀ ਜੋ ਉਨਾਂ ਦਿਨਾਂ ਵਿਚ ਪੂਨੇ ਇੰਜੀਨਿਯਰਿੰਗ ਦੀ ਪੜਾਈ ਕਰਨ ਗਏ ਹੋਏ ਸੀ। ਉਸ ਦਿਨ ਗੋਲਡਨ ਪਾਮ ਬੈਠਣਾ ਉਨਾਂ ਦੀ ਪਸੰਦ ਸੀ।


ਦਾਸ ਨੇ ਜਵਾਬ ਵਿਚ ਕਿਹਾ "ਆਪ ਜੀ ਨੂੰ ਪੁਰਾ ਹੱਕ ਹੈ ਵਾਲ ਰੱਖਣ ਜਾਂ ਨਾ ਰੱਖਣ ਦਾ।ਕਿਉਂਕਿ ਕਿਸੇ ਵੇਲੇ ਸਾਡੇ ਪੁਰਵਜਾਂ ਨੇ ਇਸੇ ਹੱਕ ਦਾ ਇਸਤੇਮਾਲ ਕਰਦੇ ਵਾਲ ਰੱਖ ਲਏ ਸੀ। ਪਰ ਵੀਰ ਜੀ ਮੈਂ ਆਪ ਦੇ ਕਥਨ ਦੇ ਦੂਜੇ ਭਾਗ ਨਾਲ ਸਹਿਮਤ ਨਹੀਂ"


"ਕਿਉਂ? ਕੀ ਮੈਂ ਗਲਤ ਕਹਿ ਰਿਹਾ ਹਾਂ?" ਉਨਾਂ ਫ਼ੋਰਨ ਪੁੱਛਿਆ


"ਜੀ ਹਾਂ ਕਿਉਂਕਿ ਆਪ ਜੀ ਆਪਣੇ ਹੱਕ ਨੂੰ ਗੁਰੂ ਦਾ ਨਿਰਨਾ ਅਤੇ ਸਿੱਖ ਫ਼ਿਲਾਸਫ਼ੀ ਕਹਿ ਕੇ ਇਕ ਬੇ-ਅਦਬ ਗਲ ਕਰ ਰਹੇ ਹੋ। ਆਪ ਦਾ ਜੋ ਜੀ ਆਏ ਕਰੋ ਪਰ ਆਪਣੀ ਨਿਜੀ ਪਸੰਦ ਨੂੰ ਗੁਰੂ ਦਾ ਫ਼ਲਸਫ਼ਾ ਕਹਿ ਕੇ ਗਲਤਬਿਆਨੀ ਨਾ ਕਰੋ ਕਿਉਂਕਿ ਜੋ ਰਹਿਤ ਆਪ ਜੀ ਨੇ ਬਣਾਈ ਹੀ ਨਹੀਂ ਉਸਦੇ ਮੁਢਲੇ ਅਧਾਰ ਨੂੰ ਆਪ ਜੀ ਆਪਣੀ ਮਨਮਰਜ਼ੀ ਨਾਲ ਕਿਵੇਂ ਬਿਆਨ ਕਰ ਸਕਦੇ ਹੋ? ਸਿੱਖ ਮਤ ਆਪ ਜੀ ਨੇ ਨਹੀਂ ਉਸਾਰਿਆ ਸੀ!"  ਦਾਸ ਨੇ ਜਵਾਬ ਦਿੱਤਾ। ਚਰਚਾ ਹੋਰ ਵਿਸ਼ਿਆ ਤੇ ਵੀ ਚਲੀ ਖ਼ੈਰ ਲਗਭਗ ਸਾਡੇ ੬ ਵਜੇ ਅਸੀਂ ਪੂਨੇ ਤੋਂ ਵਾਪਸ ਚਲ ਪਏ!


