‘੧’ ਦਾ ਅਰਥ
ਹਰਦੇਵ
ਸਿੰਘ,ਜੰਮੂ
ਗਿਣਤੀ ਵਿਚ ਪਹਿਲਾ , ਇਕੱਲਾ, ਲਾਸਾਨੀ, ਅਦੁਤੀ ਆਦਿ ਅਤੇ ਪਾਰਬ੍ਰਹਮ ਕਰਤਾਰ, ਜਿਵੇਂ ਕਿ:-
‘ਇਕ ਦੇਖਿਆ ਇਕ ਮੰਨਿਆ’ ( ਵਾਰ ਗਉੜੀ, ਮਹਲਾ ੪)
ਇਸ ਤੋਂ ਇਲਾਵਾ ‘੧’ ਨੂੰ ਫ਼ਾਰਸੀ ਵਿਚ ‘ਯਕ’ ਅਤੇ ਅੰਗ੍ਰੇਜ਼ੀ ਵਿਚ ‘ਵਨ’ (One) ਵੀ ਕਹਿੰਦੇ ਹਨ।ਇੰਝ ਹੀ ਹੋਰ ਭਾਸ਼ਾਵਾਂ ਵਿਚ ਇਸ ਨੂੰ ਬੋਲਣ ਲਈ ਹੋਰ ਸ਼ਬਦ ਵੀ ਹੋ ਸਕਦੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘੧’ ਦਾ ਇਸਤੇਮਾਲ ਸੁਚਨਾਤਮਕ ਸੰਖਿਆ ਦੇ ਨਾਲ-ਨਾਲ ਅਧਿਆਤਮਕ ਦਰਸ਼ਨ ਦੇ ਪ੍ਰਗਟਾਵੇ ਲਈ ਵੀ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਿਆ ਗਿਆ ਪਹਿਲਾ ਸ਼ਬਦਾਂਸ਼ ਹੈ।
ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿਚ ‘੧’ ਦੀ ਵਰਤੋਂ ਦਾ ਇਕ ਹੋਰ ਅਦੁਤੀ ਪੱਖ ਵੇਖਣ ਨੁੰ ਮਿਲਦਾ ਹੈ, ਜਿਸ ਵਿਚ ਇਹ ਸੰਖਿਆ, ਇਕ ਸ਼ਬਦ (ਇੱਕ) ਦੇ ਰੂਪ ਵਿਚ ਵੱਖਰੇ ਹੀ ਨਜ਼ਾਰੇ ਦਾ ਰੂਪ ਲੇ, ਸਿੱਖੀ ਦੇ ਇਕ ਮੁੱਡਲੇ ਸਿਧਾਂਤ ਦੀ ਵਿਆਖਿਆ ਵੱਲ ਅਗ੍ਰਸਰ ਹੁੰਦੀ ਜਾਂਦੀ ਹੈ।
ਜ਼ਰਾ ਵੇਖੀਏ ਕਿ ਇਹ ‘੧’, ਉਸ ਵੇਲੇ ਕੀ ਅਰਥ ਧਾਰਨ ਕਰਦਾ ਹੈ, ਜਿਸ ਵੇਲੇ ਇਸ ਤੋਂ ਪਹਿਲਾਂ ‘ਮਹਲਾ’ ਸ਼ਬਦ ਆ ਜੁੜਦਾ ਹੈ।‘ਮਹਲਾ ੧’ ਯਾਨੀ ਕਿ ਗੁਰੂ ਨਾਨਕ! ਇੱਥੇ ‘੧’ ਦਾ ਅਰਥ ‘ਗੁਰੂ ਨਾਨਕ’ ਹੋ ਜਾਂਦਾ ਹੈ! ‘ਇਕ’ ਦਾ ਇਹ ਅਰਥ ਹੀ ‘੨’ ਨੂੰ ਗੁਰੂ ਅੰਗਦ ਕਰਕੇ ਪਰਿਭਾਸ਼ਤ ਕਰਦਾ ਹੈ।ਇੰਝ ਹੀ ‘ਮਹਲਾ’ ਸ਼ਬਦ ਉਪਰੰਤ ‘੩’ ‘੪’ ‘੫’ ਦਿਆਂ ਗਣਿਤ ਸੰਖਿਆਵਾਂ ਦਾ ਅਰਥ ਗੁਰੂ ਸਾਹਿਬਾਨ ਦੇ ਨਾਮ ਵਿਚ ਬਦਲਦਾ ਜਾਂਦਾ ਹੈ। ਫ਼ਿਰ ਜਿਸ ਵੇਲੇ ਮਹਲਾ ‘੨’ ‘੩’ ‘੪’ ਜਾਂ ‘੫’ ਬਾਣੀ ਉਚਾਰਦੇ ਹੋਏ ‘ਨਾਨਕ’ ਨਾਮ ਦੀ ਵਰਤੋਂ ਕਰਦੇ ਹਨ, ਤਾਂ ਉਹ ‘੨’ ‘੩’ ‘੪’ ‘੫’ ਤੋਂ ‘੧’ ਵੀ ਹੋ ਜਾਂਦੇ ਹਨ।ਇਸ ਵਿਚ ‘੧’ ਦੇ ਪ੍ਰਕਾਸ਼ ਦੇ ਉਤਰਨ ਅਤੇ ਫ਼ੈਲਣ ਦਾ ਆਲੋਕਿਕ ਮੰਜ਼ਰ ਦ੍ਰਿਸ਼ਟਮਾਨ ਹੁੰਦਾ ਪ੍ਰਤੀਤ ਹੁੰਦਾ ਹੈ।
-ਹਰਦੇਵ ਸਿੰਘ,ਜੰਮੂ
No comments:
Post a Comment