ਭੇਖੀ ਕੋਂਣ ਹੈ?
ਹਰਦੇਵ ਸਿੰਘ, ਜੰਮੂ
ਭੇਖ ਜੇ ਕਰ ਢੋਂਗ ਦੇ ਰੂਪ ਵਿੱਚ ਹੋਵੇ, ਤਾਂ ਗੁਰਮਤਿ ਉਸ ਨਾਲ ਸਹਮਤਿ
ਨਹੀਂ। ਛਲਾਵੇ ਲਈ ਭੇਖ ਧਾਰਨ ਕਰਨਾ, ਜਾਂ ਕਿਸੇ ਅਗਿਆਨਤਾ ਵਿੱਚ ਭੇਖ ਧਾਰਨ ਕਰਨਾ ਨਕਾਰਾਤਮਕ ਹੈ।
ਪਰ ਵੇਸ਼ਭੁਸ਼ਾ ਦੇ ਤੋਰ ਤੇ ਵੇਸ਼ ਧਾਰਨ ਕਰਨਾ ਕੁੱਝ ਅਲਗ ਹੈ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ
ਕਲਗੀਧਰ ਕਰਕੇ ਵੀ ਪੁਕਾਰਿਆ ਜਾਂਦਾ ਹੈ। ਗੁਰਬਾਣੀ ਵਿੱਚ ਭੇਖ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ
ਪ੍ਰਕਾਰ ਨਾਲ ਹੋਈ ਹੈ। ਮਸਲਨ:-
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।।
(ਮ. ੩ ਪੰਨਾ ੨੬, ਗੁਰੂ ਗ੍ਰੰਥ
ਸਾਹਿਬ)
ਅਖਰ ਪੜਿ ਪੜਿ ਭੁਲਿਐ ਭੇਖੀ ਬਹੁਤ ਅਭਿਮਾਨ।।
(ਮ. ੧, ਪੰਨਾ ੬੧, ਗੁਰੂ ਗ੍ਰੰਥ
ਸਾਹਿਬ)
ਇਨ੍ਹਾਂ ਦੋਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਬਾਰੇ ‘ਨਕਾਰਾਤਮਕ` ਭਾਵ ਹੈ।
ਧਿਆਨ ਵਿੱਚ ਰਹੇ ਕਿ ਐਸੇ ਭੇਖ ਕਈ ਪ੍ਰਕਾਰ (ਬਹੁ ਭੇਖ) ਦੇ ਹੋ ਸਕਦੇ ਹਨ।
ਖ਼ੈਰ, ਭੇਖ ਦੀ ਵਰਤੋਂ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਹੋਈ ਹੈ:-
ਜੈਸਾ ਭੇਖੁ ਕਰਾਵੈ ਬਾਜੀਗਰ ੳਹੁ ਤੈਸੇ ਹੀ ਸਾਜੁ ਆਨੈ।।
(ਗੁਰੂ ਗ੍ਰੰਥ ਸਾਹਿਬ, ਪੰਨਾ ੨੦੬)
ਨਾਨਾ ਭੇਖ ਕਰਹਿ ਇੱਕ ਰੰਗ
(ਗੁਰੂ ਗ੍ਰੰਥ ਸਾਹਿਬ, ਪੰਨਾ ੨੮੪)
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ।।
(ਗੁਰੂ ਗ੍ਰੰਥ ਸਾਹਿਬ, ਪੰਨਾ ੪੮੦)
