ਪੌੜੀ ਦੇ ਡੰਡੇ’
ਪੌੜੀ ! ਬੜਾ ਆਮ ਜਿਹਾ ਸ਼ਬਦ ਹੈ ਜਿਸ ਨੂੰ ਹਿੰਦੀ ਭਾਸ਼ਾ ਵਿੱਚ ਸੀੜੀ ਕਿਹਾ ਜਾਂਦਾ ਹੈ।ਇਸ ਦੀ ਵਰਤੋਂ ਨੂੰ ਅਸੀਂ ਸਾਰੇ ਹੀ ਜਾਂਣਦੇ ਹਾਂ।ਕਿਸੇ ਉੱਚੀ ਜਗ੍ਹਾ ਚੜਨ ਵਿੱਚ ਸਾਹਾਈ ਹੁੰਦੀ ਹੈ। ਨੁੱਕਤਾ ਸਪਸ਼ਟ ਕਰਨ ਲਈ ਬਾਂਸ ਦੀ ਪੌੜੀ ਦੀ ਗੱਲ ਕਰਾਂਗੇ।ਇਸ ਦੀ ਬਣਤਰ ਬੜੀ ਸੋਖੀ ਜਿਹੀ ਹੁੰਦੀ ਹੈ ਯਾਨੀ ਦੋ ਵੱਡੇ ਬਾਂਸਾਂ ਦੇ ਅੰਦਰ ਬਾਂਸ ਦੇ ਹੀ ਕਈ ਛੋਟੇ ਡੰਡੇ।ਹਰ ਡੰਡਾ ਇੱਕ ਪੜਾਵ!ਪਰ ਆਖਰੀ ਪੜਾਵ ਨਹੀਂ ਬਲਕਿ ਆਖਰੀ ਪੜਾਵ ਤਕ ਪਹੰਚਣ ਲਈ ਸਹਾਇਕ। ਕਈ ਵਾਰ ਆਪਣੇ ਆਪ ਵਿੱਚ ਇੱਕਲੇ ਤੋਰ ਤੇ ਡੰਡੇ ਨੂੰ ਵੀ ਇੱਕ ਪੌੜੀ ਕਿਹਾ ਜਾਂਦਾ ਹੈ।
ਖ਼ੈਰ ਪੌੜੀ ਚੜਨ ਵਾਲਾ ਇਨ੍ਹਾਂ ਡੰਡਿਆਂ ਦਾ ਇਸਤੇਮਾਲ ਕਰਦਾ ਹੈ।ਪਰ ਜੇ ਕਰ ਉਹ ਪੌੜੀ ਕਈ ਬੰਦਿਆਂ ਦੇ ਇਸਤੇਮਾਲ ਲਈ ਬਣਾਈ ਗਈ ਹੋਵੇ ਤਾਂ ਬੜਾ ਸੁਚੇਤ ਹੋਣ ਦੀ ਲੋੜ ਹੈ ਇਸ ਦੀ ਅਹਮੀਅਤ ਨੂੰ ਸਮਝਣ ਲਈ ਕਿਉਂਕਿ ਉਸ ਪੌੜੀ ਦਾ ਇਸਤੇਮਾਲ ਕਈਂ ਬੰਦਿਆਂ ਨੇ ਕਰਨਾ ਹੈ।
ਗੁਰੂ ਨਾਨਕ ਜੀ ਨੇ ਬਾਣੀ ਵਿੱਚ ਪੌੜੀ ਦੇ ਬਿੰਬ ਦਾ ਇਸਤੇਮਾਲ ਨੁਕਤੇ ਸਪਸ਼ਟ ਕਰਨ ਲਈ ਇੰਝ ਕੀਤਾ ਹੈ;
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ।(ਗੁਰੂ ਗ੍ਰੰਥ ਸਾਹਿਬ, ਪੰਨਾ 7)
ਅਰਥ:- ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥।(ਗੁਰੂ ਗ੍ਰੰਥ ਸਾਹਿਬ, ਪੰਨਾ 17)
