ਖੰਡੇ ਦੇ ਅੰਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
'ਖੰਡੇ ਦਾ ਅੰਮ੍ਰਿਤ' ਜਾਂ 'ਖੰਡੇ ਦੀ ਪਾਹੁਲ' ਵਿਸ਼ੇ ਤੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਦੇ ਵਿਚਾਰ, ਸੰਕੀਰਣਤਾ ਅਤੇ ਉਸ ਭੁੱਲੇਖੇ ਨਾਲ ਅੋਤ-ਪ੍ਰੋਤ ਸਨ, ਜੋ ਉਨਾਂ ਨੂੰ 'ਚਰਣਾਮ੍ਰਿਤ' ਸ਼ਬਦ ਦੇ ਅਰਥ ਵੇਖਣ ਵੇਲੇ ਲੱਗਾ ਸੀ।ਉਹ ‘ਮਹਾਨਕੋਸ਼’ ਵਿਚ ‘ਚਰਣਾਮ੍ਰਿਤ’ ਸ਼ਬਦ ਦੀ ਐਂਟਰੀ ਸਬੰਧਤ ਹੇਠ ਲਿਖੇ ਫੁਟਨੋਟ ਨੂੰ ਨਜ਼ਰਅੰਦਾਜ਼ ਕਰ ਗਏ ਸੀ।ਬ੍ਰਾਹਮਣਵਾਦ ਨਾਲੋਂ ਗੁਰਮਤਿ ਅਨੁਸਾਰ ਵਾਜਬ ਅਸਹਿਮਤੀ ਦੀ ਥਾਂ, ਨਫ਼ਰਤ ਜਿਹੀ ਭਾਵਨਾ ਨੇ ਲੇ ਲਈ, ਜਿਸ ਕਾਰਣ ਉਹ ਹੇਠ ਲਿਖੇ ਬਾਣੀ ਦੇ ਬਚਨ ਨਾ ਵਿਚਾਰ ਸਕੇ, ਜਿੱਥੇ ਅੰਮ੍ਰਿਤ ਸ਼ਬਦ ਨੂੰ ਇਕ ਵੱਖਰੇ ਸੰਧਰਭ ਵਿਚ ਇੰਝ ਵੀ ਉਚਾਰਿਆ ਗਿਆ:-
ਨਿੰਮੁ ਬਿਰਖੁ ਬਹੁ ਸੰਚਿਐ ਅੰਮ੍ਰਿਤ ਰਸੁ ਪਾਇਆ॥ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧ ਪੀਆਇਆ॥ ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ॥ ਬਿਖੁ ਮਹਿ ਅੰਮ੍ਰਿਤ ਸਿੰਚੀਐ ਬਿਖੁ ਕਾ ਫਲੁ ਪਾਇਆ॥ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ॥(ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੨੪੪)
ਪਦ ਅਰਥ:- ਬਿਰਖੁ—ਰੁੱਖ । ਸੰਚੀਐ—ਸਿੰਜੀਏ । ਪਾਇਆ—ਪਾਇ, ਪਾ ਕੇ । ਬਿਸੀਅਰੁ—ਸੱਪ । ਮੰਤ੍ਰਿ—ਮੰਤ੍ਰ ਨਾਲ । ਵਿਸਾਹੀਐ—ਇਤਬਾਰ ਕਰੀਏ । ਮਨਮੁਖੁ—ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਨ ਦਾ ਮੁਰੀਦ ਮਨੁੱਖ, ਆਪ-ਹੁਦਰਾ ਮਨੁੱਖ । ਅਭਿੰਨੁ—ਨਾਹ ਭਿੱਜਣ ਵਾਲਾ, ਕੋਰਾ, ਰੁੱਖਾ । ਬਿਖੁ—ਜ਼ਹਿਰ । ਸਿੰਚੀਐ—ਸਿੰਜੀਏ ।