ਇਨ੍ਹਾਂ ਤਿੰਨ੍ਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਦਾ ਭਾਵ ‘ਸਕਾਰਾਤਮਕ` ਹੈ।
ਭੇਖ ਦਾ ਅਰਥ ‘ਰੂਪ` ਅਤੇ ‘ਵੇਸ਼ਭੁਸ਼ਾ` ਵੀ ਹੁੰਦਾ ਹੈ।
ਪਰਮਾਤਮਾ ਨੇ ਮਨੁੱਖ ਨੂੰ ਨਿਰਵਸਤਰ ਪੈਦਾ ਕੀਤਾ ਹੈ, ਪਰ ਨਿਰਵਸਤਰਤਾ
ਮਨੁੱਖੀ ਸੰਸਕ੍ਰਿਤੀ ਦਾ ਪੁਰਾਣਾ ਟੈਬੂ (ਰੋਕ) ਹੈ। ਗੁਰੂ ਨਾਨਕ ਨੇ ਵਸਤਰਤਾ ਦਾ ਵਿਰੋਧ ਨਹੀਂ
ਕੀਤਾ। ਜੇ ਕਰ ਬੇਸ਼ਰਮ-ਬੇਹਯਾ ਬੰਦਾ ਕਪੜੇ ਪਾਉਂਦਾ ਹੈ, ਤਾਂ ਉਸਦੇ ਕਪੜੇ ਪਾਉਂਣ ਦੀ ਜ਼ਰੂਰਤ ਨੂੰ,
ਭੇਖ ਕਹਿ ਕੇ, ਰੱਧ ਨਹੀਂ ਕੀਤਾ ਜਾ ਸਕਦਾ। ਉਸਦੇ ਉੱਜਲੇ ਨਜ਼ਰ ਆਉਂਦੇ ਵਸਤਰਾਂ ਨੂੰ, ਮੈਲਾ ਜਾਂ ਭੇਖ
ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਨਿਰਵਸਤਰ ਹੋਂਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ। ਮਸਲਨ
ਗੁਰੂ ਨਾਨਕ ਜੀ ਨੇ ਤੀਰਥਾਂ ਆਦਿ ਤੇ, ਸ਼ਰੀਰਕ ਸਤਹ ਸਾਫ਼ ਕਰਨ ਨੂੰ, ਆਤਮਕ ਸਫ਼ਾਈ ਵਜੋਂ ਸਵੀਕਾਰ ਨਹੀਂ
ਕੀਤਾ, ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ, ਕਿ ਗੁਰੂ ਨਾਨਕ ਜੀ ਨੇ ਮਨੁੱਖ ਨੂੰ ਨਾਹਾਉਂਣ ਤੋਂ ਹੀ
ਮਨਾ ਕੀਤਾ ਹੋਵੇ।
ਚਿੰਨ ਨਿਰਦੋਸ਼ ਹੁੰਦੇ ਹਨ, ਜ਼ਰੂਰੀ ਹੁੰਦੇ ਹਨ! ਦੋਸ਼ ਤਾਂ ਮਾਨਸਿਕਤਾ ਦਾ
ਹੁੰਦਾ ਹੈ, ਜੋ ਕਿ ਨਿਰਦੋਸ਼ ਅਤੇ ਜ਼ਰੂਰੀ ਚਿੰਨਾਂ ਦਾ ਦੁਰਉਪਯੋਗ ਕਰਦੀ ਹੈ। ਇਹ ਮਾਨਸਿਕਤਾ ਚਿੰਨਾਂ
ਪ੍ਰਤੀ ਲੋਕਾਈ ਦੀ ਸਮਝ ਅਤੇ ਗੁਰੂ ਦੇ ਨਿਰਦੇਸ਼ ਦਾ ਲਾਭ ਉਠਾਉਂਦੀ ਹੈ। ਚਿੰਨ੍ਹਾਂ ਬਾਰੇ ਗੁਰੂ ਦਾ
ਨਿਰਦੇਸ਼ ਢੌਂਗ ਕਰਨ ਲਈ ਨਹੀਂ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿਚ, ਭੁਲੇੱਖਾ ਪਾਉਂਣ ਲਈ, ਭੇਖ ਦਾ
