Monday, 21 November 2011

‘ਤੱਤ ਗੁ: ਪਰਿਵਾਰ ਵਲੋਂ ਆਏ ਸਪਸ਼ਟੀਕਰਨ ਬਾਰੇ`

ਹਰਦੇਵ ਸਿੰਘ, ਜੰਮੂ

ਪਰਿਵਾਰ ਵਲੋਂ ਆਪਣੇ ਲਈ ਤਲਾਸ਼ੀ ਜਾ ਰਹੀ ਜੀਵਨ ਜਾਚ ਬਾਰੇ ਸਪਸ਼ਟੀਕਰਨ ਦਾ ਸਿਰਲੇਖ ਹੁਣ ਸਿੱਖ ਰਹਿਤ ਮਰਿਆਦਾ` ਸੁਧਾਰ ਉਪਰਾਲੇ ਬਾਰੇ ਕੁੱਝ ਸਪਸ਼ਟੀਕਰਨ” (21.11.2011) ਕਰਕੇ ਆਇਆ ਹੈ। ਪਰ ਇਸ ਸਪਸ਼ਟੀਕਰਨ ਵਿੱਚ ਇਹ ਫ਼ਿਰ ਵੀ ਸਪਸ਼ਟ ਨਹੀਂ ਹੋ ਰਿਹਾ ਕਿ ਪਰਿਵਾਰ ਨੇ ਆਪਣੀ ਜੀਵਨ ਜਾਚ ਲਈ ਸੁਝਾਵ ਮੰਗੇ ਹਨ ਜਾਂ ‘ਸਿੱਖ ਰਹਿਤ ਮਰਿਆਦਾ ੧੯੪੫ ਬਾਰੇ? ਜੇ ਕਰ ਸੁਝਾਵ ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ ਮੰਗੇ ਗਏ ਹਨ ਤਾਂ ਹੁਣ ਇਸ ਨਵੇਂ ਸਿਰਲੇਖ ਦਾ ਕੀ ਮਤਲਭ ਹੈ? ਇਸ ਸਿਰਲੇਖ ਨੇ ਹੋਰ ਦੁਬਿਦਾ ਖੜੀ ਕੀਤੀ ਹੈ ਕਿਉਂਕਿ ਅੰਦਰ ਤਾਂ ਆਖਰਕਾਰ ਫ਼ਿਰ ਪਰਿਵਾਰ ਲਈ ‘ਗੁਰਮਤਿ ਜੀਵਨ ਜਾਚ` ਦੀ ਗੱਲ ਕੀਤੀ ਗਈ ਹੈ ਨਾ ਕਿ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੀ।
ਸੰਪਾਦਕੀ ਮੰਡਲ ਨੂੰ ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ ਕਿ ਉਹ ਕਰ ਕੀ ਰਹੇ ਹਨ? ਪਰਿਵਾਰ ਨੇ ਆਪਣੀ ਪਹਿਲੀ ਪੁਸਤਕ ਵਿੱਚ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਬਾਰੇ ਸੁਜਾਵ ਦਿੱਤੇ ਸਨ ਪਰ ਹੁਣ ਉਹ ਉਸ ਲਾਈਨ ਤੋਂ ਹੱਟ ਕੇ ਇੱਕ ਐਸੇ ਖਰੜੇ ਤੇ ਆਪ ਮੁਨਸਿਫ਼ (ਜੱਜ) ਬਣ ਸੁਜਾਵ ਮੰਗ ਰਹੇ ਹਨ ਜੋ ਕਿ ਸਿੱਖ ਰਹਿਤ ਮਰਿਆਦਾ ੧੯੪੫ ਲਈ ਨਹੀਂ ਹੈ ਬਲਕਿ ਪਰਿਵਾਰ ਦੇ ਨਿਜੀ ਜੀਵਨ ਜਾਚ ਬਾਰੇ ਹੈ। ਇਸ ਉਪਰਾਲੇ ਵਿੱਚ ਫ਼ੈਸਲੇ ਦੀ ਲਗਾਮ ਨੂੰ ਵੀ ਉਨ੍ਹਾਂ ਇਸੇ ਲਈ ਆਪਣੇ ਹੱਥ ਰੱਖਿਆ ਹੈ ਕਿਉਂਕਿ ਇਹ ਇੱਕ ਨਿਜੀ ਮਸਲਾ ਹੈ ਪੰਥਕ ਨਹੀਂ। ਇਹ ਉਨ੍ਹਾਂ ਦੀ ਨਿਜੀ ਪਸੰਦ ਹੋ ਸਕਦੀ ਹੈ ਪਰ ਇਸ ਸੂਰਤ ਵਿੱਚ ਪਰਿਵਾਰ ਆਪਣੀ ਨਿਜੀ ਜੀਵਨ ਜਾਚ ਦੀ ਤਲਾਸ਼ ਨੂੰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੀ ਲੋੜ ਨਾਲ ਕਿਵੇਂ ਜੋੜ ਰਿਹਾ ਹੈ?
 ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਦੁਬਿਦਾ ਦੂਰ ਕਰਨ ਅਤੇ ਸਪਸ਼ਟ ਸ਼ਬਦਾ ਵਿੱਚ ਕਰਨ। ਇਹ ਸਪਸ਼ਟ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਉਨ੍ਹਾਂ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਹੈ ਜਾਂ ਨਹੀਂ    ਉਨ੍ਹਾ ਨੂੰ ਇਸ ਅਹਿਮ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਸੋਖਾ ਜਿਹਾ ਉੱਤਰ ਦੇਂਣਾ ਚਾਹੀਦਾ ਹੈ ਤਾਂ ਕਿ ਸੁਜਾਵ ਦੇਂਣ ਵਾਲੀਆਂ ਨੂੰ ਪਤਾ ਚਲ ਸਕੇ ਕਿ ਉਹ ਸੁਜਾਵਾਂ ਰਾਹੀਂ ਕਿਸੇ ਪੰਥਕ ਉਪਰਾਲੇ ਵਿੱਚ ਹਿੱਸਾ ਲੇ ਰਹੇ ਹਨ ਜਾਂ ਕਿਸੇ ਪਰਿਵਾਰ ਦੀ ਨਿਜੀ ਜੀਵਨ ਜਾਚ ਤਿਆਰ ਕਰਨ ਵਿਚ ? ਇੰਨ-ਭਿੰਨ ਤਾਂ ਕਈਂ ਨਹੀਂ ਮੰਨਦੇ ਪਰ ਇੰਨ-ਭਿੰਨ ਨਾ ਮਨਣਾ ਅਤੇ ਬਿਲਕੁਲ ਅਸਵੀਕਾਰ (Reject) ਕਰ ਦੇਂਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ।
ਰਹਿਤ ਮਰਿਆਦਾ ਦੀ ਧਾਰਨਾ (Concept) ਬਾਰੇ ਪਰਿਵਾਰ ਵਿੱਚ ਅਸਪਸ਼ਟਤਾ ਹੈ ਪਰ ਇੱਥੇ ਕੇਵਲ ਇੱਕ ਦਾ ਹੀ ਜ਼ਿਕਰ ਕਰਨਾ ਠੀਕ ਹੋਵੇਗਾ। ਪਰਿਵਾਰ ਦੇ ਸਪਸ਼ਟੀਕਰਨ ਵਿੱਚ ਲਿਖਿਆ ਹੈ:-