ਅਰਥ:ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ । ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ । (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ।2।
ਇਸ ਸੰਖ਼ੇਪ ਜਿਹੇ ਤਾਰੁਫ਼ ਤੋਂ ਬਾਦ ਹੁਣ ਸਮਝਣ ਦਾ ਯਤਨ ਕਰਾਂਗੇ ਕਿ ਸਿੱਖੀ ਦੇ ਦਰਸ਼ਨ ਬਾਰੇ ਚਿੰਤਨ ਕਰਦੇ ਅਸੀਂ ਸਿੱਖੀ ਨਾਲ ਜੁੜੀਆਂ ਪਰੰਪਰਾਵਾਂ ਦੀ ਆਪਣੀ-ਆਪਣੀ ਅਹਮੀਅਤ ਨੂੰ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ।ਠੀਕ ਉਸ ਪੌੜੀ ਦੇ ਵੱਖੋ-ਵੱਖ ਡੰਡਿਆਂ ਵਾਂਗ ਜੋ ਕਿ ਅਲਗ-ਅਲਗ ਪੜਾਵਾਂ ਵਾਂਗ ਹੁੰਦੇ ਹੋਏ ਵੀ ਆਪਣੇ ਪਰਿਪੇਖ ਵਿੱਚ ਇੱਕ ਹੀ ਸ਼੍ਰੰਖਲਾ ਨਾਲ ਜੁੜਦੇ ਆਪਣੀ-ਆਪਣੀ ਅਹਮੀਅਤ ਰੱਖਦੇ ਹਨ।
ਸੁਭਾਵਕ ਜਿਹੀ ਗੱਲ ਹੈ ਕਿ ਮਨੁੱਖ ਵੱਖੋ-ਵੱਖ ਵਿਚਾਰ ਸ਼ਕਤੀ ਰੱਖਦੇ ਹਨ ਜਿਸ ਕਾਰਨ ਉਹ ਆਪਣੀ-ਆਪਣੀ ਸਮਝ ਵਿੱਚ ਇਕ ਦੂਜੇ ਨਾਲ ਕਈ ਗੱਲਾਂ ਤੇ ਸਹਿਮਤਿ ਹੁੰਦੇ ਹੋਏ ਵੀ ਕਈ ਗੱਲਾਂ ਤੋਂ ਅਸਹਿਮਤਿ ਹੂੰਦੇ ਹਨ।ਨਾਲ ਹੀ ਆਮ ਤੋਰ ਤੇ ਤਾਂ ਤੱਤ ਵਿਚਾਰ ਰਾਹੀਂ ਜਾਗਣ ਵਾਲੇ ਵਿਰਲੇ ਹੀ ਹੁੰਦੇ ਹਨ। ਤੱਤ ਦੀ ਵਿਚਾਰ ਵੱਡਮੁੱਲੀ ਹੁੰਦੀ ਹੈ। ਪਰ ਇਹ ਇੱਕ ਵਿਚਾਰਕ ਤ੍ਰਾਸਦੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ।
