ਅੰਮ੍ਰਿਤ ਸਰੋਵਰ
ਹਰਦੇਵ ਸਿੰਘ, ਜੰਮੂ
ਕੁੱਝ ਦਿਨ ਪਹਿਲਾਂ ਬਾਣੀ ਅਤੇ ਪਾਣੀ ਬਾਰੇ ਵਿਚਾਰ ਚਲੀ ਤਾਂ ਤਲਖ ਜਿਹਾ ਰੂਪ ਧਾਰਨ ਕਰ ਗਈ।ਗੁਰਬਾਣੀ ਪ੍ਰਮਾਣ ਵਰਤ ਕੇ, ਗੁਰੂ ਸਾਹਿਬਾਨ ਵਲੋਂ ਅਮ੍ਰਿਤਸਰ ਸਰੋਵਰ ਸਥਾਪਤੀ ਦੇ ਅਸਲ ਪਰਿਪੇਖ ਨੂੰ ਉਜਾਗਰ ਕੀਤੇ ਬਗ਼ੈਰ ਵਿਚਾਰਾਂ ਦੇ ਇਕ ਪਾਸੜ ਪ੍ਰਗਟਾਵੇ ਨੂੰ ਬਾਦ ਵਿਚ ਸਪਸ਼ਟ ਕਰਨ ਦਾ ਜਤਨ ਕੀਤਾ ਗਿਆ।ਸਪਸ਼ਟੀਕਰਣ ਸਵਾਗਤ ਯੋਗ ਸੀ। ਇਸ ਬਾਰੇ ਹੁਣ ਵਿਵਾਦ ਨਹੀਂ ਹੋਣਾ ਚਾਹੀਦਾ!
ਖੈਰ, ਇਸੇ ਪ੍ਰਕਰਣ ਵਿਚ ਕੁੱਝ ਹੋਰ ਵਿਚਾਰ ਵੀ ਪੜਨ ਨੂੰ ਮਿਲੇ ਹਨ, ਮਸਲਨ ਸਰੋਵਰ ਤਾਂ ਪਾਣੀ ਦਾ ਮਸਲਾ ਹਲ ਕਰਨ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਵਾਸਤੇ ਸਨ ਅਤੇ ਇਨ੍ਹਾਂ ਦੀ ਕੋਈ ਧਾਰਮਕ ਅਹਿਮੀਅਤ ਨਹੀਂ ਸੀ।ਜੇ ਕਰ ਅੰਮ੍ਰਿਤਸਰ ਨੂੰ ਗੁਰੂ ਆਸ਼ੇ ਅਨੁਸਾਰ ਅੰਮ੍ਰਿਤਸਰ ਨਹੀਂ ਬਲਕਿ ਪਾਣੀ ਦਾ ਤਲਾਅ ਕਹਿਣਾ ਹੈ ਤਾਂ ਪਾਣੀ ਕਹਿਣ ਨਾਲ ਕੀ ਘਟ ਜਾਏਗਾ? ਆਖਰ ਅੰਮ੍ਰਿਤ ਬਾਣੀ ਅਨੁਸਾਰ ਪਾਣੀ ਤਾਂ ਸਭ ਦਾ ਪਿਉ ਵੀ ਹੈ! ਕਿ ਨਹੀਂ?
ਖੈਰ ਇਸ ਵਿਸ਼ੇ ਬਾਬਤ ਅਗਲੀ ਵਿਚਾਰ ਤੋਂ ਪਹਿਲਾਂ ਮਹਾਨ ਕੋਸ਼ ਵਿਚ 'ਸਰੋਵਰ' ਸ਼ਬਦ ਦੇ ਸਬੰਧਤ ਅਰਥ ਨੂੰ ਵੇਖ ਲਈਏ ਜੋ ਕਿ ਇਸ ਪ੍ਰਕਾਰ ਹੈ:-
(ਸੰਗਯਾ) ਉੱਤਮ ਤਾਲ. "ਸਰੀਰ ਸਰੋਵਰ ਭਤਿਰੇ ਆਛੈ ਕਮਲ ਅਨੂਪ"(ਬਿਲਾ ਕਬੀਰ)।
ਭਾਈ
ਕਾ੍ਹਨ ਸਿੰਘ ਨਾਭਾ ਜੀ ਨੇ ਸਰੋਵਰ ਦਾ ਅਰਥ ਤਲਾਅ ਮਾਤਰ ਕਰਕੇ ਨਹੀਂ ਕੀਤੇ!
