'ਡਾ. ਰਤਨ ਸਿੰਘ ਜੱਗੀ ਜੀ ਨਾਲ ਇਕ ਮੁਲਾਕਾਤ'
ਹਰਦੇਵ ਸਿੰਘ, ਜੰਮੂ
ਮਿਤੀ ੧੨.੦੩.੨੦੧੩ ਨੂੰ ਮੈਂ ਪਟਿਆਲਾ ਵਿਖੇ ਡਾ. ਰਤਨ ਸਿੰਘ ਜੱਗੀ ਜੀ ਨੂੰ ਉਨ੍ਹਾਂ ਦੇ ਘਰ ਮਿਲਿਆ ਸੀ। ਇਸ ਮੌਕੇ ਪੁਰ ਮੇਰੇ ਨਾਲ ਸ. ਅਮਰਜੀਤ ਸਿੰਘ, ਜੰਮੂ ਸਨ ਅਤੇ ਜੱਗੀ ਜੀ ਨਾਲ ਮੁਲਾਕਾਤ ਸਮੇਂ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਸ਼ਰਨ ਕੌਰ ਜੱਗੀ ਵੀ ਘਰ ਸਨ। ਜਿਵੇਂ ਕਿ ਮੈਂ ਮੁਲਾਕਾਤ ਸਮੇਂ ਮਹਸੂਸ ਕੀਤਾ, ਡਾ. ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਧਰਮ ਪਤਨੀ ਕਾਫੀ ਸਕ੍ਰਿਅ ਅਤੇ ਮਿਲਣਸਾਰ ਦੰਪਤੀ ਹਨ। ਘਰ ਦਾ ਦ੍ਰਿਸ਼ ਉਨ੍ਹਾਂ ਦੀ ਲੰਬੀ ਅਤੇ ਆਕ੍ਰਸ਼ਕ ਅਕਾਦਮਿਕ ਪ੍ਰਸ਼ਠਭੂਮੀ ਨੂੰ ਦਰਸਾਉਂਦਾ ਹੈ।
ਕੁੱਝ ਸਵਾਲਾਂ ਨੂੰ ਲੈ ਕੇ ਮੇਰੇ ਮਨ ਵਿਚ ਰਤਨ ਸਿੰਘ ਜੱਗੀ ਜੀ ਨੂੰ ਮਿਲਣ ਦੀ ਤੀਬਰ ਜਿਗਿਆਸਾ ਸੀ। ੬੦ ਦੇ ਦਹਾਕੇ ਵਿਚ ਉਨ੍ਹਾਂ ਵਲੋਂ ਦਸ਼ਮ ਗ੍ਰੰਥ ਬਾਰੇ ਲਿਖੀ ਪੁਸਤਕ ਚਰਚਾ ਦਾ ਵਿਸ਼ਾ ਰਹੀ, ਜਿਸ ਵਿਚ ਉਨ੍ਹਾਂ ਨੇ ਗ੍ਰੰਥ ਦੇ ਕ੍ਰਿਤੱਤਵ ਬਾਰੇ ਆਪਣੇ ਸ਼ੌਧ ਪ੍ਰਬੰਧ ਨੂੰ ਪੇਸ਼ ਕਰਦਿਆਂ, ਇਸ ਗ੍ਰੰਥ ਵਿਚਲਿਆਂ ਕੁੱਝ ਰਚਨਾਵਾਂ ਨੂੰ ਨਿਸ਼ਚਤ ਤੌਰ ਤੇ ਦਸ਼ਮੇਸ਼ ਰਚਿਤ ਦਰਸਾਉਂਦੇ, ਕੁੱਝ ਰਚਨਾਵਾਂ ਦੇ ਦਸ਼ਮੇਸ਼ ਕ੍ਰਿਤ ਨਾ ਹੋਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ।
ਮੁਲਾਕਾਤ ਲੱਗਭਗ ਦੋ ਕੁ ਘੰਟੇ ਤੋਂ ਵੱਧ ਚਲੀ ਅਤੇ ਬਹੁਤ ਸਾਰੀਆਂ ਗਲਾਂ ਹੋਇਆਂ। ਪਰ ਇਸ ਸੰਖੇਪ ਵਿਚ ਮੈਂ ਕੇਵਲ ਇਕ ਗਲ ਦਾ ਜ਼ਿਕਰ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਪੰਖਕ ਅਰਦਾਸ ਦੇ ਆਰੰਭ ਵਿਚ ' ਪ੍ਰਿਥਮ ਭਗੌਤੀ' ਦਾ ਭਾਵ ਅਰਥ ਉਹ ਕੀ ਸਮਝਦੇ ਹਨ ? ਉਨ੍ਹਾਂ ਦਾ ਕਹਿਣਾ ਸੀ ਕਿ 'ਭਗੌਤੀ' ਤੋਂ ਭਾਵ ਤਲਵਾਰ ਰੂਪ 'ਸ਼ਕਤੀ' ਹੈ। ਉਨ੍ਹਾਂ ਦੀ ਧਰਮ ਪਤਨੀ ਵੀ ਇਸੇ ਵਿਚਾਰ ਤੋਂ ਸਹਿਮਤ ਸਨ।
