Saturday, 10 December 2011

' ਦੋ ਸਵਾਲ '
ਹਰਦੇਵ ਸਿੰਘ,ਜੰਮੂ



ਇੱਕ ਸੰਪਾਦਕੀ ਮਿਤੀ ੨੪.੦੭.੨੦੧੧ ਤੋਂ ਮਿਲਿਆਂ ਸੁਚਨਾਵਾਂ ਦੇ ਸੰਧਰਭ ਵਿਚ ਦੋ ਸਵਾਲ (In some parts) ਦਾਸ ਦੇ ਜ਼ਹਿਨ ਵਿਚ ਆਏ ਸਨ ਜਿਨਾਂ੍ਹ ਨੂੰ ਦਾਸ ਹੁਣ ਹੇਠ ਲਿਖਿਆਂ ਗੱਲਾਂ ਨੂੰ ਕੋਟ ਕਰਦੇ ਹੋਏ, 'ਦੋ ਭਾਗਾਂ' ਵਿੱਚ ਪੁੱਛਣ ਦੀ ਲੋੜ ਮਹਸੂਸ ਕਰ ਰਿਹਾ ਹੈ ਸੰਪਾਦਕੀ ਵਿੱਚ ਲਿਖਿਆ ਸੀ:-

"ਮੌਜੂਦਾ ਸਰੂਪ ਨੂੰ ਤੈਅ ਕਰਨ ਦਾ ਸਭ ਤੋਂ ਮੁੱਖ ਆਧਾਰ ਇਹ ਹੀ ਜਾਪਦਾ ਹੈ ਕਿ ਜਪੁ ਤੋਂ ਲੈ ਕੇ ਮੁੰਦਾਵਣੀ ਤੱਕ ਦੀਆਂ ਬਾਣੀਆਂ(ਚੰਦ ਕੁ ਪਦਿਆਂ ਦੇ ਭੇਦਾਂ ਨਾਲ) ਲਗਭਗ ਬਹੁਤੇ ਹੱਥ ਲਿਖਤ ਸਰੂਪਾਂ ਵਿਚ ਸਨ।ਪਰ ਉਸ ਉਪਰੰਤ ਸ਼ਾਮਿਲ ਰਚਨਾਵਾਂ 'ਰਾਗਮਾਲਾ' ਤੇ ਹੋਰ ਦਾ ਵੱਖ-ਵੱਖ ਸਰੂਪਾਂ ਵਿਚ ਬਹੁਤ ਵਖਰੇਵਾਂ ਸੀ।ਮੂਲ ਸਰੂਪਾਂ ਦੀ ਅਣਹੋਂਦ ਵਿਚ ਇਹੀ ਤਰੀਕਾ ਸਭ ਤੋਂ ਵੱਧ ਪ੍ਰਮਾਣਿਕ ਵੀ ਸੀ।
ਇਸ ਸਰੂਪ ਵਿਚਲਿਆਂ ਬਾਣਿਆਂ' ਤੇ ਪਹਿਲਾ ਵੱਡਾ ਕਿੰਤੂ ੧੯੨੦ ਦੇ ਆਸ-ਪਾਸ ਪੰਚ ਖਾਲਸਾ ਦੀਵਾਨ ਭਸੌੜ ਵਲੋਂ ਉਠਾਇਆ ਗਿਆ।ਉਨਾਂ੍ਹ ਨੇ ਇਸ ਸਰੂਪ ਵਿਚ ਨਾਨਕ ਸਰੂਪਾਂ ਤੋਂ ਇਲਾਵਾ ਹੋਰ ਸਾਰੀ ਬਾਣੀ ਨੂੰ ਮਿਲਾਵਟ ਮੰਨਿਆ। ਉਨਾਂ੍ਹ ਦੀ ਇਸ ਧਾਰਨਾ ਦਾ ਮੂਲ 'ਅਨੰਦ' ਬਾਣੀ (ਮਹਲਾ ੩) ਵਿਚ ਆਈ ਹੇਠ ਲਿਖੀ ਤੁੱਕ ਸੀ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥(ਪੰਨਾ ੯੨੦)

