ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ (ਭਾਗ-1)
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਮੱਧਕਾਲੀਨ ਭਾਰਤ ਅੰਦਰ ਖ਼ਾਲਸਾ ਪ੍ਰਭੂੱਤਵ ਦੀ ਗਲ ਕਰੀਏ ਤਾਂ ਸੁਭਾਵਕ ਤੋਰ ਤੇ ਗਲ ਬੰਦਾ ਸਿੰਘ ਬਹਾਦਰ, ਫਿਰ ਉਸ ਤੋਂ ਲੱਗਭਗ ੫੦ ਕੁ ਸਾਲ ਬਾਦ ਮਿਸਲਾਂ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੁੰਦੀ ਹੈ।ਇਨ੍ਹਾਂ ਰਾਜ ਸਮਿਆਂ ਵਿਚ ‘ਨਾਨਕਸ਼ਾਹੀ’ ਅਤੇ ‘ਗੋਬਿੰਦਸ਼ਾਹੀ’ ਕਰਕੇ ਜਾਣੇ ਜਾਂਦੇ ਸਿੱਕੇ ਜਾਰੀ ਹੋਏ ਜਿਨਾਂ੍ਹ ਤੇ ਅਕਾਲ ਤਖ਼ਤ ਦੇ ਦਾਰਸ਼ਨਿਕ ਪ੍ਰਭੂੱਤਵ ਦੀ ਛਾਪ ਸਪਸ਼ਟ ਸੀ।
ਸਿੱਕਾ(ਕਰੰਸੀ) ਜਾਰੀ ਕਰਨਾ ਕਿਸੇ ਵੀ ਰਾਜਨੀਤਕ ਪ੍ਰਭੂਸੱਤਾ ਦੀ ਪ੍ਰਮੁੱਖ ਨਿਸ਼ਾਨੀ ਮੰਨੀ ਜਾਂਦੀ ਹੈ।
ਖ਼ੈਰ, ਮਿਸਲ ਕਾਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਿਖੇ ਗਏ ਇਤਹਾਸਕ ਸਰੋਤਾਂ ਵਿਚ ਅਕਾਲ ਤਖ਼ਤ ਵਿਵਸਥਾ ਦੇ ਮਾਧਿੱਅਮ ਸਮਕਾਲੀ ਅਕਾਲੀਆਂ ਦੇ ਰਾਜਨੀਤਕ ਪ੍ਰਭਾਵਸ਼ਾਲੀਨਤਾ ਦੇ ਵ੍ਰਿਤਾਂਤ ਵੀ ਮਿਲਦੇ ਹਨ। ਮਸਲਨ ਅਕਾਲੀ ਫੂਲਾ ਸਿੰਘ! ਅਕਾਲੀਆਂ ਦੇ ਇਸ ਪ੍ਰਭਾਵ ਦੇ ਨਾਲ-ਨਾਲ ਕੁੱਝ ਮਾਹਨ ਸਿੱਖ ਸ਼ਖ਼ਸੀਅਤਾਂ ਦਾ ਰਾਜਨੀਤਕ ਪ੍ਰਭਾਵ ਵੀ ਸਪਸ਼ਟ ਨਜ਼ਰ ਆਉਂਦਾ ਹੈ ਮਸਲਨ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ!
