Friday, 23 November 2012

ਕੁੱਝ ਸ਼ਬਦਾਂ 'ਤੇ ਇਤਰਾਜ਼ ਕਰਨ ਵਾਲਿਆਂ ਦੇ ਨਾਮ
- ਹਰਦੇਵ ਸਿੰਘ, ਜੰਮੂ
ਕੁੱਝ ਸਾਲ ਪਹਿਲਾਂ ਸਿੱਖ ਰਹਿਤ ਮਰਿਆਦਾ ਵਿਚ ਆਏ ਸ਼ਬਦ “ਅੰਮ੍ਰਿਤ'ਤੇ ਇਤਰਾਜ਼ ਹੋ ਗਿਆ। ਯਾਨੀ ਕਿ ‘ਖੰਡੇ ਦੇ ਅੰਮ੍ਰਿਤ’ ਨੂੰ ‘ਖੰਡੇ ਦੀ ਪਾਹੁਲ’ ਕਹਿਣਾ ਚਾਹੀਦਾ ਹੈ! ਇਤਰਾਜ਼ ਦਾ ਅਧਾਰ ਸੀ ਕਿ ‘ਬਾਣੀ’ ਜਾਂ ‘ਨਾਮ ਅੰਮ੍ਰਿਤ’ ਤੋਂ ਸਿਵਾ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਦਾਤ ਲਈ ‘ਅੰਮ੍ਰਿਤ’ ਸ਼ਬਦ ਵਰਤਨਾ ਗਲਤ ਹੈ। ਪਰ ਇਸ ਮਕਸਦ ਨੂੰ ਪੁਰਾ ਕਰਨ ਲਈ ਇਤਨਾ ਵੀ ਨਹੀਂ ਵਿਚਾਰਿਆ ਗਿਆ ਕਿ ਪਾਹੁਲ ਦਾ ਅਰਥ ਵੀ ‘ਚਰਨਾਮ੍ਰਿਤ’, ਯਾਨੀ ਚਰਨਾ ਦੀ ਛੋਅ ਨਾਲ ਤਿਆਰ ਕਿਤਾ ਅੰਮ੍ਰਿਤ ਹੁੰਦਾ ਹੈ। ਪਾਹੁਲ ਸ਼ਬਦ ਵਰਤ ਕੇ ਵੀ ਅੰਮ੍ਰਿਤ ਤੋਂ ਖਹਿੜਾ ਨਹੀਂ ਸੀ ਛੁੱਟਦਾ। ਪਰ ਬਿਨ੍ਹਾਂ ਵਿਚਾਰੇ ਰੀਸੋ-ਰੀਸ ਤੁਰ ਪਈ।

ਖ਼ੈਰ! ਇਸ ਛੋਟੀ ਜਿਹੀ ਚਰਚਾ ਦਾ ਮਕਸਦ ਅੰਮ੍ਰਿਤ ਜਾਂ ਪਾਹੁਲ ਬਾਰੇ ਚਰਚਾ ਕਰਨਾ ਨਹੀਂ। ਉਪਰੋਕਤ ਪੰਗਤਿਆਂ ਲਿਖਣ ਦਾ ਮਕਸਦ ਕੇਵਲ ਇਹ ਦਰਸਾਉਂਣਾ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਨ ਵਿਚ ਮਸਰੂਫ਼ ਸੱਜਣ, ਹਰ ਉਸ ਸ਼ਬਦ ਨੂੰ ਬਦਲਣਾ ਚਾਹੰਦੇ ਹਨ, ਜਿਸ ਵਿਚ ਉਨ੍ਹਾਂ ਨੂੰ, ਆਪਣੀ ਸਮਝ ਮੁਤਾਬਕ, ਬ੍ਰਾਹਮਣਵਾਦ ਦੀ ਬੂ ਆਉਂਦੀ ਹੈ। ਇਹ ਵਿਚਾਰ ਐਸੇ ਹੀ ਸੱਜਣਾਂ ਦੇ ਨਾਮ ਹਨ!