ਇਸ ਤੁੱਕ ਦੇ ਉਨਾਂ੍ਹ ਨੇ ਅਰਥ ਇਹ ਮੰਨ ਲਏ ਕਿ 'ਸਤਿਗੁਰੂ ਤੋਂ ਸਿਵਾ ਸਾਰੀ ਬਾਣੀ ਕੱਚੀ ਸੀ।ਇਨਾਂ੍ਹ ਗਲਤ ਅਰਥਾਂ ਨੂੰ ਆਧਾਰ ਬਣਾ ਕੇ ਉਨਾ੍ਹ ਨੇ ਇਹ ਤਰਕ ਦੇਣਾ ਸ਼ੁਰੂ ਕਰ ਦਿੱਤਾ ਕਿ ਸਿੱਖਾਂ ਦੇ ਸਤਿਗੁਰੂ ਤਾਂ ੧੦ ਹੀ ਹਨ (ਬਾਬਾ ਨਾਨਕ ਜੀ ਤੋਂ ਦਸ਼ਮੇਸ਼ ਜੀ ਤਕ),ਉਸ ਤੋਂ ਇਲਾਵਾ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪ ਵਿਚ ਮਿਲਦੀ ਸਾਰੀ ਬਾਣੀ ਕੱਚੀ ਹੈ 
ਤੇ ਮਿਲਾਵਟ ਹੈ।ਇਸ ਧਾਰਨਾ ਨੂੰ ਅਪਨਾ ਲੈਣ ਤੋਂ ਬਾਅਦ ਉਹ ਇਸ ਧਾਰਨਾ ਦੇ ਹੱਕ ਵਿਚ ਹੋਰ ਕੱਚਿਆਂ ਦਲੀਲਾਂ ਵੀ ਲੱਭਣ ਲੱਗ ਪਏ।
ਆਪਣੇ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹੋਏ,ਉਨਾਂ੍ਹ ਇਕ ਐਸਾ ਸਰੂਪ ਵੀ ਛਾਪ ਦਿੱਤਾ,ਜਿਸ ਵਿਚ ਸਿਰਫ 'ਨਾਨਕ ਸਰੂਪਾਂ' ਦੀ ਬਾਣੀ ਸੀ।ਉਨਾਂ੍ਹ ਦੇ ਇਸ ਮੱਤ ਨੂੰ ਸਿੱਖ ਪੰਥ ਵਿਚ ਕਿਸੇ ਹੋਰ ਧਿਰ ਨੇ ਮੰਜੂਰ ਨਹੀਂ ਕੀਤਾ। ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਥੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰਿਆਂ ਨੇ ਪੰਥ ਵਿਚੋਂ ਛੇਕਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ।ਉਸ ਤੋਂ ਬਾਅਦ ਪੰਚ ਖਾਲਸਾ ਦੀਵਾਨ ਭਸੌੜ ਹੋਲੀ-ਹੋਲੀ ਅਲੋਪ ਹੋ ਗਿਆ ਜਾਂ ਪ੍ਰਭਾਵਹੀਨ ਹੋ ਗਿਆ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਚ ਖਾਲਸਾ ਦੀਵਾਨ ਭਸੌੜ ਨੇ ਸਿੱਖ ਸਮਾਜ ਦੇ ਪੁਨਰਜਾਗਰਨ (ਖਾਸਕਰ ਇਸਤਰੀ ਸਿੱਖਿਆ) ਵਿਚ ਯੋਗਦਾਨ ਪਾਇਆ ਪਰ ਨਿਰੰਕਾਰੀ ਲਹਿਰ ਵਾਂਗੂ ਇਕ ਚੰਗੀ ਸ਼ੁਰੂਆਤ ਉਪਰੰਤ ਆਪਣੀ ਇਕ ਗਲਤ ਮਾਨਤਾ ਨੂੰ ਅਪਨਾ ਕੇ ਆਪਹੁਦਰੀ ਕਰਨ ਕਾਰਨ ਪੰਥ ਵਿਚ ਬੇਅਸਰ ਹੋ ਗਿਆ।
ਪੰਚ ਖਾਲਸਾ ਦੀਵਾਨ ਦੀ ਇਹ ਮਾਨਤਾ ਕਿ ਨਾਨਕ ਸਰੂਪਾਂ ਤੋਂ ਇਲਾਵਾ ਸਾਰੀ ਬਾਣੀ ਕੱਚੀ ਹੈ, ਇਕ ਤੁੱਕ ਦੇ ਅਰਥ ਗਲਤ ਮੰਨ ਲੈਣ ਨਾਲ ਹੋਈ।......
"ਇਸ ਸੋਚ ਨੇ ਉਨਾਂ੍ਹ ਨੂੰ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਵੱਡੀਆਂ ਤਬਦੀਲੀਆਂ ਕਰਨ ਦੀਆਂ ਆਪਹੁਦਰੀਆਂ ਕਰਨ ਲਈ ਪ੍ਰੇਰਿਆ।ਪੰਚ ਖਾਲਸਾ ਦੀਵਾਨ ਦੀ ਗੁਰਮਤਿ ਸਮਝ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨਾਂ੍ਹ ਨੇ ਅਖੋਤੀ ਦਸਮ ਗ੍ਰੰਥ ਵਿਚਲੀ 'ਪਾਤਸ਼ਾਹੀ ਦਸਵੀਂ' ਦੀ ਝੂਠੀ ਛਾਪ ਵਾਲੀ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਇਸ ਨੂੰ 'ਦਸਵੇਂ ਮਹਲੇ ਦੀ ਬਾਣੀ' ਮੰਨ ਕੇ ਉਸ ਸਰੂਪ ਦਾ ਹਿੱਸਾ ਬਣਾ ਦਿੱਤਾ" (ਤ.ਗੁ.ਪਰਿਵਾਰ ਦੀ ਸੰਪਾਦਕੀ ੨੪.੦੭.੨੦੧੧)