ਸਮਰਥਨ ਨਹੀਂ, ਪਰ ਇਸਦਾ ਅਰਥ ਇਹ ਵੀ ਨਹੀਂ, ਕਿ ਗੁਰਮਤਿ ਨੇ ਚਿੰਨਾਂ ਦੇ ਕੁਦਰਤੀ ਮਹੱਤਵ ਨੂੰ ਨਜ਼ਰ
ਅੰਦਾਜ਼ ਕੀਤਾ ਹੈ।
ਧਿਆਨ ਦੇਂਣ ਯੋਗ ਗਲ ਹੈ ਕਿ
‘ਇਕ ਬੰਦਾ`
ਸ਼ਰੀਰਕ ਭੇਖ ਕਰਕੇ ਭੁੱਲੇਖਾ ਉਤਪੰਨ ਕਰੇ, ਅਤੇ
‘ਦੂਜਾ ਬੰਦਾ`
ਭੇਖ ਉਤਾਰ ਕੇ ਭੁੱਲੇਖਾ ਦੇਵੇ, ਦੋਵੇਂ ਬਰਾਬਰ ਹਨ। ਯਾਨੀ
ਦੋਵੇਂ ਭੇਖੀ ਹਨ! ਬਸ ਭੇਖ ਦਾ ਢੰਗ ਵੱਖਰਾ ਹੈ। ਇੰਝ ਹੀ ‘ਇਕ` ਭੇਖ ਕਰਕੇ ਭੁੱਲੇਖੇ ਵਿੱਚ ਰਹੇ ਅਤੇ
‘ਦੂਜਾ` ਭੇਖ ਉਤਾਰ ਕੇ ਭੁੱਲੇਖੇ ਵਿੱਚ ਰਹੇ ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਕਿਸੇ ਪੱਖੋ ਅਗਿਆਨੀ
ਜਾਂ ਅਵੇਸਲੇ ਹਨ! ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ।
ਗੁਰੂ ਨੇ ਸਿੱਖਾਂ ਨੂੰ ਚਿੰਨ ਬਖ਼ਸ਼ੇ ਹਨ ਜਿਵੇਂ ਕੁਦਰਤ ਨੇ ਜੀਵਾਂ ਨੂੰ ਚਿੰਨ
ਬਖ਼ਸ਼ੇ ਹਨ। ਕੁਦਰਤ ਨੇ ਜੀਵਾਂ ਨੂੰ ਕਈ ਦਾਤਾਂ ਦਿੱਤੀਆਂ ਹਨ। ਚਿੰਨ ਅੰਤਨ ਦਾਤਾਵਾਂ ਵਿਚੋਂ ਇੱਕ ਹਨ।
ਪਰ ਧਾਰਮਕ ਖੇਤਰ ਵਿੱਚ ਚਿੰਨ੍ਹਾਂ ਦਾ ਸਦਉਪਯੋਗ ਵੀ ਹੈ ਅਤੇ ਦੁਰਉਪਯੋਗ ਵੀ। ਜਿਵੇਂ ਕੁਦਰਤ ਨੇ
ਅੱਖਾਂ ਦਿੱਤੀਆਂ ਹਨ, ਪਰ ਜੇ ਕਰ ਕੋਈ ਅਖਾਂ ਨਾਲ ਪਰਾਇਆ ਰੂਪ ਵੇਖੇ ਤਾਂ ਇਸਦਾ ਅਰਥ ਇਹ ਨਹੀਂ ਕਿ
ਮਨੁੱਖ ਦੀਆਂ ਅੱਖਾਂ ਹੀ ਨਾ ਹੋਂਣ। ਕੁਦਰਤ ਨੇ ਮਨੁੱਖ ਨੂੰ ਚੇਤਨ ਸ਼ਕਤੀ ਦਿੱਤੀ ਹੈ। ਪਰ ਜੇ ਕਰ ਉਸ
ਚੇਤਨ ਸ਼ਕਤੀ ਵਿਚੋਂ, ਗਲਤ ਵਿਚਾਰ ਉਪਜਦੇ ਹਨ, ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਪਾਸ ਚੇਤਨ ਸ਼ਕਤੀ
ਹੀ ਨ ਹੋਵੇ। ਕਿਉਂ?
