‘ਸ਼੍ਰੀ ਅਕਾਲ ਤਖ਼ਤ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਕੁੱਝ ਵਿਚਾਰ`
ਹਰਦੇਵ ਸਿੰਘ, ਜੰਮੂ
ਕਾਲਾ ਅਫ਼ਗ਼ਾਨਾ ਜੀ ਨੇ ਗਲ ਬਾਤ ਦੌਰਾਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਥਾਨ ਨੂੰ ‘ ਪੂਜਨੀਕ` ਕਿਹਾ। ਪੂਜਨੀਕ ਤੋਂ ਉਨ੍ਹਾਂ ਦਾ ਭਾਵ ਅਤਿ ਸਤਿਕਾਰ ਅਤੇ ਸਿੱਜਦਾ ਯੋਗ ਹੀ ਲਿਆ ਜਾ ਸਕਦਾ ਹੈ ਨਾ ਕਿ ਧੂਪ-ਅਗਰਬਤੀ-ਥਾਲੀ ਲੇ ਕੇ ਪੂਜਣ ਵਾਲਾ। ਦਾਸ ਨੇ ਵੀ ਇੰਝ ਹੀ ਸਮਝਿਆ। ਪਰ ਕੁੱਝ ਪਾਠਕ ਸੱਜਣਾ ਨੇ ਇਸ ਸੂਚਨਾ ਨੂੰ ਇਹ ਕਹਿ ਕੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਾਲਾ ਅਫ਼ਗ਼ਾਨਾ ਜੀ ਐਸਾ ਨਹੀਂ ਕਹਿ ਸਕਦੇ। ਪਰ ਆਉ ਵੇਖੀਏ ਕਿ ਸਾਲਾਂ ਪਹਿਲਾਂ ਤੋਂ ਹੀ ਕਾਲਾ ਅਫ਼ਗ਼ਾਨਾ ਜੀ ਸ਼੍ਰੀ ਅਕਾਲ ਤਖ਼ਤ ਦੇ ਬਾਰੇ ਇਹ ਵਿਚਾਰ ਵੀ ਰੱਖਦੇ ਹਨ:-
“ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।
ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”
(ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ)
ਗੁਰਬਿਲਾਸ ਵਿੱਚ ਲਿਖੇ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ ਕੁੱਝ ਵੀ ਰਹੇ ਹੋਂਣ ਪਰ ਉਹ ਸ਼੍ਰੀ ਅਕਾਲ ਤਖ਼ਤ ਦੀ ਹੋਂਦ ਤੋਂ ਮੁਨਕਰ ਨਹੀਂ ਹਨ। ਇਸਦਾ ਦਾ ਸਬੂਤ ਉਨ੍ਹਾਂ ਦੀ ਅਪਣੀ ਕਲਮੀ ਵੀ ਮੌਜੂਦ ਹੈ। ਜਿਸ ਵਿੱਚ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਨੂੰ ਅਪਣੇ ਹੀ ਸ਼ਬਦਾਂ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਨ ਵਾਲਾ, ਮਾਹਨ ਕੇਂਦਰੀ ਸਥਾਨ, ਸੰਸਾਰ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਅਤੇ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਦੋਹਾਂ ਦੇ ਮੇਲ ਨੂੰ “ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ” ਲਿਖਿਆ/ਸਵੀਕਾਰ ਕੀਤਾ। ੳਨ੍ਹਾਂ ਸ਼੍ਰੀ ਅਕਾਲ ਤਖ਼ਤ ਨੂੰ ‘ਪੰਥ ਦੀ ਏਕਤਾ ਦੇ ਪ੍ਰਤੀਕ` ਕਰਕੇ ਵੀ ਲਿਖਿਆ। ਇਹ ਗਲਾਂ ਦਾਸ ਨੇ ਝੂਠ ਬੋਲਦੇ ਨਹੀਂ ਲਿਖਿਆਂ ਬਲਕਿ ਇਹ ਵੀ ਤਾਂ ਕਾਲਾ ਅਫ਼ਗ਼ਾਨਾ ਜੀ ਦੀ ਹੀ ਕਲਮੀ ਹਨ। ਇਸ ਤੋਂ ਵੱਧ ਹੋਰ ਕੀ ਤਾਰੀਫ਼ ਕਰਦੇ ਉਹ ਸ਼੍ਰੀ ਅਕਾਲ ਤਖ਼ਤ ਦੀ?
ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸ਼੍ਰੀ ਅਕਾਲ ਤਖ਼ਤ` ਬਾਰੇ ਦਾਸ ਨੇ ਕਾਲਾ ਅਫ਼ਗ਼ਨਾ ਜੀ ਵਲੋਂ ਪ੍ਰਗਟ ਵਿਚਾਰ ਜਨਤਕ ਕਰਦੇ ਕੁੱਝ ਵੀ ਗਲਤ ਨਹੀਂ ਸੀ ਲਿਖਿਆ। ਉਨ੍ਹਾਂ ਤਾਂ ਪਹਿਲਾਂ ਵੀ ਸ਼੍ਰੀ ਅਕਾਲ ਤਖ਼ਤ ਬਾਰੇ ਜ਼ਿਆਦਾ ਸਤਿਕਾਰਪੁਰਨ ਸ਼ਬਦਾਵਲੀ ਵਰਤੀ/ਲਿਖੀ ਹੋਈ ਹੈ ਜਿਸਦਾ ਇੱਕ ਅੱਖਰ ਵੀ ਉਹ ਵਾਪਸ ਲੇਂਣ ਨੂੰ ਤਿਆਰ ਨਹੀਂ ਹਨ।
ਹੁਣ ਜ਼ਰਾ ਹੋਰ ਨੁਕਤੇ ਵੀ ਵਿਚਾਰ ਲਈਏ!
ਇਸੇ ਲੇਖ ਵਿੱਚ “ਅਕਾਲ ਬੁੰਗਾ ਕਿ ਅਕਾਲ ਤਖ਼ਤ” ਸਿਰਲੇਖ ਵਿੱਚ ਕਾਲਾ ਅਫ਼ਗ਼ਾਨਾ ਜੀ ਨੇ ਇੱਕ ਬੜਾ ਵਚਿੱਤਰ ਸਵਾਲ ਨੁਮਾਂ ਸਿੱਟਾ ਕੱਡੀਆ:-
“ਬੜਾ ਯਤਨ ਕੀਤਾ ਪਰ ਦਾਸ ਨੂੰ ਇਹ ਸੂਹ ਕਿਤੋਂ ਨਹੀਂ ਲੱਗੀ, ਕਿ ਮਹਾਨ ਕੋਸ਼ ਵਿੱਚ ਲਿਖਿਆ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਇਹ ਸ਼ੰਕਾ ਵੀ ਕਿਤੋਂ ਨਿਵਿਰਤ ਨਾ ਹੋਇਆ ਕਿ, ਸਤਿਗੁਰੁ ਜੀ ਦੇ ਅਨੂਪਮ ਦੇਣ “੧” ਦੀ ਏਕਤਾ, ਕਿਸ ਨੇ, ਕਦੋਂ ਭੰਗ ਕਰ ਦਿੱਤੀ? ਸ਼ਾਇਦ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸਾਲਾ ਤੋਂ ਗੁਰਦੁਆਰਾ ਬਣਾਇਆ ਸੀ, ਉਨ੍ਹਾਂ ਨੇ ਹੀ ਅਕਾਲ ਬੁੰਗੇ ਤੋਂ ਅਕਾਲ ਤਖ਼ਤ ਘੋਸ਼ਤ ਕਰ ਲਿਆ ਹੋਵੇ?”
