‘ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ ਖੇਤਰ’
Oct 23,2012
(ਹਰਦੇਵ ਸਿੰਘ ਜੰਮੂ)
ਖ਼ਾਲਸੇ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਨੂੰ ਗੁਰੂ ਦਾ ਨਿਰਨਾ ਸਵੀਕਾਰ ਕੀਤੇ ਜਾਣ ਦੀ ਧਾਰਨਾ ਦਸ਼ਮੇਸ਼ ਜੀ ਨੇ ਹੀ ਦਿੱਤੀ ਸੀ ਕਿਉਂਕਿ ਦਸ਼ਮੇਸ਼ ਜੀ ਤੋਂ ਬਾਦ ਖ਼ਾਲਸੇ ਨੇ ਹੀ ਗੁਰੂ ਦੇ ਨਿਰਨੇ ਦੀ ਪਛਾਂਣ ਕਰਕੇ ਉਸ ਨੂੰ ਪ੍ਰੇਸ਼ਤ (communicate) ਕਰਨਾ ਸੀ। ਇਹੀ ਗੁਰੂ ਦੀ ਅਗੁਆਈ ਹੇਠ ਪੰਥਕ ਕਾਰ ਨੂੰ ਅੱਗੇ ਤੋਰਨ ਦੀ ਜੁਗਤ ਸੀ। ਇਹ ਗੁਰੂ ਦਾ ਆਪਣੇ ਚੇਲਿਆਂ ਤੇ ਕੀਤਾ ਇੱਕ ਐਸਾ ਵਿਸ਼ਵਾਸ ਸੀ ਜਿਸਦੀ ਮਿਸਾਲ ਸੰਸਾਰ ਦੇ ਅਧਿਆਤਮਕ ਤਲ ਤੇ ਪਹਿਲੀ ਵਾਰ ਕਾਯਮ ਹੋਈ। ਹੁਣ ਕੋਈ ਅਕ੍ਰਿਤਘਣ ਜਾਂ ਨਾਸਮਝ ਹੋਵੇ ਤਾਂ ਗਲ ਵੱਖਰੀ ਹੈ। ਇਤਹਾਸ ਵਿੱਚ ‘ਉਸ ਵਿਸ਼ਵਾਸ’ ਦੇ ਪਾਤਰ ਵੀ ਹੋਏ ਹਨ ਅਤੇ ਉਸਦੇ ਘਾਤੀ ਵੀ। ਖ਼ੈਰ!
ਗੁਰੂ ਗੋਬਿੰਦ ਸਿੰਘ ਜੀ ਉਪਰੰਤ ਗੁਰਮਤਾ ਵਿਵਸਥਾ ਰਾਹੀਂ ਕੋਮੀ ਮਸਲਿਆਂ ਬਾਰੇ ਨਿਰਨੇ ਲਏ ਜਾਂਦੇ ਸੀ।ਇਕ ਇਤਹਾਸਕਾਰ ਨੇ ਗੁਰਮਤੇ ਦੀ ਸਿਧਾਂਤਕ ਅਤੇ ਪੰਥਕ ਸਥਿਤੀ ਬਾਰੇ ਇੰਝ ਲਿਖਿਆ ਹੈ:-
“ ਜਦੇਂ ਵੀ ਪੰਥ ਨੇ ਗੁਰਮਤਾ ਕਰਕੇ ਕੋਈ ਮੁਹੀਮ ਛੇੜੀ, ਗੁਰੂ ਨੇ ਪੰਥ ਨੂੰ ਪੁਰੀ ਕਾਮਯਾਬੀ ਬਖ਼ਸ਼ੀ। ਗੁਰਮਤਾ ਪੰਥ ਦਾ ਸਮੁੱਚਾ ਫ਼ੈਸਲਾ, ਪੰਥ ਦੀ ਆਵਾਜ਼ ਹੁੰਦਾ ਹੈ।ਗੁਰਮਤਾ ਗੁਰੂ ਦੀ ਆਸੀਸ ਹੁੰਦਾ ਹੈ।ਗੁਰਮਤਾ ਕੋੰ ਦੀ ਅਰਦਾਸ ਹੁੰਦਾ ਹੈ। ਗੁਰਮਤਾ ਪੰਥਕ ਇੱਤਹਾਦ (ਏਕਤਾ),ਸਾਂਝ, ਪਿਆਰ, ਮਿਲਵਰਤਨ ਦਾ ਐਲਾਨਨਾਮਾ ਹੁੰਦਾ ਹੈ।ਗੁਰਤਾ ਗੁਰੂ ਨਾਲ ਕੀਤਾ ਹੋਇਆ ਪ੍ਰਣ ਹੈ,ਜਿਸ ਵਿਚ ਸੇਵਾ ਅਕੀਦੇ ਦਾ ਵਾਅਦਾ ਹੈ।ਗੁਰਮਤਾ ਸਿੱਖ ਕੋਮ ਦੀ ਲਾਸਾਨੀ ਜਮਾਤ ਦੀ ਨਿਸ਼ਾਨੀ ਤੇ ਹਸਤੀ ਹੈ।
