‘ਪਰਸਤੀ’
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
‘ਪਰਸਤੀ’ ਜਾਂ ਪਰਸਤਿਸ਼ ਦਾ ਅਰਥ ਹੁੰਦਾ ਹੈ ‘ਪੂਜਾ’ ਅਤੇ ‘ਪਰਸਤ’ ਦਾ ਅਰਥ ਹੁੰਦਾ ਹੈ ਪੂਜਾ ਕਰਨ ਵਾਲਾ ਜਿਵੇਂ ਕਿ ਬੁਤਪਰਸਤ! ਇਸ ਵਿਚ ਰੱਤਾ ਵੀ ਸ਼ੱਕ ਨਹੀਂ ਕਿ ਗੁਰਮਤਿ ਸਾਨੂੰ ਅਕਾਲ ਪੁਰਖ ਦੀ ਪਰਸਤਿਸ਼ ਨਾਲ ਜੋੜਦੀ ਹੈ। ਯਾਨੀ ਹਰ ਸਿੱਖ, ਗੁਰਮਤਿ ਅਨੁਸਾਰ, ਕੇਵਲ ਅਕਾਲ ਪੁਰਖ ਦਾ ਪੁਜਾਰੀ ਹੋਂਣਾ ਚਾਹੀਦਾ ਹੈ, ਕੇਵਲ ‘ਉਸਦਾ’ ਪਰਸਤ ਹੋਂਣਾ ਚਾਹੀਦਾ ਹੈ। ਇਹ ਗੁਰਮਤਿ ਵਿਚਲੇ ਪੁਜਾਰੀਵਾਦ ਦੀ ਪਰਿਭਾਸ਼ਾ ਹੈ। ਖ਼ੈਰ!
ਪਰਸਤ ਸ਼ਬਦ ਇੰਝ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮੁਫ਼ਾਦਪਰਸਤ, ਮੌਕਾਪਰਸਤ, ਬੰਦਾਪਰਸਤ ਜਾਂ ਸ਼ਖਸੀਅਤ ਪਰਸਤ! ਪਰਸਤੀ ਦੀਆਂ ਇਹ ਕਿਸਮਾਂ ਗੁਰਮਤਿ ਵਿਚ ਈਸ਼ਟ ਭਾਵ ਕਰਕੇ ਪਰਵਾਨ ਨਹੀਂ ਹਨ। ਇਸ ਲਈ ਸਿੱਖ ਨੂੰ, ਅਕਾਲ ਪੁਰਖ ਪਰਸਤ ਹੋ ਕੇ, ਸਾਰੀ ਮਨੁੱਖਤਾ ਨਾਲ ਪਿਆਰ ਅਤੇ ਸਤਿਕਾਰ ਭਰੀ ਸਾਂਝ ਪਾਉਂਣੀ ਚਾਹੀਦੀ ਹੈ। ਪਿਆਰ ਅਤੇ ਸਤਿਕਾਰ ਵਿਚ, ਵਿਚਾਰ ਸਾਂਝੇ ਵੀ ਕੀਤੇ ਜਾਂਦੇ ਹਨ ਅਤੇ ਸਵੀਕਾਰ ਵੀ। ਕਿਸੇ ਵਿਦਵਾਨ ਜਾਂ ਉੱਘੀ ਸ਼ਖਸੀਅਤ ਦੇ ਸਤਿਕਾਰ ਨੂੰ ਸ਼ਖਸੀਅਤ ਪਰਸਤੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਹਾਂ, ਜੇ ਕਰ ਕਈ ਵਾਜਬ ਵਜ੍ਹਾ ਹੋਵੇ ਤਾਂ, ਕਿਸੇ ਲਈ ਗਲਤ ਤੌਰ ‘ਤੇ, ਕਿਸੇ ਵਿਦਵਾਨ ਜਾਂ ਸ਼ਖਸੀਅਤ ਦੇ ਪ੍ਰਭਾਵ ਹੇਠ ਹੋਂਣ ਦੀ ਗਲ ਕਹੀ ਜਾ ਸਕਦੀ ਹੈ।
ਜੇ ਕਰ ਕਿਸੇ ਵਿਯਕਤੀ ਪ੍ਰਭਾਵ ਹੇਠ ਹੋਂਣ ਦੀਆਂ, ਸਾਰੀਆਂ ਹੱਦਾਂ ਪਾਰ ਕਰ ਜਾਣ ਨੂੰ ‘ਸ਼ਖਸੀਅਤ ਪਰਸਤੀ’ ਕਿਹਾ ਜਾ ਸਕਦਾ ਹੈ ਤਾਂ ਕੀ ਕਾਰਨ ਹੈ ਕਿ ਹੱਦਾਂ ਪਾਰ ਕਰਦੇ ਆਪਣੀ ਗਲ ਜਾਂ ਗੁਟਬਾਜ਼ੀ ਠੋਸਣ ਦੇ ਯਤਨ ਨੂੰ ‘ਖ਼ੁਦ ਪਰਸਤੀ’ ਨਾ ਕਿਹਾ ਜਾਏ ?
ਸ਼ਖਸੀਅਤ ਪਰਸਤੀ ਜੇ ਕਰ ਮਨਮਤਿ ਹੋਂਣ ਕਾਰਨ ਮਾੜੀ ਹੈ, ਤਾਂ ਖ਼ੁਦਪਰਸਤੀ ਉਸ ਤੋਂ ਵੀ ਮਾੜੀ। ਸ਼ਖਸੀਅਤ ਪਰਸਤੀ ਕਿਸੇ ਦੂਜੇ ਦੀ ਹੁੳਮੈ ਦੀ ਪੋਸ਼ਕ ਹੋ ਸਕਦੀ ਹੈ, ਪਰ ‘ਖੁਦਪਰਸਤੀ’ ਖ਼ੁਦ ਹਉਮੈ ਵਿਚ ਰੂਪਮਾਨ ਹੁੰਦੀ ਹੈ! ਸ਼ਖਸੀਅਤ ਪਰਸਤੀ ਛੁੜਾਉਂਣ ਲਈ ਦੂਜੇ ਨੂੰ ਸਮਝਾਉਂਣਾ ਪੈਂਦਾ ਹੈ, ਪਰ ‘ਖ਼ੁਦਪਰਸਤ’ ਨੂੰ ਪਹਿਲਾਂ ਆਪ ਸਮਝਣਾ ਪੈਂਦਾ ਹੈ! ਖ਼ੁਦਪਰਸਤੀ ਬੁਰੀ ਬਲਾ ਹੈ! ਇਸ ਤੋਂ ਬੱਚਣ ਲਈ ‘ਅੰਦਰ’ ਝਾਂਕਣਾ ਪੈਂਦਾ ਹੈ!!28.11.12
No comments:
Post a Comment