ਉਪਰੋਕਤ ਸੁਚਨਾ ਤੇ, ਸੰਪਾਦਕ ਵੀਰਾਂ ਤੋਂ ਇਸ ਬਾਰੇ ਦਾਸ ਦਾ ਪਹਿਲਾ ਸਵਾਲ:-

ਜੇਕਰ ਬਾਬੂ ਤੇਜਾ ਸਿੰਘ ਜੀ ਦੀ ਸਭਾ ਨੇ ਇਹ ਸਾਰਾ ਕੁੱਝ (ਦਸਮੇਸ਼ ਜੀ ਦੀਆਂ ਕਹਿਆਂ ਜਾਂਦੀਆਂ ਰਚਨਾਵਾਂ ਨੂੰ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਵਿਚ ਸ਼ਾਮਲ  ਕਰਨਾ ਅਤੇ ਭਗਤਾਂ/ਭੱਟਾ ਦੀ ਬਾਣੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਡ ਦੇਣਾ) ਕਰਨ ਦੇ ਕਾਰਣ ਅਕਾਲ ਤਖਤ ਦੇ ਤਲਬ ਕਰ ਸਿੱਖ ਪੰਥ ਵਲੋਂ ਉਨਾਂ੍ਹ ਦਾ ਬਹਿਸ਼ਕਾਰ  ਦਾ ਮਤਾ ਪਾਸ ਕੀਤਾ ਗਿਆ ਸੀ ਤਾਂ ਆਪ ਜੀ ਪਾਠਕਾਂ ਨੂੰ ਇਹ ਕਿਵੇਂ ਸੂਚਿਤ ਕਰ ਰਹੇ ਹੋ ਕਿ "
ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਥੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰਿਆਂ ਨੇ ਪੰਥ ਵਿਚੋਂ ਛੇਕਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ।" ??? ਆਪ ਜੀ ਨੇ ਸਭ ਜਾਣਦੇ ਹੋਏ ਵੀ ਸ਼ਬਦ ਗੁਰੂ ਗ੍ਰੰਥ ਨਾਲ ਭਿਆਨਕ ਛੇੜ ਛਾੜ ਕਰਨ ਦੀ ਗਲ ਨੂੰ ਕਿਵੇਂ "ਕਿਸੇ ਬਹਾਨੇ ਨਾਲ" ਲਿਖਿਆ ਸੀ ?? ਕੀ ਐਸੇ ਕੰਮ ਕਰਨਵਾਲੇ ਬੰਦੇ ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਖ਼ਾਤਰ, ਪੰਥਕ ਤੋਰ ਤੇ ਨਾਤਾ ਤੌੜਨਾ ਪੁਜਾਰੀਵਾਦ ਸੀ ?? ਵੀਰੋ, ਜੇ ਕੋਈ ਕਰੀਬੀ ਰਿਸ਼ਤੇਦਾਰ ਆਪਣੇ ਕੁੰਭੇ ਦੀ ਬਾਰ-ਬਾਰ ਤੋਹੀਨ ਕਰੇ ਤਾਂ ਉਸ ਕੁੰਭੇ ਵਲੋਂ ਸ਼ਰਾਫ਼ਤ ਨਾਲ ਉਸ ਬੰਦੇ ਨਾਲ ਨਾਤਾ ਤੋੜ ਲੇਂਣਾ, ਉਸ  ਪੀੜਤ ਪਰਿਵਾਰ ਦਾ ਪੁਜਾਰੀਵਾਦ ਹੋਵੇਗਾ ??? ਜੇਕਰ ਅੱਜ ਵੀ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਭਸੌੜ ਸਭਾ ਵਾਂਗ ਭਾਰੀ ਅਤੇ ਨਾ-ਕਾਬਿਲੇ ਕਬੂਲ ਛੇੜ-ਛਾੜ ਕਰ ਦੇਵੇ ਅਤੇ ਸਮਝਾਉਂਣ ਤੇ ਵੀ ਨਾ ਸਮਝੇ ਤਾਂ ਉਸ ਬੰਦੇ ਨਾਲ ਪੰਥਕ ਤੋਰ ਤੇ ਕੋਈ ਵਾਸਤਾ ਨਾ ਰੱਖਣ ਦਾ ਫ਼ੈਸਲਾ ਪੁਜਾਰੀਵਾਦ ਹੋਵੇਗਾ ??? ਆਪ ਜੀ ਅਕਾਲ ਤਖ਼ਤ ਤੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਹੋਏ ਫ਼ੈਸਲੇ ਦਾ ਵਿਰੋਧ ਕਿਉਂ ਕਰਦੇ ਹੋ ? ਆਪ ਜੀ ਦੀ ਪੁਸਤਕ ਮੁਤਾਬਕ ਅਕਾਲ ਤਖ਼ਤ ਹੀ ਸਿੱਖਾਂ ਦਾ ਇੱਕੋ-ਇੱਕ ਤਖ਼ਤ ਹੈ, ਤਾਂ ਉਸ ਤਖ਼ਤ ਦੇ ਸਿਧਾਂਤ ਰਾਹੀਂ ਜੇਕਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਫ਼ੈਸਲੇ ਵੀ ਨਹੀਂ ਹੋਂਣੇ ਤਾਂ ਉਸ ਤਖ਼ਤ ਨਾਲ ਸਿੱਖਾਂ ਦਾ ਵਾਸਤਾ ਕੀ ਹੈ ?