ਇਸ ਸੰਵਾਦ ਵਿਚ ਦਾਸ ਨੇ ਜੋ ਗਲ ਮਹਸੂਸ ਕੀਤੀ ਉਹ ਇਹ ਸੀ ਕਿ ਕੁੱਝ ਸੱਜਣ ਨਿਜੀ ਪਸੰਦ ਜਾਂ ਵਿਚਾਰ ਨੂੰ ਲੇ ਕੇ ਤੁਰਦੇ ਹਨ ਤਾਂ ਉਹ ਇਸ ਨੂੰ ਆਪਣੀ ਵਿਚਾਰਕ ਅਜ਼ਾਦੀ ਮੰਨਦੇ ਹਨ।ਅਜ਼ਾਦੀ ਤਾਂ ਹੋਂਣੀ ਹੀ ਚਾਹੀਦੀ ਹੈ ਪਰ ਸਮੱਸਿਆ ਉਦੇਂ ਖੜੀ ਹੁੰਦੀ ਹੈ ਜਿਸ ਵੇਲੇ ਉਹ ਨਿਜੀ ਸੋਚ ਜਾਂ ਸਹੁਲਿਅਤ ਨੂੰ ਹੀ ਸਿੱਖੀ ਦੀ ਮਰਿਆਦਾ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।


ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਦਸ਼ਮੇਸ਼ ਜੀ ਵਲੋਂ ਕੀਤਾ ਕੇਵਲ ਇੱਕ ਦਿਨ ਦਾ ਨਾਟਕ ਹੀ ਸੀ ਜਿਸ ਵਿਚ ਉਨਾਂ ਨੇ ਇਕ ਪਰਖ ਕੀਤੀ ਸੀ (He did not want to continue it further) ਇਹ ਵੀ ਸੁਣਨ ਨੂੰ ਮਿਲਿਆ ਕਿ ਉਹ ਕੇਵਲ ਪੰਜ ਬੰਦਿਆਂ ਦੀ ਪਰਖ ਸੀ ਉਸ ਤੋਂ ਬਾਦ ਤਾਂ ਕੋਈ ਸਬੂਤ ਨਹੀਂ ਕਿ ਗੁਰੂ ਨੇ ਹੋਰਨਾ ਨੂੰ ਵੀ ਇਹ ਛੱਕਣ ਵਾਸਤੇ ਕਿਹਾ ਹੋਵੇ।


ਕੋਈ ਸਿੱਖ ਅੰਮ੍ਰਿਤ ਛੱਕੇ ਜਾਂ ਨਾ ਛੱਕੇ ਇਹ ਕੋਈ ਵੱਡੀ ਗਲ ਨਾ ਵੀ ਹੋਵੇ ਪਰ ਆਪਣੀ ਪਸੰਦ ਨੂੰ ਇਤਹਾਸ ਦਾ ਜਾਮਾ ਪਹਨਾਉਂਣ ਦਾ ਇਹ ਢੰਗ ਠੀਕ ਨਹੀਂ ਪ੍ਰਤੀਤ ਹੁੰਦਾ।ਪ੍ਰਸੰਗ ਅਨੁਸਾਰ ਗੁਰੂ ਨੇ ਸਿਰਾਂ ਦੀ ਮੰਗ ਜ਼ਰੂਰ ਕੀਤੀ ਸੀ ਪਰ ਅੱਗੇ ਆਉਂਣ ਦਾ ਹੁਕਮ ਨਹੀਂ ਸੀ ਦਿੱਤਾ। ਅੱਗੇ ਆਉਂਣ ਦਾ ਨਿਰਨਾ ਤਾਂ ਬੰਦਿਆਂ ਤੇ ਹੀ ਛੱਡਿਆ ਗਿਆ ਸੀ।ਇਹੀ ਤਾਂ ਬੇਮਿਸਾਲ ਕੋਤਕ ਸੀ! 