ਸਾਡੇ ਸ਼ਹਿਰ ਜੰਮੂ ਵਿਚ ਕਈਂ ਤਲਾਅ ਸਨ ਜਿਵੇਂ ਕਿ ਬਨ ਤਲਾਬ, ਤਾਲਾਬ ਖਟੀਕਾਂ, ਤਾਲਾਬ ਤਿੱਲੋ, ਪੱਕਾ ਤਲਾਬ ਆਦਿ! ਅੱਜ ਉਸ ਥਾਂ ਇਨ੍ਹਾਂ ਨਾਮਾਂ ਦੀਆਂ ਵੱਡੀਆਂ ਸ਼ਹਰੀ ਬਸਤਿਆਂ ਹਨ। ਜੰਮੂ ਦੇ ਕੰਡੀ ਇਲਾਕੇਆਂ (ਪੱਥਰੀਲੇ ਅਤੇ ਉੱਚੇ ਨੀਵੇਂ ਖੁਸ਼ਕ ਇਲਾਕੇ) ਵਿਚ ਤਲਾਅ ਸਨ ਜਿੱਥੇ ਕਦੇ ਪਾਣੀ ਦੀ ਘਾਟ ਹੁੰਦੀ ਰਹੀ ਸੀ।ਪੰਜਾਬ ਵਿਚ ਤਲਾਬਾਂ ਦੀ ਲੋੜ/ਹੋਂਦ ਬਾਰੇ ਮੈਂਨੂੰ ਜ਼ਿਆਦਾ ਇਲਮ ਤਾਂ ਨਹੀਂ, ਹਾਂ ਇਤਨੀ ਕੁ ਜਾਣਕਾਰੀ ਜ਼ਰੂਰ ਹੈ ਕਿ ਸਲਤਨਤ ਕਾਲ ਦੇ ਸੁਲਤਾਨ ਫਿਰੋਜ਼ਸ਼ਾਹ ਤੁਗ਼ਲਕ (੧੩੫੧-੧੩੮੮) ਨੇ ਸਿਂਚਾਈ ਲਈ ਨਹਿਰਾਂ ਖੁਦਵਾਈਆਂ ਸਨ ਅਤੇ ਉਸ ਤੋਂ ਪਹਿਲਾਂ ਹੀ ਪੰਜਾਬ ਵਿਚ, ਖੂਹ ਵਿਚੋਂ ਪਾਣੀ ਬਾਹਰ ਕੱਡਣ ਲਈ 'ਰਹਿਟ' (Persian Wheel) ਦੀ ਉਹ ਤਕਨੀਕ ਆਰੰਭ ਹੋ ਚੁੱਕੀ ਸੀ ਜੋ ਕਿ ਸਲਤਨਤ ਕਾਲ ਵੇਲੇ ਮੁਸਲਿਮ ਆਮਦ ਨਾਲ ਹੀ ਭਾਰਤ ਆਈ ਸੀ।
ਭਾਰਤ ਅੰਦਰ ਤਲਾਅ ਉਸੇ ਥਾਂ ਬਣਾਏ ਜਾਂਦੇ ਸੀ ਜਿਥੇ ਬਾਰਿਸ਼ ਕਮਜ਼ੋਰ ਅਤੇ ਵਰਤੋਂ ਲਈ ਜਮੀਂਦੋਜ਼ ਪਾਣੀ ਉਪਲੱਬਧ ਨਾ ਹੋਵੇ। ਪੰਜਾਬ ਵਿਚ ਤਾਂ ਪਾਣੀ ਧਰਤੀ ਦੀ ਸਤਹ ਦੇ ਨੇੜੇ ਹੀ ਉਪਲੱਬਧ ਰਿਹਾ ਸੀ।