ਹੁਣ ਦੂਜੇ ਸਵਾਲ ਲਈ ਅੱਗੇ ਚਲਦੇ ਹਾਂ!

ਸੰਪਾਦਕ ਵੀਰਾਂ ਨੇ ਇਸੇ ਸੰਪਾਦਕੀ ਵਿੱਚ ਲਿਖਿਆ ਸੀ:- 
"ਉਸ ਉਪਰੰਤ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਦੀ ੧੯੭੦ ਦੇ ਆਸਪਾਸ ਇਕ ਇਸਾਈ ਮਿਸ਼ਨਰੀ ਅਤੇ ਪ੍ਰੌਫੈਸਰ ਡਬਲਿਉ ਐਚ ਮਕਲਾਉਡ ਵਲੋਂ ਖੜੇ ਕੀਤੇ ਗਏ। ਇਸ ਵਿਅਕਤੀ ਨੇ ਸਿੱਖ ਵਿਸ਼ਵਾਸਾਂ ਬਾਰੇ ਬਹੁਤੇ ਵੱਡੇ ਸ਼ੰਕੇ ਆਪਣੀਆਂ ਕੁਝ ਪੁਸਤਕਾਂ ਵਿਚ ਕੀਤੇ।ਪਰ ਉਸ ਦੀ ਸਮਝ ਅਤੇ ਆਧਾਰ ਬਹੁਤ ਕੱਚੇ ਸਨ।ਉਸ ਵਲੋਂ ਅਪਣਾਏ ਕੱਚੇ ਆਧਾਰ ਇਹ ਇਸ਼ਾਰਾ ਕਰਦੇ ਹਨ,ਉਸ ਨੇ ਇਹ ਸ਼ੰਕੇ ਜਾਣਬੁਝ ਕੇ ਇਕ ਮਕਸਦ, ਕਿਸੇ ਮਿਸ਼ਨ ਹੇਠ ਖੜੇ ਕੀਤੇ। ਉਸ ਦੀ ਨੀਅਤ ਵੀ ਇਸ ਕੰਮ ਪ੍ਰਤੀ ਸਾਫ ਨਹੀਂ ਸੀ।....... ਇਕ ਹੋਰ ਥਾਂ ਮੈਕਲਾਉਡ ਨਾਨਕ ਸਰੂਪਾਂ ਦੀ ਸੁਹਿਰਦਤਾ ਤੇ ਕਿੰਤੂ ਕਰਦਾ ਹੋਇਆ ਸਵਾਲ ਉਠਾਉਂਦਾ ਹੈ ਕਿ ਚੌਥੇ ਤੋਂ ਲੈ ਕੇ ੧੦ ਪਾਤਸ਼ਾਹ ਤੱਕ ਇਕ ਹੀ ਖਾਨਦਾਨ ਜਾਂ ਪਰਿਵਾਰ ਵਿਚੋਂ ਕਿਉਂ ਸਨ?..... ਉਸ ਦਾ ਮਿਸ਼ਨ ਹੀ ਸਿੱਖ ਵਿਸ਼ਵਾਸਾਂ'ਤੇ ਚੋਟ ਕਰਨ ਦਾ ਸੀ
ਮੈਕਲਾਉਡ ਨੇ ਐਸੇ ਕੱਚੇ ਸ਼ੰਕੇ ਸਿਰਫ ਆਪ ਹੀ ਨਹੀਂ ਪੇਸ਼ ਕੀਤੇ,ਬਲਕਿ ਉਸ ਨੇ ਆਪਣੀ ਸੋਚ' ਤੇ ਤੁਰਨ ਵਾਲੇ ਚੰਦ ਵਿਦਿਆਰਥੀਆਂ (ਚੇਲਿਆਂ) ਦਾ ਗਰੁੱਪ ਵੀ ਤਿਆਰ ਕਰ ਲਿਆ। ਇਨਾਂ੍ਹ ਚੇਲਿਆਂ ਨੇ ਮੈਕਲਾਉਡ ਦੀ ਲਿਖਤਾਂ ਅਤੇ ਸਰਪ੍ਰਸਤੀ ਹੇਠ ਇਸ ਵਿਸ਼ੇ'ਤੇ ਕੱਚੇ ਤੱਥਾਂ ਦੇ ਅਧਾਰ ਤੇ ਪੀ.ਐਚ ਡੀ ਥੀਸਿਸ ਵੀ ਲਿੱਖ ਦਿੱਤੇ।.......