ਗੁਰਮਤੇ ਤੇ ਅਮਲ ਕਰਨਾ ਹਰ ਸਿੱਖ ਦਾ ਫ਼ਰਜ਼ ਹੈ।ਅਜਿਹੇ ਸਿੱਖ ਨੂੰ ਗੁਰੂ ਦੀ ਬਖ਼ਸ਼ੀਸ਼ ਹਾਸਿਲ ਹੁੰਦੀ ਹੈ।ਅਕਾਲ ਤਖ਼ਤ ਤੋਂ ਜਾਰੀ ਹੋਂਣ ਮਗਰੋਂ ਇਹ ਗੁਰਮਤਾ ਹੁਕਮਨਾਮਾ ਬਣ ਜਾਂਦਾ ਹੈ ਤੇ ਇਸ ਨੂੰ ਗੁਰੂ ਦੀ ਮੋਹਰ ਵਾਲੀ ਥਾਂ ਹਾਸਿਲ ਹੁੰਦੀ ਹੈ।ਇੰਝ ਇਹ ਗੁਰੂ ਦਾ ਨਿਸਾਣੁ ਹੋ ਜਾਂਦਾ ਹੈ”
ਖ਼ੈਰ, ਇਸ ਸੰਖੇਪ ਚਰਚਾ ਵਿਚ ਅਸੀਂ ਕੇਵਲ ਗੁਰਮਤੇ ਬਾਰੇ ਖ਼ਾਲਸੇ ਦੇ ਅਧਿਕਾਰ ਖੇਤਰ ਦੀ ਵਿਚਾਰ ਕਰਨ ਦਾ ਜਤਨ ਕਰੀਏ!
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਸ਼ਮੇਸ਼ ਜੀ ਨੇ ਪੰਥ ਨੂੰ ਵਿਸ਼ੇਸ਼ ਅਧਿਕਾਰ ਨਾਲ ਨਿਵਾਜਿਆ ਸੀ ਅਤੇ ਇਸੇ ਲਈ ਪੰਥ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਗੁਰੂ ਦਾ ਨਿਰਨਾ ਕਰਕੇ ਸਵੀਕਾਰ ਕੀਤੇ ਜਾਂਦੇ ਰਹੇ।ਪਰ ਗੁਰਮਤਾ ਕਰਨ ਵੇਲੇ ਪੰਥ ਦੇ ਅਧਿਕਾਰ ਖ਼ੇਤਰ ਦੀ ਵੀ ਇਕ ਸੀਮਾ ਸੀ ਜਿਸ ਨੂੰ ਸਿੱਖ ਰਹਿਤ ਮਰਿਆਦਾ ਰਾਹੀਂ ਵਧੇਰੇ ਸਪਸ਼ਟ ਕੀਤਾ ਗਿਆ।
ਸਿੱਖ ਰਹਿਤ ਮਰਿਆਦਾ ਵਿਚ ਗੁਰਮਤਾ ਕਰਨ ਦਾ ਜ਼ਿਕਰ ਹੈ।ਇਸਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-
“ ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ‘ਤੇ ਹੀ ਹੋ ਸਕਦਾ ਹੈ, ਜੋ ਕਿ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਂਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਯਮ ਰੱਖਣ ਬਾਬਤ..”
