Sunday, 17 January 2016


ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਨਾਮ ਖੁੱਲਾ ਪੱਤਰ
ਹਰਦੇਵ ਸਿੰਘ,ਜੰਮੂ


ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ


ਅਜ ਤੋਂ ਲੱਗਭਗ ੫ ਕੁ ਸਾਲ ਪਹਿਲਾਂ 'ਖੰਡੇ ਦੇ ਅੰਮ੍ਰਿਤ' ਬਾਰੇ ਆਪ ਜੀ ਦੇ ਇਤਰਾਜ ਨੂੰ ਪੜਨ ਉਪਰੰਤ ਜਨਤਕ ਤੌਰ ਤੇ ਆਪ ਜੀ ਨੂੰ ਇਕ ਪੱਤਰ ਲਿਖਿਆ ਸੀ ਜੋ ਕਿ (ਜਿਵੇਂ ਕਿ ਆਪ ਜੀ ਨੇ ਫੋਨ ਤੇ ਗਲਬਾਤ ਦੋਰਾਨ ਦੱਸਿਆ) ਸ. ਬਲਦੇਵ ਸਿੰਘ ਟਰੋਂਟੋ ਜੀ ਨੇ ਆਪ ਤਕ ਦਸਤੀ ਪਹੁੰਚਾਇਆ ਸੀ। ਹੋਰ ਵਿਸ਼ੇਆਂ ਸਮੇਤ ਪੱਤਰ ਵਿਚ ਲਿਖੇ ਕੁੱਝ ਸਵਾਲਾਂ ਬਾਰੇ ਆਪ ਜੀ ਨਾਲ ਕੁੱਝ ਵਿਸਤਾਰ ਵਿਚਾਰ ਹੋਈ ਸੀ।


ਮੈਂਨੂੰ ਸੂਚਿਤ ਕੀਤਾ ਗਿਆ ਸੀ ਕਿ ਆਪ ਜੀ ਗਲਬਾਤ ਕਰਨ ਦੀ ਸਥਿਤੀ ਵਿਚ ਨਹੀਂ ਪਰ ਮੈਂ ਮਹਸੂਸ ਕੀਤਾ ਕਿ ਆਪ ਜੀ ਨੇ  ਨਾ ਕੇਵਲ ਚੰਗੀ ਤਰਾਂ ਗਲਬਾਤ ਕੀਤੀ ਬਲਕਿ ਮੈਂਨੂੰ, ਆਪਣੇ ਵਲੋਂ, ਪਾਠਕਾਂ ਨੂੰ ਇਹ ਸੂਚਿਤ ਕਰਨ ਲਈ ਵੀ ਕਹਿਆ ਕਿ ਆਪ ਜੀ ਨੇ ਕਿਸੇ ਨੂੰ ਵੀ ਆਪਣੀਆਂ ਪੁਸਤਕਾਂ ਵਿਚੋਂ, ਆਪ ਜੀ ਵਲੋਂ ਵਰਤੇ ਦਸ਼ਮੇਸ਼ ਜੀ ਦੇ, ਹਵਾਲੇ ਹਟਾਉਂਣ ਲਈ ਅਧਿਕਾਰ ਨਹੀਂ ਦਿੱਤਾ ਅਤੇ ਅਜਿਹਾ ਕਹਿਣ ਵਾਲੇ ਝੂਠ ਬੋਲ ਰਹੇ ਹਨ।ਉਹ ਅਜਿਹਾ ਕਰਕੇ ਆਪ ਜੀ ਦੇ ਉਪਰੰਤ ਆਪ ਜੀ ਦੇ ਨਾਮ ਤੇ ਅਜਿਹਾ ਕਰਨ ਦਾ ਬਹਾਨਾ ਲੱਭ ਰਹੇ ਹਨ।ਮੈਂ ਇਹ ਸੂਚਨਾ ਪਾਠਕਾਂ ਤਕ ਪਹੁੰਚਾ ਦਿੱਤੀ ਸੀ।