 
ਹਾਂ ਜਿਹੜੇ ਅੱਗੇ ਆ ਗਏ ਉਨਾਂ ਲਈ ਫ਼ਿਰ ਵਿਸ਼ੇਸ਼ ਹੁਕਮ ਵੀ ਜਾਰੀ ਹੋਏ ਜਿਵੇਂ ਕਿ ਗੁਰੂ ਨਾਨਕ ਤੋਂ ਹੀ ਪਰੰਪਰਾ ਸੀ ਕਿ ਜਿਹੜਾ ਚਾਹੁੰਦਾ ਹੈ ਉਹ ਸਿਰ ਤਲੀ ਤੇ ਧਰ ਕੇ ਆਏ।ਜਿਹੜਾ ਆ ਜਾਂਦਾ ਸੀ ਉਹੀ ਪਾਬੰਧ ਕੀਤਾ ਜਾਂਦਾ ਸੀ। ਗੁਰੂ ਦੀ ਸ਼ਰਨ ਖ਼ਰੇ (ਗੁਰਮਤਿ ਸਮਝਣ ਵਾਲੇ) ਵੀ ਹੁੰਦੇ ਸਨ ਅਤੇ ਖੋਟੇ (ਗੁਰਮਤਿ ਘੱਟ ਸਮਝਣ ਵਾਲੇ) ਵੀ।ਗੁਰੂ ਦਾ ਕੰਮ ਹੀ ਸੀ ਖੋਟਿਆਂ ਨੂੰ ਕੋਲ ਬਠਾ ਕੇ ਖਰੇ ਹੋਂਣ ਦੀ ਜੁਗਤ ਸਿੱਖਣ ਲਈ ਪ੍ਰੇਰਨਾ। ਕਹਿੰਦੇ ਹਨ ਰੱਬ ਦੀ ਦਰਗਾਹ ਵਿਚ ਖਰੇ ਖੋਟਿਆਂ ਨਾਲੌਂ ਵੱਖਰੇ ਕਰ ਲਤਾੜੇ ਜਾਂਦੇ ਹਨ ਪਰ ਗੁਰੂ ਦੀ ਦਰਗਾਹ ਵਿਚ ਖੋਟੇ ਨੂੰ ਗਲ ਲਾ ਕੇ ਖਰਾ ਹੋਂਣ ਲਈ ਪ੍ਰੇਰਿਆ ਜਾਂਦਾ ਰਿਹਾ ਹੈ।


ਖ਼ੈਰ  ਇਸ ਚਰਚਾ ਵਿਚਲੇ ਸਵਾਲ ਦੀ ਪੜਚੋਲ ਲਈ ਆਉ ਪਹਿਲਾਂ ਕੁੱਝ ਇਤਹਾਸਕ ਤੱਥ ਵਿਚਾਰ ਲਈਏ;


੧੬੯੯ ਦੀ ਵੈਸਾਖੀ ਨੂੰ ਹੋਏ ਇਸ ਘਟਨਾ ਦੇ ਦਿਨ ਇਕ ਸਰਕਾਰੀ ਅਹਲਕਾਰ ਵਲੋਂ ਅੋਰੰਗਜ਼ੇਬ ਨੂੰ ਘੱਲੀ ਰਿਪੋਰਟ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:- 


"...ਹਰ ਚਹਾਰ ਬਰਨ ਕੌਮੇ ਹਨੂਦ ਅਜ਼ ਬ੍ਰਹਮਨ ਵ ਛਤ੍ਰੀ ਵ ਸ਼ੂਦ੍ਰ ਵ ਵੈਸ਼ ਕਿ ਹਰ ਯਕੇ ਰਾ ਦਰ ਧਰਮ ਸ਼ਾਸਤ੍ਰ ਦੀਨ ਅਲਹਿਦਾ ਮੁਕਰਰਸਤ, ਆਂ ਰਾ ਤਰਕ ਦਾਦਹ ਬਰ ਯਕ ਤਰੀਕ ਸਲੂਕ ਨੁਮਾਇੰਦ। ਵ ਹਮਹ ਬਰਾਬਰੰਦ, ਵ ਯਕੇ ਖ਼ੁਦ ਰਾ ਬਰ ਦੀਗਰੇ ਤਰਜੀਹ ਨ ਹਿਹਦ ਵ ਆਂ ਅਮਲੇ ਕੇਸ਼ ਅਜ਼ ਮਿਆਂ ਬਰਦਾਸ਼ਤਹ ਤਰੱਕੀ ਬਯ ਬੰਦ ਵ ਤੀਰਥਹਾਏ ਮਾਨਿੰਦ ਗੰਗ ਵਗੈਰਾ ਆਂ ਕਿ ਦਰ ਬੇਦ ਵ ਸ਼ਾਸਤ੍ਰ ਤਾਲੀਮੇ ਆਂਹਾ ਤਾਕੀਦ ਰਫ਼ਅਤ ਅਸਤ ਅਜ਼
ਖਾਤਿਰ ਬਦਰ ਕੁੰਨਦ। ਵ ਸਿਵਾਏ ਅਜ਼ ਗੁਰੂ ਨਾਨਕ ਵ ਖ਼ਲਫਾਏ a ਬਦੀਗਰ ਅਜ਼ ਸਨਾਵੀਦੇ ਹਨੂਦ ਮਿਸਲ ਰਾਮ,ਕਿਸ਼ਨ ਵ ਬ੍ਰਹਮਾ ਵ ਦੇਵੀ ਏਅਤਕਾਦ ਨ ਨੁਮਾਇੰਦ।