ਸੁਣਨ ਨੂੰ ਇਹ ਗੱਲ ਸ਼ਾਇਦ ਅਜੀਬ ਜਿਹੀ ਲੱਗੇ ਪਰ ਇਹ ਸੱਚ ਹੈ।ਐਸਾ ਸੱਚ ਜਿਸ ਨੂੰ ਵਿਚਾਰਣ ਦੀ ਲੋੜ ਹੈ।ਹੋਰਾਂ ਨਾਲੋਂ ਤੱਤ ਦੀ ਵਿਚਾਰ ਵਿੱਚ ਜ਼ਿਆਦਾ ਸਮਰਥ ਕੋਈ ਵਿਯਕਤੀ, ਚਿੰਤਨ ਦੀ ਪੌੜੀ ਦੇ ਜ਼ਿਆਦਾ ਡੰਡੇ ਚੜਦਾ ਇੱਕ ਵਿਚਾਰ ਦੇ ਸ਼ਿਖ਼ਰ ਦੇ ਨੇੜੇ ਪਹੁੰਚ ਜਾਂਦਾ ਹੈ ਜਦ ਕਿ ਹੋਰ ਦੂਜੇ ਐਸਾ ਨਹੀਂ ਕਰ ਪਾਉਂਦੇ,ਕਿਉਂਕਿ ਮਾਨਸਕ ਪੱਧਰਾਂ ਇੱਕਸਾਰ ਨਹੀਂ ਹੁੰਦੀਆਂ।ਇਹ ਕਿਸੇ ਵਿਯਕਤੀ ਦੀ ਤਾਰੀਫ਼ ਹੀ ਹੋਵੇਗੀ ਕਿ ਉਹ ਕਿਸੇ ਵਿਚਾਰ ਤੇ ਤੱਤ ਨੂੰ ਸਮਝਦੇ ਉਸਦੇ ਜ਼ਿਆਦਾ ਕਰੀਬ ਪਹੁੰਚ ਗਿਆ ਹੋਵੇ।ਪਰ ਇੱਥੇ ਹੀ ਸਾਵਧਾਨ ਹੋਂਣ ਦੀ ਲੋੜ ਹੈ। ਨਹੀਂ ਤਾਂ, ਨਿਰਸੰਦੇਹ, ਇਹ ਉਪਲੱਬਦੀ ਤ੍ਰਾਦਸੀ ਵਿੱਚ ਵੀ ਬਦਲ ਸਕਦੀ ਹੈ।ਉਹ ਕਿਵੇਂ? ਆਉ ਇਸ ਸਵਾਲ ਤੇ ਵਿਚਾਰ ਕਰੀਏ।
ਜੇਕਰ ਕਿਸੇ ਵਿਚਾਰ ਦੇ ਚਿੰਤਨ ਦੀ ਪੌੜੀ ਰਾਹੀਂ ਤੱਤ ਦੇ ਕਰੀਬ (ਪੋਹੜੀ ਦਾ ਆਖ਼ਰੀ ਡੰਡਾ) ਪੁਹੰਚਿਆ ਬੰਦਾ, ਇਹ ਸਮਝ ਕੇ ਕਿ ਉਹ ਤੱਤ ਸਮਝਦਾ ਹੈ, ਬਾਕੀ ਦੇ ਸਾਰੇ ਹੋਠਲੇ ਡੰਡਿਆਂ ਨੂੰ ਬੇਕਾਰ ਸਮਝ ਕੇ ਤੋੜ ਦੇਵੇ ਤਾਂ ਅਨਰਥ ਵਾਪਰ ਸਕਦਾ ਹੈ ਕਿੳਂਕਿ ਐਸਾ ਕਰਨ ਨਾਲ ਬਾਕੀ ਡੰਡਿਆਂ ਤਕ ਪਹੁੰਚੇ ਬਾਕੀ ਬੰਦੇ ਡਿੱਗ ਸਕਦੇ ਹਨ ਅਤੇ ਹੋਰ ਆਉਂਣ ਵਾਲੀਆਂ ਲਈ ਪੌੜੀ ਦੀ ਵਰਤੋਂ ਦਾ ਮਾਰਗ ਬੰਦ ਹੋ ਸਕਦਾ ਹੈ।ਇਹ ਕੁਦਰਤੀ ਸੱਚਾਈਆਂ ਪ੍ਰਤੀ ਅੱਖਾਂ ਬੰਦ ਕਰਨ ਵਰਗੀ ਗੱਲ ਹੋਵੇਗੀ।ਆਖ਼ਰ ਤੱਤ ਵਿਚਾਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਮਾਰਗ ਵਿਸ਼ੇਸ ਤੇ ਤੁਰਨ ਵਾਲਾ ਆਖ਼ਰੀ ਬੰਦਾ ਨਹੀਂ।ਉਸ ਮਾਰਗ ਤੇ ਤਾਂ ਕਈ ਪੀੜੀਆਂ ਨੇ ਤੁਰਨਾ ਹੈ।