ਇਸ ਤੋਂ ਛੁੱਟ ਮੈਂ ਕੁੱਝ ਅਜਿਹੇ ਲੇਖਕਾਂ ਨੂੰ ਪੜੀਆ ਜੋ ਕਿ ਆਪ ਜੀ ਦੀਆਂ ਲਿਖਤਾਂ ਦੀ ਨਕਲ ਕਰਦੇ ਇਹ ਲਿਖਦੇ ਰਹੇ ਕਿ 'ਖੰਡੇ ਦੇ ਅੰਮ੍ਰਿਤ' ਨੂੰ 'ਖੰਡੇ ਦੀ ਪਾਹੂਲ' ਕਹਿਣਾ ਚਾਹੀਦਾ ਹੈ ਕਿਉਂਕਿ ਬਾਣੀ ਵਿਚ ਕੇਵਲ ਇਕੋ ਅੰਮ੍ਰਿਤ ਦੀ ਗਲ ਹੈ।ਆਪ ਜੀ ਦੀ ਥਿਯੂਰੀ ਸੀ ਕਿ ਅਗਰ ਬਾਣੀ ਵਿਚ ਕਿਸੇ ਥਾਂ ਏਕੋ ਅੰਮ੍ਰਿਤ ਲਿਖਿਆ ਗਿਆ ਹੈ ਤਾਂ ਅੰਮ੍ਰਿਤ ਦੋ ਨਹੀਂ ਹੋ ਸਕਦੇ ਅਤੇ ਕਿਸੇ ਹੋਰ ਸ਼ੈਅ ਲਈ 'ਅੰਮ੍ਰਿਤ' ਸ਼ਬਦ ਵਰਤਿਆ ਹੀ ਨਹੀਂ ਜਾ ਸਕਦਾ। ਇਸ ਨੂੰ ਕਿਸੇ ਪ੍ਰਕਾਰ ਦਾ ਗਿਲਾ ਨਾ ਸਮਝਣਾ ਕਿ ਇਸ ਸਬੰਧ ਵਿਚ ਮੇਰੇ ਲਿਖੇ ਕਿਸੇ ਲੇਖ ਦਾ ਜਵਾਬ ਆਪ ਜੀ ਵਲੋਂ ਨਹੀਂ ਆਇਆ।


ਪਰੰਤੂ ਬੇਆਸ ਨਾ ਹੁੰਦੇ ਹੋਏ ਮੈਂ ਇਸ ਵਿਸ਼ੇ ਨੂੰ ਦੂਬਾਰਾ ਵਿਚਾਰਨ ਲਈ ਪੇਸ਼ ਕਰ ਰਿਹਾ ਹਾਂ ਤਾਂ ਕਿ ਪਾਠਕਾਂ ਨੂੰ ਵੀ ਇਹ ਵਿਸ਼ਾ ਵਿਚਾਰਣ ਦਾ ਇਕ ਹੋਰ ਮੌਕਾ ਮਿਲੇ।