ਸਿੱਖ ਰਹਿਤ ਮਰਿਆਦਾ ਦੀ ਇਹ ਮੱਧ ਬੜੀ ਦੁਰਅੰਦੇਸ਼ ਅਤੇ ਗੁਰਮਤਿ ਸਿਧਾਤਾਂ ਦੇ ਅਨੁਕੂਲ ਹੈ।ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ਸਿੱਖ ਦੇ ਮੁੱਢਲੇ ਅਸੂਲਾਂ ਅਤੇ ਉਨ੍ਹਾਂ ਪ੍ਰਤੀ ਪੰਥ ਦੇ ਅਧਿਕਾਰ ਖੇਤਰ ਤੋਂ ਚੰਗੀ ਤਰਾਂ ਜਾਣੁ ਸਨ।ਖ਼ਾਲਸਾ ਦਾ ਵਲੋਂ ਕੀਤਾ ਨਿਰਨਾ ਕੇਵਲ ਉਸ ਸੁਰਤ ਵਿਚ ਹੀ ਗੁਰੂ ਦਾ ਨਿਰਨਾ ਹੋ ਸਕਦਾ ਸੀ ਜਿਸ ਵੇਲੇ ਉਹ ਨਿਰਨਾ ਹੇਠ ਲਿਖਿਆ ਮੁੱਢਲੀਆਂ ਗਲਾਂ ਦੀ ਪੁਸ਼ਟੀ (ਪ੍ਰੋਢਤਾ/ਸੱਤਯਾਪਨ/ਅਨੁਮੋਦਨ) ਕਰਦਾ ਹੋਵੇ:-
-
ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ!
-
ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ!
-
ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ!
-
ਰਹਿਤ-ਬਹਿਤ ਦੀ ਪੁਸ਼ਟੀ ਲਈ!
-
ਪੰਥਕ ਬਨਾਵਟ ਦੀ ਪੁਸ਼ਟੀ ਲਈ!
ਆਉ ਜ਼ਰਾ ਇਨ੍ਹਾਂ ਨੁਕਤਿਆ ਨੂੰ ਸੰਖ਼ੇਪ ਵਿਚਾਰਨ ਦਾ ਜਤਨ ਕਰੀਏ:-
ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ:-
ਖ਼ਾਲਸਾ ਪੰਥ ਨੂੰ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦੇ ਵਿਰੋਧ ਵਿਚ ਭੁਗਤਦਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।ਖ਼ਾਲਸਾ ਪੰਥ ਕੇਵਲ ਦਾਸ ਗੁਰੂ ਸਾਹਿਬਾਨ ਦੀ ਗੁਰਤਾ ਪਦਵੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦਾ ਅਨੁਮੋਦਨ ਕਰ ਲਈ ਪਾਬੰਦ ਹੈ। ਨਾ ਤਾਂ ਦਸ ਗੁਰੂ ਸਾਹਿਬਾਨ ਜੀ ਦੀ ਗੁਰਤਾ ਪਦਵੀ ਬਾਰੇ ਤਰਮੀਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬਾਰੇ। ਗੁਰੂਆਂ ਦੀ ਗਿਣਤੀ ਵਿਚ ਕਿਸੇ ਵਾਧੇ-ਘਾਟੇ ਦਾ ਮਤਾ ਕਰਨਾ ਖ਼ਾਲਸੇ ਦੇ ਅਧਿਕਾਰ ਖੇਤਰ ਵਿਚ ਨਹੀਂ।
ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਹਟਾਉਂਣ ਜਤਨ ਹੋ ਰਹੇ ਹਨ ਅਤੇ ਇਹ ਜਤਨ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਵਲੋਂ ਹੋ ਰਹੇ ਹਨ।
ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ:-