ਉਪਰੋਕਤ ਵਿਚਾਰ ਤੋਂ ਅਸੀ ਇਹ ਸਮਝ ਸਕਦੇ ਹਾਂ ਕਿ 'ਸ਼ਬਦ ਗੁਰੂ ਗ੍ਰੰਥ ਸਾਹਿਬ'ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਵਾਲਿਆਂ ਦੋ ਮੁੱਖ ਧਿਰਾਂ ਹਨ।ਇਕ ਧਿਰ ਉਹ ਜੋ ਸਿੱਖ ਸਮਾਜ ਦਾ ਹਿੱਸਾ ਹੀ ਹਨ ਪਰ ਪੰਚ ਖਾਲਸਾ ਦੀਵਾਨ ਦੀ ਤਰਜ਼' ਤੇ ਗਲਤ ਅਰਥਾਂ ਹੇਠ ਬਣੀ ਮਾਨਤਾ ਨੂੰ ਅੰਤਿਮ ਸੱਚ ਮੰਨ ਕੇ ਐਸਾ ਕਰ ਰਹੇ ਹਨ। ਦੂਜੀ ਧਿਰ ਉਹ ਹੈ,ਜੋ ਸਿੱਖ ਵਿਸ਼ਵਾਸਾਂ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਕਸਦ ਨਾਲ ਖਾਸ ਮਿਸ਼ਨ'ਤੇ ਕੰਮ ਕਰ ਰਹੀ ਸੀ (ਜਿਵੇਂ ਮੈਕਲਾਉਡ ਅਤੇ ਉਸ ਦੇ ਚੇਲੇ)"
( ਪਰਿਵਾਰ ਦੀ ਸੰਪਾਦਕੀ ੨੪.੦੭.੨੦੧੧)

ਦੂਜਾ ਸਵਾਲ:-

ਸਨਮਾਨ ਯੋਗ ਵੀਰੋ ਕਿਰਪਾਲਤਾ ਕਰਕੇ ਇਹ ਸਪਸ਼ਟ ਕਰੋ ਕਿ ਅੱਜ ਦੇ ਦੋਰ ਵਿੱਚ ਆਪ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਅਤੇ ਮੈਕਲੋਡ ਅਤੇ ਉਸ ਦੇ ਚੇਲਿਆਂ ਵਾਂਗ 'ਖ਼ਾਸ ਮਿਸ਼ਨ' ਤੇ ਕੰਮ ਕਰ ਰਹੀ ਧਿਰ ਕੋਂਣ ਹੈ??? ਉਸਦੇ ਹਿਮਾਅਤੀ, ਉਸਦੇ ਹਮਖਿਆਲੀ ਜਾਂ ਕੋਈ ਹੋਰ ???

