Tuesday, 27 March 2012

‘ਰੱਸੇ ਅਤੇ ਰੱਸਾਕਸ਼ੀ’
 
ਹਰਦੇਵ ਸਿੰਘ, ਜੰਮੂ
 
ਰੱਸਾਕਸ਼ੀ! ਇੱਕ ਖੇਡ ਦਾ ਨਾਮ ਹੈ ਜਿਸ ਵਿੱਚ ਬੰਦੇ ਰੱਸੇ ਨੂੰ ਅਪਣੇ-ਅਪਣੇ ਪਾਸੇ ਖਿੱਚਦੇ ਹਨ। ਇਸ ਖੇਡ ਨੂੰ ਮੁਹਾਵਰੇ ਦੇ ਤੋਰ ਤੇ ਵਰਤਦੇ ਹੋਏ, ਆਪਸੀ ਸਿੱਚਤਾਨ ਨੂੰ ਵੀ ਰੱਸਾਕਸ਼ੀ ਕਿਹਾ ਜਾਂਦਾ ਹੈ। ਵੈਸੇ ਕਿਸੇ ਚੀਜ਼ ਨੂੰ ਬੰਨਣ ਲਈ ਵੀ ਰੱਸੀ ਨੂੰ ਖਿੱਚਣਾ ਪੇਂਦਾ ਹੈ। ਹੋਮ ਗਾਰਡ ਦੀ ਟ੍ਰੇਨਿੰਗ ਵੇਲੇ ਤਾਂ ਰੱਸੀ ਨੂੰ ਖਿੱਚਣ ਲਈ ਕਈ ਪ੍ਰਕਾਰ ਦਿਆਂ ਗੰਡਾਂ ਮਾਰਨ ਦੀ ਜੁਗਤ ਵੀ ਸਿਖਾਈ ਜਾਂਦੀ ਹੈ ਤਾਂ ਕਿ ਲੋੜੀਂਦੀ ਖਿੱਚ ਲਾਈ ਜਾ ਸਕੇ। ਥੋਕ ਬਾਜ਼ਾਰਾਂ ਵਿੱਚ ਮਜ਼ਦੂਰਾਂ ਦੇ ਮੋਡੀਆਂ ਤੇ ਵੀ ਰੱਸੀ ਟੰਗੀ ਰਹਿੰਦੀ ਹੈ ਜਿਸ ਨਾਲ ਉਹ ਸਾਮਾਨ ਦੀਆਂ ਪੰਡਾਂ ਨੂੰ ਕੱਸਦੇ ਹਨ।


ਯਾਨੀ ਰੱਸਾਕਸ਼ੀ ਦੇ ਭਿੰਨ-ਭਿੰਨ ਰੂਪ ਹਨ। ਇੱਕ ਰੂਪ ਹੋਰ ਹੈ! ਕਿਸੇ ਨੂੰ ਰੱਸੀ ਖਿੱਚ ਕੇ ਫ਼ਾਂਸੀ ਤੇ ਲੱਟਕਾ ਦੇਂਣਾ! ਪੈਰਾਂ ਹੇਠ ਫ਼ੱਟਾ ਹੁੰਦਾ ਹੈ ਤੇ ਗੱਲ ਚ ਗੰਡ ਲਗੀ ਰੱਸੀ! ਫ਼ੱਟਾ ਹੱਟਦਾ ਹੈ! ਸਰੀਰ ‘ਲਾ ਆਫ਼ ਮੋਸ਼ਨ’ ਅਨੁਸਾਰ ਤੀਬਰਤਾ ਦੇ ਨਾਲ ਹੇਠਾਂ ਨੂੰ ਜਾਂਦਾ ਹੈ ਤੇ ਫ਼ਿਰ ਝੱਟਕੇ ਦੇ ਨਾਲ ਰੱਸੀ ਦੀ ਗੰਡ ਕੱਸਦੀ ਹੈ। ਇਨਸਾਨ ਦੀ ਗਰਦਨ ਤੇ ਰੱਸੀ ਦੀ ਇਸ ਕੱਸ ਨੂੰ ਫ਼ਾਂਸੀ ਕਹਿੰਦੇ ਹਨ! ਇਸ ਰੱਸਾਕਸ਼ੀ ਬਾਰੇ ਗੁਰੂ ਗ੍ਰੰਥ ਜੀ ਦਾ ਫ਼ੁਰਮਾਨ ਹੈ:-



ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥ ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ {ਪੰਨਾ 1389}

ਅਰਥ:- (ਜਿਸ ਮਨੁੱਖ ਨੇ) ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ। (ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ। (ਪ੍ਰੋ. ਸਾਹਿਬ ਸਿੰਘ ਜੀ)


ਖੈਰ!
ਸਿੱਖੀ ਦੇ ਦਰਸ਼ਨ ਵਿੱਚ ਗੁਰਮਤਿ ਨੂੰ ਕਸਵਟੀ ਮੰਨਿਆਂ ਜਾਂਦਾ ਹੈ। ਸੋਨੇ ਦੀ ਪਰਖ ਲਈ ਵੀ ਕਸਵਟੀ ਲੱਗਦੀ ਹੈ। ਇਸ ਨੂੰ ਹਰ ਕੋਈ ਜਾਣਦਾ ਹੈ। ਪਰ ਅਰਬਾਂ ਲੋਕਾਂ ਦੀ ਦੁਨਿਆਂ ਵਿੱਚ ਕਸਵਟੀ ਲਗਾਉਂਣ ਵਾਲੇ ਵਿਰਲੋ ਹੀ ਹਨ ਜਿਨ੍ਹਾਂ ਨੂੰ ਸੁਨਾਰ ਕਹਿੰਦੇ ਹਨ। ਆਮ ਬੰਦਾ ਕਸਵਟੀ ਲਗਾਉਂਣ ਦੀ ਕਾਬਲੀਅਤ ਨਹੀਂ ਰੱਖਦਾ। ਕਸਵਟੀ ਹੱਥ ਵਿੱਚ ਹੋਏ ਤਾਂ ਵੀ ਕੰਮ ਦੀ ਨਹੀਂ ਜਦ ਤਕ ਕਿ ਉਸ ਨੂੰ ਲਗਾਉਂਣ ਦੀ ਸਮਝ ਨਾ ਹੋਵੇ। ਕਸਵਟੀ ਤਾਂ ਲਗਾਉਂਣ ਦੀ ਸਮਝ ਨਾਲ ਲੱਗਦੀ ਹੈ ਹੱਥ ਵਿੱਚ ਫ਼ੜ ਕੇ ਰੋਲਾ ਪਾਉਂਣ ਨਾਲ ਨਹੀਂ।


ਗੁਰਮਤਿ ਦੀ ਕਸਵਟੀ ਵਰਤਨ ਲਈ ਤਾਂ ਵਧੇਰੇ ਸਮਝ ਚਾਹੀਦੀ ਹੈ। ਵਿਰਲੇ ਹੀ ਹੋਏ ਹਨ! ! ਹਾਂ ਗੁਰਮਤਿ ਨੂੰ ਅਪਣੀ ਕਸਵਟੀ ਲਗਾਉਂਣ ਵਾਲੇ ਕਈਂ ਹਨ।


