"ਏਕਤਾ? ਕਾਹਦੀ ਤੇ ਕਿਸ ਨਾਲ ਏਕਤਾ ?"
ਸ. ਗੁਰਦੇਵ ਸਿੰਘ ਸੱਧੇਵਾਲਿਆ ਜੀ
ਗੁਰੂ ਜੀ ਦੀ ਬਖਸ਼ੀ ਫ਼ਤਿਹ ਪਰਵਾਨ ਕਰਨੀ !
ਗੁਰੂ ਜੀ ਦੀ ਬਖਸ਼ੀ ਫ਼ਤਿਹ ਪਰਵਾਨ ਕਰਨੀ !
ਆਪ ਜੀ ਦੇ ਲਿਖੇ ਲੇਖ "ਏਕਤਾ? ਕਾਹਦੀ ਤੇ ਕਿਸ ਨਾਲ ਏਕਤਾ ?"(09.11.2013,Khalsa News) ਨੂੰ ਪੜਨ ਦਾ ਮੌਕਾ ਮਿਲਿਆ।ਲੇਖ ਦਾ ਨਿਚੋੜ ਉਹ ਵਿਚਾਰ ਹਨ, ਜਿਹੜੇ ਕਿ ਆਪ ਜੀ ਨੇ ਲੇਖ ਦੇ ਅੰਤਲੇ ਪਹਿਰੇ ਵਿਚ ਵਿਯਕਤ ਕੀਤੇ ਹਨ। ਉਸ ਵਿਚ ਦਸ਼ਮ ਗ੍ਰੰਥ ਦੇ ਵਿਰੌਧ ਦਾ ਨਾਟਕ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਿੰਤੂ ਖੜੇ ਕਰਨ ਵਾਲੀ ਸੋਚ ਦੇ ਵਿਰੌਧ ਵਿਚ, ਇਕ ਯਲਗ਼ਾਰ ਪ੍ਰਤੀਤ ਹੋਈ ਹੈ। ਇਸ ਲਈ ਆਪ ਜੀ ਦਾ ਧਨਵਾਦ ਕਰਨਾ ਬਣਦਾ ਹੈ।
ਕਿਸੇ ਵੀ ਸੂਝਵਾਨ ਸਿੱਖ ਲਈ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋਰ ਨਹੀਂ ਹੋ ਸਕਦਾ ਕਿ ਕੋਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਤੂ ਦੇ ਘੇਰੇ ਵਿਚ ਲਿਆਏ।ਨਿਜੀ ਰੂਪ ਵਿਚ ਮੈਂ ਰਾਗਮਾਲਾ ਨੂੰ ਲੇ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਨੂੰ ਗਲਤ ਮੰਨਦਾ ਹਾਂ ਅਤੇ ਇਕ ਵਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੀ ਜੱਥੇਬੰਦੀ ਦੇ ਪਹਿਲੇ ਲਿਖੇ ਗਏ ਅਜੰਡੇ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਰਾਗਮਾਲਾ ਸਬੰਧੀ ਕਿੰਤੂ ਦੀ ਗਲਤੀ ਨੂੰ ਤਿਆਗ ਦੇਂਣ ਦੀ ਸਲਾਹ ਵੀ ਦਿੱਤੀ ਸੀ, ਜੋ ਕਿ ਬਾਦ ਵਿਚ ਲਿਖੇ ਅਜੰਡੇ ਰਾਹੀਂ ਕਿਸੇ ਹੱਦ ਤਕ ਸਵੀਕਾਰੀ ਵੀ ਗਈ।