ਬੀੜ ਦੀ ਨਿਰੋਲਤਾ ਤੋਂ ਭਾਵ ਹੈ ਕਿ ਬੀੜ ਵਿਚੋਂ ਕਿਸੇ ਬਾਣੀ ਆਦਿ ਦਾ ਵਾਧਾ-ਘਾਟਾ ਜਾਂ ਬਾਣੀ ਦੀ ਤਰਮੀਮ ਵਿਚ ਤਬਦੀਲੀ ਦਾ ਅਧਿਕਾਰ ਖ਼ਾਲਸੇ ਪਾਸ ਨਹੀਂ।
ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਲਈ ਕੁੱਝ ਬਾਣੀਆ ਤੇ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ।ਇਹ ਜਤਨ ਵੀ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਕੁੱਝ ਧਿਰਾਂ ਵਲੋਂ ਹੋ ਰਹੇ ਹਨ।
ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ:-
ਇਸ ਤੋਂ ਭਾਵ ਇਹ ਹੈ ਕਿ ਖ਼ਾਲਸਾ ਕਦੇ ਇਹ ਨਿਰਨਾ ਨਹੀਂ ਕਰ ਸਕਦਾ ਕਿ ਖੰਡੇ ਦਾ ਅੰਮ੍ਰਿਤ ਗੁਰਮਤਿ ਸਿਧਾਂਤ ਦਾ ਅੰਗ ਨਹੀਂ ਅਤੇ ਇਸ ਦੀ ਲੋੜ ਨਹੀਂ।ਕਿਸ ਵਲੋਂ ਨਿਜੀ ਰੂਪ ਵਿਚ ਖੰਡੇ ਦਾ ਅੰਮ੍ਰਿਤ ਗ੍ਰਹਣ ਕਰਨਾ ਜਾਂ ਨਾ ਕਰਨਾ ਨਿਜੀ ਗਲ ਹੈ ਪਰੰਤੂ ਖੰਡੇ ਦੇ ਅੰਮ੍ਰਿਤ ਦੇ ਵਿਰੋਧ ਵਿਚ ਭੁਗਦਤਾ ਮਤਾ ਗੁਰਮਤਾ ਨਹੀਂ ਹੋ ਸਕਦਾ ਅਤੇ ਖ਼ਾਲਸਾ ਪੰਥ ਨੂੰ ਐਸਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।
ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਕੁੱਝ ਸੱਜਣ ਆਪਣੀ ਨਿਜੀ ਵਿਚਾਰਾਂ ਨੂੰ ਦਸ਼ਮੇਸ਼ ਜੀ ਵਲੋਂ ਦਿੱਤੀ ਜੁਗਤ ਨੂੰ ਬਦਲਣ ਲਈ ਵਰਤ ਰਹੇ ਹਨ
ਰਹਿਤ-ਬਹਿਤ ਦੀ ਪੁਸ਼ਟੀ ਲਈ:-
ਇਸ ਤੋਂ ਭਾਵ ਇਹ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਨੂੰ ਬਦਲਣ ਦਾ ਅਧਿਕਾਰ ਖ਼ਾਲਸਾ ਪੰਥ ਨੂੰ ਨਹੀਂ ਹੈ। ਯਾਨੀ ਕਿ ਗੁਰੂ ਵਲੋਂ ਦਿੱਤੇ ਪੰਜ ਕਕਾਰਾਂ ਵਿਚ ਤਬਦੀਲੀ ਜਾਂ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ।ਮਿਸਾਲ ਦੇ ਤੌਰ ਤੇ ਖ਼ਾਲਸਾ ਪੰਥ ਇਹ ਮਤਾ ਨਹੀਂ ਕਰ ਸਕਦਾ ਕਿ ਕੇਸ ਰੱਖਣਾ ਗੁਰਮਤਿ ਨਹੀਂ! ਖ਼ਾਲਸਾ ਪੰਥ ਇਹ ਮਤਾ ਵੀ ਨਹੀਂ ਕਰ ਸਕਦਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਦੀ ਥਾਂ ਹੋਰ ਪੱਧਤੀ ਵਰਤੀ ਜਾਏ ਜਾਂ ਉਸ ਨੂੰ ਬੰਦ ਕੀਤਾ ਜਾਏ।
ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਖੰਡੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਬਾਰੇ ਕਈ ਕਿਸਮ ਦੇ ਭੁਲੇੱਖੇ ਖੜੇ ਕਰਨ ਦੇ ਜਤਨ ਹੋ ਰਹੇ ਹਨ!
