Wednesday, 1 October 2014


' ਡਾਕਟਰ ਜੀ ਦੀ ਸਮੱਸਿਆ '

ਹਰਦੇਵ ਸਿੰਘ,ਜੰਮੂ


ਡਾਕਟਰ ਜੀ ਦੇ ਅੰਦਰ ਇਕ ਸਮੱਸਿਆ ਘਰ ਕਰ ਗਈ। ਇਹ ਗੱਲ, ਕਿ ਸਭ ਕੁੱਝ ਤੱਤਾਂ ਦਾ ਬਣਿਆ ਹੋਇਆ ਹੈ, ਇਕ ਸਨਕ ਦਾ ਰੂਪ ਧਾਰਨ ਕਰ ਗਈ।


ਇਕ ਦਿਨ ਡਾਕਟਰ ਜੀ ਹਾਈਵੇ ਕੰਡੇ ਇਕ ਢਾਬੇ ਜਾ ਵਿਰਾਜੇ, ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਗਰੋਂ ਵੇਟਰ ਮੁੰਡੇ ਨੇ ਪੁੱਛ ਕੀਤੀ, 'ਕੀ ਖਾਉਗੇ ?' ਕਹਿਣ ਲਗੇ, 'ਤੱਤ ਖਾਵਾਂਗਾ!'
ਮੁੰਡਾ ਪਰੇਸ਼ਾਨ ਹੋ ਪੁੱਛਣ ਲੱਗਾ, 'ਆਲੂ, ਸਾਗ ਲਿਆਵਾਂ ਜਾਂ ਫਿਰ ਮਟਰ ?' ਡਾਕਟਰ ਜੀ ਕਹਿਣ ਲੱਗੇ, 'ਉਏ ਸਬਜ਼ੀ ਵਿਚ ਵੰਡੀਆਂ ਪਾਉਂਦਾ ?' ਮੁੰਡਾ ਨਾ ਸਮਝਿਆ ਤਾਂ ਕਹਿਣ ਲੱਗਾ, 'ਮਾਅ, ਮੁੰਗੀ ਅਤੇ ਰਾਜਮਾ ਵੀ ਬਣੇ ਹਨ ਜੀ, ਕੀ ਲਿਆਵਾਂ ?' ਤਾਂ ਡਾਕਟਰ ਜੀ ਬੋਲੇ, 'ਉਏ ਮੁਰਖਾ ਦਾਲਾਂ ਵਿਚ ਵੀ ਵੰਡੀਆਂ ਪਾਈ ਬੈਠਾ ਵੇਂ?' ਡਾਕਟਰ ਜੀ ਵੇਟਰ ਵੱਲ ਇੰਝ ਵੇਖ ਰਹੇ ਸਨ ਜਿਵੇਂ ਕਿ ਕੋਈ ਜੰਤੂ ਵਿਗਿਆਨੀ, ਅੱਖਾਂ ਅੱਡ ਕੇ, ਆਪਣੀ ਲੈਬਾਟਰੀ ਵਿਚ ਇੱਕਤਰ ਕੀਤੇ
ਕਿਸੇ ਕੀੜੇ-ਮਕੌੜੇ ਦਾ ਨਰੀਖਣ ਕਰ ਰਿਹਾ ਹੋਵੇ।

ਫਿਰ ਕਿਸੇ ਹੋਰ ਦਿਨ ਰੈਡੀਮੇਡ ਦੀ ਇਕ ਦੁਕਾਨ ਵਿਚ ਸੈਲਜ਼ ਮੈਨ ਨੂੰ ਕਹਿਣ ਲਗੇ, 'ਕੋਈ ਤੱਤ ਵਖਾਉ ਜੀ!' ਸੁਭਾਵਕ ਤੌਰ ਤੇ ਸੈਲਜ਼ ਮੈਨ ਨੇ ਪੁੱਛ ਲਿਆ, 'ਕੋਟ ਪੇਂਟ, ਕਮੀਜ਼ ਵਖਾਵਾਂ ਜਾਂ ਫਿਰ ਜੈਕਟ?' ਤਾਂ ਡਾਕਟਰ ਜੀ ਉਪਦੇਸ਼ ਜਿਹਾ ਦਿੰਦੇ ਕਹਿਣ ਲਗੇ, 'ਭਾਈ ਕਪੜੇ ਵਿਚ ਵੰਡੀਆਂ ਪਾਉਣ ਦਾ ਕੰਮ ਚੰਗਾ ਨਹੀਂ?'


