Monday, 6 October 2014


"ਜੇ ਕਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ ?"

ਹਰਦੇਵ ਸਿੰਘ, ਜੰਮੂ




ਤਰਕਸ਼ੀਲ ਹੋਂਣਾ ਇਕ ਗੁਣ ਹੈ, ਬਾ-ਸ਼ਰਤੇ ਕਿ ਐਸੀ ਸ਼ੀਲਤਾ ਦਾ ਵਾਜਬ ਉਪਯੋਗ ਕੀਤਾ ਜਾਏ।ਕਈਂ ਵਾਰ ਪਰੋਖ ਰੂਪ ਵਿਚ ਪ੍ਰਭਾਵਤ ਕਰਨ ਵਾਲੇ ਕੁੱਝ ਤਰਕਸ਼ੀਲ ਵਿਚਾਰ, ਇਕ ਪਾਸੜ ਹੁੰਦੇ ਹਨ।ਉਨ੍ਹਾਂ ਦੀ ਪ੍ਰਭਾਵੀ ਪ੍ਰਫੁੱਲਤਾ ਦਾ ਕਾਰਣ ਤਰਕਾਂ ਦੀ ਮਜ਼ਬੂਤੀ ਨਹੀਂ, ਬਲਕਿ  ਉਨ੍ਹਾਂ ਨਾਲ ਸਬੰਧਤ ਸਰਬਪੱਖੀ ਵਿਚਾਰ ਦੀ ਘਾਟ ਹੁੰਦੀ ਹੈ।
ਮੇਰੇ ਇਕ ਪਿਆਰੇ ਮਿਤਰ ਵੀ ਤਰਕਸ਼ੀਲ ਹਨ ਅਤੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹਨ। ਉਨ੍ਹਾਂ ਨਾਲ ਮੇਰੀ ਮੁਲਾਕਾਤ ਚਿਰ ਬਾਦ ਹੁੰਦੀ ਹੈ।ਪਿੱਛਲੇ ਦਿਨੀਂ ਸ਼ਾਮ ਦੇ ਸਮੇਂ ਉਹ ਮੇਰੇ ਘਰ ਆਏ ਤਾਂ ਕਈਂ ਵਿਚਾਰਾਂ ਹੋਇਆਂ, ਜਿਨ੍ਹਾਂ ਵਿਚ ਆਪਣੇ ਮਿਤਰ ਵਲੋਂ ਪੁੱਛਿਆ ਗਿਆ ਇਕ ਸਵਾਲ ਦਿਲਚਸਪ ਸੀ- 
'ਅਗਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਕੀ ਉਹ ਉਹੀ ਕੁੱਝ, ਉਸੇ ਰੂਪ ਵਿਚ ਲਿਖਦੇ, ਜੋ ਉਨ੍ਹਾਂ ਪਹਿਲਾਂ ਆਪਣੇ ਸਮੇਂ ਲਿਖਿਆ ਸੀ?'

ਅੱਗੇ ਤੁਰਨ ਤੋਂ ਪਹਿਲਾਂ ਮੈਂ ਉਪਰੋਕਤ ਸਵਾਲ ਦੀ ਸੰਖੇਪ ਪ੍ਰਸ਼ਿਟਭੂਮੀ ਦਸ ਦਿਆਂ ਕਿ ਸਵਾਲ ਪਿੱਛੇ ਮੇਰੇ  ਮਿਤਰ ਦਾ ਮਕਸਦ ਆਪਣੇ ਇਸ ਤਰਕ ਨੂੰ ਸਿੱਧ ਕਰਨਾ ਸੀ, ਕਿ ਸਮੇਂ ਅਨੁਸਾਰ, ਸਮਾਜ ਅਤੇ ਉਸਦੇ ਹਾਲਾਤ ਬਦਲਦੇ ਹਨ, ਇਸ ਲਈ ਜੋ ਕੁੱਝ ਗੁਰੂ ਸਾਹਿਬਾਨ ਵਲੋਂ ਪਹਿਲਾਂ ਲਿਖਿਆ ਗਿਆ, ਕਦੇ ਉਹ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਉਹ ਉਹੀ ਕੁੱਝ ਅੱਜ ਨਾ ਲਿਖਦੇ।ਯਾਨੀ ਕਿ ਬਾਣੀ ਠੀਕ ਵੈਸੀ ਨਹੀਂ ਸੀ ਹੋਂਣੀ, ਜੈਸੀ ਕਿ ਉਸ ਵੇਲੇ ਲਿਖੀ ਗਈ, ਬਲਕਿ ਇਸ ਦੇ ਵਿਪਰੀਤ ਬਾਣੀ, ਅੱਜ ਦੇ ਸਮੇਂ ਅਨੁਸਾਰ, ਵੱਖਰੀ ਜਿਹੀ ਲਿਖੀ ਜਾਣੀ ਸੀ।