ਜੀਵਨ ਦਾ ਅੰਤ ਜਾਉਂਣ ਵਾਲੇ ਬੰਦੇ ਨੂੰ ਸਭ ਰਸਮਾਂ ਨਾਲੋਂ ਤੋੜਦਾ ਹੈ ਪਰ ਨਾਲ ਦੇ ਨਾਲ ਨਵੇਂ ਜੀਵਨ ਦਾ ਆਰੰਭ ਆਉਂਣ ਵਾਲੀ ਪੀੜੀ ਨੂੰ ਰਸਮਾਂ ਨਾਲ ਜੋੜਦਾ ਵੀ ਜਾਂਦਾ ਹੈ।ਇਸੇ ਤਰਾਂ ਹੀ ਸਿੱਖੀ ਦੇ ਦਰਸ਼ਨ ਨੇ ਪੀੜੀ ਦਰ ਪੀੜੀ ਤੁਰਨਾ ਹੈ।ਇਹ ‘ਸਾਡੀ ਗੱਲ’ ਹੀ ਨਹੀਂ ਬਲਕਿ ‘ਸਾਡੇ ਬਾਦ ਦੀ ਗੱਲ’ ਵੀ ਹੈ।
ਕੀ ਇਹ ਅਕਲਮੰਦੀ ਕਹੀ ਜਾ ਸਕਦੀ ਹੈ ਕਿ ਕੋਈ ਚਿੰਤਕ ਇਹ ਸੋਚ ਕੇ ਨਾ ਚਲੇ, ਕਿ ਜਿਹੜੇ ਡੰਡਿਆਂ ਰਾਹੀਂ ਉਹ ਆਪ ਉੱਪਰ ਦੇ ਡੰਡੇ ਤਕ ਪਹੁੰਚਿਆ ਹੈ, ਉਨ੍ਹਾਂ ਹੋਠਲੇ ਡੰਡਿਆਂ ਦਾ ਇਸਤੇਮਾਲ ਆਉਂਦਿਆਂ ਨਸਲਾਂ ਤਕ ਹੋਰ ਬੰਦਿਆਂ ਨੇ ਵੀ ਕਰਨਾ ਹੈ ? ਨਿਰਸੰਦੇਹ ਇਹ ਅਕਲਮੰਦੀ ਨਹੀਂ ਕਹੀ ਜਾ ਸਕਦੀ!ਪੜਾਵ ਤਾਂ ਰਹਿਣੇ ਹੀ ਚਾਹੀਦੇ ਹਨ ਬਾਕੀਆਂ ਵਾਸਤੇ ਵੀ ਨਹੀਂ ਤਾਂ ਹੋਰਾਂ ਲਈ ਚੜਨ ਦੀ ਸੰਭਾਵਨਾ ਖ਼ਤਮ ਹੋ ਸਕਦੀ ਹੈ।ਇਸੇ ਲਈ ਗੁਰੂਆਂ ਪਾਸਿਯੋਂ ਪੜਾਵ ਬਣਾਏ ਗਏ ਸੀ।ਸੁਭਾਵਕ ਜਿਹੀ ਗੱਲ ਹੈ ਕਿ ਤੁਰਨ ਵਾਲੀਆਂ ਦੀ ਕਤਾਰ ਲੰਭੀ ਹੋਣੀ ਹੀ ਸੀ।
‘ਸਿੱਖੀ ਦਾ ਦਰਸਨ’ ਨੂੰ ਸਮਝਣ ਲਈ ਕਈ ਪੜਾਵ ਲੰਗਣੇ ਪੇਂਦੇ ਹਨ।ਅਣਗਿਣਤ ਲੋਗ ਤਾਂ ਹੋਠਲੇ ਪੜਾਵਾਂ ਤਕ ਹੀ ਪਹੁੰਚ ਪਾਉਂਦੇ ਹਨ।ਫ਼ਲਸਫ਼ੇ ਦੇ ਸ਼ਿਖ਼ਰ ਨੂੰ ਬਿਆਨ ਕਰਨਾ ਚਿੰਤਕਾਂ ਦਾ ਫ਼ਰਜ਼ ਹੈ।ਇਹ ਕੋਈ ਛੁਪਾਣ ਵਾਲੀ ਗੱਲ ਨਹੀਂ ਪਰ ਇਸਦੇ ਨਾਲ-ਨਾਲ ਇਸ ਸ਼ਿਖਰ ਤਕ ਪਹੁੰਚਾਣ ਵਾਲੇ ਡੰਡਿਆਂ ਦੀ ਭਾਲ ਦੀ ਵੀ ਲੋੜ ਹੈ।