ਗੁਰੂ ਗ੍ਰੰਥ ਸਾਹਿਬ ਜੀ ਤੇ ਕੀਤੇ ਜਾ ਰਹੇ ਸਿੱਧੇ-ਅਸਿੱਧੇ ਕਿੰਤੂਆਂ ਦੇ ਵਿਰੌਧੀ ਹੋਂਣ ਕਾਰਣ, ਮੈਂ ਕੁੱਝ ਵੈਬਸਾਈਟਾਂ ਵਲੋਂ ਛੇਕ ਦਿੱਤਾ ਗਿਆ, ਕਿਉਂਕਿ ਜਿਨਾਂ ਕਥਿਤ ਵਿਦਵਾਨਾਂ/ਆਗੂਆਂ ਦਾ ਮੈਂ ਵਿਰੌਧ ਕੀਤਾ, ਉਹ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਿਚ ਭਾਗੀਦਾਰ ਸਨ, ਜਾਂ ਫ਼ਿਰ ਕਿੰਤੂ ਕਰਨ ਵਾਲਿਆਂ ਦੇ ਸਮਰਥਕ।
ਆਪ ਜੀ ਸੂਝਵਾਨ ਹੋ ਅਤੇ ਆਪ ਜੀ ਦੀ ਕਲਮ ਵਿਚ ਗੁਰੂ ਅਤੇ ਉਸਦੇ ਪੰਥ ਪ੍ਰਤੀ ਦਰਦ ਝਲਕਦਾ ਹੈ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਗਲ ਕੀਤੀ ਹੈ, ਇਸ ਲਈ ਧਿਆਨ ਦੇਂਣਾ ਕਿ ਗੁਰੂ ਵਲੋਂ ਬਖ਼ਸ਼ੇ 'ਇਕ ਪੰਥ' ਦਾ ਸਿਧਾਂਤ ਜਿਸ ਦਿਨ ਭੰਗ ਹੋਇਆ ਉਸ ਬਾਦ ਸਿੱਖਾਂ ਦਾ ਗੁਰੂ ਗ੍ਰੰਥ ਵੀ ਇਕ ਨਹੀਂ ਰਹੇਗਾ।ਫ਼ਿਰ ਵੇਖਣ ਨੂੰ ਮਿਲਗਾ:-
ਗੁਰੂ ਗ੍ਰੰਥ ਸਾਹਿਬ ਰਾਗਮਾਲਾ ਸਮੇਤ! ਗੁਰੂ ਗ੍ਰੰਥ ਰਾਗਮਾਲਾ ਬਗ਼ੈਰ!! ਗੁਰੂ ਗ੍ਰੰਥ ਭੱਟ ਬਾਣੀ ਬਗ਼ੈਰ!!! ਗੁਰੂ ਗ੍ਰੰਥ ਭਗਤ ਬਾਣੀ ਬਗ਼ੈਰ ਅਤੇ ਗੁਰੂ ਗ੍ਰੰਥ ਸਾਹਿਬ ਕੇਵਲ ਗੁਰੂ ਨਾਨਕ ਬਾਣੀ ਵਾਲਾ !!!
ਸਿੱਖੀ ਦੇ ਵਿਰੌਧੀ ਨਹੀਂ ਚਾਹੁੰਦੇ ਕਿ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ 'ਇਕ ਰੂਪ' ਵਿਚ ਰਹੇ। ਭਲਾ ਦੋ-ਚਾਰ ਪੰਥਾਂ ਦਾ ਗੁਰੂ (ਮੌਜੂਦਾ ਸਵਰੂਪ) 'ਇਕ' ਰਹਿ ਸਕੇਗਾ ? ਕਦਾਚਿੱਤ ਨਹੀਂ!
