ਵੱਡੇ ਪ੍ਰਚਾਰਕਾਂ ਨੂੰ ਖ਼ਤਰਾ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਿੱਖੀ ਦੇ ਦਰਸ਼ਨ (Philosophy) ਦੇ ਪ੍ਰਚਾਰਕਾਂ ਨੂੰ ਦਰਪੇਸ਼ ਖ਼ਤਰੇ ਦਾ ਜ਼ਿਕਰ ਕਰਦਿਆਂ ਇਹ ਸਮਝਣਾ ਜ਼ਰੁਰੀ ਹੈ ਕਿ ਸਿੱਖੀ ਦੇ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ? ਇਸ ਪ੍ਰਸ਼ਨ ਦੇ ਉੱਤਰ ਵੱਲ ਗ਼ੌਰ ਕਰਦਿਆਂ ਪਾਠਕਾਂ ਦੇ ਜ਼ਹਿਨ ਵਿੱਚ ਕਈ ਨਾਮ ਵੀ ਆ ਗਏ ਹੋਣ ਗੇ ਅਤੇ ਇਹ ਜਿਗਿਆਸਾ ਵੀ ਕਿ ਉਹ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ ਅਤੇ ਉਨ੍ਹਾਂ ਨੂੰ ਕਿਸ ਗੱਲੋਂ ਖ਼ਤਰਾ ਹੈ?
ਹੁਣ ਅੱਗੇ ਤੁਰੀਏ ਪਹਿਲੇ ਇਸ ਸਵਾਲ ਦੇ ਨਾਲ ਕਿ ਸਿੱਖੀ ਦੇ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ? ਵਾਸਤਵ ਵਿੱਚ ਸਿੱਖੀ ਦੇ ਦਰਸ਼ਨ ਦੇ ਪ੍ਰਚਾਰ ਦੇ ਸਭ ਤੋਂ ਵੱਡੇ ਸੋਮੇਂ ਆਪ ਸਭ ਤੋਂ ਵੱਡੇ ਪ੍ਰਚਾਰਕ ਵੀ ਹਨ।ਸਿੱਖੀ ਦੇ ਅੰਦਰ ਸਭ ਤੋਂ ਵੱਡੀਆਂ ਪ੍ਰਚਾਰਕ ਸੋਮੇਂ ਇਸ ਪ੍ਰਕਾਰ ਹਨ:
(1) ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਦਾਸ Term ‘ਸ਼ਬਦ ਗੁਰੂ ਗ੍ਰੰਥ ਸਾਹਿਬ` ਬਾਰੇ ਵਿਚਾਰ ਅਲਗ ਲੇਖ ਵਿੱਚ ਕਰੇਗਾ)
(2) ਗੁਰੂ ਨਾਨਕ ਤੋਂ ਲੇ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਆਚਰਣ
(3) ਸ੍ਰੀ ਦਰਬਾਰ ਸਾਹਿਬ (ਅਕਾਲ ਤਖ਼ਤ ਸਮੇਤ)
ਮੋਜੂਦਾ ਸਿੱਖੀ ਜੀਵਨ ਨਾਲ ਜੁੜੇ ਕਈ ਪ੍ਰਚਾਰਕ ਅਤੇ ਕਈ ਪ੍ਰਚਾਰਕ ਸੰਸਥਾਨ ਹਨ। ਪਰ ਇੱਕ ਗੱਲ ਜੋ ਨਿਸ਼ਚਤ ਰੂਪ ਵਿੱਚ ਹਰ ਪ੍ਰਚਾਰਕ ਅਤੇ ਸੰਸਥਾ ਨੂੰ ਸਮਝ ਲੇਣੀ ਚਾਹੀਦੀ ਹੈ ਕਿ ਉਹ ਕਦੇ ਵੀ ਇਸ ਗਲਤਫ਼ਹਮੀ ਵਿੱਚ ਨਾ ਰਹਿੰਣ ਕਿ ਉਹ ਉੱਪਰ ਲਿਖੇ ਦੋ ਪੱਖਾਂ ਨਾਲੋਂ ਵੱਧ ਮਜ਼ਬੂਤ ਪ੍ਰਚਾਰਕ ਹਨ। ਸਿੱਖੀ ਦੇ ਦਰਸ਼ਨ ਦੇ ਸਭ ਤੋਂ ਮਜ਼ਬੂਤ ਪ੍ਰਚਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ, ਪਹਿਲੇ ਦੱਸ ਗੁਰੂ ਸਾਹਿਬਾਨ ਅਤੇ ਦਰਬਾਰ ਸਾਹਿਬ ਹੀ ਹਨ ਅਤੇ ਇਹ ਪ੍ਰਚਾਰਧਾਰਾ ਦਾ ਸਭ ਤੋਂ ਮਜ਼ਬੂਤ ਸਦੀਵੀਂ ਪੱਖ ਰਹਿਣਾ ਹੈ। ਇਹ ਤਿੰਨੋਂ ਪੱਖ ਸਿੱਖੀ ਦੇ ਪ੍ਰਚਾਰ ਦੇ ਮੂਲਭੂਤ ਅਧਾਰ (Basic Structure) ਨੂੰ ਪੁਰਾ ਕਰਦੇ ਹਨ। ਬਾਕੀ ਸਭ ਆਂਣ-ਜਾਂਣ ਵਾਲੇ ਪ੍ਰਚਾਰਕ ਹਨ। ਉਹ ਗਲਤ ਵੀ ਹੋ ਸਕਦੇ ਨੇ ਅਤੇ ਕਈ ਥਾਂ ਹੈ ਵੀ ਹਨ। ਉਹ ਕਿਸੇ ਨੁੱਕਤੇ ਤੋਂ ਅਣਜਾਂਣ ਵੀ ਹੋ ਸਕਦੇ ਨੇ। ਪਰ ਉੱਪਰ ਦਿੱਤੇ ਤਿੰਨ ਪ੍ਰਚਾਰਕ ਸੋਮੇਂ ਕਦੇ ਵੀ ਗਲਤ ਨਹੀਂ ਹੋ ਸਕਦੇ। ਉਹ ਨਿਰੋਲ ਮਾਨਵਤਾਵਾਦੀ ਸਿੱਖੀ ਦੀ ਗੱਲ ਹੀ ਕਰਦੇ ਹਨ।
ਇਸ ਚਰਚਾ ਵਿੱਚ ਅਸੀਂ ਵਾਰੋ ਵਾਰੀ ਕੇਵਲ ਪਹਿਲੇ ਦੋ ਪੱਖਾਂ ਦੀ ਵਿਚਾਰ ਕਰਾਂ ਗੇ। ਨਿਰਸੰਦੇਹ, ਇਹ ਪੱਖ ਸਿੱਖੀ ਦੇ ਵੱਡਮੁੱਲੇ ਦਰਸ਼ਨ(Philosophy)ਦੇ ਦੋ ਪਹਿਲੂ ਹਨ। ਇੱਕ ਵੀ ਪੱਖ ਦੀ ਸਥਿਤੀ ਨੂੰ ਨੀਵਾਂ ਕਰਨ ਦੀ ਗੱਲ ਇਸ ਸਾਫ਼-ਸ਼ਫ਼ਾਫ਼ ਦਰਸ਼ਨ ਉੱਪਰ ਭੂਲੇਖਿਆਂ ਦੀ ਮਿੱਟੀ ਪਾਉਂਣ ਵਰਗੀ ਗੱਲ ਸਾਬਤ ਹੋ ਸਕਦੀ ਹੈ। ਅਗਰ ਸਨ 1469 ਸਾਡੇ ਲਈ ਸਚਮੁੱਚ ਕੋਈ ਮਾਈਨੇ ਰੱਖਦਾ ਹੈ ਤਾਂ ਸੰਨ 1469 ਤੋਂ ਸੰਨ 1708 ਵਿੱਚਲੇ ਸਮੇਂ ਵਿੱਚ ਹੋਏ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਚਰਨ ਦਾ ਇਤਿਹਾਸ ਸ਼ਬਦ ਗੁਰੂ ਨਾਲੋਂ ਵੱਖ ਨਾ ਤਾਂ ਬੇਮਾਨੀ ਹੋ ਸਕਦਾ ਹੈ ਅਤੇ ਨਾ ਹੀ ਕਦੇ ਦੂਜੇ ਦਰਜੇ ਦੀ ਗੱਲ।
ਕਿਸੇ ਪਾਠਕ ਦੇ ਜ਼ਹਿਨ ਵਿੱਚ ਸਵਾਲ ਉੱਠ ਸਕਦਾ ਹੈ ਕਿ ਕੀ ਸ਼ਬਦ ਗੁਰੂ ਗ੍ਰੰਥ ਸਾਹਿਬ ਇੱਕ ਪ੍ਰਚਾਰਕ ਵੀ ਹਨ? ਜੀ ਹਾਂ ਬਿਲਕੁਲ! ਗੁਰੂ, ਗੁਰੂ ਹੋਣ ਕਾਰਣ ਮੂਲ ਪ੍ਰਚਾਰਕ ਵੀ ਹੁੰਦਾ ਹੈ। ਉਹ ਪ੍ਰਚਾਰ ਕਰਵਾਉਂਦਾ ਹੀ ਨਹੀਂ ਬਲਕਿ ਆਪ ਪ੍ਰਚਾਰ ਕਰਦਾ ਵੀ ਹੈ। ਅਸੀਂ ਜਾਂਣਦੇ ਹਾਂ ਕਿ ਗੁਰੂ, ਗੁਰੂ ਹੋਣ ਦੇ ਨਾਲ-ਨਾਲ ਆਪ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਪ੍ਰਚਾਰਕ ਵੀ ਹੁੰਦੇ ਹੀ ਸਨ। ਗੁਰੂ ਨਾਨਕ ਜੀ ਨੇ ਤਾਂ ਸਦੂਰ ਖ਼ੇਤਰਾਂ ਤਕ ਹਜ਼ਾਰਾਂ ਮੀਲ ਪ੍ਰਚਾਰ ਯਾਤਰਾਂਵਾਂ ਕੀਤੀਆਂ ਸੀ। ਇਸ ਸਵਾਲ ਦੇ ਜਵਾਬ ਵਿੱਚ ਇਹ ਵੀ ਸਮਝਣ ਦੀ ਲੋੜ ਹੈ ਕਿ ਗੁਰੂਆਂ ਦੀ ਵਿਚਾਰਧਾਰਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਅਤੇ ਗੁਰੂਆਂ ਦਾ ਆਚਰਣ (ਜੋ ਕਿ ਅੱਜ ਇਤਹਾਸ ਦੀ ਗੱਲ ਹੋਣ ਦੇ ਬਾ-ਵਜੂਦ ਸਾਡੇ ਵਰਤਮਾਨ ਦਾ ਹਿੱਸਾ ਹੈ ਅਤੇ ਰਹਿਣਾ ਹੈ) ਹੀ ਅੱਜ ਵੀ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਇਹ ਉਹ ਪ੍ਰਚਾਰਕ ਪੱਧਰ ਹੈ ਜਿਸ ਹੱਥ ਸਿੱਖੀ ਦੇ ਦਰਸ਼ਨ ਦੀ ਅਸਲ ਲਗਾਮ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਸ਼ਬਦ ਹੈ ਅਤੇ ਗੁਰੂਆਂ ਦੇ ਆਚਰਣ ਤੋਂ ਹੀ ਸਾਨੂੰ ਸ਼ਬਦ ਗੁਰੂ ਦੀ ਸਮਝ ਪੈਂਦੀ ਰਹੀ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਕਈ ਥਾਂ ਇਨ੍ਹਾਂ ਵੱਡੇ ਪ੍ਰਚਾਰਕ ਪੱਖਾਂ ਦੀ ਰਾਹ ਵਿੱਚ ਬਿਖਰੇ ਵਕਤੀ ਬੰਦੇ ਹਾਂ ਜੋ ਕਈ ਪੱਖੋਂ ਮਾੜਾ ਕੰਮ ਵੀ ਕਰ ਰਹੇ ਹਾਂ।
(੧) ਪਹਿਲੇ ਪੱਖ ਨੂੰ ਦਰਪੇਸ਼ ਖ਼ਤਰੇ ਦੀ ਵਿਚਾਰ:
ਹਾਲ ਵਿੱਚ ਹੀ ਅਸੀਂ ਵੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੇ ਕੇ ਸ਼ੰਕੇ ਪ੍ਰਗਟ ਕੀਤੇ ਗਏ ਸਨ। ਇਹ ਚਿੰਤਨ ਦੀ ਇੱਕ ਗ਼ੈਰ ਜ਼ਰੂਰੀ ਅਤਿ ਗੰਭੀਰ ਅਤਿ ਹੈ। ਕੁੱਝ ਚਿੰਤਕ ਆਪਣੇ ਚਿੰਤਨ ਦੀ ਪ੍ਰੋਢਤਾ ਲਈ ਗੁਰੂ ਨਾਨਕ ਦੀ ਬਾਣੀ,ਬਾਕੀ ਗੁਰੂਆਂ ਦੀ ਬਾਣੀ ਅਤੇ ਭਗਤਾਂ/ਭੱਟਾਂ ਦੀ ਬਾਣੀ ਤਕ ਕਿੰਤੂ ਕਰਨ ਲੱਗ ਪਏ ਹਨ। ਇਹ ਕਿਸੇ ਫ਼ੋਜ ਦੇ ਸਿਪਾਹਸਲਾਰ ਨੂੰ ਢਾਉਂਣ ਦਾ ਚਿੰਤਨ ਹੈ ਤਾ ਕਿ ਸਿੱਟੇ ਵਜੋਂ ਬਾਕੀ ਦੀ ਫ਼ੋਜ ਜਾਂ ਤਾਂ ਮੇਦਾਨ ਛੱਡ ਨੱਸ ਜਾਵੇ ਜਾਂ ਫ਼ਿਰ ਰਸਤਾ ਭਟਕ ਕੇ ਭੂਲੇਖਿਆਂ ਦੇ ਗੁਭਾਰ ਵਿੱਚ ਗਰਕ ਹੋ ਜਾਏ। ਇਸ ਪੱਖ ਉਤੇ ਐਸੇ ਬੇਤੁੱਕੇ ਚਿੰਤਨ ਉਤੇ ਤਾਲਾਬੰਦੀ ਦੀ ਲੋੜ ਹੈ। ਕਿਉਂਕਿ ਇਹ ਪੱਖ ਮੂਲਭੂਤ ਅਧਾਰ (Basic Structure) ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਕਿਸੇ ਸੰਸਥਾਂ ਦੇ ਏਜੰਡੇ ਦੀ ਸਤਰ ਨਹੀਂ ਬਣ ਸਕਦੀ। ਜੋ ਸੰਸਥਾ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ ਉਹ ਜਾਂ ਤਾਂ ਅਣਜਾਣੇ ਕਿਸੇ ਸਾਜਸ਼ ਦੀ ਸ਼ਿਕਾਰ ਹੈ ਜਾਂ ਫ਼ਿਰ ਕਿਸੇ ਸਾਜਸ਼ ਦਾ ਹਿੱਸਾ ਹੈ ਜਾਂ ਫ਼ਿਰ ਉਹ ਪਰਲੇ ਦਰਜੇ ਦੀ ਅਗਿਆਨਤਾ ਵਿੱਚ ਭਟਕ ਰਹੀ ਹੈ।
ਜੇਕਰ ਕੋਈ ਮਾਂ ਪਿਆਰ ਨਾਲ ਆਪਣੇ ਹੱਥੀ ਅਣਜਾਂਣੇ ਹੀ ਜ਼ਹਰੀਲਾ ਨਿਵਾਲਾ ਆਪਣੇ ਰੋਂਦੇ ਹੋਏ ਬੱਚੇ ਦੇ ਮੂੰਹ ਵਿੱਚ ਪਾ ਦੇਵੇ ਤਾਂ ਉਸ ਦੀ ਮਮਤਾ ਤੇ ਸ਼ਕ ਕਰਨਾ ਵਾਜਬ ਨਹੀਂ ਬਣਦਾ। ਪਰ ਨਾਲ ਹੀ ਇਹ ਗੱਲ ਆਪਣੀ ਜਗ੍ਹਾ ਅਕਟ ਹੈ ਕਿ ਜ਼ਹਿਰ ਤਾਂ ਜ਼ਹਿਰ ਹੈ। ਬੱਚੇ ਦੀ ਸੇਹਤ ਖ਼ਰਾਬ ਕਰ ਸਕਦਾ ਹੈ ਜਾਂ ਉਸ ਲਈ ਜਾਨਲੇਵਾ ਵੀ ਹੋ ਸਕਦਾ ਹੈ। ਪਿਆਰ ਵਿੱਚ ਸੁਚੇਤ ਵੀ ਰਹਿਣਾ ਚਾਹੀਦਾ ਹੈ।
ਗੁਰਬਾਣੀ ਦਾ ਵਿਰੋਧ ਬੜਾ ਪੁਰਾਣਾ ਹੈ। ਗੁਰੂ ਸਾਹਿਬਾਨ ਆਪ ਵੀ ਇਸ ਵਿਰੋਧ ਨੂੰ ਨਿੱਜਿਠਦੇ ਰਹੇ। ਲੇਕਿਨ ਬਾਣੀ ਦੇ ਮੋਜੂਦਾ ਵਿਰੋਧ ਦਾ ਲੋੜ ਅਨੁਸਾਰ ਸੰਵਾਦ ਰੂਪ ਵਿੱਚ ਵਿਰੋਧ, ਅੱਜ ਦੇ ਜਾਗਰੂਕ ਚਿੰਤਨ ਦੀ ਜਿੰਮੇਵਾਰੀ ਹੈ ਜਿਸ ਨੂੰ ਹਰ ਪੀੜੀ ਨੇ ਸੁਚੱਜੇ ਢੰਗ ਨਾਲ ਨਿਭਾਉਂਦੇ ਰਹਿਣਾ ਹੈ।
ਇਸੇ ਪੱਖ ਨਾਲ ਜੁੜੀ ਇੱਕ ਹੋਰ ਗੱਲ ਵੀ ਵਿਚਾਰਣ ਯੋਗ ਹੈ। ਉਹ ਇਹ ਕਿ ਵਿਚਾਰਧਾਰਾ ਦੀ ਸਪਸ਼ਟਤਾ ਦੀ ਕਸਰਤ ਵਿੱਚ ਕਈ ਥਾਂ ਸੁਧਾਰ ਦੇ ਨਾਲ ਨਾਲ ਵਿਗਾੜ ਦੇ ਬੀਜ ਵੀ ਪੈ ਰਿਹੇ ਹਨ। ਪਿੱਛਕੋੜ ਵਿੱਚ (ਸੰਨ 1900 ਦੇ ਆਸਪਾਸ) ਹਰ ਗੱਲ ਜੇਕਰ ਚੰਗੀ ਨਹੀਂ ਸੀ ਤਾਂ ਹਰ ਗੱਲ ਮਾੜੀ ਵੀ ਨਹੀਂ ਸੀ। ਨਵੀਨ ਸੋਚ, ਨਵੀਨ ਚਿੰਤਨ ਦਾ ਅਰਥ ਵੀ ਜਰੂਰੀ ਨਹੀਂ ਕਿ ਹੁਣ ਸਭ ਕੁੱਝ ਗਾਰੰਟੀਸ਼ੁਦਾ ਚੰਗਾਂ ਹੀ ਵਿਚਾਰਿਆ ਜਾ ਰਿਹਾ ਹੈ। ਬਿਲਕੁਲ ਹੋ ਸਕਦਾ ਹੈ ਕਿ ਨਵੀਨ ਸੋਚ ਕਿਸੇ ਜਗ੍ਹਾ ਪਿੱਛੋਕੜ ਵਿੱਚ ਹੋਏ ਠੀਕ ਨਿਰਨਿਆਂ ਦੇ ਮੁਕਾਬਿਲ ਬਦਤਰ (Worse)ਹੋਵੈ ਅਤੇ ਨਿਰਸੰਦੇਹ ਇਹ ਹੋ ਰਿਹਾ ਹੈ। ਇਹ ਇੱਕ ਪੇਚੀਦਾ ਹਾਲਤ ਹੈ। ਸੰਨ 1900 ਦੇ ਪਹਿਲੇ ਦਹਾਕਿਆਂ ਵਿੱਚ ਪਰਵਾਣ ਚੜੀਆਂ ਸੁਧਾਰ ਲਹਿਰਾਂ ਵਿੱਚ ਸਭ ਕੁੜਾ ਕਰਕਟ ਨਹੀਂ ਸੀ। ਉਦੋਂ ਵੀ ਜਾਗਰੂਕ ਧਿਰਾਂ ਸੀ ਜਿਨ੍ਹਾਂ ਵਿੱਚ ਸਿੱਖੀ ਪ੍ਰਤੀ ਪ੍ਰਤੀਬੱਧਤਾ ਸੀ। ਸਾਰੇ ਦੇ ਸਾਰੇ ਦਰਦੀ ਸੁੱਤੇ ਹੋਏ ਜਾਂ ਮੂਰਖ ਤਾਂ ਨਹੀਂ ਸੀ। ਕਈ ਤਾਂ ਅਨੇਕਾਂ ਪੱਖੋਂ ਸਾਡੇ ਨਾਲੋਂ ਜ਼ਿਆਦਾ ਜਾਗਰੂਕ, ਦੁਰਅੰਦੇਸ਼ ਅਤੇ ਸੁਚੇਤ ਸੀ। ਪਰ ਅੱਜ ਦੇ ਚਿੰਤਨ ਵਿੱਚ ਉਸ ਸਾਰੇ ਪਿੱਛੋਕੜ ਨੂੰ ਅਛੂਤ ਵਸਤੂ ਵਾਂਗ ਪੇਸ਼ ਕਰਨਾ ਠੀਕ ਨਹੀਂ। ਇਹ ਤਾਂ ‘ਜਿਸ ਨਾਲ ਅਸੀਂ ਸਹਿਮਤ ਨਹੀਂ ਉਹ ਬਿਲਕੁਲ ਅਕਲਮੰਦ ਨਹੀਂ` ਵਰਗੀ ਭਾਵਨਾ ਹੈ। ਇਹ ਗਲ ਸਾਨੂੰ ਇਸ ਸਾਲ ਦੇ ਅਰੰਭਕ ਮਹੀਨਿਆਂ ਵਿੱਚ ਦੇਖਣ ਨੂੰ ਮਿਲੀ ਹੈ ਜਿਸਦਾ ਇਸ ਬਾਬਤ ਕੁੱਝ ਜਾਗਰੂਕ ਧਿਰਾਂ ਵਲੋਂ ਵਿਰੋਧ ਵੀ ਹੋਇਆ।
ਇਸ ਹਾਲਤ ਵਿੱਚ ਆਪਣੀ ਗੱਲ ਨੂੰ ਕਹਿਣ ਲਈ ਕਈ ਥਾਂ ਅਰਥਾਂ ਦੇ ਅਨਰਥਾਂ ਤੋਂ ਵੀ ਪਰਹੇਜ਼ ਨਹੀਂ ਹੋ ਰਿਹਾ। ਬੇਸ਼ਕ ਅੱਜ ਦੇ ਚਿੰਤਨ ਵਿੱਚ ਵੀ ਸਭ ਕੁੱਝ ਨਾ ਤਾਂ ਚੰਗਾ ਹੈ ਨਾ ਮਾੜਾ। ‘ਸ਼ਬਦ ਗੁਰੂ` ਵਿਚਾਰਣ ਲਈ ਹੀ ਹੈ, ਤਾਂ ਕਿ ਸਮਝ ਆ ਸਕੇ। ਇਸ ਸਮਝ ਵਿੱਚ ਮਤਭੇਦ ਹੋ ਜਾਂਣਾ ਵੀ ਸੁਭਾਵਕ ਗੱਲ ਹੈ ਜਿਸ ਤੇ ਕੋਈ ਤਾਲਾਬੰਦੀ ਵਰਗੀ ਗੱਲ ਲਾਗੂ ਨਹੀਂ ਹੁੰਦੀ। ਪਰ ਇੱਥੇ ਕੁੱਝ ਥਾਂਈ ਸਵੈ ਜਿੰਮੇਦਾਰੀ ਦੀ ਭਾਵਨਾ ਦੀ ਸਖ਼ਤ ਲੋੜ ਹੈ ਤਾਂ ਕਿ ਅਰਥਾਂ ਦੇ ਅਨਰਥ ਨਾਲ ਵਿਗਾੜ ਨਾ ਪਵੈ। ਕਿਉਂਕਿ ਜਿਸ ਵੇਲੇ ਕਿਸੇ ਵਿਸ਼ੇ ਤੇ ਵਿਚਾਰ ਕਰਦਾ ਕੋਈ ਵਿਚਾਰਕ ਆਪਣੀ ਹੀ ਗਲਤ ਵਿਚਾਰਾਂ ਦੀ ਪ੍ਰੋਢਤਾ ਲਈ ਵਿਚਾਰ ਕਰਦਾ ਅਤੇ ਉਸਨੁੰ ਪ੍ਰਚਾਰਦਾ ਜਾਂਦਾ ਹੈ ਤਾਂ ਉਸ ਵੇਲੇ ਉਹ ਆਪਣੇ ਵਿਚਾਰ ਦੇ ਰਸਤੇ ਆਉਂਣ ਵਾਲੇ ਹਰ ਵਾਜਬ ਨਿਰਨੇ ਅਤੇ ਉਸ ਦੇ ਪਿੱਛੇ ਦੇ ਤਰਕ ਦਾ ਵੀ ਮਲਿਆਮੇਟ ਕਰਨ ਲੱਗ ਪੈਂਦਾ ਹੈ। ਭਾਵੇਂ ਇਸ ਲਈ ਉਸ ਨੂੰ ਕਿਸੇ ਵੀ ਹੱਦ ਤਕ ਕਿਉਂ ਨਾ ਜਾਂਣਾ ਪਵੇ। ਫ਼ਿਰ ਉਸ ਨੂੰ ਫ਼ਰਕ ਨਹੀਂ ਪੈਂਦਾ ਕਿ ਉਹ ਹੱਦ ਸ਼ਬਦ ਗੁਰੂ ਗ੍ਰੰਥ ਸਾਹਿਬ ਹੋਵੇ, ਗੁਰੂ ਨਾਨਕ ਹੋਵੇ, ਨਾਨਕ ਬਾਣੀ ਹੋਵੇ ਜਾਂ ਫ਼ਿਰ ਕੋਈ ਵਾਜਬ ਪੰਥਕ ਫ਼ੈਸਲਾ।
(੨) ਪ੍ਰਚਾਰ ਦੇ ਦੂਜੇ ਪੱਖ ਨੂੰ ਦਰਪੇਸ਼ ਖ਼ਤਰੇ ਦੀ ਵਿਚਾਰ:
ਸ਼ਬਦ ਗੁਰੂ ਉਹ ਰੱਬੀ ਗਿਆਨ ਹੈ ਜੋ ਕਾਗਜ਼ ਤੇ ਉਤਰਣ ਤੋਂ ਪਹਿਲਾਂ ਗੁਰੂ ਨਾਨਕ ਦੀ ਸੁਰਤ ਦੀ ਪ੍ਰਾਪਤੀ ਸੀ ਜਿਸਨੇ ਬਾਦ ਵਿੱਚ ਸ਼ਬਦਾਂ ਦਾ ਰੂਪ ਲਿਆ ਅਤੇ ਫ਼ਿਰ ਲਿਖਤਾਂ-ਪੋਥੀਆਂ ਤੋਂ ਕਾਲਾਂਤਰ ਗ੍ਰੰਥ ਸਵਰੂਪ ਵਿੱਚ ਦਰਜ ਹੋਈਆਂ। ਸਿੱਖਾਂ ਲਈ ਗੁਰੂ ਨਾਨਕ ਸ਼ਬਦ ਦਾ ਪਹਿਲਾ ਧਾਰਣੀ ਹੋਂਣ ਕਾਰਨ ਗੁਰੂ ਹੋ ਗਏ ਅਤੇ ਉਸੀ ਵਿਚਾਰਧਰਾ ਦੇ ਧਾਰਣੀ ਬਾਕੀ ਨੋਂ ਗੁਰੂ ਹੋਏ ਜੋ ਰੱਬ ਬਾਰੇ ਆਪਣੇ ਗਿਆਨ (ਰੱਬੀ ਗਿਆਨ) ਵਜੋਂ ਗੁਰੂ ਨਾਨਕ ਦੀ ਹੀ ਵਿਚਾਰਧਾਰਾ ਦੇ ਧਾਰਣੀ, ਵਿਆਖਿਆਕਾਰ ਅਤੇ ਅਚਾਰੀ ਸਨ। ਦੱਸ ਗੁਰੂ ਸਾਹਿਬਾਨ ਦੀ ਗਿਣਤੀ ਦਾ ਮਤਲਬ ਦੱਸ ਵਿਚਾਰਧਾਰਾਵਾਂ ਨਹੀਂ ਬਲਕਿ ਇੱਕ ਹੀ ਵਿਚਾਰਧਾਰਾ ਹੈ। ਉਨ੍ਹਾਂ ਗੁਰੂਆਂ ਨੇ ਸਾਨੂੰ ਸ਼ਬਦ ਗਿਆਨ ਦਿੱਤਾ ਅਤੇ ਉਸ ਪ੍ਰਤੀ ਨਿਯਮਬੱਧ ਕੀਤਾ। ਉਹ ਸ਼ਬਦ ਗੁਰੂ ਦੀਆਂ ਨਿਸ਼ਾਨਦਹੀਆਂ ਸਨ ਜਿਨ੍ਹਾਂ ਸ਼ਬਦ ਰੂਪ ਵਿੱਚ ਆਪਣੀ ਵਿਚਾਰਧਾਰਾ ਦਿੱਤੀ ਅਤੇ ਉਸ ਦੀ ਹਿਫ਼ਾਜਤ ਕਰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਸਵਰੂਪ ਤਕ ਸਾਨੂੰ ਜੋੜੀ ਰੱਖਿਆ।