ਮੈਕਲਡ ਦੀਆਂ ਕਾਰਸਤਾਨੀਆਂ ਤੇ ਆਪਣੀ ਮਨ ਦੀ ਭੜਾਸ ਆਪ ਜੀ ਨੇ ੨੪.੦੭.੨੦੧੧ ਦੀ ਆਪਣੀ ਸੰਪਾਦਕੀ ਵਿੱਚ ਆਪਣੇ ਫ਼ਤਵਿਆਂ (ਆਪ ਜੀ ਦੇ ਹੀ ਅਨੁਸਾਰ) ਰਾਹੀਂ ਕੱਡੀ ਸੀ। ਆਪ ਜੀ ਮੈਕਲੋਡ ਦੇ ਖ਼ਾਸ ਮਿਸ਼ਨ (ਸ਼ਬਦ ਗੁਰੂ ਤੇ ਸੰਕੇ ਖੜੇ ਕਰਨਾ) ਦੀ ਨਿੰਦਾ ਕਰੋ ਤਾਂ ਗੁਰਮਤਿ, ਪਰ ਜੇਕਰ ਦਾਸ ਨੇ ਉਸਦੇ ਗੁਰਮਤਿ ਵਿਰੌਧੀ ਕੰਮਾਂ ਦੀ ਨਿੱਖੇਦੀ ਕੀਤੀ ਤਾਂ ਉਹ ਆਪ ਜੀ ਦੇ ਮੁਤਾਬਕ ਫ਼ਤਵੇਬਾਜ਼ੀ ਹੋ ਗਈ ਜਿਵੇਂ ਕਿ ਮੈਕਲੋਡ ਦੀ ਨਿੱਖੇਦੀ ਦਾ ਹੱਕ ਆਪ ਜੀ ਪਾਸ ਹੀ ਰਾਖਵਾਂ ਹੋਵੇ! ਜਿਸ ਨੂੰ ਆਪ ਜੀ ਨੇ ਉਸ ਦੀ ਹਿਮਾਅਤ  ਦਾ ਰੂਪ ਵੀ ਦੇਂਦੇ ਹੋਏ ਹੁਣ ਇੰਝ ਲਿਖਿਆ ਹੈ:-

"ਜੇ ਕਿਸੇ ਨੇ ਮੰਦ-ਬਿਰਤੀ ਹੇਠ ਹੀ ਸਾਡੀ ਕਿਸੇ ਕਮਜ਼ੋਰੀ ਵੱਲ ਇਸ਼ਾਰਾ ਵੀ ਦਿਤਾ ਹੈ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਉਸ ਕਮਜ਼ੋਰੀ ਦੀ ਪੜਚੋਲ ਕਰਕੇ,ਉਸ ਨੂੰ/ਜਾਂ ਉਸ ਬਾਰੇ ਗਲਤ ਫਹਿਮੀ ਨੂੰ ਦੂਰ ਕਰਨ ਦਾ ਜਤਨ ਕਰੀਏ,ਨਾ ਕਿ ਸਿਰਫ ਉਸ ਸ਼ਖਸ ਬਾਰੇ ਫਤਵੇਬਾਜ਼ੀ ਕਰਕੇ ਮਨ ਦੀ ਭੜਾਸ ਕੱਢ ਲਈਏ ਅਤੇ ਕਮਜ਼ੋਰੀ ਬਾਰੇ ਵਿਚਾਰ ਹੀ ਨਾ ਕਰੀਏ" (੦੩.੧੨.੨੦੧੧ ਸਿੱਖ ਮਾਰਗ.ਕਾਮ)
ਆਪ ਜੀ ਹੁਣ ਮੈਕਲੇਡ ਦੇ ਸ਼ਬਦ ਗੁਰੂ ਵਿਰੋਧੀ ਕੰਮ ਨੂੰ ਉਸ ਦਾ ਮਿਸ਼ਨ ਨਹੀਂ ਬਲਕਿ ਉਸ ਦੀ 'ਗਲਤਫ਼ਹਮੀ' ਵੀ ਕਰਾਰ ਦੇ ਰਹੇ ਹੋ! ਕਿਉਂ?

