' ਭਾਈ
ਗੁਰਦਾਸ ਅਤੇ ਮੀਣਿਆ ਦੇ ਗੁਰਗੇ '
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
‘ਗੁਰਸਿੱਖ ਨਿਯੂਜ਼ ਵੈਬਸਾਈਟ’ ਤੇ ਵੀਰ ਗੁਰਬੰਸ ਸਿੰਘ ਜੀ ਦੇ ਲੇਖ "ਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਤੇ ਗਿਆਨ ਹੀਣਤਾ ਅਧੀਨ ਕਿੰਤੂ ਪ੍ਰੰਤੂ" ਨੂੰ ਪੜ ਕੇ 'ਮੀਣਿਆਂ ਦੇ ਗੁਰਗੇ' ਯਾਦ ਆ ਗਏ। ‘ਭਾਈ ਕਾਹਨ ਸਿੰਘ ਨਾਭਾ’ ਨੇ ਗੁਰਗਿਆਂ ਦੇ ਅਰਥ ਭੇੜੀਏ ਦੀ ਤਰਾਂ ਦਾਉ ਲਾਉਣ ਵਾਲੇ ਕੀਤੇ ਹਨ। ਸਮਾਜ ਵਿਚ ਕਿਸੇ ਵੱਡੇ ਬਦਮਾਸ਼ ਦੇ ਹੇਠਲੇ ਕਾਰਕੂਨਾਂ ਨੂੰ ਗੁਰਗੇ ਕਿਹਾ ਜਾਂਦਾ ਹੈ, ਜੋ ਕਿ ਉਸ ਦਾ ਪੱਖ ਪੂਰਨ ਲਈ ਉਤਪਾਤ ਮਚਾਉਂਦੇ ਰਹਿੰਦੇ ਹਨ।
ਖੈਰ, ਮੀਣਿਆਂ ਤੋਂ ਤਾਂ ਅਸੀਂ ਜਾਣੂ ਹਾਂ। ਉਹ ਗੁਰੂ, ਗੁਰਬਾਣੀ ਅਤੇ ਗੁਰੂਘਰ ਦੇ ਵਿਰੌਧੀ ਰਹੇ ਹਨ।ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਮੀਣਿਆਂ ਦੇ ਲੱਛਣ ਪ੍ਰਗਟਾਉਂਦੇ, ਉਨ੍ਹਾਂ ਦਾ ਪਰਦਾਫਾਸ਼ ਕੀਤਾ। ਨਤੀਜੇ ਵਜੋਂ ਮੀਣਿਆਂ ਦੀ ਸ਼ਿਨਾਖਤ ਨਿਸ਼ਚਤ ਹੋ ਗਈ, ਅਤੇ ਗੁਰਸਿੱਖਾਂ ਨੇ ਮੀਣਿਆਂ ਤੋਂ ਕਿਨਾਰਾਕਸ਼ੀ ਕਰ ਲਈ।
ਇੱਕ ਗਲ ਵਿਚਾਰਨ ਵਾਲੀ ਹੈ, ਕਿ ਜੇ ਕਰ ਉਸ ਸਮੇਂ ਦੇ ਮੀਣਿਆਂ ਨੂੰ, ਭਾਈ ਗੁਰਦਾਸ ਵਰਗਾ ਪ੍ਰਚਾਰਕ ਕਦੇ ਚੰਗਾ ਨਹੀਂ ਲੱਗਾ, ਤਾਂ ਭਲਾ ਅੱਜ ਮੀਣਿਆਂ ਦੇ ਗੁਰਗਿਆਂ ਨੂੰ ਕਿਵੇਂ ਚੰਗਾ ਲੱਗੇਗਾ ? ਭਾਈ ਗੁਰਦਾਸ ਤਾਂ ਇੱਕ ਵੱਡੀ ਰੁਕਾਵਟ ਹੈ ਗੁਰਗਿਆਂ ਦੀ ਰਾਹ ਵਿਚ। ਗੁਰਗਿਆਂ ਦੀ ਰਚੀ ਯੁਕਤੀ ਅਨੁਸਾਰ, ਗੁਰਬਾਣੀ ਤੇ ਹਮਲਾ ਬੋਲਣ ਲਈ ਭਾਈ ਗੁਰਦਾਸ ਤੇ ਹਮਲਾ ਬੋਲਣਾ ਜ਼ਰੂਰੀ ਹੈ, ਅਤੇ ਗੁਰਬਾਣੀ ਤੇ ਸੰਕੇ ਖੜੇ ਕਰਨ ਲਈ, ਭਾਈ ਗੁਰਦਾਸ ਤੇ ਸ਼ੰਕਾ ਖੜਾ ਕਰਨਾ ਜ਼ਰੂਰੀ ਹੈ। ਅਣਜਾਣੇ ਇਸ ਚਾਲ ਵਿੱਚ ਫੱਸਦੇ ਸੱਜਣਾ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ, ਗਲ ਕਿੱਧਰ ਨੂੰ, ਕਿਸ ਮਕਸਦ ਨਾਲ ਤੋਰੀ ਜਾ ਰਹੀ ਹੈ ? ਨਿਰਸੰਦੇਹ, ਪਹਿਲਾਂ ਆਦਿ ਬੀੜ ਦੇ ਲਿਖਾਰੀ ਨੂੰ ਬ੍ਰਾਹਮਣੀ ਤੱਤ ਪੈਦਾ ਕਰਨ ਵਾਲਾ ਸਿੱਧ ਕਰਕੇ, ਫਿਰ ਆਦਿ ਬੀੜ ਨੂੰ ਬ੍ਰਾਹਮਣੀ ਤੱਤਾਂ ਵਾਲੀ ਲਿਖਤ ਸਿੱਧ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪੁਰ ਯੋਜਨਾਬੱਧ ਹਮਲਾ ਕਰਨਾ।
ਪਰ ਐਸਾ ਨਹੀਂ ਕਿ ਸਿੱਖ ਭਾਈ ਗੁਰਦਾਸ ਤੋਂ ਜਾਣੂ ਨਹੀਂ ਹਨ।ਧਿਆਨ ਰਹੇ ਕਿ ਸਿੱਖੀ ਦੇ ਇਤਹਾਸ ਅੰਦਰ ਕਈਂ ਸ਼ਹੀਦ ਹੋਏ ਹਨ ਅਤੇ ਹੋਂਣਗੇ ਪਰ ਭਾਈ ਗੁਰਦਾਸ ਕੇਵਲ ਇੱਕ ਹੀ ਹੋਇਆ ਹੈ, ਅਤੇ ਦੂਜਾ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਤੇ ਗੁਰੂ ਸਾਹਿਬਾਨ ਦੀ ਵੱਡੀ ਬਖ਼ਸ਼ਿਸ਼ ਹੈ, ਅਤੇ ਦੂਜੇ ਪਾਸੇ ਮੀਣਿਆਂ ਦੇ ਗੁਰਗੇ ਹਨ ਜੋ ਮੀਣਿਆਂ ਵਰਗੇ ਹੀ ਹਨ। ਗੁਰੂ ਵਲੋਂ ਫਿਟਕਾਰੇ ਨਖਿੱਧ ਬੰਦੇ।
ਹਰਦੇਵ ਸਿੰਘ,ਜੰਮੂ-੩੦.੧੦.੨੦੧੪
No comments:
Post a Comment