'ਵੀਰ ਭੁਪਿੰਦਰ ਸਿੰਘ ਜੀ ਨਾਲ ਪਹਿਲੀ ਸੰਖੇਪ ਮੁਲਾਕਾਤ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਗਲ ਲਗਭਗ ਚਾਰ ਕੁ ਸਾਲ ਪਹਿਲਾਂ ਦੀ ਹੈ ! ਇਕ ਦਿਨ ਅਚਾਨਕ, ਪ੍ਰਿ. ਨਰਿੰਦਰ ਸਿੰਘ ਜੀ ਦਾ ਫੋਨ ਆਇਆ, ਕਿ ਮੈਂ ਛੋਤੀ ਹੀ ਜੰਮੂ ਦੇ ਮਹੰਤ ਬਚਿੱਤਰ ਸਿੰਘ ਇੰਜਿਨੀਅਰਿੰਗ ਕਾਲੇਜ ਵਿਖੇ ਪਹੁੰਚ ਜਾਵਾਂ। ਉਨਾਂ ਦਿਨੀਂ ਮੇਰਾ ਪ੍ਰਿ. ਜੀ ਨਾਲ ਪਰਿਚੈ ਨਵਾਂ ਹੀ ਸੀ। ਜਦ ਮੈਂ ਕਾਲੇਜ ਦੇ ਆਡਿਟੋਰਿਅਮ ਪਹੁੰਚਿਆ, ਤਾਂ ਪ੍ਰਿ. ਨਰਿੰਦਰ ਸਿੰਘ ਜੀ ਨੇ ਮੈਂਨੂੰ ਆਪਣੇ ਨਾਲ ਦੀ ਇਕ ਖਾਲੀ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ। ਬਹੁਤ ਸਾਰੇ ਵਿਧਿਆਰਥਿਆਂ ਨਾਲ ਭਰੇ ਹਾਲ ਦੀ ਸਟੇਜ ਤੇ ਇਕ ਹਸਮੁੱਖ ਬੁਲਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਇਹ ਸਨ ਵੀਰ ਭੂਪਿੰਦਰ ਸਿੰਘ ਜੀ, ਜਿਨਾਂ ਨਾਲ ਬਾ-ਕਾਯਦਾ ਤਾਰੁਫ ਪ੍ਰੋਗ੍ਰਾਮ ਦੀ ਸਮਾਪਤੀ ਬਾਦ ਹੋਇਆ।
ਹਾਲ ਅੰਦਰ ਵਿਚਾਰਾਂ ਦੇ ਵਟਾਂਦਰੇ ਦੋਰਾਨ ਕੁੱਝ ਦਿਲਚਸਪ ਗਲਾਂ ਹੋਇਆਂ ਜੋ ਕਿ ਮੈਂ ਅੱਜ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਹ ਗਲਾਂ ਉਸ ਵੇਲੇ ਵਾਪਰੀਆਂ, ਜਿਸ ਵੇਲੇ ਵੀਰ ਭੁਪਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਨ ਉਪਰੰਤ, ਸਵਾਲਾਂ ਦੇ ਜਵਾਬ ਦੇਂਣੇ ਆਰੰਭ ਕੀਤੇ। ਪਹਿਲਾ ਸਵਾਲ ਇਕ ਨੌਜਵਾਨ ਬੱਚੀ ਵਲੋਂ ਸੀ, ਕਿ ਪਰਫੇਕਟ (Perfect) ਜੀਵਨ ਸਾਥੀ ਕਿਵੇਂ ਲੱਭਿਆ ਜਾਏ ? ਸਵਾਲ ਚੰਗਾ ਸੀ, ਜਿਸ ਦੀ ਬੇਬਾਕੀ ਦੀ ਪਹਿਲਾਂ ਤਾਂ ਵੀਰ ਜੀ ਨੇ ਤਾਰੀਫ ਕੀਤੀ, ਅਤੇ ਫਿਰ ਬੱਚੀ ਨੂੰ ਜਵਾਬ ਦਿੰਦੇ ਕਿਹਾ ਕਿ ਇਸ ਮਾਮਲੇ ਬਾਰੇ ਜੀਵਨ ਵਿਚ ਪਰਫੇਕਸ਼ਨ ਨਹੀਂ ਅੇਡਜਸਟਮੇਂਟ(Adjustment)ਵੀ ਹੁੰਦੀ ਹੈ ਜਿਸ ਦੇ ਮਹੱਤਵ ਨੂੰ ਸਮਜਣਾ ਜਰੂਰੀ ਹੈ। ਜਵਾਬ ਵੀ ਚੰਗਾ ਸੀ ਅਤੇ ਬੱਚੀ ਜਵਾਬ ਸੁਣਨ ਉਪਰੰਤ ਬੈਠ ਗਈ।