ਉਨ੍ਹਾਂ ਨੂੰ ਜਾਣੇ-ਅਨਜਾਣੇ ਤੋੜ ਦੇਣਾ ਫ਼ਰਜ਼ ਵਿੱਚ ਕੋਤਾਹੀ ਜਾਂ ਫ਼ਿਰ ਅਗਿਆਨਤਾ ਹੈ।ਕੁਦਰਤ ਦੀ ਰਜ਼ਾ ਨੂੰ ਅਣਦੇਖਾ ਕਰਨ ਵਰਗੀ ਗੱਲ।ਇਸ ਅਵਸਥਾ ਵਿੱਚ ਸਿਧਾਂਤਕ ਸਮਝੋਤੇ ਦੀ ਨਹੀਂ ਬਲਕਿ ਇਕ ਪ੍ਰਕਾਰ ਦੇ ਸੰਤੁਲਨ ਦੀ ਲੋੜ ਹੈ।
ਕੁੱਝ ਰਹਿਤੀ ਪਰੰਪਰਾਵਾਂ ਹੋਠਲੇ ਡੰਡੇ ਹਨ ਫ਼ਲਸਫ਼ਾ (ਸ਼ਿਖ਼ਰ ) ਨਹੀਂ ! ਇੱਕ ਛੋਟੀ ਜਿਹੀ ਵਿਚਾਰ ਦੀ ਲੋੜ ਹੈ।
ਦਾਸ ਗੁਰੂ ਨਾਨਕ ਦੇ ਇਸ ਵਿਚਾਰ ਨੂੰ ਸਮਝਦਾ ਹੈ ਕਿ ਕੇਵਲ ਰਸਮੀ ਤੋਰ ਤੇ ਕੋਈ ਕੰਮ ਕਰਨਾ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਤੱਤ ਨਹੀਂ।ਪਰ ਇਹ ਗੱਲ ਵਿਚਾਰਣ ਵਾਲੀ ਹੈ ਕਿ ਜਿਸ ਵੇਲੇ ਆਪਣੀ ਮਾਂ ਦੀਆਂ ਬਾਹਾਂ ਵਿੱਚ ਬੈਠੇ ਪਹਿਲੀ ਵਾਰ ਗੁਰੂਦੂਆਰੇ ਆਇਆ ਸੀ ਤਾਂ ਮੈਂਨੂੰ ਇਹ ਵੀ ਨਹੀਂ ਸੀ ਪਤਾ ਕਿ ਕਿੱਥੇ ਆਇਆ ਹਾਂ ? ਫ਼ਿਰ ਸਮਾਂ ਬੀਤਣ ਤੇ ਨਕਲ ਕਰਦੇ ਮੱਥਾ ਟੇਕਣਾ ਸਿੱਖਿਆ।ਕਈ ਸਾਲਾਂ ਤਕ ਤਾਂ ਪਰੰਪਰਾ ਰਾਹੀਂ ਹੀ ਗੁਰੂਦੂਆਰੇ ਦੀ ਦਹਲੀਜ ਤਕ ਪਹੁੰਚਦਾ ਰਿਹਾ,ਕੇਵਲ ਰਸਮੀ ਤੋਰ ਤੇ, ਬਿਨ੍ਹਾਂ ਫ਼ਲਸਫ਼ੇ ਦਾ ਇੱਕ ਅੱਖਰ ਵੀ ਸਮਝੇ।
ਫ਼ਿਰ ਹੋਰ ਸਮਾਂ ਬੀਤਣ ਤੇ ਕੁੱਝ-ਕੁੱਝ ਸਮਝਣਾ ਸ਼ੁਰੂ ਕੀਤਾ ਪਰ ਤੱਤ ਵਿਚਾਰ ਬਹੁਤ ਘਟ ਸੀ। ਤੱਤ ਬਾਰੇ ਕੁੱਝ ਵਿਚਾਰ ਆਈ ਤਾਂ ਇੰਝ ਲਗਣ ਲਗਾ ਕਿ ਪਹਿਲਾਂ ਤਾਂ ਗੁਰੂਦੁਆਰੇ ਆਉਂਣਾ ਅਗਿਆਨਤਾ ਹੀ ਸੀ।ਕੇਵਲ ਬੇਕਾਰ ਰਸਮੀ ਕ੍ਰਿਆ ਵਾਂਗ।ਕਈ ਸਾਲ ਇੰਝ ਹੀ ਸੋਚਦਾ ਰਿਹਾ।ਪਰ ਫ਼ਿਰ ਸਮਝ ਆਈਆ ਕਿ ਕਿੱਧਰੇ ਮੈਂ ਗਲਤ ਸੀ!