“ ਜਿਵੇਂ ਗੁਰਮਤਿ ਸਮੁੱਚੀ ਮਨੁੱਖਤਾ ਲਈ ਸਾਂਝੀ ਹੈ, ਕਿਸੇ ਇਕ ਧੜੇ ਜਾਂ ਫਿਰਕੇ ਤੱਕ ਸੀਮਿਤ ਨਹੀਂ। ਇਵੇਂ ਹੀ ਇਹ ‘ਗੁਰਮਤਿ ਜੀਵਨ ਜਾਚ’ ਵੀ ਸਮੁੱਚੀ ਮਨੁੱਖਤਾ ਲਈ ਸਾਂਝੀ ਹੋਵੇਗੀ”

ਇਕ ਵਾਰ ਫ਼ਿਰ ਪਰਿਵਾਰ ਵਲੋਂ ਇਹ ਇੱਕ ਅਤਿਅੰਤ ਵਚਿੱਤਰ ਬਿਆਨ ਹੈ ਜਿਸ ਵਿੱਚ ਪਰਿਵਾਰ ਗੁਰਮਤਿ (ਗੁਰਬਾਣੀ ਦਾ ਫ਼ਲਸਫ਼ਾ) ਅਤੇ ਸਿੱਖ ਰਹਿਤ ਵਿਚਲਾ ਅੰਤਰ ਨਹੀਂ ਸਮਝ ਪਾ ਰਿਹਾ। ਗੁਰਮਤਿ ਗੁਰੂ ਦਾ ਉਪਦੇਸ਼ ਹੈ ਅਤੇ ਇਹ ਮਨੁੱਖਤਾ ਲਈ ਸਾਂਝਾ ਹੈ ਜਿਸ ਤੋਂ ਭਾਵ ਇਹ ਹੈ ਕਿ ਗੁਰਮਤਿ ਦਰਸ਼ਨ ਵਿੱਚ ਹਰ ਮਤ ਦੇ ਮਨੁੱਖ ਲਈ ਉਪਦੇਸ਼ ਹੈ। ਪਰ ਰਹਿਤ ਕੇਵਲ ਉਨ੍ਹਾਂ ਲਈ ਹੈ ਜੋ ਗੁਰਮਤਿ ਨੂੰ ਸਵੀਕਾਰ ਕਰਦੇ ਉਸਦੇ ਸਿੱਖ ਹਨ। ਜੇਕਰ ਪਰਿਵਾਰ ਦਾ ਦਾਵਾ ਹੈ, ਕਿ ਉਹ ਮਨੁੱਖਤਾ ਲਈ ਸ਼ਾਂਝੀ ਜੀਵਨ ਜਾਚ ਤਿਆਰ ਕਰ ਰਿਹਾ ਹੈ, ਤਾਂ ਉਸ ਜੀਵਨ ਜਾਚ ਦੀ ਸਕੀਮ ਵਿਚ, ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਲਈ ਪਰਿਵਾਰ ਵਲੋਂ ਪੇਸ਼ ਕੀਤੇ, ਖੰਡੇ ਦੀ ਪਾਹੁਲ, ਆਨੰਦ ਕਾਰਜ, ਮ੍ਰਿਤਕ ਸੰਸਕਾਰ ਆਦਿ ਦੇ ਪ੍ਰਸਤਾਵ ਕਿਵੇਂ ਫ਼ਿਟ ਹੋ ਰਹੇ ਹਨ? ਸਮੁੱਚੀ ਮਨੁੱਖਤਾ ਲਈ ਜੀਵਨ ਜਾਚ ਤਿਆਰ ਕਰਨ ਲਈ ਕੀ ਪਰਿਵਾਰ ਨੇ ਨਾਸਤਕਾਂ ਸਮੇਤ ਸਾਰੇ ਮਤਾਂ ਦੇ ਵਿਦਵਾਨਾਂ ਦੇ ਸੁਜਾਵ ਵੀ ਮੰਗੇ ਹਨ? ਪਰਿਵਾਰ ਵਲੇਂ ਪੇਸ਼ ਜੀਵਨ ਜਾਚ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾਂ ਵਿੱਚ ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਕਿਵੇਂ ਆਉਂਣ ਗੇ?
ਪਰਿਵਾਰਕ ਸੱਜਣਾ ਅੱਗੇ ਵਾਰ-ਵਾਰ ਇਹ ਬੇਨਤੀ ਹੈ ਕਿ ਉਹ ਪਹਿਲਾਂ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿਚਲਾ ਅੰਤਰ ਵੀ ਸਮਝਣ। ਗੁਰਬਾਣੀ ਦੇ ਉਪਦੇਸ਼ ਮਨੁੱਖਤਾ ਲਈ ਹਨ ਪਰ ਰਹਿਤ ਮਰਿਆਦਾ ਸਿੱਖਾਂ ਲਈ ਕੋਡ ਆਫ਼ ਕੰਡਕਟ` ਹੈ। ਰਹਿਤ ਮਰਿਆਦਾ ਗੁਰਬਾਣੀ ਤੁਲ ਨਹੀਂ ਹੋ ਸਕਦੀ! ਫ਼ਿਰ ਆਪ ਜੀ ਨੇ ਇਸ ਦੀ ਤਿਆਰੀ ਵੀ ਕੇਵਲ ਇੱਕ ਧੜੇ (ਪਰਿਵਾਰ) ਲਈ ਹੀ ਕੀਤੀ ਹੈ ਇਹ ਤਾਂ ਪੰਥਕ ਤਕ ਨਹੀਂ,ਸਮੁੱਚੀ ਮਨੁੱਖਤਾ ਲਈ ਸਾਂਝੀ ਜੀਵਨ ਜਾਚ ਦੀ ਗਲ ਤਾਂ ਵਚਿੱਤਰ ਵਿਚਾਰ ਹੀ ਹੈ। ਸਾਂਝੀਵਾਲਤਾ ਗੁਰਬਾਣੀ ਦਾ ਉਪਦੇਸ਼ ਹੈ। ਕੋਈ ਰਹਿਤ ਮਰਿਆਦਾ ਇਸਦਾ ਥਾਂ ਨਹੀਂ ਲੇ ਸਕਦੀ। ਰਹਿਤ ਮਰਿਆਦਾ ਪੰਥਕ ਤੌਰ ਤੇ ਕ੍ਰਮਬੱਧ ਹੋਂਣ ਦਾ ਵਸੀਲਾ ਹੁੰਦਾ ਹੈ ਫ਼ਲਸਫ਼ਾ ਨਹੀਂ।
ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਪਹਿਲਾਂ ਇਸ ਵਿਸ਼ੇ ਤੇ ਸਪਸ਼ਟ ਹੋਂਣ ਤਾਂ ਕਿ ਸੁਜਾਵ ਦੇਂਣ ਵਾਲਾ ਦੁਬਿਦਾ ਵਿੱਚ ਨਾ ਰਹੇ। ਪਰਿਵਾਰਕ ਸੱਜਣ ਇਹ ਨਹੀਂ ਸਮਝਾ ਪਾ ਰਹੇ ਕਿ ਪਰਿਵਾਰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰ ਦੀ ਗਲ ਕਰ ਰਿਹਾ ਹੈ ਜਾਂ ਉਸ ਨੂੰ ਰੱਧ ਕਰਕੇ ਆਪਣੇ ਪਰਿਵਾਰ ਦੀ ਜੀਵਨ ਜਾਚ ਤਿਆਰ ਕਰ ਰਿਹਾ ਹੈ? ਇਸ ਲਈ ਇਸ ਸਵਾਲ ਦਾ ਜਵਾਬ ਉਹ ਹਾਂ ਜਾਂ ਨਾਂਹ ਦੀ ਤਰਜ਼ ਵਿੱਚ ਦੇਂਣ ਦੀ ਕਿਰਪਾਤਲਾ ਕਰਨ!
ਦਾਸ ਲਈ ਪਰਿਵਾਰ ਦੇ ਮੁੱਡਲੇ ਪ੍ਰਸਤਾਵ ਤੋਂ ਇਹ ਸਪਸ਼ਟ ਹੈ ਕਿ ਪਰਿਵਾਰ ਨੇ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ। ਨਵੇਂ ਸਪਸ਼ਟੀਕਰਨ ਦੇ ਸਿਰਲੇਖ ਵਿੱਚ ਵੀ ਕੁੱਝ ਹੋਰ ਹੈ ਅਤੇ ਅੰਦਰ ਕੁੱਝ ਹੋਰ। ਕਿਰਪਾਲਤਾ ਕਰਕੇ ਪਰਿਵਾਰ ਦੁਬਿਦਾ ਨੂੰ ਸਪਸ਼ਟ ਸ਼ਬਦਾਂ ਵਿੱਚ ਦੂਰ ਕਰੋ ਤਾਂ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਅਤੇ ਪਰਿਵਾਰ ਦੀ ਨਿਜੀ ਗੁਰਮਤਿ ਜੀਵਨ ਜਾਚ ਵਿਚਲਾ ਅੰਤਰ ਪਾਠਕਾਂ ਨੂੰ ਸਮਝ ਆ ਸਕੇ। ਆਸ ਹੈ ਕਿ ਪਰਿਵਾਰ ਇੱਕ ਸੰਜੀਦਾ ਸੰਵਾਦ ਨੂੰ ਵੀ ਕਾਵਾਂਰੋਲੀ ਕਹਿ ਕੇ ਰੱਧ ਨਹੀਂ ਕਰੇਗਾ ਅਤੇ ਇਸਦਾ ਸਾਫ਼ਗੋਈ ਨਾਲ ਉੱਤਰ ਦਵੇਗਾ।

ਹਰਦੇਵ ਸਿੰਘ, ਜੰਮੂ
੨੧. ੧੧. ੨੦੧੧

No comments:

Post a Comment