ਰਾਵੀ ਅਤੇ ਬਿਆਸ ਦੇ ਨਾਲ ਦਾ ਅੰਮ੍ਰਿਤਸਰ ਇਲਾਕਾ ਤਾਂ ਚੰਗੀ ਮਾਨਸੂਨ ਹੋਣ ਕਾਰਣ ਅਤਿ ਉਪਜਾਉ ਸੀ ਜਿੱਥੇ ਤਲਾਆਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਦੀ ਲੋੜ ਨਹੀਂ ਸੀ।ਨੇੜੇ ਦੀ 'ਉੱਪਰ ਬੜੀ ਦੋਆਬ ਨਹਿਰ' ਉਸ ਵੇਲੇ ਸ਼ਹਿਰ ਵਿਚ ਪਾਣੀ ਦਾ ਵੱਡਾ ਸਰੋਤ ਤਾਂ ਸੀ ਹੀ। ਹਾਲਾਂਕਿ ਪਾਣੀ ਦੀ ਵਰਤੋਂ ਕਈਂ ਪ੍ਰਕਾਰ ਨਾਲ ਹੁੰਦੀ ਹੈ ਪਰ ਗੁਰੂ ਸਾਹਿਬਾਨ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਤਿਆਰ ਕਰਵਾਉਣ ਦਾ ਮੁੱਖ ਅਤੇ ਮੁੱਡਲਾ ਮਕਸਦ ਅੰਮ੍ਰਿਤਸਰ ਰਾਹੀਂ ਬਾਣੀ ਦੇ ਅੰਮ੍ਰਿਤ ਸੰਦੇਸ਼ ਨੂੰ ਪ੍ਰੇਸ਼ਤ (communicate) ਕਰਨਾ ਸੀ। ਨਤੀਜਤਨ ਉਸ ਸਮੇਂ ਸਿੱਖਾਂ ਲਈ ਗੁਰੂ ਦੇ ਦਰਬਾਰ ਸਾਹਿਬ ਦਾ ਦਰਸ਼ਨ-ਇਸ਼ਨਾਨ ਉਨ੍ਹਾਂ ਤਮਾਮ ਤੀਰਥ ਦਰਸ਼ਨ-ਇਸ਼ਨਾਨਾਂ ਨਾਲੋਂ ਵੱਧ ਕੇ ਅਹਿਮ ਸੀ ਜਿਨ੍ਹਾਂ ਦਾ ਉਹ ਤਿਆਗ ਕਰ ਚੁੱਕੇ ਸੀ।ਵਰਨਾ ਮਾਤਰ ਤਲਾਅ ਬਣਾਉਣਾ ਹੁੰਦਾ ਤਾਂ ਕੁੱਝ ਦੁਰ, ਇਕ ਪਾਸੇ ਕਰਕੇ ਵੀ ਬਣਾਇਆ ਜਾ ਸਕਦਾ ਸੀ ਅਤੇ ਫਿਰ ਗੁਰੂ ਸਾਹਿਬਾਨ ਵਲੋਂ ਸਰੋਵਰਾਂ ਦਾ ਵਿਸ਼ੇਸ਼ ਨਾਮਕਰਣ ?