ਅੱਜ ਇਹ ਸੋਚਦਾ ਹਾਂ ਕਿ ਕੁੱਝ ਰਸਮਾਂ ਦੀ ਸੱਚਮੁਚ ਬਹੁਤ ਕੀਮਤ ਹੈ ਕਿੳਂਕਿ ਉਹ ਕੇਵਲ ਬੰਨ ਕੇ ਰੱਖਣ ਵਾਸਤੇ ਹੁੰਦੀਆਂ ਹਨ ਤਾਂ ਕਿ ਮਨੁੱਖ ਨੂੰ ਪੋਹੜੀ ਦੇ ਅਗਲੇ ਡੰਡੇ ਚੜਨ ਦਾ ਅਉਸਰ ਮਿਲ ਸਕੇ।ਕਿਨ੍ਹਾਂ ਕੁ ਸਮਝ ਪਾਈਆ ਹਾਂ ਇਹ ਗੱਲ ਵੱਖਰੀ ਹੈ, ਪਰ ਰਸਮੀ ਤੋਰ ਤੇ ਗੁਰੂਦੁਆਰੇ ਜਾਣ ਦੀ ਰਸਮ ਨੇ ਹੀ ਤੱਤ ਵਿਚਾਰ ਦਾ ਮਾਰਗ ਖੋਲਿਆ।ਇਸ ਵਿੱਚ ਮੇਰੀ ਮਾਂ ਦਾ ਵੱਡਾ ਯੋਗਦਾਨ ਸੀ ਜੋ ਕਿ ਆਪ ਅੱਜ ਵੀ ਤੱਤ ਵਿਚਾਰ ਦੀ ਸਮਰਥਾ ਨਹੀਂ ਰੱਖਦੀ।ਅਣਗਿਣਤ ਬੰਦਿਆਂ ਵਾਂਗ ਉਹ ਕੇਵਲ ਇੱਕ ਹੋਠਲੇ ਡੰਡੇ ਤੇ ਖੜੀ ਔਰਤ ਹੈ ਜਿਸ ਵਿੱਚ ਉਸ ਤੋਂ ਅੱਗੇ ਪੈਰ ਪੁੱਟਣ ਦਾ ਮਾਨਸਕ ਸਾਮਰਥ ਹੀ ਨਹੀਂ ਹੈ।ਜਿਸ ਵੇਲੇ ਉਸ ਵੱਲ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਨਿਰਸੰਦੇਹ ਉਹ ਵੀ ਮੇਰੇ ਵਾਂਗ ਹੀ ਝੋਲੀ ਵਿੱਚ ਚੁੱਕੀ ਹੋਈ ਇੱਕ ਰਸਮ ਨਾਲ ਜੋੜੀ ਗਈ ਸੀ।ਕੁੱਝ ਰਸਮਾਂ ਤੋਂ ਬਾਹਰ ਨਿਕਲਣ ਦਾ ਮਾਰਗ ਉਨ੍ਹਾਂ ਰਸਮਾਂ ਦੇ ਵਿੱਚੋਂ ਦੀ ਹੋ ਕੇ ਹੀ ਨਿਕਲਦਾ ਹੈ।
ਫ਼ਲਸਫ਼ਾ ਰਸਮ ਤੋਂ ਉੱਪਰ ਦੀ ਗੱਲ ਹੈ! ਜਿਸ ਵੱਕਤ ਦਾਸ ਨੂੰ ਇਹ ਗੱਲ ਸਮਝ ਆਈ ਉਸ ਵੇਲੇ ਮੇਰੀ ਆਪਣੀ ਚੋਲੀ ਦੇ ਵਿੱਚ ਮੇਰਾ ਬੇਟਾ ਸੀ।ਕੀ ਉਸ ਲਈ ਰਸਮ ਦੇ ਡੰਡੇ ਦੀ ਲੋੜ ਨਹੀਂ ਸੀ ? ਅੱਜ ਮੈਂ ਚਾਹੁੰਦਾ ਹਾਂ ਕਿ ਉਹ ਵੀ ਤੱਤ ਦੀ ਵਿਚਾਰ ਕਰਦਾ ਰਸਮਾਂ ਤੋਂ ਅੱਗਲੇ ਡੰਡੇ ਚੜਨ ਦਾ ਯਤਨ ਕਰੇ। ਪਰ ਮੈਂ ਇਸ ਆਸ ਤੋਂ ਬਿਨ੍ਹਾਂ ਨਹੀਂ ਕਿ ਉਸ ਨੇ ਵੀ ਇੱਕ ਦਿਨ ਆਪਣੀ ਝੋਲੀ ਵਿੱਚ ਕਿਸੇ ਬੱਚੇ ਨੂੰ ਚੁੱਕ ਕੇ ਗੁਰਦੁਆਰੇ ਆਉਂਣਾ ਹੈ।