Saturday, 5 April 2014



'ਗੁਰੂ ਦੀ ਪ੍ਰਮਾਣਿਕਤਾ ਤੋਂ ਆਕੀ ਹੁਕਮ ਦੀ ਰਜ਼ਾ ਵਿਚ ਰਾਜ਼ੀ ?
ਹਰਦੇਵ ਸਿੰਘ, ਜੰਮੂ

ਕਹਿੰਦੇ ਹਨ 'ਮੂਰਖਤਾ', ਇਕ ਖ਼ਾਸ ਪੱਖੋਂ, ਸਿਆਣਪ ਨਾਲੋਂ ਅੱਗੇ ਹੁੰਦੀ ਹੈ। ਉਹ ਕਿਵੇਂ ? ਉਹ ਇੰਝ ਕਿ ਸਿਆਣਪ ਦੀ ਇਕ ਹੱਦ ਹੁੰਦੀ ਹੈ ਜਦ ਕਿ ਮੂਰਖਤਾ ਦੀ ਕੋਈ ਹਦ ਨਹੀਂ ਹੁੰਦੀ, ਵਿਸ਼ੇਸ਼ ਤੋਰ ਤੇ ਉਸ ਵੇਲੇ ਜਿਸ ਵੇਲੇ ਕਿ ਕੋਈ ਬੰਦਾ ਆਪਣੀ ਕਿਸੇ ਮੂਰਖਤਾ ਨੂੰ ਸਿਆਣਪ ਸਮਝ ਲਵੇ।

ਤੇ ਫਿਰ ਇਹ ਸਵਾਲ ਕਿ ਇਕ ਪ੍ਰਚਾਰਕ ਸਿੱਖ ਵਿਚ ਸਭ ਤੋਂ ਵੱਡੀ ਮੂਰਖਤਾ ਵਾਲੀ ਗਲ ਕਿਹੜੀ ਹੋਵੇਗੀ ? ਨਿਰਸੰਦੇਹ: ਉਸਦਾ ਉਹ ਵਿਚਾਰ ਜਿਹੜਾ ਕਿ ਉਸਦੇ ਆਪਣੇ ਹੀ ਗੁਰੂ ਨੂੰ ਸੰਦੇਹ ਦੇ ਘੇਰੇ ਵਿਚ ਖੜਾ ਕਰਦਾ ਹੋਵੇ। ਇਸ ਮੂਰਖਤਾ ਦਾ ਇਕ ਕਾਰਨ ਹੈ ! ਉਹ ਇਹ ਕਿ ਉਸ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਣ ਦੀ ਘਾਟ ਹੈ, ਅਤੇ ਆਪਣੀ ਵਿੱਦਵਤਾ ਦੀ ਹਉਮੇ ਜ਼ਿਆਦਾ।

ਮੂਰਖ ਬੰਦਾ ਨਹੀਂ ਜਾਣਦਾ ਕਿ ਮੂਰਖਤਾ ਦੇ ਜਿਸ ਤਲ ਤੇ ਖੜੇ ਹੋ ਕੇ ਉਹ ਕੋਈ ਸੱਮਸਿਆ ਖੜੀ ਕਰ ਰਿਹਾ ਹੈ, ਉਹ ਚਿੰਤਨ ਦੇ ਕਿਸ ਤਲ ਤੇ ਖੜ ਕੇ ਸੁਲਝੇਗੀ ? ਇਸ ਸਵਾਲ ਤੋਂ ਬੇ-ਖਬਰ ਉਸ ਦੀ ਮੂਰਖਤਾ ਜਾਂ ਫਿਰ ਲਾਲਚ, ਕੇਵਲ ਸੱਮਸਿਆ ਉੱਤਪੰਨ ਕਰਨ ਵਿਚ ਹੈ ਜਿਸ ਲਈ ਉਹ ਵਰਤਿਆ ਵੀ ਜਾਂਦਾ ਹੈ।

