ਆਪੋ-ਆਪਣੇ ਕੈਲੰਡਰਾਂ ਦੇ ਸਿੱਖ ?
ਹਰਦੇਵ ਸਿੰਘ ਜੰਮੂ
ਹਰਦੇਵ ਸਿੰਘ ਜੰਮੂ
ਮਿਤੀ ੨੦.੦੩.੨੦੧੫ ਨੂੰ ਜਸਬੀਰ ਸਿੰਘ ਵਿਰਦੀ ਜੀ ਨੇ 'ਦਾ ਖ਼ਾਲਸਾ' ਵੈਬਸਾਈਟ ਪੁਰ ਨਾਨਕਸ਼ਹੀ ਕੈਲੰਡਰ ਸਬੰਧੀ ਆਪਣੇ ਇਕ ਲੇਖ ਵਿਚ ਕੁੱਝ ਥਾਂ ਚੰਗੇ ਅਤੇ ਵਿਚਾਰਣ ਯੋਗ ਨੁੱਕਤੇ ਚੁੱਕੇ ਹਨ। ਸੰਖੇਪ ਵਿਚ ਵਿਚਾਰੀਏ ਤਾਂ ਕੈਲੰਡਰ ਇਕ ਚਾਰਟ (Chart) ਵਾਂਗ ਹੁੰਦਾ ਹੈ ਜਿਸ ਰਾਹੀਂ ਸਮਾਜਕ, ਸਿਵਲ ਜਾਂ ਧਾਰਮਕ ਟਾਈਮ ਟੇਬਲ ਤਿਆਰ ਕੀਤਾ ਜਾਂਦਾ ਹੈ। ਹਿੰਦੂ, ਮੁਸਲਿਮ ਜਾਂ ਸਿੱਖ ਆਦਿ ਆਪਣੇ-ਆਪਣੇ ਚਾਰਟ(ਕੈਲੰਡਰ) ਬਣਾ ਸਕਦੇ ਹਨ, ਪਰ ਇਨ੍ਹਾਂ ਚਾਰਟਾਂ ਲਈ ਵਰਤੀ ਜਾਣ ਵਾਲੀ ਗਣਿਤ ਪੱਧਤੀ (Mathematical Technique, based on motion of natural objects like earth and moon around sun) ਦਾ ਕੋਈ ਧਰਮ ਨਹੀਂ ਹੁੰਦਾ। ਇਹ ਪੱਧਤੀ ਹਿੰਦੂ ਸਿੱਖ ਜਾਂ ਮੁਸਲਮ ਆਦਿ ਨਹੀਂ ਕਹੀ ਜਾ ਸਕਦੀ। ਜੇ ਕਰ ਸਿੱਖ ਚੰਨ ਸੂਰਜੀ ਗਣਿਤ ਪੱਧਤੀ ਵਰਤਦੇ ਹਨ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸੇ ਹੋਰ ਦੇ ਧਰਮ ਨੂੰ ਵਰਤ ਰਹੇ ਹਨ।
ਇਹ ਗਲ ਪੁਰੇਵਾਲ ਜੀ ਨੇ ਮੇਰੇ ਨਾਲ ਹੋਏ ਨਿਜੀ ਵਿਚਾਰ ਵਟਾਂਦਰੇ ਦੌਰਾਨ ਸਵੀਕਾਰ ਕੀਤੀ ਸੀ।
ਪਰ ਇਸ ਤੱਥ ਨੂੰ ਕੌਮ ਸਨਮੁੱਖ ਪੇਸ਼ ਨਹੀਂ ਕੀਤਾ ਗਿਆ। ਮੈਂ ਇਸ ਗਲ ਦਾ ਜ਼ਿਕਰ ਆਪਣੇ ਲੇਖਾਂ ਪੱਤਰਾਂ ਅਤੇ ਨਿਜੀ ਵਿਚਾਰਾਂ ਦੇ ਮੋਖਿਕ ਵਟਾਂਦਰੇ ਰਾਹੀਂ ਪਿੱਛਲੇ ਚਾਰ ਕੁ ਸਾਲ ਤੋਂ ਕਰਦਾ ਆਇਆ ਹਾਂ।