ਮੇਰੇ ਮਿਤਰ ਚਾਹੁੰਦੇ ਸੀ ਕਿ ਉਹ ਆਪਣੇ ਸਵਾਲ ਰਾਹੀਂ ਇਹ ਸਿੱਧ ਕਰ ਦੇਂਣ ਕਿ ਬਾਣੀ ਰੂਪ ਅਤੇ ਉਸ ਵਿਚ ਨਹਿਤ ਕਈਂ ਵਿਚਾਰ ਕਾਲਿਕ ਸਨ, ਨਾ ਕਿ ਸਰਵਕਾਲਿਕ।ਸ਼ਾਯਦ ਉਪਰੋਕਤ ਸਵਾਲ ਰਾਹੀਂ ਮੇਰੇ ਮਿਤਰ ਨੇ, ਕਈਂਆਂ ਨੂੰ ਆਪਣੇ ਤਰਕ ਨਾਲ  ਕਾਯਲ ਜਾਂ ਪ੍ਰਭਾਵਤ ਕੀਤਾ ਹੋਂਣਾ ਹੈ।ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ ਹਾਂ, ਕਈਂ ਵਾਰ ਕਿਸੇ ਤਰਕ ਦੀ ਪ੍ਰਭਾਵੀ ਪ੍ਰਫੁੱਲਤਾ ਦਾ ਕਾਰਣ, ਉਸ ਤਰਕ ਦੀ ਮਜ਼ਬੂਤੀ ਨਹੀਂ, ਬਲਕਿ ਉਸ ਨਾਲ ਸਬੰਧਤ ਸਰਬਪੱਖੀ ਵਿਚਾਰ ਦੀ ਘਾਟ ਹੁੰਦੀ ਹੈ।


ਖ਼ੈਰ, ਮੇਰੇ ਮਿਤਰ ਜੀ ਦਾ ਸਵਾਲ ਸੀ- 'ਅਗਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਕੀ ਉਹ ਉਹੀ ਕੁੱਝ, ਉਸੇ ਰੂਪ ਵਿਚ ਲਿਖਦੇ, ਜੋ ਉਨ੍ਹਾਂ ਪਹਿਲਾਂ ਆਪਣੇ ਸਮੇਂ ਲਿਖਿਆ ਸੀ ?' ਹਾਲਾਂਕਿ ਮੈਂਨੂੰ ਇਹ ਸਵਾਲ ਵਾਜਬ ਪ੍ਰਤੀਤ ਨਹੀਂ ਹੋਇਆ, ਪਰ ਮੈਂ ਜਵਾਬ ਦੇਂਣਾ ਉਚਿਤ ਸਮਝਿਆ, ਨਹੀਂ ਤਾਂ ਸ਼ਾਯਦ ਉਹ ਸੋਚਦੇ ਕਿ ਮੈਂ ਲਾਜਵਾਬ ਹੋ ਕੰਨੀ ਕਤਰਾ ਰਿਹਾ ਹਾਂ।


'ਕੀ ਆਪਾਂ ਠੀਕ ਉਸੇ ਗੁਰੂ ਨਾਨਕ ਦੀ ਗਲ ਕਰ ਰਹੇ ਹਾਂ ਜੋ ਕਿ ੧੪੬੯ ਵਿਚ ਪੈਦਾ ਹੋਏ ਸੀ, ਅਤੇ ਸਿੱਖ ਧਰਮ ਦੇ ਬਾਨੀ ਕਿਹੇ ਜਾਂਦੇ ਹਨ ?', ਜਵਾਬ ਦੇਂਣ ਤੋਂ ਪਹਿਲਾਂ ਮੈਂ ਪੁੱਛਿਆ। ਮਿਤਰ ਝੱਟ ਬੋਲੇ, 'ਹਾਂ ਹਾਂ, ਬੇਸ਼ੱਕ ਮੈਂ ਉਸੇ ਗੁਰੂ ਨਾਨਕ ਬਾਰੇ ਹੀ ਗਲ ਕਰ ਰਿਹਾ ਹਾਂ'