ਪੰਥਕ ਬਨਾਵਟ ਦੀ ਪੁਸ਼ਟੀ ਲਈ:-
ਇਸ ਤੋਂ ਭਾਵ ਇਹ ਹੈ ਕਿ ਖ਼ਾਲਸੇ ਦਾ ਕੋਈ ਇੱਕਠ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੀ ਹੋਂਦ ਅਤੇ ਗੁਰੂਆਂ ਵਲੋਂ ਉਸਦੀ ਘੱੜੀ ਹੋਈ ਬਨਾਵਟ ਨੂੰ ਬਦਲਿਆ ਜਾਏ।ਗੁਰੂਆਂ ਨੇ ਸਿੱਖਾਂ ਨੂੰ ‘ਇਕ ਪੰਥ’ ਦੀ ਧਾਰਨਾ ਦਿੱਤੀ ਸੀ।ਕਿਸੇ ਇੱਕਠ ਨੂੰ ਇਹ ਅਧਿਕਾਰ ਨਹੀਂ ਕਿ ਉਹ ‘ਇੱਕ ਪੰਥ’ ਦੇ ਗੁਰਮਤੀ ਸਿਧਾਂਤ ਨੂੰ ਭੰਗ ਕਰਦੇ ਹੋਏ ਪੰਥ ਦੇ ਅੰਦਰ ਜਾ ਬਾਹਰ ਕਿਸੇ ਹੋਰ ਪੰਥਕ ਸ਼ਾਖਾ ਨੂੰ ਘੜਨ ਦਾ ਮਤਾ ਕਰੇ।ਗੁਰੂਆਂ ਵਲੋਂ ਘੜੀ ਪੰਥਕ ਬਨਾਵਟ ਵਿਚ ਸਿੱਖਾਂ ਦਾ ਇਕ ਕੋਮੀ ਕੇਂਦਰ ਦਰਬਾਰ ਸਾਹਿਬ ਹੈ ਅਤੇ ਸ਼੍ਰੀ ਅਕਾਲ ਤਖ਼ਤ ਹੈ ਜਿਸਦੀ ਹੋਂਦ ਤੋਂ ਮੁਨਕਰ ਹੋਣ ਦਾ ਮਤਾ ਕਿਸੇ ਵੀ ਇਕੱਠ ਵਿਚ ਨਹੀਂ ਹੋ ਸਕਦਾ।
ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੇ ਸਿਧਾਂਤ ਦੇ ਅੰਤਰਗਤ ਕੀਤੇ ਪ੍ਰਬੰਧਾਂ ਦੀ ਹੋਂਦ ਨੂੰ ਢਾਹ ਲਾਉਣ ਦੇ ਜਤਨ ਹੋ ਰਹੇ ਹਨ।