ਝੋਲੀਆਂ ਕਦੇ ਖਾਲੀ ਨਹੀਂ ਹੁੰਦੀਆਂ ਬਸ ਬਦਲਦੀਆਂ ਰਹਿੰਦੀਆਂ ਹਨ।ਸਾਡੇ ਸਮਝ ਜਾਂਣ ਦਾ ਅਰਥ ਇਹ ਨਹੀਂ ਹੁੰਦਾ ਕਿ ਸਾਰੇ ਹੀ ਸਮਝ ਗਏ ਹਨ।ਇਸੇ ਲਈ ਗੁਰੂ ਨਾਨਕ ਜੀ ਸਮਝਣ ਤੋਂ ਬਾਦ ਰੁੱਕੇ ਨਹੀਂ ਬਲਕਿ ਸਾਰਾ ਜੀਵਨ ਬਾਕੀਆਂ ਨੂੰ ਸਮਝਾਣ ਦੇ ਇੱਕ ਤਰਤੀਬੀ ਪ੍ਰਬੰਧ ਵਿੱਚ ਲੱਗੇ ਰਹੇ।ਕੁੱਝ ਰਸਮਾਂ ਕਾਇਮ ਹੋਈਆਂ।ਜਿਵੇਂ ਕਿ ਗੁਰੂਘਰ ਜਾਂਣ ਦੀ ਰਸਮ।ਕੋਈ ਕਿਨ੍ਹਾਂ ਸਮਝ ਪਾਉਂਦਾ ਹੈ ਇਸ ਵਿੱਚ ਤਾਂ ਰੱਬੀ ਨਦਰ ਵੀ ਆਪਣਾ ਕੰਮ ਕਰਦੀ ਹੈ।
ਇਹ ਪੌੜੀ ਦੇ ਹੇਠਲੇ ਡੰਡਿਆਂ ਦੀ ਕੀਮਤ ਹੈ ਜਿਨ੍ਹਾਂ ਨੂੰ ਤੋੜਨਾ ਨਹੀਂ ਚਾਹੀਦਾ।ਪੌੜੀ ਦੇ ਆਖ਼ਰੀ ਡੰਡਿਆਂ ਤਕ ਪਹੁੰਚਣ ਵਾਲੇ ਨੂੰ ਪਹਿਲੇ ਡੰਡਿਆਂ ਦੀ ਲੋੜ ਅਤੇ ਸੰਭਾਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।ਕਿਸੇ ਡੰਡੇ ਦੀ ਲੋੜੀਂਦੀ ਸਫ਼ਾਈ ਇੰਝ ਨਹੀਂ ਕਰਨੀ ਚਾਹੀਦੀ ਕਿ ਉਹ ਘੱਸ ਕੇ ਟੁੱਟ ਹੀ ਜਾਏ। ਸਿਆਣਪ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਸਭ ਕੁੱਝ ਨਹੀਂ।ਗੁਰੂ ਨਾਨਕ ਜੀ ਨੇ ਤਾਂ ਇਹ ਤੱਤ ‘ਜਪੁ’ ਦੀ ਪਹਿਲੀ ਪੋੜੀ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ।ਇਹ ਗੁਰੂ ਨਾਨਕ ਦੇ ਦਰਸ਼ਨ ਦੀ ਮਨੋਵਿਗਿਆਨਕ ਪਕੜ ਹੈ ਜਿਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ।
ਹਰਦੇਵ ਸਿੰਘ, ਜੰਮੂ
094-191-84990
(This article was written about one and a half year ago when Biji was alive)
No comments:
Post a Comment