 
ਅਰਥ:- "ਹਿੰਦੂ ਕੌਮ ਦੇ ਚਾਰੇ ਵਰਨ:ਬ੍ਰਾਹਮਣ, ਛੱਤ੍ਰੀ ਵੈਸ਼ ਤੇ ਸ਼ੂਦਰ ਕਿ ਧਰਮ ਸ਼ਾਸਤਰ ਵਿਚ ਹਰ ਇਕ ਦਾ ਧਰਮ ਅਲਹਿਦਾ ਅਲਹਿਦਾ ਨੀਯਤ ਹੈ, ਉਸ ਨੂੰ ਛੱਡਕੇ ਇਕੋ ਢੰਗ ਤੇ ਪ੍ਰੇਮ ਕਰਨ।ਸਾਰੇ ਬਰਾਬਰ ਹਨ ਤੇ ਕੋਈ ਇਕ ਆਪਣੇ ਆਪ ਨੂੰ ਦੂਜੇ ਨਾਲੋਂ ਵਡਾ ਨਾ ਸਮਝੇ ਤੇ ਉਨਾਂ ਰਸਮਾਂ ਰਿਵਾਜਾਂ ਨੂੰ ਛੱਡਕੇ ਤਰੱਕੀ ਕਰਨ।ਤੇ ਤੀਰਥ, ਜਿਹਾ ਕਿ ਗੰਗਾ ਆਦਿਕ, ਜਿਨਾਂ ਦੀ ਮਹੱਤਤਾ ਵੇਦਾਂ ਸ਼ਾਸਤ੍ਰਾਂ ਵਿਚ ਮੌਜੂਦ ਹੈ,ਦਿਲ ਵਿਚੋਂ ਕੱਡ ਦੇਣ।ਗੁਰੂ ਨਾਨਕ ਤੇ ਉਨਾਂ ਤੋਂ ਪਿੱਛੋਂ ਹੋਏ ਗੁਰੂ ਸਾਹਿਬਾਂ ਤੋਂ ਸਿਵਾ ਹਿੰਦੂਆਂ ਦੇ ਹੋਰ ਦੇਵੀ ਦੇਵਤੇ ਜਿਹਾ ਕਿ ਰਾਮ,ਕ੍ਰਿਸ਼ਨ, ਬ੍ਰਹਮਾਂ, ਦੇਵੀ, ਉਪਰ ਭਰੋਸਾ ਨਾ ਲਿਆਉਣ"


"...ਹਮਚੁਨੀ ਸੁਖਨਾਨ ਬਿਸਿਯਾਰ ਗੁਫਤੰਦ।ਚੂੰ ਮਰਦੁਮਾਂ ਬਿਸ਼ੇਨੀਦੰਦ ਬਿਸਿਯਾਰੇ ਅਜ਼ ਬ੍ਰਹਮਨਾਂ ਵ ਛੱਤੀ੍ਰਆਂ ਬਰਖਾਸਤੰਦ ਵ ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵ ਹਮਹ ਗੁਰੁਆਂ ਬਦਾਂ ਕਾਯਲ ਨ ਸ਼ੁਦਹ ਬਾਸ਼ੰਦ ਵ ਮਜ਼ਜਬੇ ਕਿ ਮੁਖਾਲਫੇ ਵੇਦ ਸ਼ਾਸਤ੍ਰ ਬਵਦ ਹਰਗਿਜ਼ ਕਬੂਲ ਨਮੇ ਕੁਨੇਮ, ਵ ਸਜ਼ਹਬੇ ਕੁਹਨਾ ਰਾ ਕਿ ਪੇਸ਼ੀਨਾਨ ਬਰ ਆਂ ਅਕਦਾਮ ਨਮੂਦਹਅੰਦ ਬਗੁਫ਼ਤਹ ਕੋਦਕੇ ਅਜ਼ਾਂ ਦਸਤ ਨ ਦਿਹੇਮ। ਈਂ ਬਿਗੁਫ਼ਤੰਦ ਮਗਰ ਬਿਸਤ ਹਜ਼ਾਰ ਕਸ ਰਜ਼ਾ ਦਾਦੰਦ ਵ ਮੁਤਾਬਿਅਤ ਬਰ ਜ਼ੁਬਾਂ ਆਵੁਰਦੰਦ॥"