ਦੂਜਾ ਸਵਾਲ ਇਕ ਨੋਜਵਾਨ ਬੱਚੇ ਵਲੋਂ ਸੀ, ਕਿ ਕਹੀਆਂ ਜਾਂਦੀਆਂ ਜੂਨਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ ? ਇਸ ਸਵਾਲ ਦੇ ਜਵਾਬ ਵਿਚ ਵੀਰ ਭੁਪਿੰਦਰ ਸਿੰਘ ਜੀ ਨੇ ਕਿਹਾ ਕਿ, ਅਸੀਂ ਸਾਰੇ ਜਾਣਦੇ ਹਾਂ ਕਿ ਕੁੱਤਾ ਲਾਲਚੀ ਹੁੰਦਾ ਹੈ। ਇਸ ਲਈ ਜਿਸ ਵੇਲੇ ਮਨੁੱਖ ਲਾਲਚ ਕਰਦਾ ਹੈ ਤਾਂ ਸਮਝੋ ਕਿ ਉਹ ਕੁੱਤੇ ਦੀ ਜੂਨ ਵਿਚ ਹੈ। ਉਨਾਂ ਦੇ ਇਸ ਜਵਾਬ ਦੇ ਸੰਧਰਭ ਵਿਚ ਮੈਂ ਆਪਣਾ ਸਵਾਲ ਕਰਨ ਲਈ ਖੜੇ ਹੋ ਕੇ ਪੁੱਛਿਆ, ਕਿ ਅਗਰ ਲਾਲਚ ਕਰਨ ਵੇਲੇ ਇਨਸਾਨ ਕੁੱਤੇ ਦੀ ਜੂਨ ਵਿਚ ਹੁੰਦਾ ਹੈ ਤਾਂ ਵਫਾਦਾਰੀ ਕਰਨ ਵੇਲੇ ਵੀ ਇਨਸਾਨ ਨੂੰ ਕੁੱਤੇ ਦੀ ਜੂਨ ਵਿਚ ਕਿਉਂ ਨਾ ਸਮਝਿਆ ਜਾਏ ? ਕੀ ਵਫਾਦਾਰੀ ਨਿਭਾਉਂਦਾ ਬੰਦਾ ਵੀ ਕੁੱਤੇ ਦੀ ਜੂਨ ਵਿਚ ਨਾ ਸਾਬਤ ਹੋਇਆ ?
ਵੀਰ ਜੀ ਸਵਾਲ ਸੁਣ ਕੇ ਮੁਸਕੁਰਾਏ ਪਰ ਬਿਨਾ ਜਵਾਬ ਦਿੱਤੇ ਚੌਥੇ ਸਵਾਲ ਵੱਲ ਤੁਰ ਪਏ ਜੋ ਕਿ ਕਿਸੇ ਹੋਰ ਵਲੋਂ ਪੁੱਛਿਆ ਗਿਆ। ਖ਼ੈਰ, ਪ੍ਰੋਗ੍ਰਾਮ ਦੀ ਸਮਾਪਤੀ ਉਪਰੰਤ ਹਾਲ ਦੇ ਬਾਹਰ ਚਾਹ-ਪਾਣੀ ਦਾ ਪ੍ਰਬੰਧ ਸੀ ਅਤੇ ਨਾਲ ਹੀ ਪੁਸਤਕਾਂ ਦੀ ਬਿਕ੍ਰੀ ਦਾ ਸਟਾਲ ਵੀ ਲੱਗਾ ਹੋਇਆ ਸੀ। ਉਸ ਥਾਂ ਵੀਰ ਜੀ ਨਾਲ ਮੇਰੀ ਪਹਿਲੀ ਬਾ-ਕਾਯਦਾ ਅਤੇ ਸੰਖੇਪ ਜਿਹੀ ਮੁਲਾਕਾਤ ਹੋਈ। ਮੈਂ ਉਨਾਂ ਨੂੰ ਆਪਣੀ ਪੁਸਤਕ ਭੇਂਟ ਕੀਤੀ ਅਤੇ ਸਵਾਲ ਨਾਲ ਹੋਈ ਅਸੁਵਿਧਾ ਲਈ ਛਿਮਾ ਦੀ ਜਾਚਨਾ ਵੀ ਕੀਤੀ ਹਾਲਾਂਕਿ ਉਹ ਮੇਰੇ ਸਵਾਲ ਨਾਲੋਂ ਨਾਰਜ਼ ਨਹੀਂ ਸਨ।
ਬਾਦ ਵਿਚ ਮੈਂ ਵੀਰ ਨੂੰ ਦੱਸਿਆ ਕਿ ਨੋਜਵਾਨ ਵਲੋਂ ਜੂਨਾਂ ਬਾਰੇ ਕੀਤੇ ਸਵਾਲ ਤੇ, ਉਨਾਂ ਦਾ ਜਵਾਬ ਸੁਣ ਕੇ ਮੈਂਨੂੰ ਆਪਣਾ ਕੁੱਤਾ (ਸੀਜ਼ਰ) ਯਾਦ ਆ ਗਿਆ, ਜਿਸ ਦੇ ਗੁਜ਼ਰ ਜਾਣ ਬਾਦ ਵੀ ਮੈਂ, ਉਸ ਦੇ ਪਿਆਰ ਅਤੇ ਵਫਾਦਾਰੀ ਨੂੰ ਕਦੇ ਭੁੱਲ ਨਹੀਂ ਸਕਿਆ। ਮੇਰਾ ਸਵਾਲ ਦਰਅਸਲ ਮੇਰੇ ਵਲੋਂ, ਮੇਰੇ ਕੁੱਤੇ ਦੀ ਉਸ ਵਫਾਦਾਰੀ ਦੀ ਨਜ਼ਰ ਸੀ, ਜਿਸ ਨੇ ਵੀਰ ਜੀ ਨੂੰ ਕੁੱਝ ਸੋਚਣ ਲਈ ਮਜਬੂਰ ਕੀਤਾ !
ਹਰਦੇਵ ਸਿੰਘ,ਜੰਮੂ-੦੨.੦੪.੨੦੧੪
No comments:
Post a Comment