'ਦਸ਼ਮੇਸ਼ ਜੀ ਵੇਲੇ ਵਚਿੱਤਰ ਨਾਟਕ ਦੀ ਕੋਈ ਪੰਥਕ ਸਥਿਤੀ ਨਹੀਂ ਸੀ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਸਿੱਖੀ ਦੇ ਅੰਦਰ ਰਹਿਤ ਦੀ ਪਰੰਪਰਾ ਸੀ।ਜ਼ਾਹਰ ਜਿਹੀ ਗੱਲ ਹੈ ਕਿ ਕੋਈ ਵੀ ਕੋਮਾਂਤਰੀ ਪ੍ਰਬੰਧ ਬਿਨਾ ਰਹਿਤ ਦੇ ਨਹੀਂ ਸੀ ਹੋ ਸਕਦਾ।ਇਸ ਵਿਚ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਵਿਆਖਿਆ ਨੇ ਕਾਲਾਂਤਰ ਹੋਰ ਗੁਰੂਆਂ ਮਾਰਫ਼ਤ ਵਿਕਾਸ ਪ੍ਰਾਪਤ ਕੀਤਾ ਅਤੇ ਇਸ ਕਾਰਨ ਪੰਥਕ ਰਹਿਤ ਦਾ ਵੀ ਵਿਕਾਸ (Evolution) ਹੋਇਆ।ਇਸ ਸੰਖੇਪ ਚਰਚਾ ਰਾਹੀਂ ਅਸੀਂ ਇਹ ਵਿਚਾਰਨ ਦਾ ਜਤਨ ਕਰਾਂ ਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋ ਪਹਿਲਾਂ ਕੋਮੀ ਰਹਿਤ ਵਿਚ 'ਨਿਤਨੇਮ' ਅਤੇ 'ਵਚਿੱਤਰ ਨਾਟਕ ਗ੍ਰੰਥ' ਦੀ ਸਥਿਤੀ ਕੀ ਸੀ ?
ਇਸ ਵਿਸ਼ਲੇਸ਼ਣ ਲਈ ਸਾਨੂੰ ਇਹ ਵਿਚਾਰਨਾ ਪਵੇਗਾ ਕਿ ੧੬੯੯ ਤੋਂ ਪਹਿਲਾਂ ਸਿੱਖਾਂ ਵਿਚ ਕਿਹੜੀਆਂ ਬਾਣੀਆਂ/ਰਚਨਾਵਾਂ ਰਹਿਤੀ ਰੂਪ ਵਿਚ ਪੜਨ ਦੀ ਪਰੰਪਰਾ ਸੀ ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੇ ਪਾਤਿਸ਼ਾਹ ਜੀ ਵੇਲੇ ਤੋਂ ਪੰਜਵੇਂ ਪਾਤਿਸ਼ਾਹ ਜੀ ਤਕ ਮਰਿਆਦਤ ਨਿਤਨੇਮ ਵਿਚ ਵਿਕਾਸ ਹੋਇਆ ਸੀ।ਮਿਸਾਲ ਦੇ ਤੋਰ ਤੇ, ਪੰਜਵੇਂ ਪਾਤਿਸ਼ਾਹ ਜੀ ਤੋਂ ਪਹਿਲਾਂ ਨਿਤਨੇਮ ਵਿਚ ਪੰਜਵੇਂ ਪਾਤਿਸ਼ਾਹ ਜੀ ਦੇ ਸ਼ਬਦ ਨਹੀਂ ਸੀ ਹੋ ਸਕਦੇ ਕਿਉਕਿ ਉਸ ਵੇਲੇ ਅਜੇ ਉਹ ਸ਼ਬਦ ਲਿਖੇ ਹੀ ਨਹੀਂ ਸੀ ਗਏ।ਇਹੀ ਗਲ ਪਹਿਲੇ ਤੋਂ ਦੂਜੇ,ਤੀਜੇ ਅਤੇ ਚੋਥੇ ਗੁਰੂਆਂ ਦੀ ਬਾਣੀ ਬਾਰੇ ਵੀ ਸੀ।ਇਹ ਗੁਰੂਘਰ ਦੇ ਨਿਰਨੇ ਸਨ!