 
ਅਰਥ :-ਇਸ ਤਰਾਂ ਬਹੁਤ ਸਾਰਿਆਂ ਗਲਾਂ ਆਖੀਆਂ। ਜਦ ਲੋਕਾਂ ਨੇ ਸੁਣੀਆਂ, ਛੱਤ੍ਰੀਆਂ ਤੇ ਬ੍ਰਾਹਮਣਾਂ ਵਿਚੋਂ ਬਹੁਤ ਸਾਰੇ ਉਠ ਖੜੋਤੇ ਤੇ ਕਹਿਣ ਲਗੇ ਕਿ ਅਸੀਂ ਉਸ ਮਜ਼ਹਬ ਨੂੰ ਜੋ ਗੁਰੂ ਨਾਨਕ ਤੇ ਦੂਜੇ ਗੁਰੂਆਂ ਨੇ ਨਹੀਂ ਧਾਰਿਆ ਤੇ ਵੇਦਾਂ ਸ਼ਾਸਤ੍ਰਾਂ ਦੇ ਉਲਟ ਹੈ, ਉੱਕਾ ਹੀ ਨਹੀਂ ਮੰਨਾਂਗੇ। ਤੇ ਪੁਰਾਣਾ ਮਜ਼ਹਬ ਜਿਸ ਤੇ ਕਿ ਵਡੇ ਪਾਬੰਦ ਰਹੇ ਹਨ, ਇਕ ਮੁੰਡੇ ਦੇ ਕਹਿਣ ਤੇ ਨਹੀਂ ਛੱਡਾਗੇ, ਐਉਂ ਆਖਿ
ਨੇ, ਪਰ ਵੀਹ ਹਜ਼ਾਰ ਪ੍ਰਾਣੀਆਂ ਨੇ ਪਰਵਾਨ ਕਰ ਲਿਆ ਤੇ ਗੁਰੂ ਦੇ ਫੁਰਮਾਨ ਨੂੰ ਮਨ ਲਿਆ।

ਲਗਭਗ ਐਸੀ ਹੀ ਇਬਾਰਤ 'ਉਮਦਹ-ਤੁੱ-ਤਵਾਰੀਖ' ਦੇ ਦਫ਼ਤਰ ਅਵੱਲ ਦੇ ਤਤਿੱਮੇ ਵਿੱਚ ਵੀ ਲਿਖੀ ਹੈ, ਭਾਵ ਸਾਰਾ ਇਹੋ ਹੈ।


ਉਸ ਦਿਨ ਸਿਰ ਹਾਜ਼ਰ ਕਰਨ ਵਾਲਿਆਂ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ। ਬਾਕੀ ਸਰਕਾਰੀ ਰਿਪੋਰਟ ਵਿਚ ਕੁੱਝ ਗਲਾਂ ਦਾ ਜ਼ਿਕਰ ਹੈ। ਪਹਿਲੀ ਗਲ ਤਾਂ ਇਹ ਕਿ ਉਸ ਇੱਕਠ ਵਿਚ ਸਿੱਖਾਂ ਤੋਂ ਇਲਾਵਾ ਕੁੱਝ ਐਸੇ ਬੰਦੇ (Non Sikhs Opponents) ਵੀ ਸਨ ਜੋ ਕਿ ਗੁਰੂਘਰ ਨਾਲ ਨਹੀਂ ਸੀ ਜੁੜੇ ਹੋਏ। ਕੁੱਝ ਐਸੇ ਗਿਆਨ ਵਿਹੂਣੇਂ ਵੀ ਸਨ ਜਿਨਾਂ ਦਾ ਗੁਰੂਘਰ ਨਾਲ ਸਬੰਧ ਸਤਹੀ ਤੋਰ ਤੇ ਹੀ ਸੀ।ਕੁੱਝ ਐਸੇ ਵੀ ਹੋਂਣ ਗੇ ਜੋ ਕਿ ਇੱਕਦਮ ਵਾਪਰੇ ਇਸ ਕੋਤਕ ਨੂੰ ਫ਼ੌਰਨ ਸਮਝ ਨਹੀਂ ਸਕੇ ਹੋਂਣ ਗੇ।


ਦੂਜੀ ਗਲ ਇਹ ਕਿ ਗੁਰੂ ਵਲੋਂ ਸਿਧਾਂਤਕ ਸਪਸ਼ਟਤਾ ਦਿੱਤੀ ਗਈ ਸੀ ਜਿਸ ਵਿਚ ਭੇਦ ਭਾਵ, ਅਤੇ ਫੋਕਟ ਕਰਮਾਂ ਨਾਲ ਅਸਹਿਮਤੀ ਜਤਾਈ ਗਈ ਸੀ। ਤੀਜੀ ਗਲ ਇਹ ਕਿ ਉਸ ਦਿਨ ੨੦,੦੦੦ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ।