ਐਸਾ ਲਿਖਣ ਵੇਲੇ ਲਿਖਾਰੀ ਜੀ ਨੇ ਤਿੰਨ ਨੁੱਕਤਿਆਂ ਬਾਰੇ ਵਿਚਾਰ ਨਹੀ ਕੀਤਾ:-
(1) ਮਹਾਨ ਕੌਸ਼ ਵਿੱਚ ਕਿੱਧਰੇ ਨਹੀਂ ਲਿਖਿਆ ਕਿ ਅਕਾਲ ਬੁੰਗਾ ਅਕਾਲ ਤਖ਼ਤ ਨਹੀਂ ਸੀ। ਅਕਾਲ ਬੁੰਗੇ ਦੀ ਐਂਟਰੀ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਅਕਾਲ ਤਖ਼ਤ ਸ਼ਬਦ ਜੋੜ ਦੀ ਵਰਤੋ ਸਪਸ਼ਟ ਰੂਪ ਵਿੱਚ ਕੀਤੀ ਸੀ। ਬਹੁਤ ਸਾਰੇ ਪ੍ਰਤੀਕ ਐਸੇ ਹਨ ਜਿਨ੍ਹਾਂ ਬਾਰੇ, ਇੱਕ ਹੀ ਸਮੇਂ ਕਾਲ ਵਿਚ, ਇੱਕ ਤੋਂ ਵੱਧ ਸੰਬੌਧਨ ਵਰਤੇ ਜਾਂਦੇ ਹਨ। ‘ਅਕਾਲ` ਸ਼ਬਦ ਤਾਂ ਦੋਹੇਂ ਪਾਸੇ ਸੀ ‘ਤਖ਼ਤ` ਲਈ ਵੀ ਅਤੇ ‘ਬੁੰਗੇ` ਲਈ ਵੀ।
(2) ਸ਼੍ਰੀ ਅਕਾਲ ਤਖ਼ਤ ਨੂੰ ਅਸਲ ਵਿੱਚ ਅਕਾਲ ਬੁੰਗਾ ਦਰਸਾਉਂਣ ਵੇਲੇ ਕਾਲਾ ਅਫ਼ਗ਼ਾਨਾ ਜੀ ਨੇ ਇਸ ਗਲ ਤੇ ਵਿਚਾਰ ਨਹੀਂ ਕੀਤਾ ਕਿ ਉਨਾਂ ਵਲੋਂ ਸਵੀਕਾਰ ਕੀਤਾ ‘ਅਕਾਲ ਬੁੰਗਾ` ਸ਼ਬਦ ਜੋੜ ਵੀ ਉਸੇ ਗੁਰਬਿਲਾਸ ਪੁਸਤਕ ਵਿਚੋਂ ਦੀ ਆਇਆ ਸੀ ਜਿਸ ਤੋਂ ‘ਅਕਾਲ ਤਖ਼ਤ` ਸ਼ਬਦ ਜੋੜ।
(3) ‘੧ ਦੀ ਏਕਤਾ` ਬਾਰੇ ਸਵਾਲ ਕਰਦੇ ਉਨ੍ਹਾਂ ਨੇ ਅਪਣੇ ਹੀ ਲਿਖੇ ਇਹ ਸ਼ਬਦ ਨਹੀਂ ਵਿਚਾਰੇ ਕਿ; “ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ” ਉਹ ਤਾਂ ਪਿੱਛੇ ਆਪ ਹੀ ‘ਅਨੇਕਤਾ` (ਦੋ) ਦੇ ‘ਇਕ` ਹੋਂਣ ਦੀ ਗਲ ਲਿਖ ਆਏ ਸੀ। ਭਲਾ ਦੋ ਨਾਮ ਹੋਂਣ ਨਾਲ ‘ਇਕ` ਦਾ ਸਿਧਾਂਤ ਬੰਗ ਹੁੰਦਾ ਹੈ? ਗਬਿੰਦ ਸਿੰਘ, ਦਸ਼ਮੇਸ਼ ਅਤੇ ਕਲਗੀਧਰ ਨਾਲ ‘ਇਕ` ਗੁਰੂ ਦਾ ‘ਏਕਾ` ਭੰਗ ਹੁੰਦਾ ਹੈ? ਖੈਰ!
‘ਅਕਾਲ ਤਖ਼ਤ` ਸ਼ਬਦ ਜੋੜ ਬਾਰੇ ਗੁਰਬਿਲਾਸ ਪੁਸਤਕ ਉਤੇ ਕਾਲਾ ਅਫ਼ਗ਼ਾਨਾ ਜੀ ਨੇ ਸ਼ੰਕਾ ਕੀਤਾ ਤਾਂ ਉਸੇ ਪੁਸਤਕ ਵਿੱਚ ਵਰਤੇ ‘ਅਕਾਲ ਬੁੰਗਾ` ਸ਼ਬਦ ਜੋੜ ਨੂੰ ਕਿਵੇਂ ਬਿਨਾਂ ਸ਼ੰਕਾ ਸਵੀਕਾਰ ਕੀਤਾ? ਉਨ੍ਹਾਂ ਨੇ ਇਕੋ ਪੁਸਤਕ ਵਿੱਚ ਲਿਖੇ ਅਕਾਲ ਬੁੰਗਾ ਸ਼ਬਦ ਨੂੰ ਸਵੀਕਾਰ ਕਰਕੇ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਵਰਗਾ ਸਵਾਲ ਖੜਾ ਕੀਤਾ!
ਜੇਕਰ ਉਨਾਂ ਸਵੀਕਾਰ ਕੀਤਾ ਕਿ ੬ ਪਾਤਿਸ਼ਾਹ ਜੀ ਨੇ ਇੱਕ ਤਖ਼ਤ ਦੀ ਸਥਾਪਨਾ ਕੀਤੀ ਤਾਂ ਬਿਨਾਂ ਸੰਕਾ ਇਹ ਗਲ ਸਿੱਧ ਹੁੰਦੀ ਸੀ ਕਿ ‘ਅਕਾਲ` ਦੇ ਨਾਲ ‘ਤਖ਼ਤ` ਸ਼ਬਦ ਦੀ ਵਰਤੋਂ ਹੀ ਮੂਲ ਵਰਤੋਂ ਸੀ ਕਿਉਂਕਿ ਬੁੰਗੇ ਦੀ ਉਸਾਰੀ ਤਖ਼ਤ ਬਣਨ ਤੋਂ ਬਾਦ ਹੋਈ ਸੀ।
ਇਸ ਤੱਥ ਦਾ ਇੱਕ ਪੁਖ਼ਤਾ ਪ੍ਰਮਾਣ ਉਸ ਇਤਹਾਸਕ ਤਸਵੀਰ ਤੋਂ ਵੀ ਮਿਲਦਾ ਹੈ ਜੋ ਕਿ ਹਾਲ ਵਿੱਚ ਹੀ ਵੈਬ ਸਾਈਟਾਂ ਤੇ ਛੱਪੀ ਹੈ। 1980 ਦੇ ਦਸ਼ਕ ਦੇ ਅਖੀਰ ਵਿਚ, ਖੁਦਾਈ ਦੌਰਾਨ ਲਈ ਗਈ ਇਸ ਤਸਵੀਰ ਵਿੱਚ ਉਸ ਤਖ਼ਤ ਦਾ ਮੂਲ ਭਾਗ ਸਪਸ਼ਟ ਨਜ਼ਰ ਆਉਂਦਾ ਹੈ ਜਿਸ ਸਥਾਨ ਤੇ ਕਾਲਾਂਤਰ ਵੱਡੇ ਭਵਨ ਨੇ ਅਕਾਰ ਲਿਆ। ਉਹ ਤਖ਼ਤ ਆਲੋਪ ਨਹੀਂ ਹੋਇਆ ਬਲਕਿ ਉਹ ਅੱਜ ਵੀ ਅਕਾਲ ਤਖ਼ਤ ਦੇ ਭਵਨ ਦੇ ਅੰਦਰ ਉਵੇਂ ਹੀ ਮੌਜੂਦ ਹੈ ਜਿਵੇਂ ਕਿ ਕਿਸੇ ਸਰੀਰ ਦੇ ਅੰਦਰ ਦਿਲੋ-ਦਿਮਾਗ! ਜਿਵੇਂ ਕਿਸੇ ਦਰਖ਼ਤ ਦਿਆਂ ਜੜਾਂ! ਵੇਖਣ ਲਈ ਅੱਖਾਂ ਅਤੇ ਸਮਝਣ ਲਈ ਦਿਆਗ ਦੀ ਲੋੜ ਹੈ।
ਇਸ ਥੜਾ ਨੁਮਾਂ ਤਖ਼ਤ ਦੀ ਲੰਭਾਈ ਅਤੇ ਚੋੜਾਈ ਸਪਸ਼ਟ ਕਰਦੀ ਹੈ ਕਿ ਇਹ ਉਸ ਸਥਾਨ ਤੇ ਉਸਰੇ ਭਵਨ ਦੀ ਦੀਵਾਰ ਦੀ ਨੀਂਹ ਨਹੀਂ ਸੀ ਬਲਕਿ ਤਖ਼ਤ ਦਾ ਹਿੱਸਾ ਹੀ ਸੀ। ਕੁੱਝ ਬੰਨ ਤਰੋੜ ਤੋਂ ਬਾਦ ਵੀ ਇਸਦੀ ਚੋੜਾਈ, ਦਰਸ਼ਨੀ ਡਿਯੁਢੀ ਵਲੋਂ, ਅੱਗੇ ਤੋਂ ਪਿੱਛੇ ਵੱਲ, ਮੌਜੂਦਾ ਇਮਾਰਤ ਦੀ ਹੋਠਲੀ ਚੌੜਾਈ ਦਾ ਲਗਭਗ ੩੦% ਤੋਂ ਵੱਧ ਹਿੱਸਾ ਕਵਰ ਕਰਦੀ ਪ੍ਰਤੀਤ ਹੁੰਦੀ ਹੈ।