ਇਸ ਚਰਚਾ ਲਈ ਸ਼ੁਰੂ ਕਰਦੇ ਹਾਂ ਭਾਈ ਨੰਦ ਨਾਲ ਜੀ ਦੇ ਰਹਿਤਨਾਮਿਆਂ ਤੋਂ ਕਿਉਂਕਿ ਇਹੀ ਲਿਖਤਾਂ ੧੬੯੯ ਦੀ ਵਸਾਖ ਅਤੇ ਵਚਿੱਤਰ ਨਾਟਕ ਗ੍ਰੰਥ ਦੇ ਹੋਂਦ ਵਿਚ ਆਉਂਣ ਤੋਂ ਚਿਰ ਪਹਿਲਾਂ ਦੀਆਂ ਹਨ ਜਿਨਾਂ੍ਹ ਦਾ ਰਚਨਾ ਕਾਲ ੧੬੯੫ ਦੇ ਆਸ ਪਾਸ ਦਾ ਹੈ।
ਭਾਈ ਨੰਦ ਲਾਲ ਜੀ ਨੇ ਸਿੱਖ ਰਹਿਤ ਵਿਚ ਜਿਨਾਂ ਬਾਣੀਆਂ ਪੜਨ ਦਾ ਜ਼ਿਕਰ ਕੀਤਾ ਹੈ ਉਹ ਇਸ ਪ੍ਰਕਾਰ ਹਨ:-
".....ਕਰ ਇਸ਼ਨਾਨ ਪੜੇ ਜਪੁ ਜਾਪੁ।੧।.....ਸੰਧਿਆ ਸਮੇਂ ਸੁਨੇ ਰਹਿਰਾਸ... ।੩।" "....ਜਪੁਜੀ ਜਾਪੁ ਪੜੇ ਚਿਤ ਲਾਏ....।੧੩। (ਰਹਿਤਨਾਮਾ ਭਾਈ ਨੰਦ ਲਾਲ)
"ਸਿਖ ਨੂੰ ਚਾਹੀਦਾ ਹੈ ਜੋ ਪਹਿਰ ਰਾਤਿ ਹੋਵੇ ਤਾਂ ਉਠੇ, ਉਠ ਕੇ ਇਸਨਾਨ ਕਰੈ। ਅਤੇ ਜਪੁ ਤੇ ਜਾਪੁ ਪੜੈ ਦੋਵੇਂ....ਅਤੇ ਜੋ ਪੜ ਨ ਜਾਣੈ, ਤਾਂ ਜਪੁ ਜਾਪੁ ਦੀਆਂ ਪੰਜ ਪਉੜੀਆਂ ਪੜ੍ਹੈ...."
"ਜਬ ਦੋ ਪਹਿਰ ਦਿਨੁ ਰਹੈ ਤਾਂ ਹਾਥਿ ਪੈਰ ਧੋਵੈ,ਦੋ ਕਰ ਜਪੁ ਤੇ ਜਾਪੁ ਦੋਵੇਂ ਪੜ੍ਹੇ।ਜਬ ਦੋਈ ਘੜੀ ਰਹੇ ਦਿਨੁ ਤਾਂ ਸੋ ਦਰੁ ਰਹਿਰਾਸ ਨਾਲ, ਅਠੇ ਪਹਿਰ ਸਬਿਦ ਨਾਲ ਪ੍ਰੀਤਿ ਕਰੇ" (ਸਾਖੀ ਰਹਿਤ ਕੀ ,ਭਾਈ ਨੰਦ ਲਾਲ)
ਕਈ ਸੱਜਣ 'ਜਪੁ ਜਾਪੁ' ਨੂੰ ਜਪੁ ਦਾ ਜਾਪੁ ਮੰਨਦੇ ਹਨ ਪਰ ਇਹ ਢੁੱਕਵੀਂ ਗਲ ਪ੍ਰਤੀਤ ਨਹੀਂ ਹੁੰਦੀ ਕਿਉਂਕਿ 'ਪੜੇ ਜਪੁ ਜਾਪ' ਸ਼ਬਦਾਂ ਵਿਚ 'ਪੜੇ' ਸ਼ਬਦ ਅਸਲ ਭਾਵ ਨੂੰ ਸਪਸ਼ਟ ਕਰ ਦਿੰਦਾ ਹੈ ਨਹੀਂ ਤਾਂ 'ਪੜੇ ਜਪੁ ਜਾਪੁ' ਦੀ ਜਗਾ੍ਹ 'ਕਰੇ ਜਪੁ ਜਾਪੁ' ਹੋਣਾ ਬਣਦਾ ਸੀ। 'ਸਾਖੀ ਰਹਿਤ ਕੀ' ਵਿਚ ਵੀ ਇਹ ਗਲ ਵਧੇਰੇ ਸਪਸ਼ਟ ਹੈ ਕਿ ਜਾਪੁ ਰਚਨਾ ਜਪੁ ਬਾਣੀ ਨਾਲੋਂ ਅਲਗ ਕਰਕੇ ਪ੍ਰਚਲਤ ਸੀ।ਇਹ ਰਚਨਾ ੧੬੯੯ ਦੀ ਵਸਾਖ ਅਤੇ ਵਚਿੱਤਰ ਨਾਟਕ ਗ੍ਰੰਥ ਦੀ ਹੋਂਦ ਤੋਂ ਚਿਰ ਪਹਿਲਾਂ ਇਕ ਸਵਤੰਤਰ ਅਤੇ ਪ੍ਰਚਲਤ ਹੋਂਦ ਰੱਖਦੀ ਸੀ!