ਮੈਂ ਉਨ੍ਹਾਂ ਦਾ ਧਿਆਨ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੇ ਗਏ ਇਕ ਉਸ ਸ਼ਬਦ ਵੱਲ ਦਵਾਇਆ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੨੨੪ ਪੁਰ ਦਰਜ ਹੈ। ਮੇਰਾ ਕਹਿਣਾ ਸੀ ਕਿ ਗੁਰੂ ਨਾਨਕ ਜੀ ਨੇ ਪਰਮਾਤਮਾ ਦੀ ਸਰਵੌਚਤਾ ਬਾਰੇ ਆਪਣੇ ਮਤ ਨੂੰ ਪ੍ਰਗਟ ਕਰਨ ਲਈ ਦੁਰਗਾ ਅਤੇ ਦੈਂਤਾਂ ਵਿਚਲੇ ਯੁੱਧ ਵ੍ਰਿਤਾਂਤ ਦੇ ਦ੍ਰਿਸ਼ਟਾਂਤ ਨੂੰ ਵਰਤਿਆ ਹੈ। ਮੇਰੀ ਇਸ ਗਲ ਤੋਂ ਉਹ ਸਹਿਮਤ ਨਹੀਂ ਸਨ। ਇਸ ਪੁਰ ਜੱਗੀ ਜੀ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਲ ਸੀ ਕਿ ਉਹ ਕਿਹੜਾ ਸ਼ਬਦ ਹੈ ਜਿਸ ਵਿਚ ਗੁਰੂ ਨਾਨਕ ਜੀ ਨੇ ਐਸਾ ਦ੍ਰਿਸ਼ਟਾਂਤ ਵਰਤਿਆ ਹੈ ?
ਮੈਂ ੨੨੪ ਨੰਬਰ ਪੰਨੇ ਪੁਰ ਲਿਖੇ ਇਕ ਸ਼ਬਦ ਦਾ ਜ਼ਿਕਰ ਕਰਦੇ ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਕੀਤੇ ਅਰਥਾਂ ਦਾ ਹਵਾਲਾ ਦਿੱਤਾ ਤਾਂ ਡਾ. ਰਤਨ ਸਿੰਘ ਜੀ ਨੇ, ਆਪਣੀ ਅਸਹਿਮਤੀ ਜਤਾਉਂਦੇ, ਕਿਹਾ ਕਿ ਉਹ ਆਪਣੇ ਵਲੋਂ ਕੀਤੇ ਅਰਥਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਮੈਂ ਪੁੱਛਿਆ ਕਿ ਉਨ੍ਹਾਂ ਨੇ ਆਪ ਉਸ ਸ਼ਬਦ ਦੇ ਕੀ ਅਰਥ ਕੀਤੇ ਹਨ, ਤਾਂ ਜੱਗੀ ਜੀ ਦੀ ਧਰਮ ਪਤਨੀ ਜੀ ਨੇ ਉੱਠ ਕੇ ਦੂਜੇ ਕਮਰੇ ਤੋਂ ਡਾ. ਜੱਗੀ ਜੀ ਵਲੋਂ ਕੀਤੇ ਟੀਕੇ ਦਾ ਇਕ ਭਾਗ ਲੈ ਆਂਦਾ ਅਤੇ ਮੇਰੇ ਨਾਲ ਦੇ ਸੋਫੇ ਪੁਰ ਬੈਠ ਉਸ ਨੂੰ ਖੋਲ ਲਿਆ।