'ਵੇਖੋ ਰਾਕੇਸ਼ ਜੀ, ਜੇ ਕਰ ਠੀਕ ਉਹੀ ਗੁਰੂ ਨਾਨਕ ਅੱਜ ਪੈਦਾ ਹੁੰਦੇ, ਤਾਂ ਬਾਣੀ  ਵੀ ਹੁ ਬਾ ਹੂ ਉਹੀ ਉਚਾਰੀ ਜਾਣੀ ਸੀ ਜੋ ਉਦੋਂ ਉਚਾਰੀ ਅਤੇ ਲਿਖੀ ਗਈ' ਮੈਂ ਜਵਾਬ ਦਿੱਤਾ।ਰਾਕੇਸ਼ ਜੀ ਕੁਝ ਮੁਸਕੁਰਾਏ ਤਾਂ ਕਹਿਣ ਲਗੇ-ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਸੰਨ ੧੪੬੯ ਵਾਲੇ ਗੁਰੂ ਨਾਨਕ ਅੱਜ ਦੇ ਸਮੇਂ ਵਿਚ ਪੈਦਾ ਹੋਂਣ, ਤਾਂ ਠੀਕ ਉਹੀ ਕੁੱਝ ਲਿਖਣ ਜੋ ਉਨ੍ਹਾਂ ਪਹਿਲੇ ਸਮੇਂ ਵਿਚ ਲਿਖਿਆ ਸੀ ?'


'ਰਾਕੇਸ਼ ਜੀ, ਸੰਨ ੧੪੬੯ ਵਾਲੇ ਗੁਰੂ ਨਾਨਕ ਜੀ ਦੇ ਹੀ ਅੱਜ ਪੈਦਾ ਹੋਂਣ ਲਈ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਠੀਕ ਉਸੇ ਸਮੇਂ-ਸਮਾਜ ਦਾ ਹੋਂਣਾ ਵੀ ਲਾਜ਼ਮੀ ਹੈ।ਨਹੀਂ ਤਾਂ ਅੱਜ ਪੈਦਾ ਹੋਂਣ ਵਾਲਾ ਬੰਦਾ ਕਦੇ ਵੀ ਉਹ ਗੁਰੂ ਨਾਨਕ ਨਹੀਂ ਹੋ ਸਕਦਾ ਜਿਸ ਦੀ ਗਲ ਅਸੀਂ ਕਰ ਰਹੇ ਹਾਂ।ਜੇ ਕਰ ਐਸਾ ਹੁੰਦਾ ਹੈ, ਤਾਂ ਮੰਨਣਾ ਪਵੇਗਾ ਕਿ ਇਹ ਠੀਕ ਸੰਨ ੧੪੬੯ ਵਾਲਾ ਸਮਾਂ ਹੀ ਹੋਵੇਗਾ, ਜਿਸ ਵਿਚ ਠੀਕ ਉਹੀ ਕੁੱਝ ਉਚਾਰਿਆ ਜਾਏਗਾ, ਜੋ ਉਚਾਰਿਆ ਗਿਆ ਹੈ।ਨਾ ਸਿੱਖਿਆ ਬਦਲੇਗੀ ਅਤੇ ਨਾ ਹੀ ਬਾਣੀ ਸਵਰੂਪ !


ਰਾਕੇਸ਼ ਜੀ ਨੇ ਵਿਚਾਰ ਨੂੰ ਅੱਗੇ ਨਹੀਂ ਤੋਰਿਆ। ਉਹ ਘਰ ਲਈ ਲੇਟ ਹੋ ਗਏ ਸੀ।ਕੁੱਝ ਹੋਰ ਔਪਚਾਰਕ ਗਲਾਂ, ਅਤੇ ਫਿਰ ਕਦੇ ਮਿਲ ਬੈਠਣ ਦੇ ਵਿਚਾਰ ਨਾਲ ਸਬੰਧਤ ਚਰਚਾ ਇੱਥੇ ਹੀ ਸਮਾਪਤ ਹੋ ਗਈ।


ਹਰਦੇਵ ਸਿੰਘ, ਜੰਮੂ-੦੫.੧੦.੨੦੧੪

No comments:

Post a Comment