ਅਰਥ:- (ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ); ਜੇ ਬਹੁਤ ਦੁੱਧ ਪਿਆਲ ਕੇ ਮੰਤ੍ਰ ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ,) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ); (ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ; ਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ ।
(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤਿ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ ।੧੬।
ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਵਲੋਂ ਉਚਾਰੇ ਉਪਰੋਕਤ ਸ਼ਬਦ ਵਿਚ, ਕੋੜੇ ਨਿੰਮ ਦੇ ਬੂਟੇ ਨੂੰ ਕਿਹੜੇ ਅੰਮ੍ਰਿਤ ਨਾਲ ਸਿੰਜਣ ਦੀ ਗਲ ਹੈ ? ਇੱਥੇ ਗੁਰੂ ਜੀ ਨੇ ਕਿਸ ਪਦਾਰਥ ਨੂੰ ਅੰਮ੍ਰਿਤ ਕਰਕੇ ਉਚਾਰਿਆ ਹੈ ? ਸਪਸ਼ਟ ਹੈ ਕਿ ਗੁਰ ਸੰਗਤ ਦੇ ਮਹੱਤਵ ਨੂੰ ਸਮਝਾਉਂਣ ਲਈ ਨਿੰਮ ਨੂੰ ਮੀਠੇ ਜਲ ਨਾਲ ਸਿੰਜਣ ਦੀ ਮਿਸਾਲ ਵਰਤਦੇ ਉਸ ਲਈ ਅੰਮ੍ਰਿਤ ਸ਼ਬਦ ਉਚਾਰਿਆ ਗਿਆ।
ਪਰ ਕੋਈ ਇਹ ਤਰਕ ਵੀ ਦੇ ਸਕਦਾ ਹੈ ਕਿ 'ਨਿੰਮ' ਅਗਿਆਨੀ ਜਾਂ ਆਤਮਕ ਤੋਰ ਤੇ ਮਰੇ ਹੋਏ ਮਨੁੱਖ ਲਈ ਵਰਤਿਆ ਗਿਆ ਹੈ।ਚਲੋ ਕੁੱਝ ਪਲ ਲਈ, ਵਿਚਾਰ ਹੇਤੂ, ਇਸੇ ਤਰਕ ਨੂੰ ਸਵੀਕਾਰ ਕਰਕੇ ਤੁਰਦੇ ਹਾਂ।
ਜੇ ਕਰ ਨਿੰਮ ਅਗਿਆਨੀ ਜਾਂ ਆਤਮਕ ਤੌਰ ਤੇ ਮਰੇ ਮਨੁੱਖ ਲਈ ਵਰਤਿਆ ਗਿਆ ਹੈ ਤਾਂ ਕੀ ਇਸਦਾ ਮਤਲਬ ਇਹ ਲਿਆ ਜਾਏ ਕਿ ਆਤਮਕ ਤੌਰ ਤੇ ਮਰੇ ਮਨੁੱਖ ਨੂੰ ਬਾਣੀ ਦੇ ਅੰਮ੍ਰਿਤ ਨਾਲ ਵੀ ਕਦੇ ਬਦਲਿਆ ਨਹੀਂ ਜਾ ਸਕਦਾ ? ਅਗਿਆਨ ਜੇ ਕਰ ਜ਼ਹਿਰ ਹੈ ਤਾਂ ਕੀ ਬਾਣੀ ਦਾ ਅੰਮ੍ਰਿਤ ਵੀ ਉਸ ਜ਼ਹਿਰ ਨੂੰ ਕਦੇ ਦੂਰ ਨਹੀਂ ਕਰ ਸਕਦਾ ?