ਐਸੇ ਸੱਜਣ ਸਿੱਖ ਰਹਿਤ ਮਰਿਆਦਾ ਵਿਚ ਬਦਲਾਉ ਦੀ ਮੰਗ ਕਰਦੇ ਹਨ।ਇਹ ਮੰਗ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਨੂੰ ਹਟਾਉਂਣ ਤੋਂ ਲੈ ਕੇ, ‘ਖੰਡੇ ਦੇ ਅੰਮ੍ਰਿਤ’ ਵਰਗੇ ਸ਼ਬਦਾਂ ਨੂੰ ਬਦਲਣ ਤਕ ਖਿੱਚਦੀ ਜਾਂਦੀ ਹੈ। ਐਲਾਨ ਕੀਤੇ ਗਏ ਹਨ ਕਿ ‘ਇਸ’ ਸ਼ਬਦ ਵਿਚ, ‘ਉਸ’ ਸ਼ਬਦ ਵਿਚ, ‘ਇਸ’ ਗਲ ਵਿਚ, ‘ਉਸ’ ਗਲ ਵਿਚ ਬ੍ਰਾਹਮਣਵਾਦ ਹੈ, ਪੁਜਾਰੀਵਾਦ ਹੈ!
ਕਹਿੰਦੇ ਹਨ ਸਿੱਖ ਧਰਮ ਵਿਚ ‘ਵਿਚੋਲੇ’ ਦੀ ਕੋਈ ਭੁਮਿਕਾ ਨਹੀਂ! ਪਰ ਐਸਾ ਕਹਿਣ ਵਾਲੇ ਕੁੱਝ ਸੱਜਣ, ਖ਼ੂਦ ਨੂੰ ਗੁਰਮਤਿ ਸਮਝਾਉਂਣ ਦੇ ‘ਇੱਕਮਾਤਰ ਵਿਚੋਲੇ’ ਸਥਾਪਤ ਕਰਨ ਦੇ ਯਤਨ ਵਿਚ ਹਨ, ਜਿਵੇਂ ਕਿ ਕੋਈ ਕੰਪਨੀ ਆਪਣੇ ‘ਪ੍ਰਾਡਕਟ’ ਨੂੰ ਪੇਟੇਂਟ ਕਰਵਾਉਂਣ ਵਿਚ ਲੱਗੀ ਹੋਵੇ। ਯਾਨੀ ਨਿਜੀ ਵਿਚਾਰਾਂ ਨੂੰ ਗੁਰਮਤਿ ਐਲਾਨ ਕੇ ਸਰਵਅਧਿਕਾਰ ਸੁਰਖਿਅਤ!!!

ਸਿੱਖ ਰਹਿਤ ਮਰਿਆਦਾ ਵਿਚ ‘ਕਥਿਤ ਬ੍ਰਾਹਮਣਵਾਦੀ ਝਲਕ’ ਦਿੰਦੇ ਨੁਕਤੇ ਅਤੇ ਸ਼ਬਦਾਂ ਨੂੰ ਬਦਲਣ ਦੀ ਮੰਗ! ਜ਼ਾਹਰ ਹੈ ਕਿ ਮੰਗ ਉੱਥੇ ਕੀਤੀ ਜਾਂਦੀ ਹੈ, ਜਿੱਥੇ ਬਦਲਾਉਂ ਆਪਣੇ ਹੱਥ ਨਾ ਹੋਵੇ। ਕਿਉਂਕਿ ਜੇ ਕਰ ਸਮੁੱਚੀ ਕੋਮ ਨਾਲ ਸਬੰਧਤ ਕਿਸੇ ਗਲ ਵਿਚ ਬਦਲਾਉ ਦਾ ਅਧਿਕਾਰ, ਮੰਗ ਕਰਨ ਵਾਲੇ ਕਿਸੇ ਬੰਦੇ ਦੇ ਆਪਣੇ ਹੀ ਹੱਥ ਹੋਵੇ, ਤਾਂ ਮੰਗ ਦਾ ਮਤਲਬ ਹੀ ਨਹੀਂ ਬਚਦਾ। ਇਸ ਲਈ ਜੋ ਗਲਾਂ ਸਾਂਝੇ ਤੋਰ ਦੀਆਂ ਹੋਣ, ਉੱਥੇ ਮੰਗ ਕੀਤੀ ਜਾਂਦੀ ਹੈ। ਪਰ ਕੁੱਝ ਗਲਾਂ ਤਾਂ ਬੰਦੇ ਦੇ ਆਪਣੇ ਹੱਥ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਬੰਦਾ ਆਪਣੇ ਤੇ ਲਾਗੂ ਤਾਂ ਕਰ ਹੀ ਸਕਦਾ ਹੈ। ਇਸ ਨੁੱਕਤੇ ਨੂੰ ਕੁੱਝ ਅੱਗੇ ਚਲ ਕੇ ਵਿਚਾਰਦੇ ਹਾਂ।

ਜਿਨ੍ਹਾਂ ਸੱਜਣਾਂ ਨੂੰ ‘ਗੁਰੂ’ ਜਾਂ ‘ਅੰਮ੍ਰਿਤ’ ਸ਼ਬਦ ਵਰਤੋਂ ਵਿਚ ਬ੍ਰਾਹਮਣਵਾਦ ਦੀ ਬੂ ਆਉਂਦੀ ਹੈ, ਉਨ੍ਹਾਂ ਨੂੰ ਆਪਣੇ-ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਦੀ ਬੂ ਕਿਉਂ ਨਹੀਂ ਆਉਂਦੀ? ਮਸਲਨ ‘ਇੰਦਰ’ ਸ਼ਬਦ ਦਾ ਅਰਥ ਹਿੰਦੂ ਮਤ ਅਨੁਸਾਰ ਦੇਵਤਾ ਇੰਦਰ ਹੈ, ਜਿਸਦਾ ‘ਰਿਗਵੇਦ’ ਅਤੇ ‘ਚੰਡੀ ਚਰਿਤ੍ਰ’ ਵਿਚ ਵੀ ਵਰਨਨ ਹੈ। ‘ਨਰਿੰਦਰ’ ਸ਼ਬਦ ਦਾ ਅਰਥ ਵੀ ਹਿੰਦੂ ਪੌਰਾਣਿਕ ਕਥਾਵਾਂ ਦੇ ਦੇਵਤਾ ਇੰਦਰ ਨਾਲ ਜੁੜਦਾ ਹੈ, ‘ਰਵਿੰਦਰ’ ਦਾ ਅਰਥ ਵੀ ਹਿੰਦੂ ਮਤ ਦੇ ਦੇਵਤਾ ਨਾਲ ਜੁੜਦਾ ਹੈ ਤੇ ਜੋਗਿੰਦਰ, ਗੁਰਿੰਦਰ ਆਦਿ ਸ਼ਬਦਾਂ ਦਾ ਵੀ। ਜੇ ਕਰ ਕੁੱਝ ਸੱਜਣਾ ਲਈ ਗੁਰੂ ਨਾਨਕ ਲਈ ‘ਗੁਰੂ’ ਸ਼ਬਦ ਵਰਤਨਾ ਗਲਤ ਹੈ, ਜੇ ਕਰ ‘ਖੰਡੇ ਦੇ ਅੰਮ੍ਰਿਤ’ ਲਈ ਖੰਡੇ ਦਾ ਅੰਮ੍ਰਿਤ ਸ਼ਬਦ ਵਰਤਨਾ ਗਲਤ ਹੈ, ਤਾਂ ਕੀ ਉਨ੍ਹਾਂ ਸੱਜਣਾਂ ਦਾ ਆਪਣੇ ਲਈ ਪੌਰਾਣਿਕ ਕਥਾਵਾਂ ਵਿਚੋਂ ਆਏ ਹਿੰਦੂ ਦੇਵਤਿਆਂ ਦੇ ਨਾਮ ਵਰਤਨਾ ਠੀਕ ਹੈ?