ਹਾਂਲਾਕਿ ਰਣਜੀਤ ਸਿੰਘ ਦੀ ਖ਼ਾਲਸਾ ਸਰਕਾਰ ਅੰਦਰ ਜੀਨ ਫ੍ਰੇਕੋਸਿਸ, ਪੋਲੋ ਡੀ ਅਤੇ ਜੋਸਿਆ ਹਰੀਅਨ ਵਰਗੇ ਫ੍ਰਾਂਸਿਸੀ, ਇਤਾਲਵੀ ਅਤੇ ਅਮਰੀਕੀ ਪੇਸ਼ਾਵਰ ਲੜਾਕੇ ਵੀ ਸਨ, ਪਰ ਉਸ ਸਰਕਾਰ ਨਾਲ ਸਬੰਧਤ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਭੂਮਿਕਾ ਪੇਸ਼ਾਵਰ ਦ੍ਰਿਸ਼ਟੀ ਨਾਲ ਨਹੀਂ ਵੇਖੀ ਜਾ ਸਕਦੀ ਕਿਉਂਕਿ ਉਹ ਭੂਮਿਕਾ ਕਿਸੇ ਵੱਡੇ ਸਮਰਪਣ ਨਾਲ ਭਰਪੂਰ ਸੀ।
ਕੁੱਝ ਸੱਜਣਾਂ ਨੂੰ ਉਸ ਵੇਲੇ ਦੀ ਸਰਕਾਰ ਲਈ ਵਰਤੇ ਜਾਂਦੇ ਲਕਬ 'ਖ਼ਾਲਸਾ ਸਰਕਾਰ' ਤੇ ਕੁੱਝ ਇਤਰਾਜ਼ ਹੋ ਸਕਦੇ ਹਨ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਕ ਐਸੀ ਵਿਵਸਥਾ ਦੀ ਪ੍ਰਾਪਤੀ ਸੰਭਵ ਨਹੀਂ ਹੁੰਦੀ ਜਿਸ ਅੰਦਰ ਦਾਰਸ਼ਨਿਕ ਪੱਖਾਂ ਦੇ ਸਮੁੱਚੇ ਸ਼ਿਖ਼ਰ ਨੂੰ ਅਮਲੀ ਤੋਰ ਤੇ ਪ੍ਰਾਪਤ ਕਰ ਲਿਆ ਜਾਏ।
ਖ਼ੈਰ, ਇਸ ਸੰਖੇਪ ਲੇਖ ਦਾ ਮਕਸਦ ਇਕ ਅਜਿਹੇ ਸੁਭਾਵਕ ਸਵਾਲ ਨੂੰ ਖੜਾ ਕਰਨਾ ਹੈ, ਜਿਸ ਪੁਰ ਅੱਜੇ ਐਸੇ ਸੱਜਣਾਂ ਵਲੋਂ ਵਿਚਾਰ ਨਹੀਂ ਕੀਤੀ ਗਈ ਜੇ ਕਿ, ਰਣਜੀਤ ਸਿੰਘ ਦੇ ਰਾਜਕਾਲ ਬਾਰੇ ਟੀਕਾ-ਟਿੱਪਣੀ ਕਰਦੇ, ਮਹਾਰਾਜਾ ਨੂੰ ਮਾਤਰ ਇਕ ਖ਼ਲਨਾਯਕ ਵੱਜੋਂ ਪੇਸ਼ ਕਰਦੇ ਹਨ। ਦਿਲਚਸਪ ਗਲ ਇਹ ਹੈ ਕਿ ਇਹ ਉਹੀ ਸੱਜਣ ਹਨ ਜੋ ਕਿ ਅਕਾਲੀ ਫੂਲਾ ਸਿੰਘ ਅਤੇ ਸਮੁੱਚੇ ਆਲਮੀ ਇਤਹਾਸ ਅੰਦਰਲੇ ਪ੍ਰਮੁੱਖ ਜਰਨੈਲ ਹਰੀ ਸਿੰਘ ਨਲਵਾ ਨੂੰ ਮਹਾਨ ਸਿੱਖ ਸ਼ਖ਼ਸੀਅਤ ਦਰਸਾਉਂਦੇ, ਉਨ੍ਹਾਂ ਦੀ ਉਸਤਤ ਦੇ ਕਸੀਦੇ ਪੜਦੇ-ਲਿਖਦੇ ਹਨ।
ਮਹਾਰਾਜਾ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਕੀ ਸੀ, ਇਹ ਗਲ ਨੂੰ ਅਕਾਲੀ ਫ਼ੂਲਾ ਸਿੰਘ ਜਾਂ ਹਰੀ ਸਿੰਘ ਨਲਵਾ ਨੂੰ ਨਹੀਂ ਸੀ ਪਤਾ ? ਕੀ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਉਸਦੇ ਸਮਕਾਲੀ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨਾਲੋਂ ਵੱਧ ਜਾਣਦੇ ਹਾਂ ? ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਅਕਾਲੀ ਫ਼ੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਤੇ ਬੁਲਾ ਸਜ਼ਾ ਲਾਈ ਸੀ। ਇਤਹਾਸ ਵਿਚ ਇਹ ਤੱਥ ਵੀ ਦਰਜ ਹੈ ਕਿ ਅਕਾਲੀ ਫ਼ੂਲਾ ਸਿੰਘ ਜੀ ਅਤੇ ਰਣਜੀਤ ਸਿੰਘ ਵਿਚਕਾਰ ਕੁੱਝ ਵਾਰ ਟਕਰਾਉ ਦੀ ਸਥਿਤੀ ਵੀ ਉਤਪੰਨ ਹੋਈ ਸੀ। ਪਰ ਕੀ ਕਾਰਣ ਸੀ ਕਿ ਗੁਰਮਤਿ ਸਿਧਾਂਤ ਨੂੰ ਸਮਰਪਤ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਵੀ ਰਣਜੀਤ ਸਿੰਘ ਦੇ ਹਕ ਵਿਚ ਲੜਦੇ ਹੋਏ ਐਸੀ ਲਾਸਾਨੀ ਸ਼ਹੀਦੀ ਪ੍ਰਾਪਤ ਕੀਤੀ ਜਿਸ ਨੂੰ ਵੇਖ ਚਸ਼ਮਦੀਦ ਦੰਗ ਰਹਿ ਗਏ ?