ਹਾਂ ਇਹ ਗਲ ਸਪਸ਼ਟ ਨਹੀਂ ਕਿ ਵਾਕਿਆ ਨਵੀਸ ਉਸ ਥਾਂ ਕਿਹੜੇ ਵੇਲੇ ਹਾਜ਼ਰ ਹੋਇਆ ਸੀ ਜਾਂ ਉਸ ਦੀ ਇਹ ਇੱਤਲਾਹ ਚਸ਼ਮਦੀਦੀ ਨਾ ਹੋ ਕੇ ਮੁਖਬਰੀ ਮਾਰਫ਼ਤ ਆਈ ਸੀ? ਵੈਸੇ ਵੀ ਵਾਕਿਆ ਨਵੀਸ ਸਰਕਾਰੀ ਪੱਖੀ ਸੀ ਇਸ ਲਈ ਹੋਰ ਗੱਲਾਂ ਨਾਲੋਂ ਗਿਣਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੋਂਣਾ ਹੈ ਕਿਉਂਕਿ ਗੁਰੂਘਰ ਉਸ ਵੇਲੇ ਸਰਕਾਰੀ ਟਕਰਾਉ ਦਾ ਸਾ੍ਹਮਣਾ ਕਰ ਰਿਹਾ ਸੀ।


ਹੋਰ ਹਵਾਲੇ ਵੀ ਹਨ ਪਰ ਇਸ ਚਰਚਾ ਵਿਚ ਇੱਕ ਹੀ ਕਾਫ਼ੀ ਹੈ ਇਹ ਦਰਸਾਉਂਣ ਲਈ ਕਿ ਉਸ ਦਿਨ ਪਰਖ ਪੰਜਾਂ ਦੀ ਹੋਈ ਸੀ ਪਰ ਬਾਦ ਵਿਚ ਹਜ਼ਾਰਾ ਸਿੱਖਾਂ ਨੇ ਇਹ ਦਾਤ ਪ੍ਰਾਪਤ ਕੀਤੀ ਸੀ। ਇਸ ਨਾਲ  ਦੋ ਗਲਾਂ ਸਪਸ਼ਟ ਹੁੰਦੀਆ ਹਨ:-


(੧) ਖੰਡੇ ਬਾਟੇ ਦਾ ਅੰਮ੍ਰਿਤ ਕੋਈ ਇੱਕ ਦਿਨ ਦਾ ਨਾਟਕ ਮਾਤਰ ਨਹੀਂ ਸੀ ਬਲਕਿ ਇਹ ਇਕ ਸੋਚਿਆ ਸਮਝਿਆ ਦੂਰਗਾਮੀ ਕਦਮ ਸੀ ਜਿਸ ਨੂੰ ਇਕ ਵਿਸ਼ੇਸ਼ ਪਰਖ ਰੂਪੀ  ਸਿੱਖਿਆ/ਸੰਦੇਸ਼ ਰਾਹੀਂ ਭਵਿੱਖ ਲਈ ਵੀ ਅੱਗੇ ਤੋਰਿਆ ਗਿਆ! 


(੨)  ਪੰਜਾਂ ਤੋਂ ਬਾਦ ੨੦,੦੦੦ ਦੀ ਗਿਣਤੀ ਇਹ ਸਪਸ਼ਟ ਕਰਦੀ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ ਛੱਕਾਉਂਣ  ਢੰਗ ਬਾਰੇ ਕੋਈ ਵਿਸ਼ੇਸ਼ ਗਲ ਗੁਪਤ ਨਹੀਂ ਸੀ ਰਹੀ।ਇਹ ਗਲ ਵੱਖਰੀ ਹੈ ਕਿ ਉਸ ਨੂੰ ਲੇ ਕੇ  ਕਾਲਾਂਤਰ ਕੁੱਝ ਅਤਿਕਥਨਿਆਂ ਵੀ ਪ੍ਰਚਲਤ ਹੋਇਆਂ।

ਹਰਦੇਵ ਸਿੰਘ, ਜੰਮੂ
੧੪.੧੧.੨੦੧੧

No comments:

Post a Comment