ਪਿੱਛਲੇ ਵਰੇ ਹੀ ਇਕ ਪ੍ਰਚਾਰਕ ਸੱਜਣ ਜੀ ਨੂੰ ਮੈਂ ਪੁੱਛਿਆ, ਕਿ ਉਨਾਂ ਪਾਸ ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣਿਕ ਸਵਰੂਪ ਹੀ ਨਹੀਂ ਤਾਂ ਉਹ ਪ੍ਰਚਾਰਕ ਕਿਸ ਗੁਰੂ ਦੇ ਹਨ ? ਤਾਂ ਤਰਕ ਦੇਂਣ ਲਗੇ ਕਿ ਪਾਠ ਭੇਦਾਂ ਦੀ ਗਲ ਤਾਂ ਇਕ ਵਾਰ ਸ਼੍ਰੋਮਣੀ ਕਮੇਟੀ ਨੇ ਵੀ ਕੀਤੀ ਸੀ। ਮੈਂ ਪੁੱਛਿਆ ਕਿ ਕਮੇਟੀ ਦੀਆਂ ਹੋਰ ਗਲਾਂ ਤਾਂ ਆਪ ਜੀ ਨੂੰ ਕਦੇ ਚੰਗੀਆਂ ਨਹੀਂ ਲੱਗਦੀਆਂ, ਪਰ ਕੀ ਗਲ ਹੈ ਕਿ ਕਮੇਟੀ ਵਲੋਂ ਕਦੇ ਕੀਤੀ ਇਹ ਗਲ ਆਪ ਜੀ ਨੂੰ ਬੜੀ ਹੀ ਚੰਗੀ ਲੱਗਦੀ ਹੈ ? ਇਹ ਸੱਜਣ ਇਕ ਮਿਸ਼ਨਰੀ ਕਾਲੇਜ ਵਿਚ ਆਪਣੇ ਅਨੋਪਚਾਰਕ  ਦੌਰੇ ਤੇ ਸਨ, ਤੇ ਸਵਾਲ ਮੈਂ ਲੰਗਰ ਛੱਕਣ ਵੇਲੇ ਇਕ ਮੁੱਖ ਪ੍ਰਬੰਧਕ ਸੱਜਣ ਦੀ ਮੌਜੂਦਗੀ ਵਿਚ ਪੁੱਛਿਆ ਸੀ।

ਮੈਂ ਹੈਰਾਨ ਸੀ ਕਿ ਹੋਰਨਾ ਨੂੰ ਗੁਰੂ ਵਾਲੇ ਬਣਨ ਦੀ ਨਸੀਹਤਾਂ ਦੇ ਦੇ ਗੁਜ਼ਰ-ਬਸਰ ਅਤੇ ਸਮੰਦਰ ਪਾਰ ਤਕ ਹਵਾਈ ਯਾਤ੍ਰਵਾਂ ਕਰਦੇ ਇਹ ਸੱਜਣ, ਆਪ ਗੁਰੂ ਨੂੰ ਪ੍ਰਮਾਣਿਕ ਨਹੀਂ ਮੰਨਦੇ ! ਮੈਂ ਸਲਾਹ ਦਿੱਤੀ ਕਿ ਜਾਉ ਪਹਿਲਾਂ ਪ੍ਰਮਾਣਿਕ ਗੁਰੂ ਤਾਂ ਲੱਭ ਲਉ ਫਿਰ ਉਸਦੀ ਗਲ ਕਰਨਾ। ਚਰਚਾ ਤਾਂ ਹੋਂਣੀ ਸੀ ਪਰ ਲੰਗਰ ਛੱਕਦੇ ਹੀ ਉਹ ਸੱਜਣ, ਬਿਨਾ ਸੂਚਨਾ, ਪਤਾ ਨਹੀਂ ਕਿੱਧਰ ਨੂੰ ਨਿਕਲ ਗਏ। ਪ੍ਰਚਾਰਕ ਹੋ ਕੇਗੁਰੂ ਗ੍ਰੰਥ ਸਾਹਿਬ’ ਤੇ ਰਾਜ਼ੀ ਨਾ ਹੋਣਾ ਅਤੇ ਹੁਕਮ ਦੀ ਰਜ਼ਾ ਵਿਚ ਚਲਣ ਦੀ ਗਲ ਕਰਨਾ ਕੀ ਢੋਂਗ ਅਤੇ ਭੇਖ ਨਹੀਂ ?

ਗੁਰੂ ਨੇ ਸਿੱਖ ਬਣਾਏ ਸਨ ਇਹ ਹੁਣ ਗੁਰੂ ਬਨਾਉਂਣ ਗੇ ! ਇਹ ਗੁਰੂ ਦੇ ਐਡਿਟਰ ਬਣਨਾ ਚਾਹੁੰਦੇ ਹਨ ! ਭਲਾ ਇਨਾਂ ਦੀ ਆਪਣੀ ਪ੍ਰਮਾਣਿਕਤਾ (Credibility) ਕੀ ਹੈ ? 
 ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥ (967)

ਹਰਦੇਵ ਸਿੰਘ, ਜੰਮੂ-੦੫.੦੪.੨੦੧੪

 

No comments:

Post a Comment