ਮੈਂਨੂੰ ਯਾਦ ਹੈ ਕਿ ਉਸ ਟੀਕੇ ਦੇ ਪੰਨਿਆਂ ਪੁਰ ਲਾਲ ਰੰਗ ਨਾਲ ਪੰਨਾਂ ਨੰਬਰ ਵੀ ਲਿਖੇ ਸੀ ਜੋ ਕਿ ਟੀਕੇ ਦੇ ਪੰਨਾ ਨੰਬਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ਵਿਚ ਆਏ ਪ੍ਰਿਟਿੰਗ ਅੰਤਰ ਨੂੰ ਦਰੁਸਤ ਕਰਨ ਲਈ ਹੱਥੀ ਲਿਖੇ ਗਏ ਸਨ। ਜਿਸ ਵੇਲੇ ਉਸ ਟੀਕੇ ਵਿਚੋਂ ਸਬੰਧਤ ਸ਼ਬਦ ਦੇ ਅਰਥ ਵੇਖੇ ਗਏ ਤਾਂ ਪਤਾ ਚੱਲਿਆ ਕਿ ਉਸ ਸ਼ਬਦ ਦੇ ਅਰਥ ਕਰਨ ਵੇਲੇ ਡਾ. ਰਤਨ ਸਿੰਘ ਜੱਗੀ ਜੀ ਨੇ ਵੀ ਦੁਰਗਾ ਅਤੇ ਦੈਂਤਾ ਵਿਚਲੇ ਯੁੱਧ ਦੇ ਦ੍ਰਿਸ਼ਟਾਂਤ ਦਾ ਜ਼ਿਕਰ ਕੀਤਾ ਹੋਇਆ ਸੀ।ਡਾ. ਰਤਨ ਸਿੰਘ ਜੱਗੀ ਜੀ ਨੇ ਫੌਰਨ ਇਸ ਗਲ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਹਾਂ ਗੁਰੂ ਨਾਨਕ ਜੀ ਨੇ ਆਪਣੇ ਉਸ ਸ਼ਬਦ ਵਿਚ ਦੁਰਗਾ ਅਤੇ ਦੈਂਤਾਂ ਵਿਚਕਾਰਲੇ ਯੁੱਧ ਦ੍ਰਿਸ਼ਟਾਂਤ ਨੂੰ ਪਰਮਾਤਮਾ ਦੀ ਉਸਤਤ ਦਰਸਾਉਣ ਲਈ ਵਰਤਿਆ ਹੈ, ਜਿਸ ਵੱਲ ਉਨ੍ਹਾਂ ਦਾ ਉਚੇਚਾ ਧਿਆਨ ਪਹਿਲਾਂ ਨਹੀਂ ਸੀ ਗਿਆ।
ਮੈਂ ਮਹਸੂਸ ਕੀਤਾ ਕਿ ਅਕਾਦਮਿਕ ਪੱਧਰ ਨਾਲ ਜੁੜੇ ਡਾ. ਰਤਨ ਸਿੰਘ ਜੱਗੀ ਜੀ ਨੇ, ਬੜੀ ਸੁਹਿਰਦਤਾ ਨਾਲ, ਸਾ੍ਹਮਣੇ ਆ ਜਾਣ ਪੁਰ ਤੱਥ ਨੂੰ ਸਵੀਕਾਰ ਕਰਨ ਵਿਚ ਕੋਈ ਹਿੱਚਕ ਨਹੀਂ ਦਰਸਾਈ।
ਡਾ. ਰਤਨ ਸਿੰਘ ਜੱਗੀ ਜੀ ਨੇ ਮੈਂਨੂੰ ਆਪਣੇ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਬਾਰੇ ਆਰੰਭੇ ਗਏ ਨਵੇਂ ਕਾਰਜ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਪੁਰ ਉਹ ਉਨ੍ਹਾਂ ਦਿਨੀਂ ਕੰਮ ਕਰ ਰਹੇ ਸੀ। ਉਨ੍ਹਾਂ ਮੈਂਨੂੰ ਆਪਣੀ ਲਿਖੀ ਪੁਸਤਕ 'ਸ਼੍ਰੀ ਗੁਰੂ ਗ੍ਰੰਥ ਸਾਹਿਬ: ਸਾਧਨਾ ਦਾ ਸਰੂਪ' ਵੀ ਭੇਂਟ ਕੀਤੀ।
ਹਰਦੇਵ ਸਿੰਘ, ਜੰਮੂ -੨੯.੦੩.੨੦੧੫
No comments:
Post a Comment