ਮਹਾਨ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਦੇ ਨਾਲ ਖੜੇ-ਮਰੇ ਸਨ। ਪਰ ਅੱਜ ਕੁੱਝ ਸੱਜਣ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਦੇ ਵਿਰੁੱਧ ਕਿਉਂ ਹਨ ?
ਇਹ ਦੋ ਮਾਹਨ ਸ਼ਖ਼ਸੀਅਤਾਂ ਆਪਣੇ ਜੀਵਨ ਕਾਲ ਵਿਚ ਰਣਜੀਤ ਸਿੰਘ ਵਾਸਤੇ ਝੂਝੀਆਂ ਜਾਂ ਫਿਰ ਖ਼ਾਲਸਾ ਸਰਕਾਰ ਵਾਸਤੇ ? ਜੇ ਕਰ ਉਹ ਸਰਕਾਰ ਵਾਸਤੇ ਝੂਝੀਆਂ ਤਾਂ ਉਹ ਸਰਕਾਰ 'ਖ਼ਾਲਸਾ ਸਰਕਾਰ' ਸੀ ਪਰ ਜੇ ਕਰ ਉਹ ਰਣਜੀਤ ਸਿੰਘ ਵਾਸਤੇ ਝੂਝੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਸਿੱਖ ਇਤਹਾਸ ਦਾ ਖ਼ਲਨਾਯਕ ਮਾਤਰ ਨਹੀਂ ਕਿਹਾ ਜਾ ਸਕਦਾ।
ਹਰਦੇਵ ਸਿੰਘ, ਜੰਮੂ-੧੬.੦੫.੨੦੧੫
ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ (ਭਾਗ-੨)
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਲੇਖ ਦੇ ਪਹਿਲੇ ਭਾਗ ਹੇਠ ਅਮਰਜੀਤ ਸਿੰਘ ਚੰਦੀ ਜੀ ਵਲੋਂ ਆਈ ਸੰਪਾਦਕੀ ਟਿੱਪਣੀ ਮਹੱਤਵਪੁਰਣ ਹੋਣ ਕਾਰਣ, ਲੇਖ ਵਿਚਲੇ ਸਵਾਲ ਬਾਰੇ, ਇਤਹਾਸਕਾਰੀ ਪੱਖੋਂ ਵਿਸਤ੍ਰਤ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।
ਚੰਦੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਨ ਸਿੱਖ ਜਰਨੈਲਾਂ ਵਿਚਲੇ ਮਤਭੇਦਾਂ ਦਾ ਜ਼ਿਕਰ ਕਰਦੇ ਆਪਣੇ ਵਿਚਾਰ ਦਿੱਤੇ ਹਨ।
ਇਤਹਾਸਕ ਸਥਿਤੀ ਇਹ ਦਰਸਾਉਂਦੀ ਹੈ ਕਿ ਕੁੱਝ ਮਤਭੇਦ ਹੋਣ ਦੇ ਬਾਵਜੂਦ, ਦੋਵੇਂ ਖ਼ਾਲਸਾ ਜਰਨੈਲਾਂ ਲਈ ਰਣਜੀਤ ਸਿੰਘ ਦਾ ਰਾਜ, ਵਿਯਕਤੀ ਰਾਜ ਤੋਂ ਵੱਧ ਕੇ ਬਹੁਤ ਕੁੱਝ ਸੀ, ਜਿਸ ਲਈ ਉਹ ਆਪਣੇ ਆਖਰੀ ਸਾਹ ਤਕ, ਉਸ ਪ੍ਰਤੀ ਵਫ਼ਾਦਾਰ ਰਹੇ।