'ਖੰਡੇ ਦੇ ਅੰਮ੍ਰਿਤ' ਦੇ ਵਿਰੋਧ ਵਿਚ ਆਪ ਜੀ ਵਲੋਂ ਵਰਤੇ ਗੁਰਬਾਣੀ ਦੇ ਹਵਾਲੇ " ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ" ਨੇ ਕੁੱਝ ਸੱਜਣਾਂ ਨੂੰ ਅਜਿਹੇ ਰਾਹ ਪਾ ਦਿੱਤਾ ਕਿ ਉਹ ਇਕੋ-ਇਕੋ ਦੇ ਚੱਕਰ ਵਿਚ ਗੁਰੂ ਸਾਹਿਬਾਨ ਦੇ ਨਾਮ ਨਾਲੋਂ ਗੁਰੂ ਪਦ ਹਟਾਉਣ ਦਾ ਪ੍ਰਚਾਰ ਕਰਨ ਲੱਗ ਪਏ। ਉਨ੍ਹਾਂ ਲਈ ਗੁਰੂ ਨਾਨਕ ਜੀ ਅਤੇ ਬਾਕੀ ਗੁਰੂ ਸਾਹਿਬਾਨ ਹੁਣ ਗੁਰੂ ਨਹੀਂ ਬਲਕਿ ਬਾਬਾ, ਪਾਤਿਸ਼ਾਹ ਜਾਂ ਸਾਹਿਬ ਹੋ ਗਏ।ਜਿਸ ਵੇਲੇ ਮੈਂ ਆਪ ਜੀ ਨਾਲ ਇਸ ਬਾਬਤ ਗਲ ਕੀਤੀ, ਤਾਂ ਆਪ ਜੀ ਨੇ ਅਜਿਹੇ ਵਿਚਾਰ ਦਾ ਕਰੜਾ ਵਿਰੋਧ ਕੀਤਾ ਸੀ।ਆਪ ਜੀ ਨੇ ਮੈਂਨੂੰ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਪੁਸਤਕ 'ਕਲਗੀਧਰ ਚਮਤਕਾਰ' ਪੜਨ ਲਈ ਪ੍ਰੇਰਦੇ ਇਹ ਕਿਹਾ ਕਿ ਆਪ ਜੀ ਇਹ ਪੁਸਤਕ ਦੇ ਮੁਰੀਦ ਹੋ।


ਖ਼ੈਰ, ਚੂੰਕਿ ਆਪ ਜੀ ਦੇ ਚਿੰਤਨ ਦੇ ਢੰਗ ਦੀ ਰੀਸ ਨੇ ਗਲਤ ਕਿਸਮ ਦੇ ਵਿਚਾਰ-ਢੰਗ ਨੂੰ  ਜਨਮ ਦਿੱਤਾ ਇਸ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਆਪ ਜੀ ਵਲੋਂ ਪੇਸ਼ ਆਪਣੀ ਉਸ 'ਇਕੋ ਥਿਯੂਰੀ' ਦੀ ਪੁਨਰ ਪੜਚੋਲ ਕੀਤੀ ਜਾਏ ਜਿਸ ਦੇ ਚਲਦੇ ਆਪ ਜੀ ਨੇ ਇਹ ਵਿਚਾਰ ਦਿੱਤਾ ਸੀ ਕਿ 'ਖੰਡੇ ਦੇ ਅੰਮ੍ਰਿਤ' ਨੂੰ 'ਖੰਡੇ ਦਾ ਅੰਮ੍ਰਿਤ' ਨਹੀਂ ਕਹਿਣਾ ਚਾਹੀਦਾ ਬਲਕਿ ਕੇਵਲ 'ਖੰਡੇ ਦੀ ਪਾਹੂਲ' ਕਹਿਣਾ ਚਾਹੀਦਾ ਹੈ। ਹਾਲਾਂਕਿ ਆਪ ਜੀ ਨਹੀਂ ਵਿਚਾਰ ਸਕੇ ਕਿ 'ਪਾਹੂਲ' ਦਾ ਅਰਥ 'ਚਰਣਾਮ੍ਰਿਤ' ਭਾਵ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਅੰਮ੍ਰਿਤ ਹੁੰਦਾ ਹੈ।ਆਪ ਜੀ ਨੇ 'ਮਾਹਨ ਕੋਸ਼' ਵਿਚੋਂ ਚਰਣਾਮ੍ਰਿਤ ਦੇ ਅਰਥ ਵੇਖਣ ਵੇਲੇ, ਸਬੰਧਤ ਪੰਨੇ ਹੇਠ, ਸਬੰਧਤ ਅਰਥਾਂ ਬਾਰੇ ਪੈਰ ਟਿੱਪਣੀ ਨਹੀਂ ਸੀ ਪੜੀ, ਜਿਸ ਕਾਰਣ, ਇਸ ਬਾਬਤ, ਆਪ ਜੀ ਵੱਡੇ ਭੁੱਲੇਖੇ ਵਿਚ ਪੈ ਗਏ ਸੀ।


ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਹਨ:-


ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਮਹਲਾ ੧)
ਮਨ ਏਕੋ ਸਾਹਿਬੁ ਭਾਈ ਰੇ॥(ਪੰਨਾ ੧੫੬)
ਤੂ ਏਕੋ ਸਾਹਿਬੁ ਅਵਰੁ ਨ ਹੋਰਿ॥(ਪੰਨਾ ੫੬੩)


ਉਪਰੋਕਤ ਹਵਾਲਿਆਂ ਵਿਚ 'ਏਕੋ ਸਾਹਿਬ' ਦੇ ਹੋਣ ਦੀ ਗਲ ਉੱਚਾਰੀ ਗਈ ਹੈ ਇਸ ਲਈ ਕੀ ਆਪ ਜੀ ਵਲੋਂ ਪੇਸ਼ ਥਿਯੂਰੀ ਅਨੁਸਾਰ ਗੁਰੂ ਸਾਹਿਬਾਨ ਲਈ 'ਸਾਹਿਬ' ਸ਼ਬਦ ਵਰਤਣਾ ਠੀ
ਕ ਹੈ ਕੀ ਇਸ ਨਾਲ ਇਕ ਤੋਂ ਵੱਧ ਸਾਹਿਬ ਨਹੀਂ ਹੋ ਜਾਂਦੇ ?
ਹੁਣ ਇਸ ਹਵਾਲੇ ਨੂੰ ਵੇਖੋ:-

ਏਕੋ ਤਖਤੁ ਏਕੋ ਪਾਤਿਸਾਹੁ 
(ਪੰਨਾ ੧੧੮੮)

ਉਪਰੋਕਤ ਹਵਾਲੇ ਵਿਚ ਇਕੋ ਪਾਤਿਸ਼ਾਹ ਅਤੇ ਇਕੋ ਤਖਤ ਦੀ ਗਲ ਉੱਚਾਰੀ ਗਈ ਹੈ। ਕੀ ਆਪ ਜੀ ਵਲੋਂ ਵਰਤੇ ਢੰਗ ਅਨੁਸਾਰ ਗੁਰੂ ਸਾਹਿਬਾਨ ਲਈ ਪਾਤਿਸ਼ਾਹ ਸ਼ਬਦ ਵੀ ਵਰਤਨਾ ਗਲਤ ਸਿੱਧ ਨਹੀਂ ਹੁੰਦਾ? ਇਸ ਨਾਲ ਇਕ ਤੋਂ ਵੱਧ ਪਾਤਿਸ਼ਾਹ ਨਹੀਂ ਹੋ ਜਾਂਦੇ ?
ਜਿੱਥੋਂ ਤਕ ਏਕੋ ਤਖ਼ਤ ਦੀ ਗਲ ਹੈ ਤਾਂ ਬਾਣੀ ਦੇ ਵਿਚ ਇਹ ਹਵਾਲੇ ਵੀ ਹਨ:-


ਤਖਤਿ ਬਹੈ ਤਖਤੈ ਕੀ ਲਾਇਕ॥ ( ਪੰਨਾ ੧੦੩੯)
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਇ॥(ਪੰਨਾ ੧੦੮੮)
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (ਪੰਨਾ ੯੬੭)