 ਖ਼ੈਰ, ਸਨਕ ਵਿਚ ਬੇਲੋੜੇ ਤਰਕਸ਼ੀਲ ਹੋਂਣ ਦਾ ਜਤਨ ਕਰਨ ਲੱਗੇ ਡਾਕਟਰ ਜੀ ਨੂੰ ਇਕ ਦਿਨ ਕਿਸੇ ਨੇ ਪੁੱਛ ਲਿਆ; 


"  ਚੁੰਕਿ ਸਰੀਰ ਤਾਂ ਤੱਤਾਂ ਦਾ ਬਣਿਆ ਹੋਇਆ ਹੈ, ਇਸ ਲਈ ਤੁਹਾਨੂੰ ਤੁਹਾਡੇ ਨਾਮ ਨਾਲ ਪੁਕਾਰਿਆ ਕਰੀਏ ਜਾਂ ਫਿਰ ' ਡਾ. ਤੱਤ' ਕਰਕੇ?  ਬਾਣੀ ਵਿੱਚ ਤਾਂ ਬੰਦੇ ਨੂੰ ਮਾਟੀ ਦਾ ਪੁਤਲਾ ਵੀ ਕਹਿਆ ਗਿਆ ਹੈ।ਇਸ ਲਈ ਅਸੀਂ ਸਾਰੇ ਇਕ ਦੁਜੇ ਨੂੰ ਨਾਮ ਦੇ ਰਾਹੀਂ ਸੰਬੋਧਨ ਕਰਨ ਦੀ ਥਾਂ, ਮਿੱਟੀ ਦਾ ਪੁਤਲਾ ਹੀ ਨਾ ਕਹਿਆ ਕਰੀਏ? ਹੁਣੇ ਹੀ ਭਾਰਤ ਦੇ ਪ੍ਰਧਾਨਮੰਤ੍ਰੀ ਮੋਦੀ ਨੇ ਅਮਰੀਕਾ ਦੇ ਰਾਸ਼ਟ੍ਰਪਤੀ ਉਬਾਮਾ ਨਾਲ ਮੁਲਾਕਾਤ ਕੀਤੀ  ਤਾਂ ਨਾਮ ਲੇਣ ਦੇ ਬਜਾਏ ਇਹ ਲਿਖੀਏ ਕਿ ' ਤੱਤਾਂ ਦੇ 'ਇਕ
ਪੁਤਲੇ'  ਨੇ ਤੱਤਾਂ ਦੇ 'ਦੂਜੇ ਪੁਤਲੇ' ਨਾਲ ਮੁਲਾਕਾਤ ਕੀਤੀ? ਯਾਨੀ ਕਿ ਵਾਸਤਵਿਕਤਾ ਦੀ ਸਨਕ ਵਿਚ ਹਰ ਪਦਾਰਥ, ਹਰ ਸ਼ੈਅ ਦੇ ਰੂਪਾਂਤਰ ਨੂੰ ਹੁਣ ਨਾਮ-ਪਛਾਣ ਦੇਂਣ ਦੇ ਬਜਾਏ, ਕੇਵਲ ਤੱਤ ਕਹਿਣਾ ਆਰੰਭ ਕਰ ਦੇਈਏ? ਇਹ ਵੀ ਕਹਿਏ ਕਿ ਪਰਮਾਤਮਾ ਨੇ ਜੀਵ ਪੈਦਾ ਕੀਤੇ, ਪਰ ਮੁਰਖਾਂ ਨੇ ਪੁਰਸ਼,ਇਸਤਰੀ, ਸ਼ੇਰ, ਕੁੱਤਾ, ਖੋਤਾ ਆਦਿ ਕਹਿ ਕੇ ਜੀਵਾਂ ਅੰਦਰ ਵੰਡੀਆਂ ਪਾ ਦਿੱਤੀਆਂ?"

ਉਪਰੋਕਤ ਸਵਾਲ ਡਾਕਟਰ ਜੀ ਨੇ ਨਾ ਵਿਚਾਰੇ ਸਨ।ਖ਼ੈਰ!


ਕੋਈ ਸਿਆਣਾ ਸਰਵ ਵਿਆਪਕ ਰੱਬ ਦੀ ਗਲ ਕਰਦਾ ਹੈ, ਤਾਂ ਕੋਈ ਕੇਵਲ ਪੱਥਰ ਨੂੰ ਹੀ ਰਬ ਮੰਨਦਾ ਹੈ।ਪਰ ਕੇਵਲ ਪੱਥਰ ਨੂੰ ਰੱਬ ਮੰਨਣ ਵਾਲੀ ਸਮਝ ਦੇ ਕਾਰਣ ਸਿਆਣੇਆਂ ਨੇ ਰੱਬ ਲਈ 'ਰੱਬ' ਸ਼ਬਦ ਵਰ
ਣਾ ਨਹੀਂ ਛੱਡਿਆ।ਧਰਮ ਪ੍ਰਤੀ ਕਿਸੇ ਦੀ ਮੁਰਖਤਾ ਪੁਰਣ ਸਮਝ ਕਾਰਣ, ਅਸੀਂ ਗੁਰੂ ਸਾਹਿਬਾਨ ਵਲੋਂ ਦਰਸਾਏ ਉਸ 'ਸਿੱਖ ਧਰਮ' ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਜਿਸ ਅੰਦਰ ਸਿੱਖੀ ਦਾ ਪੰਥ ਹੈ, ਅਤੇ ਜੋ ਖ਼ਾਲਿਸ ਹੈ।
ਹਰਦੇਵ ਸਿੰਘ,ਜੰਮੂ-੦੧.੧੦.੨੦੧੪

No comments:

Post a Comment