ਸ਼ਿਮਲਾ ਵਾਰਤਾ ਵਿਚ 'ਲਾਰਡ ਆਕਲੇਂਡ' ਨੇ ਇਕ ਦਿਲਚਸਪ ਸਵਾਲ ਕੀਤਾ ਸੀ ਕਿ ਰਣਜੀਤ ਸਿੰਘ ਦੀ ਕਿਹੜੀ ਅੱਖ ਨਹੀਂ ਹੈ ? ਇਸ ਪੁਰ ਰਣਜੀਤ ਸਿੰਘ ਦੇ ਵਿਦੇਸ਼ ਮੰਤ੍ਰੀ ਦਾ ਜਵਾਬ ਸੀ ਕਿ; 'ਮਹਾਰਾਜਾ ਸੂਰਜ ਵਾਂਗ ਹੈ ਅਤੇ ਸੂਰਜ ਦੀ ਕੇਵਲ ਇਕ ਅੱਖ ਹੈ। ਮਹਾਰਾਜਾ ਦੀ ਇਕ ਅੱਖ ਦੀ ਚਮਕ ਅਤੇ ਨੂਰ ਇਤਨਾ ਤੇਜ ਹੈ ਕਿ ਮੈਂ ਕਦੇ ਉਸ ਦੀ ਦੂਜੀ ਅੱਖ ਵੱਲ ਵੇਖਣ ਦੀ ਹਿੰਮਤ ਨਹੀਂ ਕੀਤੀ'। ਲਾਰਡ ਆਕਲੇਂਡ ਨੇ ਜਵਾਬ ਤੋਂ ਪ੍ਰਭਾਵਤ ਹੋ ਕੇ ਫ਼ਕੀਰ ਅਜ਼ੀਜ਼ੂਦੀਨ ਨੂੰ ਆਪਣੀ ਘੜੀ ਭੇਂਟ ਕੀਤੀ।
ਕੋਈ ਅਜ਼ੀਜ਼ੂਦੀਨ ਦੇ ਇਸ ਜਵਾਬ ਨੂੰ ਹਾਕਮ ਦੀ ਚਾਪਲੂਸੀ ਵੀ ਸਮਝ ਸਕਦਾ ਹੈ, ਪਰ ਸਿੱਖ ਰਾਜ ਦੀ ਸਰਬਰਾਹੀ ਬਾਰੇ ਐਸੇ ਜਵਾਬ ਵਿਚ, ਉਸ ਸਿੱਖ ਸ਼ਕਤੀ ਦਾ ਪ੍ਰਗਟਾਵਾ ਸੀ, ਜਿਸ ਨੂੰ ਅਜ਼ੀਜ਼ੂਦੀਨ ਨੇ ਕੂਟਨੀਤਕ ਅੰਦਾਜ਼ ਨਾਲ ਆਕਲੈਂਡ ਨੂੰ ਸਮਝਾਇਆ ਸੀ। ਅੰਗ੍ਰੇਜ਼ ਇਸ ਉੱਤਰ ਵਿੱਚਲੀ ਸੰਜੀਦਗੀ ਨੂੰ ਭਲੀ-ਭਾਂਤ ਸਮਝਦੇ ਸੀ ਅਤੇ ਇਸੇ ਸਮਝ ਨੇ ਅੰਗ੍ਰੇਜਾਂ ਨੂੰ, ਰਣਜੀਤ ਸਿੰਘ ਦੇ ਸਮੇਂ ਦੇ ਸਿੱਖ ਰਾਜ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕਰਨ ਦਿੱਤੀ ਸੀ। ਇਹ ਉਸ ਵਿਯੱਕਤੀ (ਰਣਜੀਤ ਸਿੰਘ) ਦਾ ਅੰਤ ਹੀ ਸੀ, ਜਿਸਦੀ ਅਣਹੋਂਦ ਵਿਚ ਸਿੱਖ ਰਾਜ ਦਾ ਸ਼ਿਕਾਰ ਕੀਤਾ ਗਿਆ।
ਰਣਜੀਤ ਸਿੰਘ ਉਪਰੰਤ ਘਟਨਾਕ੍ਰਮ ਦੇ ਵਿਸ਼ਲੇਸ਼ਣ ਲਈ ਦਾਰਸ਼ਨਕ ‘ਪਲੇਟੋ’ ਦੇ ਉਸ ਪ੍ਰਸ਼ਨ ਨੂੰ ਵਿਚਾਰਨ ਦੀ ਲੋੜ ਹੈ ਜਿਸ ਵਿਚ ਉਹ ਪੁੱਛਦਾ ਹੈ, ਕਿ ਕਮੀਆਂ ਵਾਲੇ ਇਕ ਵਿਯੱਕਤੀ ਦੇ ਨਿਰਅੰਕੁਸ਼ ਰਾਜ, ਅਤੇ ਕਮੀਆਂ ਵਾਲੇ ਬਹੁਤ ਸਾਰੇ ਬੁਰੇ ਵਿਯਕਤੀਆਂ ਦੇ ਨਿਰਅੰਕੁਸ਼ ਰਾਜ ਵਿਚੋਂ, ਸਮਾਜ ਲਈ ਕਿਹੜਾ ਰਾਜ ਬੇਹਤਰ ਸਿੱਧ ਹੋ ਸਕਦਾ ਹੈ ?