ਉਪਰੋਕਤ ਸਵਾਲਾਂ ਦੇ ਮੱਧੇ ਨਜ਼ਰ , ਨਿਰਸੰਦੇਹ ਅਸੀਂ ਇਸ ਨਤੀਜੇ ਦੇ ਅਪੜਦੇ ਹਾਂ ਕਿ ਉਪਰੋਕਤ ਸ਼ਬਦ ਵਿਚ ਅੰਮ੍ਰਿਤ ਸ਼ਬਦ ਬਾਣੀ ਦੇ ਅੰਮ੍ਰਿਤ ਲਈ ਨਹੀਂ,ਬਲਕਿ ਹੋਰ ਪ੍ਰਸੰਗ ਵਿਚ ਉਚਾਰਿਆ ਗਿਆ ਹੈ, ਅਤੇ ਸ਼ਬਦ ਦੇ ਅੰਤ ਵਿਚ ਗੁਰਮੁਖਾਂ ਦੀ ਸੰਗਤ ਨੂੰ ਵਿਕਾਰ ਰੂਪੀ ਜ਼ਹਿਰ ਉਤਾਰਨ ਦੇ ਵਸੀਲੇ ਵਜੋਂ ਸਮਝਾਈਆ ਹੈ।ਹੁਣ ਕਿਸੇ ਦਾ ਕੀ ਜੋਰ ਕਿ ਗੁਰੂ ਸਾਹਿਬ ਕਿਸ ਥਾਂ, ਕਿਸ ਸ਼ੈਅ ਲਈ, 'ਅੰਮ੍ਰਿਤ' ਸ਼ਬਦ ਦਾ ਉਚਾਰਨ ਕਰਦੇ ਹਨ ?ਖੰਡੇ ਦਾ ਅੰਮ੍ਰਿਤ ਤਾਂ ਗੁਰੂ ਜੀ ਦਾ ਅਦੂੱਤਾ ਕੋਤਕ ਸੀ।
ਬਾਣੀ ਹੋਵੇ ਜਾਂ ਖੰਡੇ ਦਾ ਅੰਮ੍ਰਿਤ, ਗਲ ਤਾਂ ਦੋਹਾਂ ਨੂੰ 'ਪੀਣ ਤੋਂ ਧਾਰਨ ਕਰਨ ਤਕ' ਦੇ ਏਕੇ ਦੀ ਹੈ ! ਦਸ਼ਮੇਸ਼ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਦਾਤ ਬਾਣੀ ਦੇ ਅੰਮ੍ਰਿਤ ਨਾਲੋਂ ਵੱਖ ਕਰਕੇ ਨਾ ਦਿੱਤੀ ਨਾ ਸਮਝਾਈ।ਇਹ ਕਥਨੀ ਅਤੇ ਕਰਨੀ ਵਿਚਲਾ ਏਕਾ ਸੀ।
ਕਾਲਾ ਅਫ਼ਗਾਨਾ ਜੀ ਨੇ ਇਹ ਵੀ ਵਿਚਾਰ ਦਿੱਤਾ ਕਿ ਜੇ ਕਰ ਦਰਬਾਰ ਸਾਹਿਬ ਸਰੋਵਰ 'ਅੰਮ੍ਰਿਤਸਰ' ਹੁੰਦਾ ਤਾਂ ਜੂਨ ੮੪ ਵਿਚ ਉਸ ਅੰਦਰ ਮਾਰ ਸੁੱਟੇ ਜਵਾਨ ਜਿੰਦਾ ਕਿਉਂ ਨਾ ਹੋ ਗਏ ? ਪਰ ਉਹ ਭੁੱਲ ਗਏ ਕਿ ਇਸ ਢੰਗ ਨਾਲ ਜਿੰਦਾ ਤਾਂ ਬਾਣੀ ਦੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਲੇ ਵੀ ਨਹੀਂ ਰਹੇ। ਰਹੇ ? ਇਕ ਵਾਰ ਅਕਾਲ ਚਲਾਣਾ ਕਰ ਗਏ ਸੋ ਕਰ ਗਏ। ਨਹੀਂ ? ਖੈਰ, ਕਾਲਾ ਅਫ਼ਗ਼ਾਨਾ ਜੀ ਨੇ 'ਅੰਮ੍ਰਿਤਸਰ' ਸਰੋਵਰ ਨੂੰ 'ਪਾਹੂਲਸਰ' ਕਹਿਣ ਦਾ ਵਿਚਾਰ ਨਹੀਂ ਦਿੱਤਾ।