ਪੰਨਾ ੯੬੭ ਵਾਲੇ ਹਵਾਲੇ ਵਿਚ ਤਾਂ ਗੁਰੁ ਸਾਹਿਬਾਨ ਦੇ ਵੀ ਤਖ਼ਤ ਪੁਰ ਬੈਠਣ ਦੀ ਗਲ ਉੱਚਾਰੀ ਗਈ ਹੈ।


ਜੇ ਕਰ ਆਪ ਜੀ  ਵਲੋਂ " ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ" ਪੰਗਤੀ ਦੇ ਅਧਾਰ ਤੇ ਖੰਡੇ ਦੇ ਅੰਮ੍ਰਿਤ ਟਰਮ ਨੂੰ ਰੱਧ ਕਰਨਾ ਉੱਚਿਤ ਸੀ ਤਾਂ ਉਪਰੋਕਤ ਹਵਾਲਿਆ ਵਿਚ ਏਕੋ ਤਖ਼ਤ ਦੇ ਨਾਲ ਹੋਰ ਤਖ਼ਤਾਂ ਦੀ ਹੋਂਦ ਦੀ ਗਲ ਕਿਉਂ ਉੱਚਾਰੀ ਗਈ ਹੈ ? ਇਸ ਨਾਲ ਇਕ ਤੋਂ ਵੱਧ ਤਖ਼ਤ ਨਹੀਂ ਹੋ ਜਾਂਦੇ ?


ਗੁਰੁ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-


ਗੁਰ ਪੂਰਾ ਨਮਸਕਾਰੇ॥ (ਪੰਨਾ ੬੨੫)
ਨਾਲ ਹੀ ਇਹ ਵੀ ਉੱਚਾਰਦੇ ਹਨ:-
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ
ਸਿਖੁ ਚਲਿਆ॥ (ਪੰਨਾ ੫੯੩)

ਕੀ ਪੰਨਾ ੫੯੩ ਵਾਲੇ ਹਵਾਲੇ ਅਨੁਸਾਰ ਨਮਸਕਾਰਾਂ ਇਕ ਤੋਂ ਵੱਧ ਅੱਗੇ ਨਹੀਂ ਹੋ ਜਾਂਦੀਆਂ ਹਨ ?

ਆਸ ਹੈ ਕਿ ਆਪ ਜੀ ਇਨ੍ਹਾਂ ਨੁੱਕਤਿਆਂ ਬਾਰੇ ਵਿਚਾਰ ਕਰਦੇ ਖੰਡੇ ਦੇ ਅੰਮ੍ਰਿਤ ਅਤੇ ਚਰਣਾਮ੍ਰਿਤ ਬਾਰੇ ਦਿੱਤੇ ਆਪਣੇ ਵਿਚਾਰਾਂ ਦੀ ਪੁਨਰ ਪੜਚੋਲ ਕਰੋਗੇ ਤਾਂ ਕਿ ਖੰਡੇ ਦੇ ਅੰਮ੍ਰਿਤ ਬਾਰੇ ਆਪ ਜੀ ਦੇ ਸੋਚਣ ਢੰਗ ਦੀ ਰੀਸ ਕਰਨ ਵਾਲੇ ਸੱਜਣ ਗੁਰੂ ਸਾਹਿਬਾਨ ਲਈ 'ਪਾਤਿਸ਼ਾਹ' ਜਾਂ 'ਸਾਹਿਬ' ਪਦ ਵਰਤਨ ਦੇ ਔਚਿੱਤ ਨੂੰ ਵੀ ਪਰਖਣ। 
ਜੇ ਕਰ ਨਾ ਪਰਖ ਸਕੇ ਤਾਂ ਆਪਣੀ 'ਝੂਠੀ ਹੱਠਧਰਮੀ' ਵਿਚ ਉਹ ਹੁਣ ਗੁਰੂ ਸਾਹਿਬਾਨ ਲਈ 'ਸਾਹਿਬ' ਜਾਂ 'ਪਾਤਿਸ਼ਾਹ' ਲਕਬ ਵਰਤੋਂ ਛੱਡਣ ਦਾ ਨਵਾਂ ਪੈਂਤਰਾ ਵਰਤਣ ਗੇ ? 

ਹਰਦੇਵ ਸਿੰਘ,ਜੰਮੂ-੧੭.੦੧.੨੦੧੬

No comments:

Post a Comment