ਖ਼ੈਰ, ਰਣਜੀਤ ਸਿੰਘ ਦੇ ਰਾਜ ਲਈ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ੧੮੨੩ ਵਿਚ ਹੋਈ ਸੀ ਅਤੇ ਇਸ ਤੋਂ ਚਿਰ ਪਹਿਲਾਂ ਰਣਜੀਤ ਸਿੰਘ ਸਿੱਖ ਰਾਜ ਦਾ ਸਭ ਤੋਂ ਸ਼ਕਤੀਸ਼ਾਲੀ ਸਰਬਰਾਹ ਬਣ ਚੁੱਕਿਆ ਸੀ। ਉਸਦੀ ਸਰਬਰਾਹੀ ਲਈ ਚੂਨੌਤੀ ਨੂੰ ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਨੂੰ ਚੂਨੌਤੀ ਬਰਾਬਰ ਸਮਝਦੇ, ਕਈਂ ਜੰਗਾਂ ਤੋਂ ਆਖ਼ਰੀ ਜੰਗ ਤਕ ਉਸਦਾ ਸਾਥ ਦਿੱਤਾ।
ਕੰਵਰ ਨੌ ਨਿਹਾਲ ਸਿੰਘ ਦੀ ਸ਼ਾਦੀ ਅਪ੍ਰੈਲ ੧੮੩੭ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਨਾਲ ਹੋਈ, ਜਿਸ ਦੇ ਉਪਰੰਤ ਹੀ ਹਰੀ ਸਿੰਘ ਨਲਵੇ ਨੇ ਜਮਰੂਧ ਦੀ ਜੰਗ (੩੦ ਅਪ੍ਰੈਲ) ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਕਿਸੇ ਮਤਭੇਦ, ਜਾਂ ਉਸ ਵੇਲੇ ਪਨਪੀ ਸਿਧਾਂਤਕ ਕਮੀ ਨੇ ਹਰੀ ਸਿੰਘ ਨਲਵੇ ਨੂੰ ਮਹਾਰਾਜਾ ਅਤੇ ਉਸਦੇ ਰਾਜ ਦਾ ਬਾਗੀ ਨਹੀਂ ਸੀ ਬਣਾਇਆ।
ਐਸੇ ਜਰਨੈਲਾਂ ਨੇ ਕਦੇ ਰਣਜੀਤ ਸਿੰਘ ਅਤੇ ਉਸ ਦੇ ਸਮੇਂ ਦੇ ਰਾਜ ਦੀ ਐਸੀ ਨਿੰਦਾ ਨਹੀਂ ਸੀ ਕੀਤੀ ਜਿਸ ਤਰ੍ਹਾਂ (ਉਸ ਨੂੰ ਖ਼ਲਨਾਯਕ ਬਨਾਉਣ ਲਈ) ਅੱਜ ਕੀਤੀ ਜਾਂਦੀ ਹੈ।
ਇਨ੍ਹਾਂ ਜਰਨੈਲਾਂ ਨੇ ਰਣਜੀਤ ਸਿੰਘ ਨਾਲ ਕਿਸੇ ਮਤਭੇਦ ਜਾਂ ਉਤਪੰਨ ਹੋਈ ਕਿਸੇ ਕਮੀ ਕਾਰਣ ਉਸਦੀ ਤਸਵੀਰ ਕਿਸੇ ਗਧੇ ਦੀ ਤਸਵੀਰ ਨਾਲ ਨਹੀਂ ਸੀ ਲਗਾਈ।
ਹਰਦੇਵ ਸਿੰਘ,ਜੰਮੂ-੧੮.੦੫.੨੦੧੫
No comments:
Post a Comment