Saturday, 2 February 2013

'ਅਰਥਾਂ ਦੇ ਅਨਰਥ'
ਹਰਦੇਵ ਸਿੰਘ,ਜੰਮੂ

ਸ਼ਬਦ-ਅਰਥ ਵਿਸ਼ਾ ਤਾਂ ਗਹਿਰਾ ਹੈ ਪਰ, ਸੰਖੇਪ ਵਿਚ, ਸ਼ਬਦਾਂ ਦੇ ਅਰਥ ਸ਼ਬਦਕੋਸ਼ਾਂ ਵਿਚੋਂ ਵੇਖੇ ਜਾਂਦੇ ਹਨ।ਕਿਸੇ ਸ਼ਬਦ ਦਾ ਅਨਰਥ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਸ ਨੂੰ ਗਲਤ ਪਰਿਪੇਖ ਵਾਸਤੇ ਵਰਤ ਲਿਆ ਜਾਏ। ਮਸਲਨ, ਆਮ ਤੌਰ ਤੇ 'ਪੁਰਸ਼' ਸ਼ਬਦ ਨੂੰ ਜੇ ਕਰ ਕਿਸੇ 'ਇਸਤਰੀ' ਵਾਸਤੇ ਵਰਤਿਆ ਜਾਏ ਤਾਂ ਇਹ 'ਪੁਰਸ਼' ਸ਼ਬਦ ਦਾ ਅਨਰਥ ਹੋਵੇਗਾ।


ਇਸ ਤੋਂ ਛੁੱਟ, ਜੇ ਕਰ ਕਿਸੇ ਸ਼ਬਦ ਦਾ ਉਹ ਅਰਥ ਕੱਡ ਲਿਆ ਜਾਏ, ਜੋ ਸ਼ਬਦਕੋਸ਼ਾਂ ਵਿਚ ਨਾ ਹੋਵੇ, ਤਾਂ ਵੀ ਇਹ ਅਨਰਥ ਹੋਵੇਗਾ। ਮਸਲਨ, ਜੇ ਕਰ 'ਅਸ਼ਵ' ਦਾ ਅਰਥ ਕਿਸੇ ਸ਼ਬਦਕੋਸ਼ ਵਿਚ 'ਘੋੜੇ' ਕਰਕੇ ਨਾ ਹੋਵੇ ਤਾਂ 'ਅਸ਼ਵ' ਲਈ 'ਘੋੜੇ' ਸ਼ਬਦ ਦੀ ਵਰਤੋਂ ਗਲਤ ਕਹੀ ਜਾਏਗੀ।ਪਰ ਜੇ ਕਰ 'ਘੋੜੇ' ਸ਼ਬਦ ਦਾ ਅਰਥ, ਸ਼ਬਦਕੋਸ਼ ਵਿਚ 'ਅਸ਼ਵ' ਕਰਕੇ ਹੈ ਤਾਂ ਕੋਈ ਵੀ ਵਿਦਵਾਨ ਇਹ ਨਹੀਂ ਕਹਿ ਸਕਦਾ ਕਿ 'ਅਸ਼ਵ' ਸ਼ਬਦ 'ਘੋੜੇ' ਸ਼ਬਦ ਦਾ ਅਨਰਥ ਹੈ।


ਇਵੇਂ ਹੀ ਅਸੀਂ ਦੋ ਸ਼ਬਦ ਵਿਚਾਰੀਏ, ਮਸਲਨ (੧) ਲੰਗੜਾ ਅਤੇ (੨) ਅੰਨਾ!


ਜੇ ਕਰ ਕੋਈ 'ਲੰਗੜੇ' ਦਾ ਅਰਥ ਆਪਣੇ ਵਲੋਂ ਹੀ 'ਦੋ ਲਤਾਂ' ਵਾਲਾ ਕਰ ਦੇਵੇ, ਤਾਂ ਇਸ ਅਰਥ ਨੂੰ ਅਨਰਥ ਕਿਹਾ ਜਾਏਗਾ।ਇਵੇਂ ਹੀ ਜੇ ਕਰ ਕੋਈ 'ਅੰਨੇ' ਸ਼ਬਦ ਦਾ ਅਰਥ, ਆਪਣੇ ਵਲੋਂ ਹੀ 'ਦੋ ਅਖਾਂ' ਵਾਲਾ ਕਰ ਦੇਵੇ ਤਾਂ ਇਸ ਨੂੰ ਵੀ ਅਨਰਥ ਕਿਹਾ ਜਾਏਗਾ।
ਪਰ ਜੇ ਕਰ ਕੋਈ ਸਿੱਖ ਲੰਗੜੇ ਨੂੰ 'ਸੁਚਾਲਾ' ਕਹਿੰਦਾ ਹੈ ਜਾਂ ਅੰਨੇ ਨੂੰ 'ਸੂਰਮਾ' ਕਹਿੰਦਾ ਹੈ ਤਾਂ ਵਿਚਾਰਨ ਵਾਲੀ ਗਲ ਹੈ ਕਿ, ਕੀ ਐਸਾ ਕਹਿ ਕੇ ਕੋਈ ਅਨਰਥ ਵਾਪਰਦਾ ਹੈ? 