ਭਾਰਤ-ਪਾਕ ਸਬੰਧਾਂ ਨੂੰ ਅਸੀਂ ਸਮਝਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਦੋਹਾਂ ਨੇ ਅਪਣੀ-ਅਪਣੀ ਸੁਰਖਿਆ ਲਈ ਹੱਥਿਆਰ ਬਣਾਏ ਹਨ। ਭਾਰਤ ਨੇ ਆਪਣੀ ਮਿਸਾਈਲਾਂ ਦਾ ਨਾਮ ਪ੍ਰਥਿਵੀ ਅਤੇ ਪਾਕਿਸਤਾਨ ਨੇ ਗ਼ੋਰੀ ਰੱਖਿਆ ਹੈ ਜੋ ਕਿ ਪ੍ਰਥਵੀਰਾਜ ਚੌਹਾਨ ਅਤੇ ਮੁਹੰਮਦ ਗ਼ੌਰੀ ਵਿਚਕਾਰਲੇ ਸੰਘਰਸ਼ ਦੇ ਵਿਚਾਰ ਪੁਰ ਅਧਾਰਤ ਹਨ।ਵਿਸ਼ੇਸ਼ ਨਾਮ ਵਿਸ਼ੇਸ਼ ਮਕਸਦ ਕਰਕੇ ਰੱਖੇ ਜਾਂਦੇ ਹਨ ਜਿਸ ਨਾਲ ਵਿਸ਼ੇਸ਼ ਸੰਦੇਸ਼ ਪ੍ਰੇਸ਼ਤ ਹੁੰਦਾ ਹੈ।
ਗੁਰਬਾਣੀ ਵਿਚ ਦਰਸਾਏ ਸੰਤੋਖ, ਬਿਬੇਕ ਤਰਨਤਾਰਨ, ਆਨੰਦ, ਕਿਰਤ ਆਦਿ ਨਾਲ ਜੁੜੇ ਸਿਧਾਤਕ ਸੰਧਰਭਾਂ ਨੂੰ ਅਸੀਂ ਜਾਣਦੇ ਹਾਂ ਤਾਂ ਫਿਰ ਭਲਾ ਗੁਰੂ ਸਾਹਿਬਾਨ ਨੇ ਸਰੋਵਰਾਂ ਨੂੰ ਅੰਮ੍ਰਿਤ, ਸੰਤੋਖ, ਬਿਬੇਕ ਆਦਿ ਨਾਲ ਕਿਉਂ ਜੋੜਿਆ? ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਉਪਦੇਸ਼ ਹੀ ਕਰਤਾਰ ਦੇ ਪਰਿਚੈ ਨਾਲ ਸਬੰਧਤ ਹੈ ਫਿਰ ਭਲਾ ਗੁਰੂ ਸਾਹਿਬ ਨੇ ਆਪਣੇ ਵਲੋਂ ਵਸਾਏ ਪਿੰਡ ਨੂੰ ਕਰਤਾਰਪੁਰ ਕਰਕੇ ਕਿਉਂ ਕਿਹਾ? ਗੁਰੂ ਗ੍ਰੰਥ ਸਾਹਿਬ ਵਿਚ ਆਨੰਦ ਦੀ ਬਾਣੀ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਇਕ ਸ਼ਹਿਰ ਦਾ ਨਾਮ ਆਨੰਦ ਪੁਰ ਕਿਉਂ ਰੱਖਿਆ? ਵਿਸ਼ੇਸ਼ ਕਾਰਜ ਅਤੇ ਵਿਸ਼ੇਸ਼ ਨਾਮ! ਐਸਾ ਕਿਉਂ ? ਮੈਂ ਅਕਸਰ, 'ਗੁਰੂ ਸਾਹਿਬਾਨ ਇੰਝ ਨਹੀਂ ਕਰ ਸਕਦੇ - ਉਂਝ ਨਹੀਂ ਕਰ ਸਕਦੇ' ਬੋਲਦੇ- ਲਿੱਖਦੇ ਕੁੱਝ ਸੱਜਣਾਂ-ਪ੍ਰਚਾਰਕਾਂ ਨੂੰ ਇਹ ਸਵਾਲ ਪੁੱਛ ਚੁਕਿਆ ਹਾਂ ਪਰ ਇਸਦਾ ਉੱਤਰ ਨਹੀਂ ਮਿਲਿਆ।'ਖੰਡੇ ਦਾ ਅੰਮ੍ਰਿਤ' ਟਰਮ ਵਿਚ 'ਅੰਮ੍ਰਿਤ' ਸ਼ਬਦ ਦਾ ਵਿਰੋਧ ਕਰਨ ਵਾਲੇ ਕਾਲਾ ਅਫ਼ਗਾਨਾ ਜੀ ਅਤੇ ਇਸ ਬਾਰੇ ਉਨ੍ਹਾਂ ਦੀ ਰੀਸ ਕਰਨ ਵਾਲੇ ਸੱਜਣਾ ਤੋਂ ਵੀ ਇਸਦਾ ਜਵਾਬ ਨਹੀਂ ਮਿਲਿਆ।
ਦਰਬਾਰ ਸਾਹਿਬ ਦੇ ਠੀਕ ਦੁਆਲੇ ਸਰੋਵਰ ਦੀ ਉਸਾਰੀ ਦਾ ਪਰਿਪੇਖ ਭਲਾ ਮੀਂਹ ਦੇ ਪਾਣੀ ਦੀ ਸੰਭਾਲ ਲਈ ਤਲਾਅ ਮਾਤਰ ਤਿਆਰ ਕਰਨਾ ਸੀ ?