ਕਿਉਂਕਿ ਮਾੜੇ ਵਿਚਾਰਾਂ ਦੇ ਧਾਰਨੀ ਨੇ ਆਖਰਕਾਰ, ਚੇਤਨ ਰਾਹੀਂ ਹੀ ਗੁਰਮਤਿ
ਵੱਲ ਤੁਰਨ ਦਾ ਜਤਨ ਕਰਨਾ ਹੈ। ਗੁਰੂ ਵਲੋਂ ਬਖਸ਼ੇ ਚਿੰਨਾਂ ਨੇ ਵੀ, ਮਨਮੁਖ ਦੇ ਚੇਤਨ ਨੂੰ, ਗੁਰਮਤਿ
ਨਾਲ ਵਧੇਰੇ ਜੋੜਨ ਵਿੱਚ ਆਪਣੀ ਭੂਮਿਕਾ ਨਿਭਾਉਂਣੀ ਹੈ। ਝੂਠ ਸੁਣਨ ਵਾਲੇ ‘ਕੰਨਾ` ਨੇ ਹੀ ਗੁਰੂ ਦੀ
ਗਲ ਸੁਣਨੀ ਹੈ। ਝੂਠ ਬੋਲਣ ਵਾਲੀ ‘ਜ਼ੁਬਾਨ` ਨੇ ਇਹ ਗੁਰੂ ਦੇ ਬ੍ਰਹਮ ਵਿਚਾਰ ਗਾਉਂਣੇ ਹਨ। ਦੁਰਉਪਯੋਗ
ਦਾ ਅਰਥ ਇਹ ਨਹੀਂ ਹੁੰਦਾ ਕਿ ਉਪਯੋਗਿਤਾ ਨੂੰ ਭੁੱਲ ਕੇ ਗਲਾਂ ਬਰਬਾਦ ਕਰ ਦਿੱਤੀਆਂ ਜਾਣ। ਸਦਉਪਯੋਗ
ਦਾ ਮਾਰਗ ਬੰਦ ਨਹੀਂ ਹੋਂਣਾ ਚਾਹੀਦਾ।
ਅਸੀਂ ਅਕਸਰ ਵੇਖਦੇ ਹਾਂ ਕਿ ਗਰੂ ਵਲੋਂ ਬਖਸ਼ੇ ਚਿੰਨਾਂ ਦੇ ਧਾਰਨੀ, ਗੁਰਮਤਿ
ਨਾਲੋਂ, ਕਈਂ ਪੱਖੋਂ ਦੂਰ ਹੁੰਦੇ ਹਨ। ਕੁੱਝ ਸੱਜਣ ਉਨ੍ਹਾਂ ਨੂੰ ਭੇਖੀ ਕਹਿੰਦੇ ਹਨ। ਭੇਖੀ ਸ਼ਬਦ
ਨਕਾਰਾਤਮਕ ਜਿਹਾ ਪ੍ਰਤੀਤ ਹੂੰਦਾ ਹੈ। ਪਰ ਧਿਆਨ ਦੇਂਣ ਯੋਗ ਗਲ ਹੈ ਕਿ ਭੇਖੀ ਸ਼ਬਦ ਕੇਵਲ ਉਸ ਵੇਲੇ
ਨਕਾਰਾਤਮਕ ਹੁੰਦਾ ਹੈ ਜਿਸ ਵੇਲੇ ਉਸਦਾ ਦੁਰਉਪਯੋਗ ਹੋਵੇ। ਪਰ ਹਰ ਵੇਲੇ ਨਹੀਂ। ਇਕ ਮਿਸਾਲ ਵਿਚਾਰਦੇ
ਹਾਂ।
ਫ਼ੋਜ ਅਤੇ ਪੁਲਿਸ ਇੱਕ ਵਿਸ਼ੇਸ਼ ਭੇਖ
(Dress)
ਵਿਚ ਹੁੰਦੀ ਹੈ। ਇਸਦੇ ਧਾਰਨੀ ਜੇ ਕਰ ਫ਼ਰਜ਼ ਵਿੱਚ ਕੋਤਾਹੀ ਕਰਨ, ਤਾਂ ਭੇਖ
(ਵਰਦੀ)
ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਬੰਦੇ ਨੂੰ ਵਰਦੀ
ਬਦਨਾਮ ਕਰਨ ਦਾ ਦੋਸ਼ੀ ਪਾਇਆ ਜਾਏ, ਤਾਂ ਉਸ ਨੂੰ ਵਰਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ। ਵਰਦੀ ਨਹੀਂ
ਨੱਕਾਰੀ ਜਾਂਦੀ ਬਲਕਿ ਬੰਦਾ ਨੱਕਾਰ ਦਿੱਤਾ ਜਾਂਦਾ ਹੈ। ਉਸ ਬੰਦੇ ਨੂੰ, ਜੋ ਕਿ ਸਲੇਕਸ਼ਨ ਵੇਲੇ ਵਰਦੀ
ਦੇ ਕਾਬਲ ਸਮਝਿਆ ਗਿਆ ਹੁੰਦਾ ਹੈ।
ਫਿਰ ਨਾਲ ਹੀ, ਭੇਖ (ਵਰਦੀ) ਉਤਾਰਨ ਦਾ ਭੇਖ ਵੀ ਸਮਝ ਲਈਏ! ਮਸਲਨ ਕਈਂ ਵਾਰ