ਕੁੱਝ ਸੱਜਣ ਅਪਣੇ ਮੋਂਡੀਆਂ ਤੇ ਰੱਸੀ ਟੰਗੀ ਫਿਰ ਰਹੇ ਹਨ। ਅਪਣੀ ਰੱਸੀ ਨੂੰ ਉਹ ਕਸਵਟੀ ਸਮਝਦੇ ਹਨ ਤੇ ਅਪਣੀ ਰੱਸਾਕਸ਼ੀ ਨੂੰ ਗੁਰਮਤਿ ਦੀ ਕਸਵਟੀ ਲਗਾਉਂਣ ਦੀ ਕਸਰਤ! ਤ੍ਰਾਸਦੀ ਇਹ ਹੈ ਕਿ ਕੁੱਝ ਐਸੇ ਸੱਜਣ ਗੁਰਮਤਿ ਦੀ ਕਸਵਟੀ ਲਗਾਉਂਣ ਦੀ ਥਾਂ ਗੁਰਮਤਿ ਦੇ ਨਾਮ ਤੇ ਰੱਸਾਕਸ਼ੀ ਦੀ ਖੇਡ ਖੇਡ ਰਹੇ ਹਨ। ਇਹ ਚਿੰਤਨ ਦੇ ਰਾਹੀਂ ਵਿਦਵਤਾ ਦੇ ਖੇਤਰ ਵਿੱਚ ਰਾਜ ਕਰਨ ਜਾਂ ਅਪਣਾ ਪਾਅ ਵਧਾਉਂਣ ਦੀ ਜੁਗਤ ਹੈ। ਇਹ ਵੀ ਰਾਜਨੀਤੀ ਹੈ ਜਿਸ ਵਿੱਚ ਕੁੱਝ ਜਜ਼ਬਾਤੀ ਵੀਰਾਂ ਦੇ ਜਜ਼ਬਾਤਾਂ ਦਾ ਲਾਭ ਉਠਾਇਆ ਜਾਂਦਾ ਹੈ ਤਾਂ ਕਿ ਰੱਸੇ ਖਿੱਚੇ ਜਾ ਸਕਣ ਤੇ ਰਾਜਨੀਤੀ ਪਰਵਾਨ ਚੜੇ! ਰਾਜਨੀਤੀ ਦਾ ਅਪਣਾ-ਅਪਣਾ ਖੇਤਰ ਹੈ! ਪਰ ਹਰ ਖੇਤਰ ਵਿੱਚ ਰਾਜਨੀਤੀ ਤਾਂ ਹੈ ਹੀ ਜਿਸ ਵਿੱਚ ਸਮੀਕਰਨ ਬਣਦੇ ਬਿਗੜਦੇ ਬਦਲਦੇ ਰਹਿੰਦੇ ਹਨ।


ਜਜ਼ਬਾਤਾਂ ਅਤੇ ਅਗਿਆਨਤਾ ਦੇ ਤਖ਼ਤੇ ਤੇ ਗੁਰਮਤਿ ਦੇ ਅਧਾਰਾਂ ਨੂੰ ਖੜਾ ਕਰਕੇ, ਰੱਸੀਆਂ ਖਿੱਚਦੇ ਇਹ “ਪੰਥ ਦਰਦੀ” ਗੁਰਮਤਿ ਦੇ ਮੁੱਢਲੇ ਅਧਾਰਾਂ ਨੂੰ ਫ਼ਾਹੇ ਲਗਾਉਣ ਲਈ ਰੱਸਾਕਸ਼ੀ ਕਰ ਰਹੇ ਹਨ! ਪੰਥ ਰੱਸਾਕਸ਼ੀ ਦਾ ਸ਼ਿਕਾਰ ਹੈ। ਉਹ ਅਪਣੀ ਮਤ ਨਾਲ ਗੁਰਮਤਿ ਤੇ ਰੱਸੇ ਕੱਸਣ ਦੇ ਜਤਨ ਵਿੱਚ ਹਨ।


ਪਰ ਉਹ ਰੱਸੇਦਾਰ ਧਿਆਨ ਦੇਂਣ ਕਿ ਉਨ੍ਹਾਂ ਦਿਆਂ ਰੱਸੀਆਂ ਕੱਚੀਆਂ ਹਨ। ਗੁਰਮਤਿ ਦੀ ਰੋਸ਼ਨੀ ਵਿੱਚ ਦਲੀਲ ਅਤੇ ਤਰਕ ਦਾ ਝੱਟਕਾ ਬਰਦਾਸ਼ਤ ਕਰਨ ਦੇ ਨਾਕਾਬਲ! ! ਭੱਟਕੇ ਹੋਏ ਜਜ਼ਬਾਤ ਸਮਝਣ ਗੇ ਜ਼ਰੂਰ ਭਾਵੇਂ ਕੁੱਝ ਦੇਰ ਨਾਲ ਸਹੀ!


ਹਰਦੇਵ ਸਿੰਘ, ਜੰਮੂ
25. 03. 2012

No comments:

Post a Comment