ਕਹਿੰਦੇ ਹਨ ਕਿ ਗੁਰੂ ਸਾਹਿਬਾਨ ਦੇ ਜੀਵਨ ਵਿਚ ਅੰਮ੍ਰਿਤ ਸੀ।ਜੇ ਕਰ ਇਹ ਸਹੀ ਹੈ ਤਾਂ ਕੀ ਉਨ੍ਹਾਂ ਦੇ ਜੀਵਨ ਕੋਤਕਾਂ ਵਿਚ ਅੰਮ੍ਰਿਤ ਦਾ ਅੰਸ਼ ਅਤੇ ਉਸਦਾ ਸੁਨੇਹਾ ਨਹੀਂ ਸੀ? ਅੰਮ੍ਰਿਤਸਰ ਸਰੋਵਰ ਗੁਰੂ ਸਾਹਿਬਾਨ ਦਾ ਕੋਤਕ ਹੈ। ਉਸ ਵਿਚ ਗੁਰੂਬਾਣੀ ਦਾ ਅੰਮ੍ਰਿਤ ਅੰਸ਼, ਉਸਦਾ ਪ੍ਰਬਲ ਸੰਕੇਤ ਹੈ।ਉਹ ਸਿੱਖੀ ਦੇ ਪ੍ਰਚਾਰ ਦੀ ਜੁਗਤ ਹੈ ਅਤੇ ਆਪ ਸਿੱਖੀ ਦੇ ਵਿਸ਼ੇਸ਼ ਪੱਖਾਂ ਦਾ ਇਕ ਵੱਡਾ ਪ੍ਰਚਾਰਕ ਹੈ, ਜਿਸ ਲਈ ਉਹ ਹਮੇਸ਼ਾ ਵਿਰੋਧਿਆਂ ਦੀ ਅੱਖ ਵਿਚ ਖਟਕਦਾ ਰਿਹਾ ਹੈ।ਵਰਨਾ ਸੰਤੋਖਸਰ, ਬਿਬੇਕਸਰ, ਤਰਨਤਾਰਨ. ਕਰਤਾਰਪੁਰ ਆਨੰਦ ਪੁਰ ਕਿਰਤਪੁਰ ਆਦਿ ਨਾਮਾਂ ਦਾ ਵਿਰੋਧ ਕਿਉਂ ਨਹੀਂ ? ਸਾਰਾ ਜੋਰ ਅੰਮ੍ਰਿਤਸਰ ਸਰੋਵਰ ਦੇ ਨਾਮ ਦੇ ਵਿਰੋਧ ਵਿਚ ਹੀ ਕਿਉਂ ? ਸੰਤੋਖਸਰ, ਬਿਬੇਕਸਰ, ਤਰਨਤਾਰਨ. ਕਰਤਾਰਪੁਰ ਆਨੰਦ ਪੁਰ ਕਿਰਤਪੁਰ ਨਾਮਕਰਨ ਨੂੰ ਸਵੀਕਾਰ ਕਰਨਾ ਪਰ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦਾ ਵਿਰੋਧ ਕਰਨ ਪਿੱਛੇ ਕੀ ਕਾਰਣ ਹਨ ?