ਵਿਦਵਾਨ ਸੱਜਣੋਂ, ਜੇ ਕਰ ਇਸ ਦਾ ਜਵਾਬ ਮੈਰਿਟ ਦੇ ਅਧਾਰ ਤੇ ਚੰਗੇ ਨੂੰ ਚੰਗਾ ਅਤੇ ਮੰਦੇ ਨੂੰ ਮੰਦਾ ਕਹਿਣਾ ਹੈ ਤਾਂ ਕੀ ਗੱਲ ਹੈ ਕਿ ਆਪ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਦਲਣ ਤੇ ਭਸੌੜ ਸਭਾ ਦੇ ਆਗੂ ਬਾਰੇ ਅਕਾਲ ਤਖਤ ਦੇ ਲਗਭਗ ੯੦ ਸਾਲਾ ਪੁਰਾਣੇ ਚੰਗੇ ਫ਼ੈਸਲੇ ਨੂੰ ਚੰਗਾ ਨਾ ਕਹਿੰਦੇ ਪੁਜਾਰੀਵਾਦ ਕਹਿਆ ਹੈ ? ਆਪ ਜੀ ਕੀ ਸਮਝਦੇ ਹੋ ਕਿ ਐਸੀ ਸੁਰਤੇਹਾਲ ਵਿੱਚ ਪੰਥ ਨੂੰ ਆਪ ਜੀ ਦੇ ਜਾਂ ਦਾਸ ਵਰਗੇ ਬੰਦਿਆਂ ਦੇ ਬੂਹੇ ਬੈਠ ਫ਼ੈਸਲਾ ਕਰਨਾ ਚਾਹੀਦਾ ਹੈ?

ਦਾਸ ਇਹ ਸਮਝਦਾ ਹੈ ਕਿ ਕਿਸੇ ਦਾ ਅੰਨਾਂ ਸਮਰਥਨ ਅਤੇ ਕਿਸੇ ਦਾ ਅੰਨਾਂ ਵਿਰੋਧ ਸਿਆਣਪ ਨਹੀਂ।ਅੰਨਾਂ ਵਿਰੋਧ ਵੀ ਅਗਿਆਨਤਾ ਹੀ ਹੁੰਦਾ ਹੈ।

ਬਾਕੀ ਸਿੱਖ ਦਾ ਕੰਮ ਹੈ ਗੁਰੂ ਦੀ 'ਰੀਸ' (ਸਿੱਖਣਾ) ਕਰਨਾ ਪਰ 'ਰੀਸ' ਤੋਂ ਭਾਵ ਇਹ ਨਹੀਂ ਕਿ ਗੁਰੂ ਦੀ ਹੀ ਰੀਸ ਦਾ ਤਰਕ ਦਿੰਦੇ ਗੁਰੂ ਤੋਂ ਹੱਟ ਆਪਣਾ ਵੱਖਰਾ ਮਤ (ਮਨਮਤਿ) ਚਲਾਉਂਣਾ। ਮਨਮਤਿ ਦਾ ਜਵਾਬ ਜੇਕਰ ਮਨਮਤਿ ਹੀ ਹੋਵੇ ਤਾਂ ਉਹ ਜਵਾਬ ਕਿਸੇ ਕੰਮ ਦਾ ਨਹੀਂ! ਗੁਰੂ ਨਾਨਕ ਜੀ ਨੇ ਜਨੇਉ ਦੀ ਰਸਮ ਤੋਂ ਇਨਕਾਰੀ ਹੋ ਕੇ ਸਾਨੂੰ ਇਹ ਨਹੀਂ ਸੀ ਸਿੱਖਾਇਆ ਕਿ ਅਸੀਂ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ਇਨਕਾਰ  ਦੇ ਪ੍ਰਚਾਰ ਨੂੰ, ਜਨੇਉ ਤੋਂ ਗੁਰੂ ਨਾਨਕ ਦੇ ਇਨਕਾਰ ਨਾਲ ਜੋੜ ਕੇ, ਸਹੀ ਠਹਰਾਉਂਣ ਵਰਗੀਆਂ ਦਲੀਲਾਂ ਘੜ ਲਈਏ।ਕਲ ਨੂੰ ਕੋਈ ਸਿੱਖ ਉੱਠ ਕੇ ਇਹ ਤਰਕ ਨਹੀਂ ਦੇ ਸਕਦਾ ਕਿ ਉਹ ਗੁਰੂ ਨਾਨਕ ਦਾ ਸਿੱਖ ਹੋਂਣ ਲਈ ਆਪਣਾ ਇੱਕ ਵੱਖਰਾ ਮਤ ਚਲਾਉਂਣ ਲੱਗਾ ਹੈ ਕਿਉਂਕਿ ਇਹੀ ਕੰਮ ਗੁਰੂ ਨਾਨਕ ਜੀ ਨੇ ਵੀ ਕੀਤਾ ਸੀ! ਗੁਰੂਆਂ ਦੀ ਰੀਸ ਕਰਨ ਲੱਗਿਆ ਸਿੱਖ ਨੂੰ ਗੁਰੂ ਵਲੋਂ ਬਖਸ਼ੀ ਹੱਦਬੰਦੀ ਵਿਚ ਹੀ ਵਿਚਰਨਾ ਚਾਹੀਦਾ ਹੈ ਤਾਂ ਕਿ ਰੀਸ ਦਾ ਅਸਲ ਭਾਵ ਸਿੱਖਣਾ ਹੀ ਰਹੇ।