ਇਨਾਂ੍ਹ ਹਵਾਲਿਆਂ ਦੇ ਅਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ੧੬੯੯ ਤੋਂ ਪਹਿਲਾਂ ਰਹਿਤ ਵਿਚ ਬਾਣੀਆਂ/ਰਚਨਾਵਾਂ ਨਿਤਨੇਮ ਰੂਪ ਪੜਨ ਦੀ ਪਰੰਪਰਾ ਸੀ ਅਤੇ ਉਸ ਵੇਲੇ ਭਾਈ ਨੰਦ ਨਾਲ ਮੁਤਾਬਕ ਇਹ ਬਾਣੀਆਂ/ਰਚਨਾ ਇੰਝ ਸਨ:
(੧) ਜਪੁ (੨) ਜਾਪੁ (੩) ਸੋਦਰ ਰਹਿਰਾਸ
ਨਾਲ ਹੀ 'ਅੱਠੇ ਪਹਿਰ ਸ਼ਬਦ ਨਾਲ ਪ੍ਰੀਤ' ਕਰਨ ਦੀ ਗੱਲ ਰਾਹੀਂ ਇਹ ਤਾਕੀਦ ਵੀ ਸਪਸ਼ਟ ਸੀ ਕਿ ਸਮੁੱਚੀ ਦਿਨਚਰਿਆ (ਅੱਠੇ ਪਹਿਰ) ਵਿਚ ਮਨੁੱਖ ਦਾ ਵਿਵਹਾਰ ਬਾਣੀ ਅਨੁਸਾਰੀ ਹੀ ਹੋਣਾ ਚਾਹੀਦਾ ਹੈ।ਭਾਈ ਨੰਦ ਲਾਲ ਜੀ ਦੇ ਰਹਿਤਨਾਮਿਆਂ ਤੋਂ ਇਲਾਵਾ ੧੭੦੮ ਤੋਂ ਲਗਭਗ ੧੭੫੦ ਦੇ ਹੋਰ ਰਹਿਤਨਾਮਿਆਂ ਵਿਚ ਨਿਤਨੇਮ ਦਿਆਂ ਬਾਣੀਆਂ/ਰਚਨਾਵਾਂ ਦੇ ਪ੍ਰਚਲਨ ਵਿਚ ਅੰਤਰ ਮਿਲਦਾ ਹੈ।
ਇਸ ਦੇ ਨਾਲ ਹੀ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿਚ ਇਕ ਹੋਰ ਦਿਲਚਸਪ ਗਲ ਪੜਨ ਨੂੰ ਮਿਲਦੀ ਹੈ ਜਿਸ ਤੋਂ ਸਾਨੂੰ ਦਸ਼ਮੇਸ਼ ਵੇਲੇ ਪੰਥਕ ਪੱਧਰ ਤੇ ਵਚਿੱਤਰ ਨਾਟਕ ਗ੍ਰੰਥ ਦੀ ਸਥਿਤੀ ਬਾਰੇ ਪਤਾ ਚਲਦਾ ਹੈ।ਉਹ ਦਿਲਚਸਪ ਗਲ ਇਸ ਪ੍ਰਕਾਰ ਦਰਜ ਹੈ:-
"ਸ਼ਬਦ ਸੁਨੈ ਗੁਰ ਹਿਤ ਚਿਤ ਲਾਇ।ਗਿਆਨ ਸ਼ਬਦ ਗੁਰ ਸੁਨੈ ਸੁਨਾਇ।
ਜੋ ਮਮ ਸਾਥ ਚਹੇ ਕਰ ਬਾਤ।ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ।੧੦।
ਜੋ ਮੁਝ ਬਚਨ ਸੁਨਨ ਕੀ ਚਾਹਿ।ਗ੍ਰੰਥ ਵਿਚਾਰ ਸੁਨਹੁ ਚਿਤ ਲਾਇ।
ਮੇਰਾ ਰੂਪ ਗ੍ਰੰਥ ਜੀ ਜਾਨ।ਇਸ ਮੈਂ ਭੇਦ ਨ ਰੰਚਕ ਮਾਨ।੧੧
ਜੋ ਮਮ ਸਾਥ ਚਹੇ ਕਰ ਬਾਤ।ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ।੧੦।