ਸਿੱਖੀ ਦੀ ਗੱਲ ਪਹਿਲੇ ਦੀ ਹੋਵੇ ਜਾਂ ਫ਼ਿਰ ਹੁਣ ਦੀ, ਸਿੱਖੀ ਵਿਚਾਰਧਾਰਾ ਅਤੇ ਗੁਰੂਆਂ ਦੇ ਆਚਰਣ ਨੇ ਪ੍ਰਚਾਰ ਦਾ ਸਭ ਤੋਂ ਵੱਡਾ ਕੰਮ ਕੀਤਾ ਸੀ ਅਤੇ ਕਰਨਾ ਵੀ ਹੈ। ਗੁਰੂ ਬਾਣੀ ਪ੍ਰਤੀ ਸਾਡੇ ਆਪਣੇ ਲਫ਼ਜੀ ਲੇਖਾਂ ਜਾਂ ਭਾਸ਼ਣਾਂ ਨਾਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦਾ ਜੀਵਨ ਆਪ ਸਭ ਤੋਂ ਜ਼ਿਆਦਾ ਤਕੜਾ ਵਸੀਲਾ ਹੈ ਪ੍ਰਚਾਰ ਦਾ। ਇਨ੍ਹਾਂ ਦੋ ਪ੍ਰਚਾਰਕ ਪੱਧਰਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ। ਹਾਂ ਜੇਕਰ ਕਿਸੇ ਨੇ ਸਿੱਖੀ ਦੇ ਦਰਸ਼ਨ (Philosophy) ਨੂੰ ਸੱਟ ਮਾਰਨੀ ਹੋਵੇ ਤਾਂ ਉਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਪਹਲਿਆਂ ਦੋ ਸ਼੍ਰੇਣੀਆਂ ਤੇ ਕਿੰਤੂ ਕਰੇ ਕਉਂਕਿ ਇਹੀ ਤਾਂ ਸਭ ਤੋਂ ਤਕੜੀਆਂ ਪ੍ਰਚਾਰਕ ਸ਼੍ਰੇਣੀਆਂ ਹਨ। ਇਸ ਨੁੱਕਤੇ ਤੇ ਸ਼ਬਦ ਗੁਰੂ ਦੇ ਨਾਲ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਗੁਰੂ ਅੰਗਦ ਤਕ ਦੇ ਸਫ਼ਰ ਤੇ ਹੀ ਸਵਾਲਿਆ ਨਿਸ਼ਾਨ ਲਗਾੳਂਣ ਦਾ ਵੀ ਜਤਨ ਹੈ।
ਸਾਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿੱਧਰੇ ਅਸੀਂ ਅਣਜਾਣੇ ਕਿਸੇ ਐਸੇ ਚਿੰਤਨ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਜਿਸ ਨਾਲ ਅਸੀਂ ਆਪ ਆਪਣੇ ਹੱਥੀ ਇਨ੍ਹਾਂ ਦੋ ਪ੍ਰਚਾਰ ਦੇ ਕੇਂਦਰਾਂ ਨੂੰ ਢਾਹ ਲਾ ਰਹੇ ਹਾਂ? ਸਿੱਖੀ ਦਾ ਚਿੰਤਨ ਬੜੀ ਜਿੰਮੇਵਾਰੀ ਦਾ ਭਾਵ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਚਾਰ ਦੀਆਂ ਉੱਪਰਲਿਆਂ ਦੋ ਪ੍ਰਚਾਰਕ ਪੱਖਾਂ ਦੀ ਸਿਰਮੋਰਤਾ ਨੂੰ ਸਵੀਕਾਰ ਕਰਨਾ ਜਰੂਰੀ ਹੈ। ਸ਼ਬਦ ਗੁਰੂ ਦੀ ਗੱਲ ਕਰਣ ਦਾ ਮਤਲਬ ਇਹ ਨਹੀਂ ਕਿ ਅਸੀਂ ਦੂਜੇ ਪੱਖ ਨੂੰ ਕਿਸੇ ਨੀਵੇਂ ਦਰਜੇ ਤੇ ਸੁੱਟਣ ਦੀ ਕੋਤਾਹੀ ਕਰੀਏ। ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਤੋਂ 1708 ਤਕ ਵਿਚਾਰਧਾਰਾ ਗੁਰੂਆਂ ਦੇ ਜ਼ਹਿਨਾਂ ਵਿਚੋਂ ਦੀ ਹੁੰਦੀ ਸਰੀਰਾਂ ਰਾਹੀਂ ਲਿਖੀ ਗਈ, ਪਰਿਭਾਸ਼ਤ ਕੀਤੀ ਗਈ, ਵਰਤੀ ਗਈ ਅਤੇ ਪ੍ਰਚਾਰੀ ਗਈ ਸੀ। ਇਹ ਸਿਥਿਤੀ ਕੋਈ ਐਸੀ ਨਹੀਂ ਸੀ ਕਿ ਜਿਸ ਵਿੱਚ ਸ਼ਬਦ ਆਪ ਵਰਤਦਾ ਸੀ ਅਤੇ ਪ੍ਰਚਾਰਤ ਹੁੰਦਾ ਸੀ। ਕੋਈ ਵੀ ਚਿੰਤਨ, ਜੋ ਕਿ ਸ਼ਬਦ ਗੁਰੂ ਦੇ ਚਿੰਤਨ ਕਰਨ ਵਾਲਿਆਂ ਗੁਰੂਆਂ ਨੂੰ, ਕਿਸੇ ਵੀ ਤਰਕ ਦੇ ਅਧਾਰ ਤੇ ਵਰਤਮਾਨ ਵਿੱਚ ਕਿਸੇ ਪਿਛੜੀ ਹੋਈ ਹਾਲਤ (On the back burner) ਵਿੱਚ ਦਰਸਾਉਂਦਾ ਹੈ ਤਾਂ ਉਸ ਵਿੱਚ ਇੱਕ ਦਮ ਸਵੈ ਸੁਧਾਰ ਦੀ ਲੋੜ ਹੈ।
ਮੈਂ ਦੁਹਰਾ ਦੇਵਾਂ ਕਿ ਇਥੇ ਸਵੈ ਜਿੰਮੇਦਾਰੀ ਦੇ ਭਾਵ ਦੀ ਸਖ਼ਤ ਲੋੜ ਹੈ ਤਾਂ ਕਿ ਬਾਣੀ ਸਬੰਧੀ ਗੰਭੀਰ ਭੂਲੇਖੇ ਨਾ ਪੈਣ ਅਤੇ ਨਾ ਹੀ ਸੰਵਾਦ ਕੋੜੇ ਜਾਂ ਖੱਟੇ ਹੋਣ। ਮਨਮਤਿ ਦੇ ਵਿਰੋਧ ਵਿੱਚ ਘਟਿਆ ਸ਼ਬਦਾਵਲੀ ਵਰਤਨ ਵਾਲੇ ਕੁੱਝ ਜਾਗਰੂਕ ਧਿਰ ਜਿਸ ਵੇਲੇ ਆਪਸ ਵਿੱਚ ਸੰਵਾਦ ਕਰਦੇ ਹਨ ਤਾਂ ਉਹ ਵੀ ਕਈ ਵਾਰ ਘਟੀਆ ਸ਼ਬਦਾਂ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਆਦਤ ਵਿਗੜ ਚੁੱਕੀ ਹੈ। ਚੰਗੀ ਮੰਸ਼ਾ ਅਤੇ ਘਟੀਆ ਸ਼ਬਦਾ ਦਾ ਮੇਲ,ਸੁਮੇਲ ਨਹੀਂ ਹੁੰਦਾ। ਸੰਵਾਦ ਲੇਖਨ ਵਿਚ, ਸ਼ਿਸ਼ਟਾਚਾਰ ਦਾ ਅਸੂਲ Selective ਨਹੀਂ ਹੋਣਾ ਚਾਹੀਦਾ। ਇਸ ਵਿੱਚ ਇੱਕਰਸਤਾ ਹੋਂਣੀ ਚਾਹੀਦੀ ਹੈ। ਇਸ ਦੀ ਲੋੜ ਹੈ ਅਤੇ ਐਸੀ ਸਾਫ਼ਗੋਈ ਪੂਰਨ ਪਹਿਲਕਦਮੀ ਦਾ ਸਵਾਗਤ ਹੋਂਣਾ ਚਾਹੀਦਾ ਹੈ।
ਸਾਨੂੰ ਆਪਣੇ ਸਿਰਮੋਰ ਪ੍ਰਚਾਰਕਾਂ ਬਾਰੇ ਖ਼ਤਰਿਆਂ ਪ੍ਰਤੀ ਸੁਚੇਤ ਚਿੰਤਨ ਦੀ ਲੋੜ ਹੈ ਤਾਂ ਕਿ ਕੁੱਝ ਵਿਚਾਰਾਂ ਲਾ-ਇਲਾਜ ਨਾਸੂਰ ਨਾ ਬਣ ਜਾਂਣ। ਉਹ ਵੀ ਸਾਡੇ ਆਪਣੇ ਹੱਥੀ ਆਪਣੇ ਹੀ ਪੰਥ ਦੇ ਸਰੀਰ ਤੇ!
ਹਰਦੇਵ ਸਿੰਘ, ਜੰਮੂ
94191-84990 (This Article is about one and a half year old published in Sikh Marg.Com)
No comments:
Post a Comment