ਪੁਲਿਸ, ਕਿਸੇ ਅਪਰਾਧੀ ਨੂੰ ਪਕੜਨ ਲਈ, ਵਰਦੀ ਉਤਾਰ, ਸਾਦੇ ਵਸਤਰਾਂ ਦਾ ਭੇਖ ਧਾਰਨ ਕਰਦੀ ਹੈ। ਉਸ
ਵੇਲੇ ਭੇਖ ਉਤਾਰਨਾ ਵੀ, ਭੇਖ ਦਾ ਹੀ ਇੱਕ ਰੂਪ ਹੁੰਦਾ ਹੈ।
ਹੁਣ ਮਨਮਤਿ ਦੇ ਵੀ ਕਈਂ ਰੂਪ ਹਨ, ਪਰ ਮੁੱਖ ਦੋਸ਼ ਗੁਰੂ ਵਲੋਂ ਬਖ਼ਸ਼ੇ ਚਿੰਨਾਂ
ਦੇ ਧਾਰਨੀ ਤੇ ਆਉਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ, ਉਮੀਦ ਕੀਤੀ ਜਾਂਦੀ ਹੈ ਕਿ ਗੁਰੂ ਵਲੋਂ
ਬਖ਼ਸ਼ੇ ਚਿੰਨਾਂ ਦਾ ਧਾਰਨੀ, ਜਾਂ ਗੁਰੂ ਵਲੋਂ ਅਰੰਭੇ ਗੁਰਦੁਆਰਾ ਪ੍ਰਬੰਧ ਵਿੱਚ ਲੱਗੇ ਸੱਜਣ, ਗੁਰਮਤਿ
ਦੇ ਧਾਰਨੀ ਹੋਂਣ, ਕੇਵਲ ਭੇਖੀ ਨਾ ਹੋਂਣ। ਗੁਰਦੁਆਰਾ ਪ੍ਰਬੰਧ ਨਾਲ ਜੁੜੇ ਸੱਜਣਾਂ ਨੂੰ ਇਸਦਾ ਧਿਆਨ
ਤਾਂ ਰੱਖਣਾ ਹੀ ਚਾਹੀਦਾ ਹੈ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਰਗੇ ਅਹਿਦ ਵਿੱਚ ਉਤਰੇ ਬੰਦੇ ਨੂੰ ਵੀ।
ਪਰ ਇਸਦੇ ਨਾਲ ਹੀ ਉਸ ਮਾਨਸਿਕਤਾ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੈ, ਜੋ ਕਿ
ਖ਼ੁਦ ਭੇਖੀ ਨਾ ਹੋਂਣ ਦਾ ਢੌਂਗ ਕਰਨ ਲਈ, ਚਿੰਨ੍ਹਾਂ ਦਾ ਵਿਰੌਧ ਕਰਦੀ ਹੈ। ਚੁੰਕਿ ਚਿੰਨ੍ਹਾਂ ਦੇ
ਧਾਰਨੀਆਂ ਦੇ ਸਿਰ, ਸਾਰੇ ਦੋਸ਼ ਜਾ ਠੀਕਰਾ ਤੋੜੇਆ ਜਾ ਸਕਦਾ ਹੈ, ਇਸ ਲਈ, ਇਹ ਮਾਨਸਿਕਤਾ ਖ਼ੁਦ ਨੂੰ
ਛੁਪਾਉਂਣ ਲਈ ਚਿੰਨਾਂ ਦਾ ਇਸਤੇਮਾਲ ਨਹੀਂ ਕਰਦੀ। ਇਹ ਵੀ ਇੱਕ ਪ੍ਰਕਾਰ ਦੀ ਭੇਖੀ ਜੁਗਤ ਹੈ। ਭੇਖੀ
ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ। ਚਿਮਟਾ ਫ਼ੜ ਕੇ ਵੀ ਤੇ ਚਿਮਟਾ ਛੱਡ ਕੇ ਵੀ।
ਬਹੁਤੇ ਭੇਖ ਕਰਹਿ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੮੪੨)
ਕੀ ਇਹ, ਭੇਖ ਦਾ ਵਿਰੋਧ ਕਰਨ ਵਾਲੀ ਐਸੀ ਭੇਖੀ ਮਾਨਸਿਕਤਾ ਨਹੀਂ, ਜੋ ਕਿ
ਭੇਖ ਬਿਨ੍ਹਾਂ ਹੀ ਛਲਾਵਾ ਦਿੰਦੀ, ਖ਼ੁਦ ਭੇਖੀ ਸਾਬਤ ਹੁੰਦੀ ਹੈ?