ਗੁਰੂ ਸਾਹਿਬਾਨ ਨੇ ਆਪਣੀ ਬਾਣੀ ਨੂੰ ਕੁੱਝ ਐਸੇ ਰਾਗਾਂ ਦੀ ਗਾਯਨ ਬੰਦਿਸ਼ ਵਿਚ ਉਚਾਰਿਆ ਜੋ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਹਿੰਦੂ ਜਾਂ ਮੁਸਲਮਾਨ ਧਰਮ ਨੂੰ ਮੰਨਣ ਵਾਲਿਆਂ ਵਲੋਂ ਰੱਚੇ ਗਏ ਸੀ।ਇਸ ਨਾਲ ਰਾਗ ਕਲਾ ਹਿੰਦੂ ਜਾਂ ਮੁਸਲਮਾਨ ਨਹੀਂ ਹੋ ਗਈ।ਜੇ ਕਰ ਪੁਰੇਵਾਲ ਜੀ ਅਤੇ ਸਰਬਜੀਤ ਜੀ ਦੇ ਤਰਕ ਨੂੰ ਮੰਨਿਆ ਜਾਏ ਤਾਂ ਕੀ ਰਾਗਾਂ ਦੀ ਗਾਯਨ ਬੰਦਿਸ਼ ਵਿਚ ਉਚਾਰੀ ਗਈ ਬਾਣੀ ਹਿੰਦੂ ਜਾਂ ਮੁਸਲਮਾਨ ਹੋ ਗਈ ? ਨਹੀਂ ! ਕਿਉਂਕਿ ਰਾਗ ਇਕ ਕਲਾਤਮਕ ਕੰਮ ਸੀ ਜਿਸਦਾ ਕੋਈ ਧਰਮ ਵਿਸ਼ੇਸ਼ ਨਹੀਂ ਸੀ। ਇੰਝ ਹੀ ਚੰਨ-ਸੂਰਜੀ , ਚੰਦ੍ਰਮੀ ਜਾਂ ਕੇਵਲ ਸੂਰਜੀ ਗਣਿਤ ਪੱਧਤੀਆਂ ਗਣਿਤ ਦਾ ਕੰਮ ਸੀ ਨਾ ਕਿ ਕਿਸੇ ਧਰਮ ਵਿਸ਼ੇਸ਼ ਦਾ। ਇਨ੍ਹਾਂ ਗਣਿਤ ਪੱਧਤੀਆਂ ਨੂੰ ਬਾਦ ਵਿਚ ਸਮਾਜਕ ਜਾਂ ਧਾਰਮਕ ਦਿਹਾੜੇ ਤੈਅ ਕਰਨ ਲਈ ਵਰਤਿਆ ਗਿਆ।
ਕੋਈ ਇਹ ਕਹੇ ਕਿ ਚੰਨ-ਸੂਰਜੀ ਪੱਧਤੀ ਵਰਤਣ ਨਾਲ ਸਿੱਖ ਹਿੰਦੂ ਹੋ ਜਾਂਦੇ ਹਨ ਸਰਾਸਰ ਝੂਠ ਹੈ। ਇੰਝ ਹੀ ਜੇ ਕਰ ਸਿੱਖ ਆਪਣਾ ਕੈਲੰਡਰ ਤਿਆਰ ਕਰਨ ਲਈ ਕੇਵਲ ਚੰਦ੍ਰਮੀ ਪੱਧਤੀ ਵਰਤ ਲੇਂਣ ਤਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਸਿੱਖ ਮੁਸਲਮਾਨ ਹੋ ਜਾਂਦੇ ਹਨ। ਚੰਨ ਅਤੇ ਸੂਰਜ ਕਿਸੇ ਧਰਮ ਦੇ ਨਹੀਂ ਬਲਕਿ ਕੁਦਰਤ ਹਨ।ਕੁਦਰਤ ਦੀ ਚਾਲ ਨੂੰ ਵਰਤਣਾ ਕਿਸੇ ਹੋਰ ਦੇ ਧਰਮ ਨੂੰ ਵਰਤਣਾ ਨਹੀਂ ਕਿਹਾ ਜਾ ਸਕਦਾ।