ਜੋ ਮੁਝ ਬਚਨ ਸੁਨਨ ਕੀ ਚਾਹਿ।ਗ੍ਰੰਥ ਵਿਚਾਰ ਸੁਨਹੁ ਚਿਤ ਲਾਇ।
ਮੇਰਾ ਰੂਪ ਗ੍ਰੰਥ ਜੀ ਜਾਨ।ਇਸ ਮੈਂ ਭੇਦ ਨ ਰੰਚਕ ਮਾਨ।੧੧
(ਰਹਿਤਨਾਮਾ ਭਾਈ ਨੰਦ ਲਾਲ)
ਸੰਖੇਪ ਅਰਥ:- ਸਿੱਖ ਦੀ ਰਹਿਤ ਹੈ ਕਿ ਉਹ ਸ਼ਬਦ ਸੁਣਦੇ ਹੋਏ ਗੁਰੂ ਨਾਲ ਚਿੱਤ ਜੋੜ ਅਤੇ ਸ਼ਬਦ ਵਿਚਲੇ ਗਿਆਨ ਨੂੰ ਸੁਣੇ ਅਤੇ ਉਸ ਨੂੰ ਪ੍ਰਚਾਰੇ ! ਜਿਹੜਾ ਸਿੱਖ ਮੇਰੇ ਨਾਲ ਗਲਬਾਤ ਕਰਨਾ ਚਾਹੁੰਦਾ ਹੈ ਉਹ ਆਦਿ ਗ੍ਰੰਥ ਦੀ ਬਾਣੀ ਨੂੰ ਪੜੇ ਅਤੇ ਮੰਨ ਕਰਕੇ ਸਮਝੇ ਵਿਚਾਰੇ!ਜੋ ਮੇਰੇ ਬਚਨਾ ਨੂੰ ਸੁਣਨਾ ਚਾਹੁੰਦਾ ਹੈ ਉਹ ਗ੍ਰੰਥ ਦੀ ਬਾਣੀ ਨੂੰ ਸੁਣੇ ਅਤੇ ਵਿਚਾਰੇ! ਉਹ ਬਾਣੀ ਗ੍ਰੰਥ ਨੂੰ ਹੀ ਮੇਰਾ ਰੂਪ ਜਾਣੇ ਅਤੇ ਇਸ ਵਿਚ (ਮੇਰੇ ਅਤੇ ਗ੍ਰੰਥ ਵਿਚ) ਕੋਈ ਅੰਤਰ ਨਾ ਸਮਝੇ ! (੧੧)
ਧਿਆਨ ਦੇਂਣ ਯੋਗ ਗਲ ਇਹ ਹੈ ਕਿ ਇਹ ਲਿਖਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਅਤੇ ਵਚਿੱਤਰ ਨਾਟਕ ਗ੍ਰੰਥ ਦੀ ਹੋਂਦ ਤੋਂ ਪਹਿਲਾਂ ਦੀਆਂ ਹਨ। ਇਸ ਰਹਿਤ ਨਾਮੇ ਤੋਂ ਦੋ ਅਤਿ ਮਹੱਤਵਪੁਰਣ ਗੱਲਾਂ ਸਿੱਧ ਹੁੰਦੀਆਂ ਹਨ:-
(੧) ਗੁਰੂ ਗੋਬਿੰਦ ਸਿੰਘ ਜੀ ੧੬੯੯ ਦੇ ਵਸਾਖ ਤੋਂ ਪਹਿਲਾਂ ਹੀ ਇਹ ਗੱਲ ਚੰਗੀ ਤਰਾਂ ਸਿੱਖਾਂ ਨੂੰ ਦ੍ਰਿੜ ਕਰਵਾ ਰਹੇ ਸੀ ਕਿ ਸਿੱਖਾਂ ਨੇ ਉਨਾਂ੍ਹ ਦੇ ਬਾਦ ਕੇਵਲ ਅਤੇ ਕੇਵਲ ਇੱਕੋ ਗ੍ਰੰਥ, ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅਤੇ ਕੇਵਲ ਅਤੇ ਕੇਵਲ ਉਸੇ ਗ੍ਰੰਥ ਨੂੰ ਹੀ ਗੁਰੂ ਰੂਪ ਮੰਨਣਾ ਹੈ।ਉਹ ਗੁਰੂਘਰ ਦੀ ਪਰੰਪਰਾ ਅਨੁਸਾਰ ਗੁਰੂ ਅਤੇ ਗੁਰੂ ਦੇ ਫ਼ਲਸਫ਼ੇ ਵਿਚ ਕੋਈ ਅੰਤਰ ਨਹੀਂ ਸੀ ਸਮਝਦੇ।