ਇਸ ਸਵਾਲ ਦੇ ਜਵਾਬ ਲਈ ਸਾਨੂੰ ਸ਼ਬਦਕੋਸ਼ ਵੇਖਣਾ ਪਵੇਗਾ।

ਮਹਾਨਕੋਸ਼ ਵਿਚ 'ਸੁਚਾਲਾ' ਦਾ ਅਰਥ ਹੈ= ਲੰਗੜਾ, ਡੁੱਡਾ ਆਦਿ
ਅਤੇ 'ਸੂਰਮਾ' ਦਾ ਅਰਥ ਹੈ =  ਅੰਧਾ, ਨੇਤ੍ਰਹੀਨ 


ਹੋਰ ਸ਼ਬਦਕੋਸ਼ਾਂ ਵਿਚ ਵੀ 'ਸੂਰਮਾ' ਦਾ ਅਰਥ ਅੰਧਾ ਅਤੇ ਸੁਚਾਲਾ ਦਾ ਅਰਥ ਲੰਗੜਾ ਕਰਕੇ ਹੈ।


ਨਾ ਤਾਂ ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਇਨਾਂ੍ਹ ਸ਼ਬਦਾਂ ਦੇ ਅਰਥ ਆਪਣੇ ਵਲੋਂ ਹੀ ਕਰ ਦਿੱਤੇ ਸੀ, ਅਤੇ ਨਾ ਹੀ ਸਿੱਖ ਇਨਾਂ੍ਹ ਦੀ ਵਰਤੋਂ ਬਿਨਾਂ੍ਹ ਅਰਥ ਸਮਝੇ, ਅਨਰਥ ਕਰਕੇ ਕਰਦੇ ਹਨ।ਇਹ ਸ਼ਬਦ ਸਦਿਆਂ ਤੋਂ ਵਰਤੋਂ ਵਿਚ ਤੁਰਦੇ ਆਏ ਹਨ।ਅਤੇ ਯਕੀਨਨ, ਲੰਗੜੇ ਲਈ ਸੁਚਾਲਾ, ਅਤੇ ਅੰਨੇ ਲਈ ਸੂਰਮਾ ਕਰਕੇ ਵਰਤੇ ਜਾਂਦੇ  ਇਹ ਸ਼ਬਦ, ਸਮਾਜ ਵਲੋਂ ਕਿਸੇ ਮਨੁੱਖ ਦੀ ਸ਼ਰੀਰਕ ਅਸਮਰਥਾ ਨੂੰ, ਅਦਬ ਨਾਲ ਪੁਕਾਰਨ ਦੀ ਸੱਭਿਯ ਵ੍ਰਿਤੀ ਦਾ ਸੂਚਕ ਹਨ।


ਇਵੇਂ ਹੀ ਸਿੱਖੀ ਦੇ ਇਤਹਾਸ ਵਿਚ ਜਿੱਥੇ ਸਿੱਖਾਂ ਨੇ 'ਤੇਗ ਚਲਾਈ' (ਸੰਘਰਸ਼ ਕੀਤਾ), ਉੱਥੇ ਹੀ ਕਈਂ ਵਾਰ ਅਤਿ ਦੇ ਕਠਿਨ ਹਾਲਾਤਾਂ ਵਿਚ ਆਪਣੇ ਗਲ ਪਏ, ਆਪਣੇ ਹੀ ਬੱਚਿਆਂ ਦੇ ਟੋਟੇਆਂ ਨੂੰ ਦੇਖ ਕੇ ਵੀ 'ਅਣਡਿੱਠ' ਕੀਤਾ!ਕੀ ਐਸੀ ਅਣਡਿੱਠਤਾ ਅੰਧਲੀ ਸੀ? ਨਹੀਂ, ਐਸਾ ਅਣਡਿੱਠ ਕਰਨ ਵਾਲੀਆਂ ਅਖਾਂ ਦੇ ਸਾ੍ਹਮਣੇ ਉਸ ਵੇਲੇ ਗੁਰੂ ਸੀ।ਉਹ ਅੰਨੇ ਨਹੀਂ ਸੂਰਮੇ ਸਨ! ਯਾਨੀ ਕਿ ਉਹ ਖੌਫ਼ਨਾਕ ਤਸ਼ਦਤਾਂ ਦੇਖ ਕੇ ਵੀ ਅਣਡਿੱਠ ਕਰਨ ਵਾਲੇ ਬਹਾਦਰ ਸਨ।ਫ਼ਿਰ ਉਨਾਂ੍ਹ ਦੀ ਉਸ ਕਮਾਈ ਨੂੰ ਧਿਆਨ ਵਿਚ ਲਿਆਉਂਣਾ ਕੋਈ ਅਨਰਥ ਨਹੀਂ।ਹਾਂ ਇਸ ਭਾਵ ਨੂੰ ਨਾ ਸਮਝਣ ਵਿਚ ਅਰਥਾਂ ਦਾ ਅਨਰਥ ਹੈ।


ਹਰਦੇਵ ਸਿੰਘ,ਜੰਮੂ-੨.੨.੨੦੧੩

No comments:

Post a Comment