ਜ਼ਾਰਹ ਹੈ ਕਿ ਅੰਮ੍ਰਿਤ ਖੰਡੇ ਦਾ ਹੋਵੇ ਜਾਂ ਬਾਣੀ ਦਾ, ਇਹ ਤਾਂ ਪੀਣ ਵਾਲੇ ਤੇ ਹੈ ਕਿ ਉਸ ਨੇ ਉਸ ਤੋਂ ਕੀ ਪ੍ਰਾਪਤ ਕੀਤਾ ? ਭਾਈ ਮਨੀ ਸਿੰਘ ਜੀ ਨੂੰ ਖੰਡੇ ਦੇ ਅੰਮ੍ਰਿਤ ਤੋਂ ਜੋ ਪ੍ਰਾਪਤ ਹੋਇਆ, ਉਸ ਨੂੰ ਕਿਸੇ ਬੰਤਾ ਸਿੰਘ ਦੀ ਮਿਸਾਲ ਦੇ ਕੇ ਰੱਧ ਨਹੀਂ ਕੀਤਾ ਜਾ ਸਕਦਾ। ਜੇ ਕਰ ਕਿਸੇ ਬੰਤਾ ਸਿੰਘ ਨੂੰ ਕੁੱਝ ਨਹੀਂ ਮਿਲਿਆ ਤਾਂ ਇਸ ਨਾਲ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ ਸੱਚਾਈ ਰੱਧ ਨਹੀਂ ਕੀਤੀ ਜਾ ਸਕਦੀ।ਮਿਸਾਲਾਂ ਹੋਰ ਵੀ ਹਨ।
ਅੱਜ ਕਦੇ ਭਾਈ ਮਨੀ ਸਿੰਘ ਵਾਪਸ ਪਰਤ ਆਉਂਣ, ਤਾਂ ਲੱਖਾਂ ਕਾਲਾ ਅਫ਼ਗਾਨਾ ਵੀ, ਉਨਾਂ ਲਈ ਇਹ ਸਾਬਤ ਨਹੀਂ ਕਰ ਸਕਦੇ ਕਿ ਭਾਈ ਜੀ, ਖੰਡੇ ਦਾ ਅੰਮ੍ਰਿਤ,ਅੰਮ੍ਰਿਤ ਨਹੀਂ ਹੁੰਦਾ ਅਤੇ ਇਸਦਾ ਬਾਣੀ ਦੇ ਅੰਮ੍ਰਿਤ ਨਾਲ ਕੋਈ ਸਬੰਧ ਨਹੀਂ ! ਸ਼ਾਯਦ ਉਂਝ ਹੀ, ਜਿਵੇਂ ਕਿ ਭਾਈ ਮਨੀ ਸਿੰਘ ਬੰਦ-ਬੰਦ ਕਟਵਾ ਕੇ ਵੀ ਕਾਲਾ ਅਫ਼ਗਾਨਾ ਜੀ ਲਈ ਇਹ ਸਾਬਤ ਨਹੀਂ ਕਰ ਸਕੇ ਕਿ ਖੰਡੇ ਦੇ ਅੰਮ੍ਰਿਤ ਦਾ ਬਾਣੀ ਦੇ ਅੰਮ੍ਰਿਤ ਨਾਲ ਸਬੰਧ ਹੈ !!! ਇਸ ਵਿਸ਼ੇ ਤੇ ਕਾਲਾ ਅਫ਼ਗਾਨਾ ਜੀ ਦੀ ਰੀਸ ਕਰਦੇ ਚੰਦ ਸੱਜਣ ਇਸ ਪ੍ਰਗਾੜ ਸਬੰਧ ਨੂੰ ਤਾਂ ਹੀ ਮੰਨ ਸਕਦੇ ਹਨ, ਜੇ ਕਰ ਉਹ ਇਸ ਤੇ ਵਿਸ਼ਵਾਸ ਕਰਨ ਜਾਂ ਫਿਰ ਆਪ ਬੰਦ-ਬੰਦ ਕਟਵਾਉਂਣ ਜੋਗੇ ਹੋਂਣ।
ਹਰਦੇਵ ਸਿੰਘ,ਜੰਮੂ-੨੪.੧੦.੨੦੧੩
No comments:
Post a Comment