ਭੇਖ (ਢੌਂਗ) ਚਿੰਨਾਂ ਦੀ ਵਰਤੋਂ ਕਰਦਾ
ਹੈ। ਕਦੇ ਚਿੰਨਾਂ ਨੂੰ ਧਾਰਨ ਕਰਕੇ, ਅਤੇ ਕਦੇ ਚਿੰਨ੍ਹਾਂ ਨੂੰ ਉਤਾਰ ਕੇ! ਇਹ ਦੋਵੇਂ ਗਲਾਂ ਗੁਰਮਤਿ
ਵਿੱਚ ਪਰਵਾਨ ਨਹੀਂ ਹਨ।
ਜੇ ਕਰ ਕੋਈ ਗੁਰੂ ਵੱਲੋਂ ਬਖ਼ਸ਼ੇ ਚਿੰਨਾਂ ਨੂੰ ਧਾਰਨ ਮਾਤਰ ਕਰਕੇ, ਗੁਰਮਤਿ
ਪਰਨਾਇਆ ਨਹੀਂ ਹੋ ਜਾਂਦਾ ਤਾਂ ਕੋਈ ਚਿੰਨਾਂ ਦਾ ਤਿਆਗ ਮਾਤਰ ਕਰਕੇ ਵੀ ਗੁਰਮਤਿ ਪਰਨਾਇਆ ਸਾਬਤ ਨਹੀਂ
ਹੁੰਦਾ। ਜੇ ਕਰ ‘ਕੁੱਝ` ਚਿੰਨ੍ਹਾਂ ਦੇ ਭੇਖ ਵਿੱਚ ਮਨਮਤਿ ਕਰਦੇ ਹਨ ਤਾਂ ‘ਕੁੱਝ` ਇਸਦਾ ਦਾ ਲਾਭ
ਉਠਾਉਂਦੇ, ‘ਬਿਨ੍ਹਾਂ ਚਿੰਨ੍ਹਾਂ ਦੇ ਭੇਖ` ਵਿੱਚ ਆ ਜਾਂਦੇ ਹਨ। ਇਹ ‘ਭੇਖ ਤੋਂ ਬਿਨਾਂ ਭੇਖੀ` ਹਨ
ਜਿਸ ਤੇ ਅਗਿਆਨਤਾ, ਜਜ਼ਬਾਤਾਂ, ਪੁਰਵਾਗ੍ਰਹਾਂ ਅਤੇ ਨਿਜ ਸੁਆਰਥਾਂ ਦਾ ਪ੍ਰਭਾਵ ਹੋ ਸਕਦਾ ਹੈ।
ਭੇਖ ਕਰਕੇ ਛਲਾਵਾ ਦੇਂਣਾ, ਜਾਂ ਭੇਖ ਉਤਾਰ ਕੇ, ਦੋਹਾਂ ਵਿੱਚ ਭੇਖ ਹੈ।
ਦੋਵੇਂ ਭੇਖੀ ਹਨ! ਹਾਂ ਇੱਕ ਫ਼ਰਕ ਹੈ ਜ਼ਰੂਰ ਹੈ ਕਿ ਭੇਖ ਵਿੱਚ ਆਇਆ ਭੇਖੀ ਪਛਾਣਿਆ ਜਾਂਦਾ ਹੈ, ਅਤੇ
ਭੇਖ ਉਤਾਰ ਕੇ ਵਿਚਰਦਾ ਭੇਖੀ ਪਛਾਣਿਆ ਨਹੀਂ ਜਾਂਦਾ। ਭੇਖ (ਢੌਂਗ) ਦਾ ਵਿਰੋਧ ਕਰਦਾ, ਬਿਨ੍ਹਾਂ ਭੇਖ
(ਵੇਸ਼ਭੂਸ਼ਾ) ਦਾ ਭੇਖੀ (ਢੋਂਗੀ), ਗੁਰਮਤਿ ਅਨੁਸਾਰ ਸੁਰਖਰੂ ਨਹੀਂ ਹੁੰਦਾ।
ਬਹੁਤੇ ਭੇਖ ਕਰੈ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੨੩੦)
ਹਰਦੇਵ ਸਿੰਘ, ਜੰਮੂ-੫. ੧੨. ੧੨
No comments:
Post a Comment