ਆਸ ਹੈ ਕਿ ਸੰਪਾਦਕ ਵੀਰ ਇਨਾਂ੍ਹ ਦੋ ਸਵਾਲਾਂ ਦਾ ਜਵਾਬ ਦੇਂਣ ਦੀ ਕਿਰਪਾਲਤਾ ਕਰੋਗੇ।ਇਹ ਵੀ ਬੇਨਤੀ ਹੈ ਕਿ ਉਹ ਇਸ ਸੰਵਾਦ ਤੋਂ ਭਾਵ ਕੇਵਲ ਸਿੱਖਣ-ਸਿੱਖਾਉਂਣ ਦੀ ਕ੍ਰਿਆ ਹੀ ਲੇਂਣ ਦੀ ਕਿਰਪਾਲਤਾ ਕਰਨ।ਗੁਰਮੁੱਖ ਹੋਂਣ ਲਈ ਐਸੇ ਸੰਵਾਦਾ/ਪੁਨਰਵਿਚਾਰ ਰਾਹੀਂ ਚਿੱਤਨ ਨੂੰ ਵਧੇਰੇ ਤਰਾਸ਼ਿਆ ਜਾ ਸਕਦਾ ਹੈ ਇਸ ਲਈ ਜਵਾਬਦਹੀ ਤੋਂ ਪਰੇ ਹੱਟਣ ਲਈ ਫ਼ਤਵਾ! ਫ਼ਤਵਾ!! ਫ਼ਤਵਾ!!! ਦੇ ਨਾਰੇ ਮਾਰਨ ਦੀ ਲੋੜ ਨਹੀਂ ਹੋਂਣੀ ਚਾਹੀਦੀ।

ਸਨਮਾਨ ਯੋਗ ਵੀਰਾਂ ਨੇ ਦਾਸ ਨੂੰ ਰੱਝ ਕੇ 'ਅਨਸਰ' (ਮਾੜਾ ਅਨਸਰ) ਸਾਬਤ ਕਰਨ ਦਾ ਜਤਨ ਕੀਤਾ ਅਤੇ ਬਾਕੀ ਵਿਦਵਾਨਾ ਨੂੰ 'ਇਸ ਅਨਸਰ' ਨਾਲ ਨਿਪਟਣ ਦਾ ਹਲੁਣਾ ਵੀ ਦਿੱਤਾ ਹੈ।ਦਾਸ ਉਨਾਂ੍ਹ ਵੀਰਾਂ ਦੇ ਇਸ ਉਪਰਾਲੇ ਨੂੰ ਫ਼ਿਰ ਵੀ ਫ਼ਤਵਾ ਨਹੀਂ ਕਹੇਗਾ ਕਿਉਂਕਿ ਇਹ ਸੰਵਾਦ ਹੈ ਜਿਸ ਵਿਚ ਦਾਸ ਪਾਸ ਉਨਾਂ੍ਹ ਵੀਰਾਂ ਦੀਆਂ ਕਹਿਆਂ ਸਾਰਿਆਂ ਗੱਲਾ ਦਾ ਜਵਾਬ ਹੈ! ਉਨਾਂ੍ਹ ਸਨਮਾਨ ਯੋਗ ਵੀਰਾਂ ਦੀ 'ਸੁਹਿਰਦਤ' ਅਤੇ 'ਨਿਸ਼ਕਾਮਕ' ਪਹੁੰਚ ਨਾਲ ਇਸ ਸੰਵਾਦ ਵਿੱਚ, ਉਨਾਂ੍ਹ ਵਲੋਂ ਤਾਂ ਵਧੇਰੇ ਸਾਰਥਕਤਾ ਝੱਲਕਣੀ ਚਾਹੀਦੀ ਹੈ ਨਾ ਕਿ ਤਲਖ਼ੀ!

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ! ਉੱਪਰ ਪੁੱਛੇ ਦੇ ਸਵਾਲਾਂ ਦੇ ਜਵਾਬ ਦੀ ਉਡੀਕ ਵਿੱਚ !

ਹਰਦੇਵ ਸਿੰਘ, ਜੰਮੂ

No comments:

Post a Comment