ਇਹ ਅਜੀਬ ਹੀ ਮਾਨਸਿਕਤਾ ਅਤੇ ਫ਼ਿੱਤਰਤ ਬਣ ਚੁੱਕੀ ਹੈ ਕਿ ਪ੍ਰਬੰਧਕਾਂ ਅਤੇ ਸ਼ਖਸੀਅਤਾਂ ਦਾ ਵਿਰੋਧ ਕਰਨ ਵਿਚ ਕੁੱਝ ਸੱਜਣ, ਗੁਰੂ ਸਾਹਿਬਾਨ ਵਲੋਂ ਕੀਤੇ ਉਚੇਚੇ ਕਾਰਜਾਂ ਅਤੇ ਸਥਾਪਤ ਹਿਦਾਇਤਾਂ ਨੂੰ ਵੀ ਸਿੱਧੇ-ਅਸਿੱਧੇ ਨਿੰਦਣ ਲੱਗ ਜਾਂਦੇ ਹਨ।ਐਸਾ ਕਰਨ ਵੇਲੇ ਉਹ ਇਕ ਪਾਸੜ ਵਿਚਾਰ ਦਿੰਦੇ ਹੋਏ ਗੁਰੂ ਸਾਹਿਬਾਨ ਵਲੋਂ ਕੀਤੇ ਉਚੇਚੇ ਕਾਰਜਾਂ ਅਤੇ ਸਥਾਪਤ ਸੰਸਥਾਨਾਂ ਨੂੰ ਰੱਧ ਕਰਨ ਦੀ ਰਾਹ ਤੇ ਤੁਰਦੇ ਜਾਂਦੇ ਹਨ।ਐਸੀ ਮਾਨਸਕ ਦਸ਼ਾ ਠੀਕ ਨਹੀਂ!
ਅੰਮ੍ਰਿਤਸਰ ਗੁਰ ਸਾਹਿਬਾਨ , ਭਾਈ ਗੁਰਦਾਸ, ਬਾਬਾ ਬੁੱਡਾ ਜੀ ਆਏ ਅਤੇ ਮੱਸੇ ਰੰਗੜ, ਅਬਦਾਲੀ ਵੀ! ਉਸ ਥਾਂ ਵਹਿਮੀ, ਮਨਮਤੀਏ, ਫੌਜਾਂ ਵੀ ਆਈਆਂ ਅਤੇ ਚੰਗੇ-ਮਾੜੇ ਪ੍ਰਬੰਧਕ ਵੀ! ਪਰ ਗੁਰਸਿੱਖਾਂ ਨੇ ਉਸ ਨੂੰ ਹਮੇਸ਼ਾ ਗੁਰੂ ਸਾਹਿਬਾਨ ਦੀ ਨਿਗਾਹ ਦੀ ਰੋਸ਼ਨੀ ਹੇਠ ਵੇਖਿਆ।ਉਨ੍ਹਾਂ ਉਸ ਦੀ ਸਰਵ ਪੱਖੀ ਵਿਚਾਰ ਕੀਤੀ।ਉਹ ਨਿਜੀ ਕਾਰਣਾਂ ਕਰਕੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਸ ਦੇ ਅੰਨੇ ਵਿਰੋਧੀ ਨਹੀਂ ਬਣੇ!
ਜਿਹੜੇ ਸੱਜਣਾ ਨੂੰ ਇਸ ਦੀ ਸਮਝ ਨਹੀਂ ਉਹ ਗੁਰੂ ਸਾਹਿਬਾਨ ਦੇ ਕਾਰਜਾਂ ਨੂੰ ਕੇਵਲ ਨਿੰਦਾ ਦਿਆਂ ਅੱਖਾਂ ਨਾਲ ਵੇਖਦੇ ਇਸ ਪੱਖੋਂ ਗੁਰਮਤ ਦੇ ਜਾਣਕਾਰ ਹੋਣ ਦਾ ਅਜੀਬ ਜਿਹਾ ਦਾਵਾ ਪੇਸ਼ ਕਰਦੇ ਹਨ।
ਹਰਦੇਵ ਸਿੰਘ, ਜੰਮੂ-੧੪-੧੦-੨੦੧੬
No comments:
Post a Comment