ਕੁਲ ਮਿਲਾ ਕੇ ਪਤਾ ਚਲਦਾ ਹੈ ਕਿ ਕੁੱਝ ਉਤਾਵਲੇ ਸੱਜਣ ਆਪਣੀ ਨਾਸਮਝੀ ਵਿਚ ਉਨ੍ਹਾਂ ਮੁੱਢਲੇ ਅਸੂਲਾਂ ਬਾਰੇ ਵੀ ਬਚਕਾਨੀਆਂ ਗਲਾਂ ਕਰਦੇ ਹਨ ਜਿਨ੍ਹਾਂ ਦੇ ਵਿਰੋਧ ਵਿਚ ਕੋਈ ਵੀ ਮਤਾ, ਗੁਰਮਤਾ ਕਹਿਆ ਹੀ ਨਹੀਂ ਜਾ ਸਕਦਾ।ਉਹ ਇੰਝ ਦਾ ਵਰਤਾਵ ਕਰ ਰਹੇ ਹਨ ਜਿਵੇਂ ਕਿ ਉਹ ਸਿੱਖੀ ਦੇ ਆਖਰੀ ਸਿਰੇ ਤੇ ਖੜੇ ਹਨ ਜਿਸ ਤੋਂ ਅੱਗੇ ਨਾ ਤਾਂ ਕੋਈ ਸਿੱਖੀ ਹੋਂਣੀ ਹੈ ਅਤੇ ਨਾ ਹੀ ਸਿੱਖੀ ਨਾਲ ਜੁੜੀ ਕਿਸੇ ਪੰਥਕ ਵਿਵਸਥਾ ਦੀ ਲੋੜ। ਉਹ ਇਹ ਵੀ ਦਰਸਾਉਂਦੇ ਹਨ ਕਿ ਉਨ੍ਹਾਂ ਦੇ ਵਿਚਾਰਾਂ ਤੋਂ ਪਹਿਲਾਂ ਕਿਸੇ ਨੂੰ ਵੀ ਸਿੱਖੀ ਦਾ ਗਿਆਨ ਨਹੀਂ ਸੀ ਇਸ ਕਰਕੇ ਸਭ ਕੁੱਝ ਗਲਤ ਹੀ ਹੁੰਦਾ ਆਇਆ ਹੈ।ਉਹ ਇਹ ਸਮਝਣ ਵਿਚ ਅਸਮਰਥ ਹਨ ਕਿ ਸਿੱਖੀ ਅਤੇ ਪੰਥਕ ਜੁਗਤ ਸਦੀਵੀਂ ਚਲਣ ਵਾਲੀਆਂ ਗਲਾਂ ਹਨ।ਉਹ ਸਿੱਖੀ ਨੂੰ ਕੇਵਲ ਆਪਣੇ ਜੀਵਨ ਨਾਲ ਸਬੰਧਤ ਸਮਝ ਕੇ ਤੁਰ ਰਹੇ ਹਨ।
ਉਨ੍ਹਾਂ ਸੱਜਣਾ ਦਾ ਹੋਮ ਵਰਕ ਇਤਨਾ ਵੀ ਨਹੀਂ ਕਿ ਉਹ ਨਾਸਮਝੀਆਂ ਕਰਨ ਤੋਂ ਪਹਿਲਾਂ ਗੁਰਮਤੇ ਦੀ ਧਾਰਨਾ, ਖ਼ਾਲਸੇ ਦੇ ਅਧਿਕਾਰ ਖੇਤਰ ਅਤੇ ਦੋਹਾਂ ਗਲਾਂ ਦਰਮਿਆਨ ਗੁਰੂਆਂ ਵਲੋਂ ਸਥਾਪਤ ਕੀਤੇ ਸੰਤੁਲਨ ਬਾਰੇ ਵਿਚਾਰ ਕਰ ਸਕਣ।
-ਹਰਦੇਵ ਸਿੰਘ, ਜੰਮੂ
No comments:
Post a Comment