(੨) ੧੬੯੯ ਦੀ ਵਸਾਖ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਕਿਸੇ ਹੋਰ ਗ੍ਰੰਥ ਬਾਰੇ ਕਦਾਚਿੱਤ ਕੋਈ ਨਿਰਦੇਸ਼ ਨਹੀਂ ਸੀ
ਇਨਾਂ ਰਹਿਤ ਨਾਮਿਆਂ ਵਿਚ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਨਹੀਂ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਲਿਖਤਾਂ ੧੬੯੯ ਦੇ ਵਸਾਖ ਤੋਂ ਪਹਿਲਾਂ ੧੬੯੫ ਦੇ ਆਸ ਪਾਸ ਦੀਆਂ ਹਨ।ਵਚਿੱਤਰ ਨਾਟਕ ਦੇ ਕ੍ਰਿਤੀਤੱਵ ਬਾਰੇ ਸੁਚੱਜਾ ਕੰਮ ਕਰਨ ਵਾਲੇ ਡਾ. ਰਤਨ ਸਿੰਘ ਜੱਗੀ ਨੇ ਜਿੱਥੇ ਇਸਦੀਆਂ ਕਈ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਨਹੀਂ ਮੰਨਿਆ ਉੱਥੇ ਨਾਲ ਹੀ ਜਾਪੁ ਰਚਨਾ ਨੂੰ ਨਿਸ਼ਚਤ ਤੋਰ ਤੇ ਗੁਰੂ ਕ੍ਰਿਤ ਮੰਨਿਆ ਹੈ।ਧਿਆਨ ਵਿਚ ਰਹੇ ਕਿ 'ਬਾਣੀ' ਅਤੇ 'ਰਚਨਾ' ਵਿਚ ਅੰਤਰ ਹੁੰਦਾ ਹੈ।ਬਾਣੀ ਉਹ ਹੈ ਜੋ ਮੂਲ ਮੰਤਰ ਤੋਂ ਮੁੰਦਾਵਣੀ ਦੇ ਸਲੋਕਾਂ ਤਕ ਦਰਜ ਹੈ।ਰਚਨਾ/ਲਿਖਤ ਉਹ ਹੈ ਜੋ ਬਾਣੀ ਤੋਂ ਬਾਹਰ ਹੈ ਜਿਵੇਂ ਭਾਈ ਗੁਰਦਾਸ ਦਿਆਂ ਵਾਰਾਂ ਆਦਿ।
ਉਪਰੋਕਤ ਵਿਚਾਰਾਂ ਰਾਹੀਂ ਅਸੀਂ ਇਸ ਵਿਸ਼ਲੇਸ਼ਣ ਤਕ ਪਹੁੰਚੇ ਹਾਂ ਕਿ:-
(੧) ਸਿੱਖਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਕਿਸੇ ਹੋਰ ਗ੍ਰੰਥ ਦਾ ਕੋਈ ਐਸਾ ਵਜੂਦ ਨਹੀਂ ਸੀ ਜਿਸ ਨੂੰ ਗੁਰੂ ਵਲੋਂ ਤਰਜੀਹ ਦਿੱਤੀ ਗਈ ਸੀ ਅਤੇ
