Tuesday, 25 October 2011

ਦੋ ਤੀਰ ਇੱਕ ‘ਨਿਸ਼ਾਨਾ’
ਹਰਦੇਵ ਸਿੰਘ, ਜੰਮੂ

ਇਕ ਤੀਰ ਨਾਲ ਜੇ ਕਰ ਦੋ ਨਿਸ਼ਾਨੇ ਸਾਧ ਲੇ ਜਾਣ ਤਾਂ ਨਿਸ਼ਾਨਾ ਲਗਾਉਣ ਵਾਲੇ ਦੀ ਸਿਆਣਪ ਜਾਂ ਚਤੁਰਾਈ ਵੀ ਕਹੀ ਜਾ ਸਕਦੀ ਹੈ।ਪਰ ਕੇ ਕਰ ਇੱਕ ਨਿਸ਼ਾਨਾ ਦੋਵੇਂ ਪਾਸਿਯੋਂ ਤੀਰਾ ਦਾ ਸ਼ਿਕਾਰ ਹੋਂਣ ਦੀ ਸਥਿਤੀ ਵਿੱਚ ਹੋਵੇ ਤਾਂ ਉਹ ਨਿਸ਼ਾਨਾ ਇਕ ਬੇ-ਚਾਰਗੀ ਵਰਗੀ ਹਾਲਤ ਵਿਚ ਫ਼ੱਸਿਆ ਸਮਝਿਆ ਜਾ ਸਕਦਾ ਹੈ।
ਇਕ ਪਾਸਿਯੋਂ ਸੁਣਨ ਨੂੰ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਸੰਪਰਦਾਈਆਂ/ਪਰੰਪਰਾਵਾਦੀਆਂ ਨਾਲ ਕੀਤਾ ਗਿਆ ਸਮਝੌਤਾ ਸੀ ਪਰ ਨਾਲ ਹੀ, ਉਸੇ ਪਾਸਿਯੋਂ, ਸੁਣਨ ਨੂੰ ਮਿਲਦਾ ਹੈ ਕਿ ਸੰਪਰਦਾਈਆਂ ਨੇ ਇਸ ਨੂੰ ਕਦੇ ਸਵੀਕਾਰ ਹੀ ਨਹੀਂ ਕੀਤਾ। ਸਮਝ ਨਹੀਂ ਆਉਂਦੀ ਕਿ ਕੀ ਕਹਿਣ ਦਾ ਜਤਨ ਕੀਤਾ ਜਾਂਦਾ ਹੈ? ਜੇਕਰ ਰਹਿਤ ਮਰਿਆਦਾ ਸੰਪਰਦਾਵਾਂ ਨਾਲ ਹੋਈਆ ਸਮਝੌਤਾ ਸੀ ਤਾਂ ਸੰਪਰਦਾਵਾਂ ਨੇ ਇਸ ਦਾ ਵਿਰੋਧ ਕਰਦੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਐਸੇ ਸਮਝੌਤਿਆਂ ਵਿਚ ਪਹਿਲਾਂ ਧਿਰਾਂ ਦੀ ਸੰਤੂਸ਼ਟੀ (Satisfaction) ਹੁੰਦੀ ਹੈ ਅਤੇ ਫ਼ਿਰ ਸਮਝੌਤੇ ਦੀ ਪੁਸ਼ਟੀ (Approval) ਜੇ ਕਰ ਪੁਸ਼ਟੀ (Approval) ਹੋ ਗਈ ਸੀ ਤਾਂ ਸੰਪਰਦਾਈਆਂ ਦੀ ਸੰਤੁਸ਼ਟੀ ਕਿੱਥੇ ਰਹਿ ਗਈ?
ਖ਼ੈਰ ਇਹ ਸੱਚ ਸਵੀਕਾਰ ਕਰ ਲਿਆ ਗਿਆ ਕਿ ਸੰਪਰਦਾਵਾਂ ਅਤੇ ਡੇਰਿਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵਿਰੋਧ ਅੱਜ ਵੀ ਬਰਕਰਾਰ ਹੈ।ਉਹ ਇਸ ਨੂੰ ਇਕ ਔਕੜ ਮੰਨਦੇ ਹਨ ਇਸ ਲਈ ਇਹ ਉਨ੍ਹਾਂ ਦੇ ਨਿਸ਼ਾਨੇ ਤੇ ਹੈ। ਚਿੰਤਨ ਦੇ ਇਸ ਤੀਰ ਦਾ ਤਾਣਾ-ਬਾਣਾ ਇਸ ਵਿਚਾਰ ਤੋਂ ਲਿੱਪਤ ਹੈ ਕਿ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਅਤੇ ਲੇਖਕਾਂ ਨੇ ਪਰੰਪਰਾਵਾਦੀ ਸੋਚ ਦੀ ਗੋਦ ਵਿਚੋਂ ਧਰਮ ਨੂੰ ਖੋਹ ਕੇ ਉਸ ਨੂੰ ਆਪਣਾ ਰੰਗ ਚਾੜ ਛੱਡਿਆ। ਇਹ ਹੋਈਆ ਇੱਕ ਪਾਸਾ!
ਦੂਜੇ ਪਾਸੇ ਸਿੱਖ ਰਹਿਤ ਮਰਿਆਦਾ ਨੂੰ ਸੰਝੋਤਾਵਾਦ ਦਾ ਦਸਤਾਵੇਜ਼ ਸਮਝਣ ਵਾਲੇ ਸੱਜਣ ਆਪਣੇ ਆਪਣੇ ਤੀਰਾਂ ਨੂੰ ਇਸਦੇ ਵਿਰੁੱਧ ਕੱਸ ਰਹੇ ਹਨ।ਉਨ੍ਹਾਂ ਦਾ ਗਿਲਾ ਵੀ ਸਿੱਖ ਰਹਿਤ ਮਰਿਆਦਾ ਦੀਆਂ ਮਦਾਂ ਦੇ ਵਿਰੋਧ ਤੋਂ ਹੁੰਦਾ ਸਿੰਘ ਸਭਾ ਲਹਿਰ ਦੇ ਮੋਢੀ ਆਗੁਆਂ ਅਤੇ ਲੇਖਕਾਂ ਤਕ ਜਾ ਪੁੱਜਦਾ ਹੈ। ਵੱਡੀ ਗਲ ਨਹੀਂ ਕਿ ਦੂਜੇ ਪਾਸੇ ਨੂੰ ਮੈਦਾਨ ਵਿਚ ਵੇਖ ਕੇ ਪਹਿਲਾ ਪਾਸਾ ਹੁਣ ਮਾਕੂਲ ਮੌਕੇ ਦੀ ਫ਼ਿਰਾਕ ਵਿਚ ਜੁਟ ਜਾਏ। ਪਹਿਲਾਂ ਤਾਂ ਉਹ ਰਹਿਤ ਮਰਿਆਦਾ ਨੂੰ ਅਸਵੀਕਾਰ ਕਰਦੇ ਆਪਣੀ ਡੱਫ਼ਲੀ ਵਜਾਉਂਦੇ ਪ੍ਰਤੀਤ ਹੁੰਦੇ ਸੀ ਹੁਣ ਹਮਖ਼ਿਆਲੀਆਂ ਨੂੰ ਵੇਖ ਕੇ ਉਹ ਵੀ ਰਹਿਤ ਮਰਿਆਦਾ ਦੀ ਡੱਫ਼ਲੀ ਵਾਜਾਉਂਣ ਗੇ। ਕਹਿੰਦੇ ਹਨ ਕਿ ਦੁਸ਼ਮਨ ਦਾ ਦੁਸ਼ਮਨ ਇਕ ਪ੍ਰਕਾਰ ਨਾਲ ਦੋਸਤ ਹੀ ਸਾਬਤ ਹੁੰਦਾ ਹੈ।
ਯਾਨੀ ਕਿ ਸਿੰਘ ਸਭਾ ਲਹਿਰ ਦੇ ਆਗੂ ਤਾਂ ਨਹੀਂ ਰਹੇ ਪਰ ਉਨਾਂ ਦੀ ਘਾਲਣਾ ਸਿੱਖ ਰਹਿਤ ਮਰਿਆਦਾ ਇਕ ਐਸੇ ਨਿਸ਼ਾਨੇ ਵਜੋਂ ਮੌਜੂਦ ਹੈ ਜਿਸ ਨੂੰ ਆਪਣੇ ਆਪਣੇ ਤਰਕਾਂ ਦੇ ਤੀਰ ਨਾਲ ਭੇਦਣ ਦਾ ਉਪਰਾਲਾ ਚਿੰਤਨ ਦੇ ਦੋ ਵੱਖਰੇ ਤਲਾਂ ਤੇ ਪ੍ਰਗਟ ਹੋ ਰਿਹਾ ਹੈ।
ਇਕ ਪਾਸੇ ਵੱਡੀ ਦਰਕਿਨਾਰੀ ਦਾ ਸ਼ਿਕਵਾ ਹੈ ਅਤੇ ਦੂਜੇ ਪਾਸੇ ਕਿਸੇ ਸ਼ੂਮਾਰੀ ਦਾ ਸ਼ਿਕਵਾ। ਸਿੱਟੇ ਵਜੋਂ ਸਿੱਖ ਰਹਿਤ ਮਰਿਆਦਾ ਦੇ, ਦੋ ਵੱਖਰੇ-ਵਖਰੇ ਤੀਰਾਂ ਦੇ ਨਾਲ ਛੱਲਣੀ ਹੋਂਣ ਦੀ ਸੰਭਾਵਨਾ ਹੈ। ਇਸਦਾ ਛੱਲਣੀ ਹੋਂਣਾ ਸਿੱਖ ਪੰਥ ਦੇ ਸਰੀਰ ਤੇ ਐਸੇ ਜ਼ਖਮਾਂ ਦੀ ਪੀੜਾ ਛੱਡੇਗਾ ਜੋ ਕਿ ਫ਼ਿਰ ਨਾਸੂਰ ਬਣ ਜਾਣਗੇ। ਕਮਾਨ ਤੇ ਕੱਸੇ ਤੀਰਾਂ ਨੂੰ ਛੱਡਣਾ ਤੋਂ ਪਹਿਲਾਂ, ‘ਵੇਲੇ’ ਨੂੰ ‘ਵੇਲੇ’ ਸਿਰ ਵਿਚਾਰ ਲਈਏ ਤਾਂ ਚੰਗਾ ਹੈ। ਅੱਜੇ ਕੁੱਝ ਵਿਗੜੀਆ ਨਹੀਂ!
ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ!
ਹਰਦੇਵ ਸਿੰਘ, ਜੰਮੂ

No comments:

Post a Comment