Saturday, 11 February 2012

ਬਰੂਟਸ ਤੂੰ ਵੀ?
ਹਰਦੇਵ ਸਿੰਘ,ਜੰਮੂ

ਕਹਾਣੀ ਪੁਰਾਣੀ ਹੈ! ਕਹਿੰਦੇ ਹਨ ਰੋਮ ਦੇ ਤਕਤਵਰ ਰਾਜਾ 'ਜੁਲੀਅਸ ਸੀਜ਼ਰ' ਦੇ ਕਤਲ ਦੀ ਸਾਜਸ਼ ਉਸਦੇ ਸਾਥੀਆਂ ਨੇ ਰਚੀ।'ਉਹ ਦਿਨ' ਆ ਹੀ ਗਿਆ ਜਦੋਂ ਜੁਲੀਅਸ ਸੀਜ਼ਰ ਨੇ 'ਸੈਨਟ ਹਾਲ' ਦੇ ਅੰਦਰ ਕਦਮ ਰੱਖਿਆ।ਸਾਜਸ਼ ਕਰਤਾ ਸੈਨੇਟਰ ਅਪਣੇ ਮਨਸੂਬੇ ਮੁਤਾਬਕ ਹੀ ਤਿਆਰ ਸਨ।ਪਹਿਲਾ ਵਾਰ ਗਰਦਨ ਤੇ ਹੋਇਆ! ਸੀਜ਼ਰ ਨੇ ਵਾਰ ਕਰਨ ਵਾਲੇ ਦੀ ਬਾਂਹ ਪਕੜ ਲਈ ਅਤੇ ਹੈਰਾਨਗੀ ਨਾਲ ਪੁੱਛਿਆ; 'ਕਾਸਕਾ ਤੁ ਇਹ ਕੀ ਕਰ ਰਿਹਾ ਵੇਂ ? ਹਮਲਾਵਰ ਡਰ ਜਿਹਾ ਗਿਆ ਅਤੇ ਮੋਕਾ-ਏ- ਵਾਰਦਾਤ ਤੇ ਮੌਜੂਦ ਹੋਰ ਸਾਥੀਆਂ ਵਲੋਂ ਮਦਦ ਮੰਗਣ ਲਗ ਪਿਆ।ਇਕਦਮ ਸੀਜ਼ਰ ਸੱਠਾਂ ਬੰਦਿਆਂ ਵਲੋਂ ਘੇਰ ਲਿਆ ਗਿਆ। ਚਾਰੋਂ ਪਾਸਿਯੋਂ ਖ਼ੰਜਰ ਸੀਜ਼ਰ ਦੇ ਜਿਸਮ ਨੂੰ ਭੇਦਣ ਲੱਗ ਪਏ।ਸੀਜ਼ਰ ਅਪਣੇ ਸਾਥੀਆਂ ਦੇ ਇਸ ਹਮਲੇ ਤੋਂ ਹੈਰਾਨ ਸੀ।ਪਰ ਅਤਿ ਦੀ ਹੈਰਾਨਗੀ ਉਸ ਵੇਲੇ ਹੋਈ ਜਿਸ ਵੇਲੇ ਉਸਦੀ ਨਜ਼ਰ ਵਾਰ ਕਰਨ ਵਾਲੇ ਅਪਣੇ ਖ਼ਾਸ ਜਿਗਰੀ 'ਬਰੂਟਸ' ਤੇ ਪਈ! ਤਾਂ ਖ਼ੂਨ ਵਿਚ ਲੱਥਪੱਥ ਸੀਜ਼ਰ ਨੇ ਅਤਿ ਦੀ ਹੈਰਾਨਗੀ ਨਾਲ ਪੁੱਛਿਆ "ਬਰੂਟਸ ਤੂੰ ਵੀ?" (You Too Brutus?)

ਇਸ ਇਤਹਾਸਕ ਕਹਾਣੀ ਦੇ ਮੁਤਾਬਕ ਸੀਜ਼ਰ ਚਾਰੋ ਪਾਸਿਯੋਂ ਵਰੇ ਖ਼ੰਜਰਾਂ ਤੋਂ ਇਤਨਾ ਮਾਯੂਸ ਅਤੇ ਹੈਰਾਨ ਨਹੀਂ ਹੋਇਆ ਜਿਤਨਾ ਕਿ ਅਪਣੇ ਹੀ ਖ਼ਾਸਮ-ਖ਼ਾਸ ਵੱਲੋਂ ਕੀਤੇ ਗਏ ਵਾਰ ਤੇ! ਆਖ਼ਰ ਸੀਜ਼ਰ ਇਕ ਮਹਾਨ ਯੌਧਾ ਸੀ।ਜੰਗ ਦੇ ਮੈਦਾਨਾਂ ਵਿਚੋਂ ਉੱਠਦਿਆਂ ਖ਼ੂਨੀ ਹਨੇਰਿਆਂ ਵਿਚ ਜੂਝਣ ਵਾਲਾ ਸੀ।ਉਸ ਨੂੰ ਕਦੇ ਕਿਸੇ ਵਿਰੋਧੀ ਦੇ ਵਾਰ ਨੇ ਉਤਨਾ ਹੈਰਾਨ ਨਹੀਂ ਸੀ ਕੀਤਾ ਜਿਤਨਾ ਕਿ ਉਸ ਦੇ ਅਪਣੇ ਹੀ ਖ਼ਾਸ ਸਾਥੀ ਦੇ ਵਾਰ ਨੇ।ਹੈਰਾਨਗੀ ਦੀ ਹੱਦ ਇਤਨੀ ਸੀ ਕਿ ਸੀਜ਼ਰ ਨੇ ਆਪਾ ਹਮਲਾਵਰਾਂ ਦੇ ਹਵਾਲੇ ਕਰ ਦਿੱਤਾ!


ਅੱਜ ਦੇ ਮਾਹੋਲ ਦੇ ਵਿਚ ਜਿਸ ਵੇਲੇ 'ਕੇਵਲ ਗੁਰੂ ਦੀ ਗਲ ਕਰਨ ਵਾਲੇ' ਅਖਵਾਉਂਦੇ ਪਾਸਿਯੋਂ ਵੀ ਸਿੱਖੀ ਦੇ ਮੁੱਡਲੇ ਅਧਾਰਾਂ ਤੇ ਜਾਣੇ-ਅਣਜਾਣੇ ਕਿੰਤੂ/ਬੇਅਦਬੀ ਹੁੰਦੀ ਹੈ ਤਾਂ ਜ਼ਹਿਨ ਵਿਚ ਕਹਾਵਤ ਰੂਪ ਇਹ ਸਵਾਲ ਉੱਠਦਾ ਹੈ ਬਰੂਟਸ ਤੂੰ ਵੀ???
ਹਰਦੇਵ ਸਿੰਘ, ਜੰਮੂ
੧੦.੦੨.੨੦੧੨

No comments:

Post a Comment