ਜਿਵੇਂ ਕਿ ਪਹਿਲਾਂ ਵਿਚਾਰ ਆਏ ਹਾਂ ਕਿ ਮੰਗ ਉੱਥੇ ਕੀਤੀ ਜਾਂਦੀ ਹੈ ਜਿੱਥੇ, ਕਿਸੇ ਬਦਲਾਉ ਦਾ ਫੈਸਲਾ, ਕਿਸੇ ਬੰਦੇ ਦੇ ਆਪਣੇ ਹੱਥ ਵਿਚ ਨਾ ਹੋਵੇ। ਪਰ ਆਪਣਾ ਨਾਮ ਬਦਲਣਾ ਤਾਂ ਬੰਦੇ ਦੇ ਆਪਣੇ ਹੀ ਹੱਥ ਵਿਚ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਵਿਚ ਗੁਰੂਆਂ ਲਈ ਆਏ ਗੁਰੂ ਸ਼ਬਦ ਹਟਾਉਂਣ ਦੀ ਮੰਗ ਕਰਨ ਵਾਲੇ ਸੱਜਣ, ਪਹਿਲਾਂ ਆਪਣੇ-ਆਪਣੇ ਨਾਮ ਤਾਂ ਬਦਲ ਲੈਣ! ਜੇ ਕਰ ਕੁੱਝ ਸੱਜਣਾਂ ਨੂੰ ‘ਗੁਰੂ’ ਜਾਂ ‘ਖੰਡੇ ਦੇ ਅੰਮ੍ਰਿਤ’ ਸ਼ਬਦ ਵਰਤਨ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਆਉਂਦਾ ਹੈ, ਤਾਂ ਕੀ ਉਨ੍ਹਾਂ ਨੂੰ ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਨਹੀਂ ਆਉਂਦਾ? ਉਹ ਸਭ ਤੋਂ ਪਹਿਲਾਂ ਆਪਣੇ ਨਾਮ ਕਿਉਂ ਨਹੀਂ ਸੁਧਾਰ ਲੈਂਦੇ? ਇਹ ਕੰਮ ਤਾਂ ਉਨ੍ਹਾਂ ਦੇ ਆਪਣੇ ਹੱਥ ਵਿਚ ਹੈ। ਇਸ ਸੁਧਾਰ ਲਈ ਤਾਂ ਕਿਸੇ ‘ਇੱਕਤਰਤਾ’ ਜਾਂ ਕਿਸੇ ਪਾਸ ਮੰਗ ਕਰਨ ਦੀ ਵੀ ਲੋੜ ਨਹੀਂ। ਬਹੁਤ ਆਸਾਨ ਹੈ! ਬਸ ਅਖ਼ਬਾਰ ਵਿਚ ਇਸ਼ਤਿਹਾਰ ਅਤੇ ਅਦਾਲਤ ਵਿਚ ਇਕ ਹਲਫ਼ਿਆ ਬਿਆਨ ਦੀ ਲੋੜ ਹੈ!!!
ਨੋਟ:- ਮੈਂ ਸ਼ਬਦਾਂ ਦੀ ਬੇਲੋੜੀ ਖਿੱਚ-ਧੁਹ ਨੂੰ ਵਾਜਬ ਨਹੀਂ ਸਮਝਦਾ। ਉਪਰੋਕਤ ਵਿਚਾਰ ਕੇਵਲ ਉਨ੍ਹਾਂ ਸੱਜਣਾਂ ਦੇ ਨਾਮ ਹਨ ਜੋ ਆਪ ਸ਼ਬਦਾਂ ਦੀ ਬੋਲੋੜੀ ਖਿੱਚ-ਧੁਹ ਕਰਕੇ ਸਿੱਖੀ ਦੇ ਕੁੱਝ ਮੁੱਢਲੇ ਅਸੂਲਾਂ ਬਾਰੇ ਬੇਲੋੜੇ ਕਿੰਤੂ ਕਰਦੇ ਹਨ।
23.11.12

No comments:

Post a Comment