Saturday, 11 May 2013

ਸ਼ਿਸ਼ਟਾਚਾਰ

ਹਰਦੇਵ ਸਿੰਘ, ਜੰਮੂ


ਸ਼ਿਸ਼ਟਤਾ ਵੱਡਮੁੱਲੀ ਹੁੰਦੀ ਹੈ ਪਰ ਜੇ ਕਰ ਸੁਭਾਅ ਅੰਦਰ ਮੌਲਿਕ ਰੂਪ ਵਿਚ ਹੋਵੇ ਤਾਂ! ਵਰਨਾ 'ਛੱਦਮ', ਭਾਵ 'ਬਨਾਵਟੀ ਸ਼ਿਸ਼ਟਤਾ' ਇਕ ਪ੍ਰਕਾਰ ਦਾ ਛਲ ਹੈ, ਧੋਖਾ ਹੈ ਫ਼ਰੇਬ ਹੈ, ਭੇਖ  ਅਤੇ ਬਿਮਾਰੀ ਹੈ! ਗੁਰਬਾਣੀ ਵਿਚ ਐਸੀ ‘ਨਾਟਕੀਯ ਸ਼ਿਸ਼ਟਤਾ’ ਨਾਲ ਅਸਹਿਮਤੀ ਹੈ । ਐਸੀ ਸ਼ਿਸ਼ਟਤਾ ਬਾਰੇ ਗੁਰੂ ਨਾਨਕ ਜੀ ਉਚਾਰਦੇ ਹਨ:-

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥(ਪੰਨਾ,470)


ਪਰ ਨਾਟਕੀਯ ਸ਼ਿਸ਼ਟਤਾ ਤੋਂ ਅਸਤਿਮਤੀ ਦੇ ਨਾਲ-ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ, ਸ਼ਿਸ਼ਟਤਾ ਦੇ ਪਾਲਨ ਦਾ ਉਪਦੇਸ਼ ਵੀ ਦਿੰਦੇ ਹਨ । ਸ਼ਿਸ਼ਟਦਾ ਦੇ ਇਸ ਪੱਖ ਦੀ ਵਿਚਾਰ ਵੀ ਜ਼ਰੂਰੀ ਹੈ।ਕਿਉਂਕਿ ਅੱਜ ਦਾ ਲੇਖਨ, ਕੁੱਝ ਥਾਈਂ, ਨੀਚਤਾ ਦੀ ਹੱਦ ਤਕ ਗਿਰਦਾ ਜਾ ਰਿਹਾ ਹੈ।


ਜਿਹੜੇ ਮਨੁੱਖ ਦਾ ਹਿਰਦਾ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਨਹੀਂ ਉਸ ਦੇ ਸੁਭਾਅ ਵਿਚ ਸ਼ਿਸ਼ਟਾਚਾਰ ਨਹੀਂ ਪਨਪ ਸਕਦਾ । ਅਤੇ ਜਿਸਦੇ ਸੁਭਾਅ ਵਿਚ ਮੌਲਿਕ ਸ਼ਿਸ਼ਟਤਾ ਨਹੀਂ ਉਹ ਆਪ ਇਕ ਬੀਮਾਰ ਹੈ । ਗੁਰੂ ਨਾਨਕ ਜੀ ਨੇ ਅਸ਼ਿਸ਼ਟਤਾ ਪੁਰਨ ਸੁਭਾਅ ਦੇ ਮਨੁੱਖਾਂ ਦੇ, ਸੰਸਾਰਕ ਅਤੇ ਅਧਿਆਤਮਕ ਜੀਵਨ ਬਾਰੇ ਇਵੇਂ ਨਿਰਨਾ ਉਚਾਰਿਆ ਹੈ:-


ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,473)


ਅਰਥ:- ਹੇ ਨਾਨਕ ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) ।  ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ)
ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।


 ਜਤਿ ਬੋਲਿਐ ਪਤਿ ਪਾਇਐ ਸੋ ਬੋਲਿਆ ਪਰਵਾਣੁ॥ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ ( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥( ਗੁਰੂ ਗ੍ਰੰਥ ਸਾਹਿਬ ਜੀ ਪੰਨਾ,1384)


ਅਰਥ:-  ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ), ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ।129।


ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਅਰਥ:-  ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ । ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ।130।


 ਕੀ ਅਸ਼ਿਸ਼ਟ ਕਲਮਾਂ ਗੁਰਬਾਣੀ ਦੇ ਉਪਰੋਕਤ ਫ਼ੁਰਮਾਨਾਂ ਦੀ ਜ਼ਦ ਤੋਂ ਬਾਹਰ ਹਨ? ਕੀ ਉਨ੍ਹਾਂ ਤੇ ਗੁਰਬਾਣੀ ਨਹਿਤ ਉਪਰੋਕਤ ਉਪਦੇਸ਼ਾਂ ਦਾ ਕੋਈ ਅੰਕੂਸ਼ ਜ਼ਰੂਰੀ ਨਹੀਂ? ਇਹ ਸਵਾਲ ਸਵੈ ਪੜਚੋਲ ਲਈ ਜ਼ਰੂਰੀ ਹਨ ਕਿਉਂਕਿ ਇਹ ਕਲਮਾਂ ‘ਧਰਮ ਚਿੰਤਨ’ ਨੂੰ ਸ਼ਰਮਸਾਰ ਕਰਦੀਆਂ ਹਨ।


ਹਰਦੇਵ ਸਿੰਘ, ਜੰਮੂ-22.2.2013

No comments:

Post a Comment