(੨) ਸਿੱਖਾਂ ਦੇ ਅੰਦਰ ਜਾਪੁ ਨੂੰ ਪੜਨ ਦਾ ਪ੍ਰਚਲਨ ਵਚਿੱਤਰ ਨਾਟਕ ਗ੍ਰੰਥ ਦੇ ਹੋਂਦ ਵਿਚ ਆਉਂਣ ਤੋਂ ਪਹਿਲਾ ਹੀ ਸੀ।ਉਹ ਇਕ ਸਵਤੰਤਰ ਰਚਨਾ ਸੀ। ਇਸ ਵਿਚ ਕੋਈ ਵੱਡੇ ਅਚਰਜ/ਇਤਰਾਜ਼ ਦੀ ਗੱਲ ਨਹੀਂ ਪ੍ਰਤੀਤ ਹੁੰਦੀ ਕਿਉਂਕਿ ੧੬੯੫ ਤੋਂ ਚਿਰ ਪਹਿਲਾਂ ਸਿੱਖਾਂ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਭਾਈ ਗੁਰਦਾਸ ਦੀਆਂ ਰਚਨਾਵਾਂ ਦੀ ਸਵਕ੍ਰਿਤੀ/ਵਰਤੋਂ ਸੀ।
ਇਹੀ ਕਾਰਨ ਪ੍ਰਤੀਤ ਹੁੰਦਾ ਹੈ ਕਿ ਦਸ਼ਮੇਸ਼ ਜੀ ਉਪਰੰਤ ਕੁੱਝ ਪ੍ਰਚਲਤ ਗੁਰੂ ਲਿਖਤਾਂ ਨੂੰ ਹੋਰ ਲਿਖਤਾਂ ਨਾਲ ਜੋੜਨ ਵਰਗੀ ਘਟਨਾਵਾਂ ਨੇ ਸਿੱਖਾਂ ਵਿਚ ਭੁੱਲੇਖਾ ਖੜਾ ਕੀਤਾ ਜਦ ਕਿ ਸੱਚਾਈ ਇਹ ਹੈ ਕਿ ਦਸ਼ਮੇਸ਼ ਗੁਰੂ ਨੇ ਕਦੇ ਵੀ ਸ਼ਬਦ ਗੁਰੂ ਗ੍ਰੰਥ ਦੇ ਮੁਕਾਬਲ ਕਿਸੇ ਹੋਰ ਗ੍ਰੰਥ ਦੀ ਰਚਨਾ ਨਹੀਂ ਕੀਤੀ/ਕਰਵਾਈ ਸੀ।ਇਸ ਲਈ ਉਸ ਵੇਲੇ ਤਕ ਕੋਮੀ ਰਹਿਤ ਵਿਚ ਵਚਿੱਤਰ ਨਾਟਕ ਦੀ ਕੋਈ ਹੋਂਦ ਨਹੀਂ ਸੀ ਅਤੇ ਨਾ ਹੀ ਉਸਦੀ ਕੋਈ ਪ੍ਰਵਾਣਤ ਸਥਿਤੀ!ਰਹੀ ਗਲ ਗੁਰੂਕਾਲ ਤੋਂ ਚਿਰ ਉਪਰੰਤ ਕੇਸਰ ਸਿੰਘ ਛਿੱਬਰ ਜੀ ਦੇ ਬਿਆਨ ਦੀ ਤਾਂ ਕਿਸੇ ਲਿਖਤੀ ਨਿਜੀ ਸੰਗ੍ਰਹ ਦੇ ਡੁੱਬ ਜਾਣ ਆਦਿ ਬਾਰੇ ਛਿੱਬਰ ਜੀ ਦੀ ਕਥਾ ਅਤੇ ਦਸਵੇਂ ਗੁਰੂ ਵਲੋਂ ਆਪਣੇ ਹੁੰਦੇ ਦ੍ਰਿੜ ਕਰਵਾਈ ਰਹਿਤ ਵਿਚ ਵੱਡਾ ਅੰਤਰ ਹੈ।
ਅੱਜ ਵੀ ਪ੍ਰਚਲਤ ਪੰਥ ਪ੍ਰਵਾਣਿਤ/ਅਧਿਕਾਰਕ ਸਿੱਖ ਰਹਿਤ ਮਰਿਆਦਾ ਵਿਚ ਵੀ ਵਿਚਿੱਤਰ ਨਾਟਕ ਦੀ ਕੋਈ ਅਧਿਕਾਰਕ ਪੰਥਕ ਸਥਿਤੀ ਨਹੀਂ ਅਤੇ ਉਸ ਵਿਚ ਇਸਦਾ ਨਾਮ ਤਕ ਵੀ ਨਹੀਂ! ਇਹ ਹੋ ਚੁੱਕਾ ਪੰਥ ਪ੍ਰਵਾਣਿਤ (ਸਵੀਕ੍ਰਤ) ਫ਼ੈਸਲਾ ਹੈ!
ਹਰਦੇਵ ਸਿੰਘ, ਜੰਮੂ
੧੪.੦੧.੨੦੧੨
No comments:
Post a Comment