ਮੈਂ ਸਾਧਾਂ-ਡੇਰਿਆਂ ਦੀ ਮਨਮਤਿ ਦਾ ਹਾਮੀ ਨਹੀਂ,ਪਰ ਮੈਂ ਵੇਖੇਆ ਹੈ ਕਿ ਡੇਰਿਆਂ ਦੇ ਵਿਰੌਧ ਵਿਚ ਮਸਰੂਫ ਆਪ ਜੀ ਦਾ ਧਿਆਨ, ਕਥਿਤ "ਜਾਗਰੂਕ ਪੰਥ" ਦੇ ਏਕੇ ਦੇ ਤਲ ਤੋਂ ਉੱਪਰ ਉੱਠ ਕੇ, ਸਮੂੱਚੇ ‘ਪੰਥਕ ਏਕੇ’ ਵੱਲ ਨਹੀਂ ਗਿਆ।ਸਤਿਕਾਰਤ ਸੱਧੇਵਾਲਿਆਂ ਜੀ ! ਜ਼ਰਾ ਹੁਣੇ ਹੀ ਆਪਣੇ ਹੱਥ ਨੂੰ ਹੀ ਖੋਲ ਕੇ ਵੇਖੇ ਕਿ ਉਸ ਹੱਥ ਦੀ ਏਕਤਾ ਵਿਚ ਅਨੇਕਤਾ ਹੈ।ਕੋਈ ਵੀ ਉਂਗਲ ਦੂਜੀ ਦੇ ਬਰਾਬਰ ਨਹੀਂ, ਅਤੇ ਅੰਗੂਠਾ ਜ਼ਿਆਦਾ ਵਿੱਲਖਣ ਹੋ ਕੇ ਹੱਥ ਦੇ ਏਕੇ ਨੂੰ ਹੇਰ ਮਜ਼ਬੂਤੀ ਪ੍ਰਧਾਨ ਕਰਦਾ ਹੈ।ਕੀ ਅੁੰਗਲਿਆਂ ਅਨੇਕ ਹੋਂਣ ਦਾ ਬਾਵਜੂਦ ਇਕੋ ਤਲੀ ਨਾਲ ਨਹੀਂ ਜੁੜੀਆਂ ? ਪਰ ਨਿਜੀ ਨੀਤੀ ਨੇ ਅੱਜ ਪੰਥਕ ਬਨਾਵਟ ਅੰਦਰ "ਕਾਲਕਾ ਪੰਥ" ਵਰਗੀ ਨੁਕਸਾਨ ਦੇਹ ਟਰਮ ਨੂੰ ਘੜ ਲਿਆ ਹੈ।ਮੈਂ ਬਹੂਤ ਬੇਨਤੀ ਕਰਕੇ ਪ੍ਰੋ. ਜੀ ਨੂੰ 'ਗੁਰੂ ਗ੍ਰੰਥ ਦਾ ਖਾਲਸਾ ਪੰਥ' ਟਰਮ ਦੇ ਨਾਲ 'ਮੂਵਮੇਂਟ' ਸ਼ਬਦ ਨੂੰ ਜੋੜਨ ਲਈ ਰਾਜ਼ੀ ਕੀਤਾ ਸੀ।
ਚੰਡੀਗੜ ਦੇ ਅਖ਼ਬਾਰ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਸੋਚ ਹੈ, ਆਪ ਇਸ ਨੂੰ ਚੰਗੀ ਤਰਾਂ ਜਾਣਦੇ ਹੋ।ਪਰ ਪ੍ਰੋ. ਦਰਸ਼ਨ ਸਿੰਘ ਜੀ ਨੇ ਉਸ ਨਾਲ ਮਿਲਣੀ ਕਰਕੇ ਕਿਹਾ ਕਿ "ਸਹੀ ਸੋਚ" ਵਾਲਿਆਂ ਦਰਮਿਆਨ ਏਕਤਾ ਹੋਂਣੀ ਚਾਹੀਦੀ ਹੈ ! ਮੈਂ ਉਸੇ ਪਲ ਤੋਂ ਪ੍ਰੋਂ. ਸਾਹਿਬ ਜੀ ਦੀ ਐਸੀ ਸੋਚ ਤੋਂ ਅਸਹਿਮਤ ਸੀ, ਜਿਸ ਲਈ ਮੈਂ ਸਪਸ਼ਟਵਾਦਿਤਾ ਨਾਲ ਕੂਝ ਮੂਲਭੂਤ ਸਵਾਲ ਖੜੇ ਕੀਤੇ। ਇਸ ਲਈ ਮੈਨੂੰ ਕੁੱਝ ਵੈਬਸਾਈਟਾ ਵਲੋਂ ਪ੍ਰਤੀਬੰਧ ਵੀ ਝੱਲਣਾ ਪਿਆ। ਪਰ ਆਪ ਜੀ ਹੀ ਦੱਸੋ ,ਭਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਦੀ ਸੋਚ ਨਾਲ ਮੇਰੀ ਸਾਂਝ ਹੋ ਸਕਦੀ ਸੀ ? ਕੀ ਮੈਂ ‘ਅਖਬਾਰੀ ਸੋਚ’ ਨੂੰ ਸਹੀ ਸੋਚ ਦਾ ਸਰਟੀਫਿਕੇਟ ਦੇਂਣ ਵਾਲੀ ਸੋਚ ਨਾਲ ਏਕਾ ਕਰ ਸਕਦਾ ਸੀ ? ਆਪ ਜੀ ਨੂੰ ਮੇਰੇ ਇਸ ਸਵਾਲ ਦਾ ਜਵਾਬ ਦੇਂਣ ਦੀ ਲੋੜ ਨਹੀਂ, ਕਿਉਂਕਿ ਆਪ ਜੀ ਦਾ ਜਵਾਬ ਆਪ ਜੀ ਵਲੋਂ ਲਿਖੇ ਲੇਖ ਦੇ ਅੰਤਲੇ ਪੈਰੇ ਵਿਚ ਮੌਜੂਦ ਹੈ।
ਲੇਕਿਨ ਆਪ ਜੀ ਦਾ ਜਵਾਬ, ਖ਼ੂਦ ਆਪ ਜੀ ਲਈ ਸਵਾਲ ਖੜਾ ਕਰਦਾ ਪ੍ਰਤੀਤ ਹੁੰਦਾ ਹੈ।ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਵਾਲਿਆਂ ਨਾਲ ਆਪ ਜੀ ਦੀ ਏਕਤਾ ਨਹੀਂ ਹੋ ਸਕਦੀ, ਤਾਂ ਪ੍ਰੋ. ਦਰਸਨ ਸਿੰਘ ਜੀ ਸਮੇਤ ਉਨਾਂ ਵੈਬਸਾਈਟਾਂ ਬਾਰੇ ਆਪ ਜੀ ਦੀ ਸਥਿਤੀ ਕੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਵਾਲਿਆਂ ਨੂੰ ਵਿਦਵਾਨ ਲਿਖਦੇ ਹਨ ? ਆਪ ਜੀ ਜਾਣਦੇ ਹੋ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਦੇ ਸੱਜਣ, ਅੱਜ ਵੈਬਸਾਈਟਾਂ ਤੇ ਪੰਥਕ ਵਿਦਵਾਨ ਕਰਕੇ ਪ੍ਰਚਾਰੇ ਜਾ ਰਹੇ ਹਨ! ਸਮਾਂ ਆ ਚੁੱਕਾ ਹੈ ਕਿ ਆਪ ਜੀ ਨੂੰ ਆਪਣੇ ਅਤੇ ਐਸੇ ਤਮਾਮ ਸੱਜਣਾ ਦਰਮਿਆਨ ਲਕੀਰ ਖਿੱਚਣੀ ਚਾਹੀਦੀ ਹੈ। ਜੇ ਕਰ ਆਪ ਜੀ ਦੇ ਲੇਖ ਦੇ ਅੰਤਿਮ ਪੈਰੇ ਦਾ ਮੰਤਵ ਕੇਵਲ ਇਕ ਜੀਉਣਵਾਲੇ ਤਕ ਹੀ ਮਹਦੂਦ ਹੈ, ਤਾਂ ਆਪ ਜੀ ਦੀ ਕਲਮ ਤੋਂ ਨਿਕਲਿਆ ਉਹ ਪੈਰਾ ਬੇਮਾਨੀ ਹੈ।
ਪਰ ਮੈਂਨੁੰ ਲਗੱਦਾ ਹੈ ਕਿ ਹੁਣ ਆਪ ਜੀ ਦੀ ਕਲਮ ਐਸੇ ਸਾਰੇ ਸੱਜਣਾ ਬਾਰੇ ਉੱਠੇਗੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿੰਤੂ ਕਰਦੇ ਹਨ ਜਾਂ ਕਿੰਤੂ ਕਰਨ ਵਾਲਿਆਂ ਨੂੰ ਵਿਦਵਾਨ ਪ੍ਰਚਾਰਦੇ, ਉਨਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ!
ਕਿਸੇ ਭੂੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ।ਆਪ ਜੀ
ਵਲੋਂ ਉਤਰ
ਦੀ ਉਡੀਕ
ਵਿਚ,
ਹਰਦੇਵ ਸਿੰਘ ਜੰਮੂ-੨੨.੧੧.੨੦੧੩
Note:- To read more articles, click at Older Posts below.
No comments:
Post a Comment