ਧਿਆਨ ਨਾਲ ਵੇਖਣ ਤੇ ਸਪਸ਼ਟ ਹੁੰਦਾ ਹੈ ਕਿ ਇਸ ਥੜਾ ਨੁਮਾਂ ਤਖ਼ਤ ਦੀ ਨੀਂਹ ਉਸ ਵੇਲੇ ਹੋਈ ਖੁਦਾਈ ਦੇ ਤਲ ਤੋਂ ਵੀ ਡੰਗੀ ਸੀ। ਬਾਕੀ ਨੀਹਾਂ ਤਾਂ ਖੋਦ ਕੇ ਬਾਹਰ ਕੱਡੀਆਂ ਗਈਆਂ ਹਨ ਪਰ ਇਸ ਭਾਗ ਦੀ ਨੀਂਹ ਹੋਰ ਡੁੰਗੀ ਸੀ। ਯਾਨੀ ਇਸੇ ਵੇਲੇ ਦੀ ਇਮਾਰਤ ਦੀਆਂ ਨੀਹਾਂ ਤੋਂ ਵੀ ਡੁੰਗੀ! ਪ੍ਰਤੱਖ ਦਰਸੀਆਂ ਨੇ ਦਾਸ ਨੂੰ ਦੱਸਿਆ ਹੈ ਕਿ ਬੜਾ ਮਜ਼ਬੂਤ ਹੋਂਣ ਕਾਰਨ ਇਸ ਭਾਗ ਨੂੰ ਛਿੱਲਣਾਂ ਵੀ ਮੂਸ਼ਕਿਲ ਹੋ ਰਿਹਾ ਸੀ। ਇਹ ਮੁਹੋਂ ਬੋਲਦੀ ਤਸਵੀਰ ਹੇਠ ਲਿਖੇ ਲਿੰਕ ਤੇ ਵੇਖੀ ਜਾ ਸਕਦੀ ਹੈ।
ਖ਼ੈਰ! ਇਹ ਵਿਸ਼ਾ ਇੱਕ ਹੋਰ ਗਲ ਵੀ ਸਪਸ਼ਟ ਕਰਦਾ ਹੈ ਕਿ ‘ਅਕਾਲ ਤਖ਼ਤ ਕਿ ਅਕਾਲ ਬੁੰਗਾ` ਵਿਸ਼ਾ ਕਿਸੇ ਲਿਖਾਰੀ ਦੀ ਤਾਜ਼ਾ “ਕ੍ਰਾਂਤੀਕਾਰੀ” ਧਾਰਨਾ ਨਹੀਂ ਬਲਕਿ ਇਸ ਨੁੱਕਤੇ ਦੀ ਗਲ ਪਹਿਲਾਂ ਕਾਲਾ ਅਫ਼ਗ਼ਾਨਾ ਜੀ ਨੇ ਕੀਤੀ ਸੀ ਜਿਸ ਤੇ ਉਸ ਵੇਲੇ ਢੁੱਕਵਾਂ ਸੰਵਾਦ/ਵਿਸ਼ਲੇਸ਼ਣ ਨਹੀਂ ਹੋ ਪਾਇਆ। ਪਰ ਹੁਣ ਅਲੋਪ ਹੋ ਗਿਆ ਅਲੋਪ ਹੋ ਗਿਆ ਦਾ ‘ਰੋਲਾ` ਮਤਾਰ ਹੈ ਜਿਸ ਨੂੰ “ਕ੍ਰਾਤੀਕਾਰੀ” ਅਤੇ “ਨਵੇਕਲੀ” ਧਾਰਨਾ ਕਰਕੇ ਪੇਸ਼ ਕਰਨ ਦਾ ਜਤਨ ਹੈ।
ਹਰਦੇਵ ਸਿੰਘ, ਜੰਮੂ
੧੩. ੦੩. ੨੦੧੨
No comments:
Post a Comment