ਨਾਨਕਸ਼ਾਹੀ ਕੈਲੰਡਰ ਚਿਰ ਤੋਂ ਬਣਿਆ ਹੋਇਆ ਹੈ ਅਤੇ ਨਾਨਕਸ਼ਾਹੀ ਸੰਵਤ ਕਈ ਪੁਰਾਤਨ ਪੁਸਤਕਾਂ ਵਿਚ ਲੇਖਕਾਂ ਵਲੋਂ ਵਰਤਿਆ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਅਕਾਲ ਤਖ਼ਤ ਦੀ ਮੁਹਰ ਹੇਠ ਜਾਰੀ ‘ਨਾਨਕਸ਼ਾਹੀ ਸੰਵਤ’ ਦੇ ਸਿੱਕੇ ਵੀ ਪ੍ਰਚਲਤ ਰਹੇ ਸਨ ਜੋ ਕਿ ਅੱਜ ਵੀ ਮੌਜੂਦ ਹਨ। ਇਹ ਸਮਝਣਾ ਕਿ ਨਾਨਕਸ਼ਾਹੀ ਕੈਲੰਡਰ ਕੇਵਲ ੨੦੦੩ ਵਿਚ ਹੀ ਬਣਿਆ ਹੈ ਗਲਤ ਹੋਵੇਗਾ। ਹਾਂ ੨੦੦੩ ਵਿਚ ਇਸ ਨੂੰ ਕੁੱਝ ਵਿਸਤਾਰ ਵਿਚ ਅਲਗ ਪੱਧਤੀ ਨਾਲ ਫਿਕਸ ਕੀਤਾ ਗਿਆ, ਪਰ ਛੇਤੀ ਹੀ ਮਸਲਾ ਸੁਲਝਣ ਦੀ ਥਾਂ ਹੋਰ ਉਲਝ ਗਿਆ ਅਤੇ ਜਗਹਸਾਈ ਹੋਂਣ ਲਗੀ। ਕੁੱਝ ਸੱਜਣਾਂ ਨੇ ਤਾਂ ਉਸ ਤੋਂ ਵੀ ਵੱਖ ਕੈਲੰਡਰ ਤਿਆਰ ਕਰ ਲਏ।
ਖੈਰ, ਕੁੱਝ ਮਸਲੇ ਤਾਂ ਉਨ੍ਹਾਂ ਹਲਕੇ ਤਰਕਾਂ ਕਾਰਣ ਉੱਠੇ ਜੋ ਕਿ ਪੁਰੇਵਾਲ ਜੀ ਵਲੋਂ ਪੇਸ਼ ਕੀਤੇ ਗਏ। ਕਿਸੇ ਸਮੇਂ ਗਣਿਤ ਪੱਧਤੀ ਵਿਚ ਆਪਣੇ ਦਿਹਾੜੇ ਨੀਅਤ ਕਰਨ ਦੀ ਇਸ ਪ੍ਰਕ੍ਰਿਆ ਵੇਲੇ ਕੈਲੰਡਰ ਨਾਲ ਸਬੰਧਤ ਸਰਵ ਪੱਖਾਂ ਅਤੇ ਹੋਣ ਵਾਲੇ ਅਸਰ ਦੀ ਪੂਰੀ ਵਿਚਾਰ ਨਹੀਂ ਕੀਤੀ ਗਈ। ਹੁਣ ਚਾਹੀਦਾ ਹੈ ਕਿ ਸੁਣੇ-ਸੁਣਾਏ ਹਲਕੇ ਤਰਕਾਂ ਦਾ ਗੁਮਰਾਹਕੁਨ ਰੋਲਾ ਪਾਉਂਣ ਦੀ ਥਾਂ ਇਸ ਵਿਸ਼ੇ ਪੁਰ ਪਹਿਲਾਂ ਸਹਿਜਪੁਰਣ ਗੰਭੀਰਤਾ ਨਾਲ ਵਿਚਾਰ ਕੀਤੀ ਜਾਏ। ਫਿਲਹਾਲ ਤਾਂ ਕਈਆਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਨ੍ਹਾਂ ਨੇ ਗੁਰੂ ਦੇ ਸਿੱਖ ਬਣਨਾ ਹੈ ਕਿ ਆਪੋ-ਆਪਣੇ ਕੈਲੰਡਰਾਂ ਦੇ ਸਿੱਖ ? ਇਸ ਨਾਸਮਝੀ ਨੇ ਪੰਥਕ ਦੁਬਿਧਾ ਖੜੀ ਕੀਤੀ ਹੈ।
ਹਰਦੇਵ ਸਿੰਘ, ਜੰਮੂ-੨੦.੦੩.੨੦੧੫
No comments:
Post a Comment